ਬਰੈਂਪਟਨ, 18 ਅਗਸਤ (ਪੋਸਟ ਬਿਊਰੋ) : ਭਾਰਤੀ ਮੂਲ ਦੀ 27 ਸਾਲਾ ਲੜਕੀ 14 ਅਗਸਤ ਤੋਂ ਬਰੈਂਪਟਨ ਤੋਂ ਲਾਪਤਾ ਹੈ। ਉਸ ਦੀ ਭਾਲ ਲਈ ਪੁਲਿਸ ਲੋਕਾਂ ਤੋਂ ਮਦਦ ਮੰਗ ਰਹੀ ਹੈ। ਹੈਮਿਲਟਨ ਪੁਲਿਸ ਨੂੰ ਉਸ ਦੇ ਸਪੈਂਸਰ ਜਾਰਜ ਏਰੀਆ ਵਿੱਚ ਹੋਣ ਦਾ ਵੀ ਪਤਾ ਲੱਗਿਆ ਹੈ।
ਲਵਲੀਨ ਧਵਨ ਨਾਂ ਦੀ ਇਸ ਲੜਕੀ ਨੂੰ ਆਖਰੀ ਵਾਰੀ 14 ਅਗਸਤ ਨੂੰ ਸਵੇਰੇ 9:30 ਵਜੇ ਬਰੈਂਪਟਨ ਦੇ ਮੈਕਲਾਫਲਿਨ ਰੋਡ ਸਾਊਥ ਤੇ ਸਟੀਲਜ਼ ਐਵਨਿਊ ਵੈਸਟ ਇਲਾਕੇ ਵਿੱਚ ਵੇਖਿਆ ਗਿਆ ਸੀ। ਲਵਲੀਨ 5 ਫੁੱਟ 7 ਇੰਚ ਦੀ ਪਤਲੀ ਕੱਦ ਕਾਠੀ ਵਾਲੀ ਕੁੜੀ ਹੈ ਜਿਸਦਾ ਵਜ਼ਨ 125 ਪਾਊਂਡ ਹੈ। ਉਸ ਦੇ ਮੋਢਿਆਂ ਤੱਕ ਕਾਲੇ ਵਾਲ ਹਨ ਤੇ ਆਖਰੀ ਵਾਰੀ ਜਦੋਂ ਉਸ ਨੂੰ ਵੇਖਿਆ ਗਿਆ ਸੀ ਤਾਂ ਉਸ ਨੇ ਚਿੱਟੇ ਰੰਗ ਦੀ ਟੀ-ਸ਼ਰਟ ਤੇ ਭੂਰੇ ਰੰਗ ਦੀ ਟਰੈਕ ਪੈਂਟ ਪਾਈ ਹੋਈ ਸੀ।
ਪੁਲਿਸ ਉਸ ਹਾਈਕਰ ਨੂੰ ਵੀ ਭਾਲ ਰਹੀ ਹੈ ਜਿਸ ਨੂੰ ਕਾਰ ਦੀਆਂ ਚਾਬੀਆਂ ਦਾ ਗੁੱਛਾ ਮਿਲਿਆ ਸੀ ਤੇ ਜਿਸ ਨੇ ਉਸ ਨੂੰ ਡੰਡਾਸ ਵਿੱਚ 607 ਹਾਰਵੈਸਟ ਰੋਡ ਸਥਿਤ ਟਿਊ ਫਾਲਜ਼ ਦੀ ਪਾਰਕਿੰਗ ਵਾਲੀ ਥਾਂ ਉੱਤੇ ਹਿਊਂਡਾਇ ਦੀ ਏਲਾਂਤਰਾ ਗੱਡੀ ਉੱਤੇ ਰੱਖ ਦਿੱਤਾ ਸੀ। ਹੈਮਿਲਟਨ ਪੁਲਿਸ ਨੂੰ ਅਜੇ ਇਹ ਵੀ ਪਤਾ ਨਹੀਂ ਲੱਗ ਸਕਿਆ ਹੈ ਕਿ ਲਾਪਤਾ ਲੜਕੀ ਦੇ ਪਰਿਵਾਰ ਨਾਲ ਸਬੰਧਤ ਇਹ ਚਾਬੀਆਂ ਕਾਰ ਉੱਤੇ ਕਿਸ ਦਿਨ ਛੱਡੀਆਂ ਗਈਆਂ।