-ਬਹਾਦਰ ਸਿੰਘ ਗੋਸਲ
ਜਦੋਂ 1947 ਵਿੱਚ ਦੇਸ਼ ਆਜ਼ਾਦ ਹੋਇਆ ਤਾਂ ਪੇਂਡੂ ਖੇਤਰ ਵਾਲੇ ਲੋਕਾਂ ਵਿੱਚ ਅਥਾਹ ਖੁਸ਼ੀ ਪਾਈ ਗਈ ਸੀ। ਉਸ ਸਮੇਂ ਪੰਜਾਬ ਦੇ ਸਾਰੇ ਪਿੰਡ ਬੜੇ ਪਛੜੇ ਹੋਏ ਸਨ। ਲੋਕਾਂ ਦੇ ਕੱਚੇ ਘਰ, ਕੱਚੀਆਂ ਗਲੀਆਂ, ਸੜਕਾਂ ਦਾ ਨਾਂਅ ਨਿਸ਼ਾਨ ਨਹੀਂ ਸੀ। ਸਿਖਿਆ ਤੇ ਸਿਹਤ ਸਹੂਲਤਾਂ ਲੋਕਾਂ ਦੀ ਪਹੁੰਚ ਤੋਂ ਦੂਰ ਸਨ। ਬਿਜਲੀ ਦਾ ਨਾਂਅ ਤੱਕ ਨਹੀਂ ਸੀ ਸੁਣਿਆ। ਇਸ ਹਾਲਤ ਵਿੱਚ ਆਜ਼ਾਦੀ ਦਾ ਆਉਣਾ ਲੋਕਾਂ ਲਈ ਖੁਸ਼ ਗਵਾਰ ਸੀ ਤੇ ਉਨ੍ਹਾਂ ਦੀਆਂ ਉਮੀਦਾਂ ਦੇ ਸੁਫਨੇ ਉੱਚੀਆਂ ਉੱਚੀਆਂ ਉਡਾਰੀਆਂ ਮਾਰ ਰਹੇ ਸਨ। ਦੇਸ਼ ਵਿੱਚ ਆਪਣੀ ਸਰਕਾਰ ਬਣੀ ਤਾਂ ਉਸ ਨੇ ਸਭ ਤੋਂ ਵੱਧ ਸਮਾਜਕ ਭਲਾਈ ਦਾ ਜ਼ੋਰ ਦੇਣਾ ਸ਼ੁਰੂ ਕੀਤਾ। ਨਵੇਂ ਬਹੁਤ ਸਾਰੇ ਮਹਿਕਮੇ ਖੁੱਲ੍ਹ ਗਏ। ਸਿਖਿਆ, ਸਿਹਤ, ਮੁਰੱਬੇਬੰਦੀ, ਖੇਤੀ ਸੁਧਾਰਾਂ ਨੂੰ ਪਹਿਲ ਮਿਲਣ ਲੱਗੀ, ਪਰ ਕਿਉਂਕਿ ਪੜ੍ਹੇ ਲਿਖੇ ਲੋਕ ਬੜੇ ਘੱਟ ਸਨ, ਸਕੂਲਾਂ ਨੂੰ ਅਧਿਆਪਕਾਂ ਦੀ ਲੋੜ ਸੀ ਤੇ ਡਾਕਟਰ, ਅਤੇ ਪਟਵਾਰੀ ਵੱਡੀ ਗਿਣਤੀ ਵਿੱਚ ਚਾਹੀਦੇ ਸਨ, ਇਸ ਲਈ ਸਭ ਤੋਂ ਵੱਧ ਜ਼ੋਰ ਸਕੂਲੀ ਸਿਖਿਆ ਉੱਤੇ ਦਿੱਤਾ ਗਿਆ। ਬਹੁਤ ਸਾਰੀਆਂ ਥਾਵਾਂ ਉਤੇ ਨਵੇਂ ਸਕੂਲ ਖੋਲ੍ਹੇ ਗਏ। ਇਥੋਂ ਤੱਕ ਕਿ ਪੁਰਾਣੇ ਮਿਡਲ ਪਾਸ ਜਾਂ ਫਿਰ ਲੋੜ ਦੇ ਅਨੁਸਾਰ ਚਾਰ-ਪੰਜ ਜਮਾਤਾਂ ਪਾਸ ਵਿਅਕਤੀਆਂ ਨੂੰ ਹੀ ਅਧਿਆਪਕ ਲਾ ਦਿੱਤਾ ਗਿਆ। ਇਸ ਤਰ੍ਹਾਂ ਮਾਸਟਰਾਂ ਦੀ ਗਿਣਤੀ ਵੀ ਬੜੀ ਵਧ ਗਈ। ਪਿੰਡਾਂ ਵਿੱਚ ਪਟਵਾਰੀ, ਮਾਸਟਰ ਤੇ ਸਿਹਤ ਕਰਮਚਾਰੀਆਂ ਦੀ ਚੰਗੀ ਪੁੱਛ ਪੈਣ ਲੱਗੀ।
ਸਮਾਜ ਇੱਕ ਨਵੀਂ ਤਬਦੀਲੀ ਦਾ ਕਦਮ ਪੁੱਟ ਰਿਹਾ ਸੀ। ਆਪਣੀ ਪੁਲਸ ਤੇ ਆਪਣੇ ਮੁਲਾਜ਼ਮ ਹੋਣ ਕਾਰਨ ਲੋਕਾਂ ਦੇ ਮਨਾਂ ਵਿੱਚ ਅੰਗਰੇਜ਼ੀ ਪੁਲਸ ਤੇ ਅੰਗਰੇਜ਼ੀ ਜ਼ੁਲਮਾਂ ਦਾ ਡਰ ਲਗਾਤਾਰ ਦੂਰ ਹੋ ਰਿਹਾ ਸੀ। ਉਨ੍ਹਾਂ ਦਿਨਾਂ ਵਿੱਚ ਲੜਕੀਆਂ ਨਹੀਂ ਸਨ ਪੜ੍ਹਦੀਆਂ ਤੇ ਉਨ੍ਹਾਂ ਵੱਲੋਂ ਸਰਕਾਰੀ ਨੌਕਰੀ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਸਮਾਜ ਵਿੱਚ ਮੁਲਾਜ਼ਮਾਂ ਦੀਆਂ ਜਾਂ ਸਰਕਾਰੀ ਕਰਿੰਦਿਆਂ ਦੀਆਂ ਘਰ ਵਾਲੀਆਂ ਦੀ ਚੰਗੀ ਵੁੱਕਤ ਹੋ ਗਈ। ਜੇ ਕਿਸੇ ਔਰਤ ਦਾ ਘਰ ਵਾਲਾ ਪੁਲਸ ਵਿੱਚ ਹੌਲਦਾਰ ਹੁੰਦਾ ਤਾਂ ਉਹ ਔਰਤ ਵੀ ਹੌਲਦਾਰਨੀ ਅਖਵਾਉਂਦੀ, ਜੇ ਘਰ ਵਾਲਾ ਪਟਵਾਰੀ ਹੁੰਦਾ ਤਾਂ ਉਸ ਦੀ ਘਰ ਵਾਲੀ ਵੀ ਪਟਵਾਰਨ ਕਹਿ ਕੇ ਬੁਲਾਈ ਜਾਂਦੀ। ਇਸ ਤਰ੍ਹਾਂ ਇਨ੍ਹਾਂ ਔਰਤਾਂ ਦਾ ਸਮਾਜ ਵਿੱਚ ਰੁਤਬਾ ਆਪਣੇ ਆਪ ਉਚਾ ਹੋ ਜਾਂਦਾ। ਪਿੰਡਾਂ ਵਿੱਚ ਵੀ ਜਾਗ੍ਰਤੀ ਦਾ ਦੌਰ ਸ਼ੁਰੂੁ ਹੋ ਚੁੱਕਾ ਸੀ ਤੇ ਹਰ ਪੱਖੋਂ ਸਮਾਜ ਤਰੱਕੀ ਕਰ ਰਿਹਾ ਸੀ, ਇਥੋਂ ਤੱਕ ਕਿ ਸਭਿਆਚਾਰਕ ਖੇਤਰ ਵਿੱਚ ਵੀ ਨਵੇਂ ਸਮਾਜਕ ਗੀਤ ਆਉਣ ਲੱਗੇ। ਨਵੇਂ ਨਵੇਂ ਮੁਲਾਜ਼ਮਾਂ ਬਾਰੇ ਲੋਕ ਗੀਤ ਜਾਂ ਮੁੁਹਾਵਰੇ ਲੋਕਾਂ ਦੀ ਜ਼ੁਬਾਨ 'ਤੇ ਆ ਗਏ, ਜਿਵੇਂ :
‘‘ਤੂੰ ਕਾਹਦਾ ਪਟਵਾਰੀ, ਮੁੰਡਾ ਮੇਰਾ ਰੋਵੇ ਅੰਬ ਨੂੰ”।
ਤਕਰੀਬਨ ਹਰ ਤਰ੍ਹਾਂ ਦੇ ਮੁਲਾਜ਼ਮਾਂ ਬਾਰੇ ਨਵੇਂ ਨਵੇਂ ਸਭਿਆਚਾਰਕ ਗੀਤ ਸਾਹਮਣੇ ਆਏ। ਇਹੀ ਕਾਰਨ ਸੀ ਕਿ ਜਦੋਂ ਵੀ ਕੋਈ ਲੜਕਾ ਸਰਕਾਰੀ ਨੌਕਰੀ 'ਤੇ ਲੱਗ ਜਾਂਦਾ ਤਾਂ ਉਸ ਦੇ ਵਿਆਹ ਲਈ ਚੰਗੇ ਘਰਾਂ ਦੇ ਤੇ ਚੰਗੀਆਂ ਸੋਹਣੀਆਂ ਮੁਟਿਆਰਾਂ ਦੇ ਰਿਸ਼ਤੇ ਆਉਣ ਲੱਗਦੇ। ਹਜ਼ਾਰਾਂ ਪਰਵਾਰ ਤਰੱਕੀਆਂ ਦੀਆਂ ਮੰਜ਼ਲਾਂ ਪਾਰ ਕਰਨ ਲੱਗੇ। ਲੋਕਾਂ ਦੇ ਮਨਾਂ ਵਿੱਚ ਇਹ ਗੱਲ ਘਰ ਕਰ ਗਈ ਕਿ ਕਿਸੇ ਵੀ ਮੁਲਾਜ਼ਮ ਨੂੰ ਸਰਕਾਰ ਵੱਲੋਂ ਨਿਰੰਤਰ ਤੇ ਬੰਨ੍ਹਵੀਂ ਤਨਖਾਹ ਮਿਲਦੀ ਹੈ ਭਾਵੇਂ ਕਿ ਉੁਨ੍ਹਾਂ ਦਿਨਾਂ ਵਿੱਚ ਇਹ ਤਨਖਾਹ ਬਹੁਤ ਘੱਟ ਹੰੁਦੀ ਸੀ।
ਇਸੇ ਤਰ੍ਹਾਂ ਪਿੰਡਾਂ ਵਿੱਚ ਫੌਜ ਵਿੱਚ ਭਰਤੀ ਹੋਣ ਲਈ ਨੌਜਵਾਨਾਂ ਵਿੱਚ ਕਾਫੀ ਉਤਸ਼ਾਹ ਵੇਖਣ ਨੂੰ ਮਿਲਦਾ ਸੀ। ਪੱਕੀ ਸਰਕਾਰੀ ਨੌਕਰੀ ਹੋਣ ਕਾਰਨ ਮੁਟਿਆਰਾਂ ਦਾ ਫੌਜੀਆਂ ਨਾਲ ਵਿਆਹ ਕਰਾਉਣ ਦਾ ਰੁਝਾਨ ਵਧ ਗਿਆ ਤੇ ਵਿਆਹ ਤੋਂ ਬਾਅਦ ਫੌਜਣ ਦਾ ਅਹੁਦਾ ਵੀ ਆਪਣੇ ਆਪ ਮਿਲ ਜਾਂਦਾ। ਗੱਲ ਠੀਕ ਸੀ। ਨਾਲੇ ਦੇਸ਼ ਸੇਵਾ ਤੇ ਨਾਲੇ ਚੰਗਾ ਰੁਜ਼ਗਾਰ। ਫੌਜੀਆਂ ਅਤੇ ਉਨ੍ਹਾਂ ਦੀਆਂ ਪਤਨੀਆਂ ਬਾਰੇ ਵੀ ਕਈ ਸਭਿਆਚਾਰਕ ਗੀਤ ਸਾਹਮਣੇ ਆਏ। ਜਿਵੇਂ :
ਵੱਸਣਾ ਫੌਜੀ ਦੇ, ਭਾਵੇਂ ਸਣੇ ਬੂਟ ਲੱਤ ਮਾਰੇ।
ਪਿੰਡਾਂ ਵਿੱਚ ਮਾਸਟਰ ਦੀ ਨੌਕਰੀ ਨੂੰ ਚੰਗੀ ਤੇ ਵੱਧ ਸਤਿਕਾਰ ਯੋਗ ਸਮਝਿਆ ਜਾਂਦਾ ਸੀ, ਭਾਵੇਂ ਉਨ੍ਹਾਂ ਦਿਨਾਂ ਵਿੱਚ ਅਧਿਆਪਕ ਬੜੇ ਘੱਟ ਪੜ੍ਹੇ ਲਿਖੇ ਹੁੰਦੇ ਸਨ। ਲੜਕੀਆਂ ਵਾਲੇ ਆਪਣੀ ਧੀ ਲਈ ਵਰ ਲੱਭਣ ਸਮੇਂ ਅਧਿਆਪਕ ਨੂੰ ਪਹਿਲ ਦੇਂਦੇ। ਬਾਅਦ ਵਿੱਚ ਸਮੇਂ ਸਮੇਂ ਉੱਤੇ ਅਧਿਆਪਕਾਂ ਦੀਆਂ ਵੱਧ ਆਸਾਮੀਆਂ ਆਉਣ ਨਾਲ ਸਰਕਾਰ ਨੇ ਅਧਿਆਪਕਾਂ ਲਈ ਕਈ ਕੋਰਸ ਕਰਾਉਣੇ ਸ਼ੁਰੂ ਕੀਤੇ। ਇਸ ਲਈ ਅੱਠ-ਨੌਂ ਮਹੀਨਿਆਂ ਦੇ ਕੋਰਸ ਅਤੇ ਟਰੇਨਿੰਗ ਤੋਂ ਬਾਅਦ ਸਕੂਲਾਂ ਵਿੱਚ ਅਧਿਆਪਕ ਨਿਯੁਕਤ ਕੀਤੇ ਜਾਣ ਲੱਗੇ। ਜਦੋਂ ਕੋਈ ਲੜਕਾ ਕੋਈ ਕੋਰਸ ਪਾਸ ਕਰ ਕੇ ਅਧਿਆਪਕ ਲੱਗਦਾ ਤਾਂ ਤੁਰੰਤ ਲੜਕੀਆਂ ਦੇ ਰਿਸ਼ਤੇ ਲਈ ਚੱਕਰ ਸ਼ੁਰੂ ਕਰ ਦਿੰਦੇ। ਕਿਸੇ ਲੜਕੇ ਦਾ ਕਿਸੇ ਮੁਟਿਆਰ ਨਾਲ ਵਿਆਹ ਹੋ ਜਾਂਦਾ ਤਾਂ ਪਿੰਡ ਵਿੱਚ ਉਹ ਮੁਟਿਆਰ ਮੁਫਤ ਵਿੱਚ ਮਾਸਟਰਨੀ ਹੋ ਜਾਂਦੀ। ਪਿੰਡ ਦੀਆਂ ਦੂਜੀਆਂ ਔਰਤਾਂ ਉਸ ਨੂੰ ਮਾਸਟਰਨੀ ਕਹਿੰਂਦੀਆਂ, ਭਾਵੇਂ ਉਹ ਬਿਲਕੁਲ ਅਨਪੜ੍ਹ ਹੁੰਦੀ। ਉਸ ਦੇ ਘਰ ਵਾਲਾ ਆਪਣੀ ਘਰ ਵਾਲੀ ਨੂੰ ਮਖੌਲ ਵਿੱਚ ਇਹ ਜ਼ਰੂਰ ਕਹਿੰਦਾ ਕਿ :
ਚੰਨੀ ਸੋਹਣੀ, ਚੰਨ ਵਰਗੀ, ਮੁਫਤ ਵਿੱਚ ਮਾਸਟਰਨੀ ਬਣ ਗਈ।
ਇਸ ਤਰ੍ਹਾਂ ਦਾ ਸੀ ਉਨ੍ਹਾਂ ਦਿਨਾਂ ਵਿੱਚ ਪੇਂਡੂ ਖੇਤਰ ਦਾ ਮਾਹੌਲ। ਜੇ ਅਸੀਂ ਅੱਜ ਦੀ ਗੱਲ ਕਰੀਏ ਤਾਂ ਵੱਡੇ ਸ਼ਹਿਰਾਂ ਵਿੱਚ ਕੀ, ਪਿੰਡਾਂ ਵਿੱਚ ਵੀ ਮਰਦ ਅਧਿਆਪਕ ਘੱਟ ਹਨ ਤੇ ਔਰਤ ਅਧਿਆਪਕਾਵਾਂ ਮਰਦਾਂ ਤੋਂ ਵੱਧ ਹਨ। ਇਥੋਂ ਤੱਕ ਕਿ ਚੰਡੀਗੜ੍ਹ ਵਰਗੇ ਸ਼ਹਿਰਾਂ ਵਿੱਚ ਔਰਤ ਅਧਿਆਪਕਾਵਾਂ ਦੀ ਗਿਣਤੀ 95 ਫੀਸਦੀ ਤੋਂ ਉਪਰ ਵੇਖੀ ਜਾਂਦੀ ਹੈ। ਅਜਿਹਾ ਦੇਸ਼ ਵਿੱਚ ਆਜ਼ਾਦੀ ਤੋਂ ਬਾਅਦ ਲੜਕੀਆਂ ਨੂੰ ਪੜ੍ਹਾਉਣ ਦੇ ਰੁਝਾਨ ਨਾਲ ਹੋਇਆ ਹੈ। ਅੱਜਕੱਲ੍ਹ ਔਰਤਾਂ ਮੁਫਤ ਵਿੱਚ ਨਹੀਂ, ਮਰਦਾਂ ਵਾਂਗ ਪੂਰੀ ਪੜ੍ਹਾਈ ਤੇ ਲੋੜੀਂਦੇ ਕੋਰਸ ਕਰਨ ਤੋਂ ਬਾਅਦ ਅਧਿਆਪਕਾਵਾਂ ਦੀਆਂ ਪੋਸਟਾਂ 'ਤੇ ਨਿਯੁਕਤ ਹੁੰਦੀਆਂ ਹਨ, ਪਰ ਫਿਰ ਵੀ ਸਾਨੂੰ ਆਪਣਾ ਪੁਰਾਣਾ ਸਭਿਆਚਾਰ ਤੇ ਵਿਰਸਾ ਭੁੱਲਣਾ ਨਹੀਂ ਚਾਹੀਦਾ।