Welcome to Canadian Punjabi Post
Follow us on

18

October 2019
ਨਜਰਰੀਆ

ਮੋਦੀ ਜਦੋਂ ‘ਝਾਂਸਾ’ ਦੇ ਰਹੇ ਸਨ ਤਾਂ ਕਾਂਗਰਸੀ ਕੀ ਕਰਦੇ ਸਨ

June 18, 2019 12:32 PM

-ਵਿਜੇ ਵਿਦਰੋਹੀ
ਲੋਕ ਸਭਾ ਚੋਣਾਂ 'ਚ ਕਰਾਰੀ ਹਾਰ ਤੋਂ ਬਾਅਦ ਕਾਂਗਰਸ 'ਚ ਮੰਥਨ ਤੋਂ ਲੈ ਕੇ ਮਹਾਮੰਥਨ ਦਾ ਦੌਰ ਜਾਰੀ ਹੈ। ਰਾਹੁਲ ਗਾਂਧੀ ਰੋਸ ਭਵਨ ਵਿੱਚੋਂ ਨਿਕਲੇ ਅਤੇ ਵਾਇਨਾਡ ਜਾ ਕੇ ਉਥੋਂ ਦੀ ਜਨਤਾ ਨੂੰ ਜਿੱਤ ਦੀ ਵਧਾਈ ਦੇ ਆਏ ਹਨ। ਸੋਨੀਆ ਗਾਂਧੀ ਵੀ ਪ੍ਰਿਅੰਕਾ ਗਾਂਧੀ ਨਾਲ ਰਾਇਬਰੇਲੀ ਦਾ ਦੌਰਾ ਕਰ ਚੁੱਕੀ ਹੈ। ਪ੍ਰਿਅੰਕਾ ਗਾਂਧੀ ਰਾਇਬਰੇਲੀ ਵਿੱਚ ਪਾਰਟੀ ਵਰਕਰਾਂ ਨਾਲ ਬੈਠਕ ਵੀ ਕਰ ਰਹੀ ਹੈ ਤਾਂ ਕਿ ਹਾਰ ਦੇ ਕਾਰਨ ਲੱਭੇ ਜਾ ਸਕਣ ਅਤੇ ਉਨ੍ਹਾਂ ਤੋਂ ਸਬਕ ਲੈਂਦੇ ਹੋਏ ਯੂ ਪੀ ਦੀਆਂ 2022 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਕਮਰ ਕੱਸੀ ਜਾ ਸਕੇ। ਖਬਰਾਂ ਆ ਰਹੀਆਂ ਹਨ ਕਿ ਬੈਠਕ 'ਚ ਮੌਜੂਦ ਨੇਤਾਵਾਂ ਨੇ ਇਕ ਦੂਜੇ 'ਤੇ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ, ਭਾਵ ਕਾਂਗਰਸ ਨੂੰ ਨਿਪਟਾਉਣ 'ਚ ਕਾਂਗਰਸ ਦੇ ਹੀ ਲੋਕਾਂ ਦਾ ਹੱਥ ਹੈ। ਸੁਣਿਆ ਹੈ ਕਿ ਪ੍ਰਿਅੰਕਾ ਗਾਂਧੀ ਨੇਤਾਵਾਂ ਦੀ ਆਪਸੀ ਸਿਰ ਪਾੜਨ ਵਾਲੀ ਬਿਆਨਬਾਜ਼ੀ ਤੋਂ ਇੰਨੀ ਨਾਰਾਜ਼ ਹੋਈ ਕਿ ਡੇਢ ਘੰਟੇ ਵਿੱਚ ਹੀ ਤਿੰਨ ਬੈਠਕਾਂ ਨਿਪਟਾ ਦਿੱਤੀਆਂ। ਪਤਾ ਇਹ ਲੱਗਾ ਹੈ ਕਿ ਬੈਠਕ 'ਚ ਪ੍ਰਿਅੰਕਾ ਗਾਂਧੀ ਨੂੰ ਯੂ ਪੀ ਵਿਧਾਨ ਸਭਾ ਚੋਣਾਂ 'ਚ ਮੁੱਖ ਮੰਤਰੀ ਦੇ ਅਹੁਦੇ ਦੀ ਉਮੀਦਵਾਰ ਬਣਾ ਕੇ ਉਤਾਰਨ ਦੀ ਮੰਗ ਕੀਤੀ ਗਈ। ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਰਾਹੁਲ ਗਾਂਧੀ ਨੇ ਚੋਣ ਜਿੱਤਣ ਦੇ ਮਾਹਰ ਪ੍ਰਸ਼ਾਂਤ ਕਿਸ਼ੋਰ ਦੀ ਮਦਦ ਲਈ ਸੀ। ਸੁਣਿਆ ਹੈ ਕਿ ਉਨ੍ਹਾਂ ਨੇ ਵੀ ਪ੍ਰਿਅੰਕਾ ਗਾਂਧੀ ਨੂੰ ਮੁੱਖ ਮੰਤਰੀ ਦਾ ਦਾਅਵੇਦਾਰ ਦੱਸ ਕੇ ਚੋਣ ਮੈਦਾਨ ਵਿੱਚ ਉਤਾਰਨ ਦੀ ਸਲਾਹ ਦਿੱਤੀ ਸੀ, ਪਰ ਉਦੋਂ ਇਸ ਨੂੰ ਹਾਸ਼ੀਏ 'ਤੇ ਪਾ ਦਿੱਤਾ ਗਿਆ, ਕਿਉਂਕ ਕਾਂਗਰਸ ਨੂੰ ਲੱਗਾ ਕਿ ਇਸ ਨਾਲ ਪਾਰਟੀ ਵਿੱਚ ਦੋ ਪਾਵਰ ਸੈਂਟਰ ਹੋ ਜਾਣਗੇ ਤੇ ਮੀਡੀਆ ਰਾਹੁਲ ਤੇ ਪ੍ਰਿਅੰਕਾ ਦੀ ਤੁਲਨਾ ਕਰਨ ਬੈਠ ਜਾਵੇਗਾ। ਇਸ ਨਾਲ ਕਾਂਗਰਸ ਨੂੰ ਵੀ ਨੁਕਸਾਨ ਹੋਵੇਗਾ ਅਤੇ ਉਸ ਤੋਂ ਵੱਧ ਰਾਹੁਲ ਗਾਂਧੀ ਨੂੰ ਸਿਆਸੀ ਨੁਕਸਾਨ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਸੀ।
ਹਾਲਾਤ ਤੇਜ਼ੀ ਨਾਲ ਬਦਲੇ ਹਨ। ਇਸ ਤਰ੍ਹਾਂ ਕਿਹਾ ਜਾਵੇ ਕਿ ਕਾਂਗਰਸ ਦੀ ਹਾਲਤ ਹੋਰ ਜ਼ਿਆਦਾ ਖਸਤਾ ਹੋਈ ਹੈ। ਹਾਲਾਂਕਿ ਉਸ ਨੂੰ 20 ਕਰੋੜ ਲੋਕਾਂ ਨੇ ਵੋਟਾਂ ਪਾਈਆਂ, ਪਰ ਦੇਸ਼ ਦੀ 20 ਫੀਸਦੀ ਆਬਾਦੀ ਨੇ ਵੋਟਾਂ ਪਾਈਆਂ, ਜੋ ਆਸ ਤੋਂ ਬਹੁਤ ਘੱਟ ਹਨ ਅਤੇ ਸੱਤਾ 'ਚ ਆਉਣ ਲਾਇਕ ਤਾਂ ਬਿਲਕੁਲ ਨਹੀਂ, ਪਰ ਸਵਾਲ ਉਠਦਾ ਹੈ ਕਿ ਕਾਂਗਰਸ ਖੁਦ ਦੇ ਵਜੂਦ ਨੂੰ ਬਣਾਈ ਰੱਖਣ ਲਈ ਕੀ ਠੋਸ ਕੰਮ ਕਰ ਰਹੀ ਹੈ? ਕਿਸ ਰਣਨੀਤੀ ਉਤੇ ਅਮਲ ਕਰ ਰਹੀ ਹੈ ਅਗਲੇ ਮਹੀਨੇ ਹੋਣ ਵਾਲੀਆਂ ਮਹਾਰਾਸ਼ਟਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਲੈ ਕੇ ਅਗਲੇ ਸਾਲ ਦੀਆਂ ਬਿਹਾਰ, ਦੋ ਸਾਲਾਂ ਬਾਅਦ ਯੂ ਪੀ ਦੀਆਂ ਵਿਧਾਨ ਸਭਾ ਚੋਣਾਂ ਦੇ ਨਾਲ-ਨਾਲ 2024 ਦੀਆਂ ਆਮ ਚੋਣਾਂ ਬਾਰੇ ਕਿੰਨੀ ਤਿਆਰੀ ਹੈ। ਰਾਇਬਰੇਲੀ ਦੀ ਬੈਠਕ 'ਚ ਜੋ ਕੁਝ ਹੋਇਆ, ਉਹੀ ਹੋਰਨਾਂ ਰਾਜਾਂ 'ਚ ਹੋ ਰਿਹਾ ਹੈ। ਹਰ ਜਗ੍ਹਾ ਨੇਤਾ ਹੀ ਨੇਤਾ ਨੂੰ ਨਜਿੱਠਣ 'ਚ ਲੱਗੇ ਹਨ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਕਹਿ ਰਹੇ ਹਨ ਕਿ ਪ੍ਰਦੇਸ਼ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੂੰ ਘੱਟੋ-ਘੱਟ ਜੋਧਪੁਰ 'ਚ ਆਪਣੇ (ਗਹਿਲੋਤ ਦੇ) ਬੇਟੇ ਵੈਭਵ ਗਹਿਲੋਤ ਦੇ ਹਾਰਨ ਦੀ ਜ਼ਿੰਮੇਵਾਰੀ ਤਾਂ ਲੈਣੀ ਹੀ ਚਾਹੀਦੀ ਹੈ। ਸਚਿਨ ਪਾਇਲਟ ਸੂਬੇ ਦੇ ਸਾਰੇ 51 ਹਜ਼ਾਰ ਬੂਥਾਂ ਦੇ ਸਾਰੇ ਅੰਕੜੇ ਮੰਗ ਰਹੇ ਹਨ ਤਾਂ ਕਿ ਹਰ ਥਾਂ ਹਾਰ ਜਿੱਤ ਦੀ ਜ਼ਿੰਮੇਵਾਰੀ ਤੈਅ ਕੀਤੀ ਜਾ ਸਕੇ। 2013 ਵਿੱਚ ਮੱਧ ਪ੍ਰਦੇਸ਼ ਦੀ ਵਿਧਾਨ ਸਭਾ ਚੋਣ ਹਾਰਨ 'ਤੇ ਪੱਤਰਕਾਰਾਂ ਨੇ ਸੋਨੀਆ ਗਾਂਧੀ ਨੂੰ ਪੁੱਛਿਆ ਸੀ ਕਿ ਕੀ ਹਾਰ ਦਾ ਕਾਰਨ ਉਥੇ ਕਿਸੇ ਇਕ ਨੇਤਾ ਨੂੰ ਅੱਗੇ ਨਾ ਕਰਨਾ ਰਿਹਾ, ਇਸ 'ਤੇ ਹੱਸਦਿਆਂ ਸੋਨੀਆ ਗਾਂਧੀ ਨੇ ਕਿਹਾ ਸੀ ਕਿ ਉਨ੍ਹਾਂ ਦੀ ਨਜ਼ਰ 'ਚ ਜ਼ਿਆਦਾ ਨੇਤਾਵਾਂ ਦਾ ਹੋਣਾ ਹੀ ਹਾਰ ਦਾ ਕਾਰਨ ਸੀ। ਸੋਨੀਆ ਗਾਂਧੀ ਬੇਸ਼ੱਕ ਇਹ ਸਭ ਵਿਅੰਗ ਵਜੋਂ ਕਹਿ ਰਹੀ ਹੋਵੇਗੀ, ਪਰ ਉਹ ਸਮਝਦੀ ਨਹੀਂ ਕਿ ਕਾਂਗਰਸ ਦੀ ਹਾਰ ਦਾ ਕਾਰਨ ਨੇਤਾਵਾਂ ਦੀ ਆਪਸੀ ਗੁੱਟਬਾਜ਼ੀ ਅਤੇ ਧੜੇਬੰਦੀ ਹੈ।
ਸਵਾਲ ਉਠਦਾ ਹੈ ਕਿ ਜਦੋਂ ਬੀਮਾਰੀ ਪਕੜ 'ਚ ਆ ਗਈ ਤਾਂ ਇਸ ਦਾ ਇਲਾਜ ਕਿਉਂ ਨਹੀਂ ਹੋ ਰਿਹਾ? ਪੰਜਾਬ 'ਚ ਕਾਂਗਰਸ ਦੇ ਵਰਕਰ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਦੇ ਝਗੜੇ ਸੁਣ-ਸੁਣ ਕੇ ਤੰਗ ਆ ਚੁੱਕੇ ਹਨ ਅਤੇ ਹਾਈ ਕਮਾਨ (ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ) ਕਦੇ ਕੈਪਟਨ ਨੂੰ ਦਿੱਲੀ ਤਲਬ ਕਰਦੀ ਤਾਂ ਕਦੇ ਨਵਜੋਤ ਸਿੰਘ ਨੂੰ ਪਰ ਝਗੜਾ ਸੁਲਝਣ ਦਾ ਨਾਂ ਨਹੀਂ ਲੈ ਰਿਹਾ। ਭਾਜਪਾ ਦੇ ਇਕ ਵੱਡੇ ਨੇਤਾ ਦਾ ਕਹਿਣਾ ਸੀ ਕਿ ਪਾਰਟੀ ਸ਼ਾਸਿਤ ਇਕ ਸੂਬੇ ਵਿੱਚ ਵੀ ਦੋ ਨੇਤਾਵਾਂ ਵਿਚਾਲੇ ਅਜਿਹਾ ਕੁਝ ਹੀ ਚੱਲ ਰਿਹਾ ਹੈ। ਅਮਿਤ ਸ਼ਾਹ ਨੇ ਦੋਵਾਂ ਨੂੰ ਦਿੱਲੀ ਬੁਲਾਇਆ, ਇਕ ਕਮਰੇ ਵਿੱਚ ਬਿਠਾ ਕੇ ਕਿਹਾ ਕਿ ਝਗੜਾ ਸੁਲਝਾ ਕੇ ਬਾਹਰ ਨਿਕਲਣਾ, ਜੇ ਅਜਿਹਾ ਨਹੀਂ ਕਰ ਸਕੇ ਤਾਂ ਦੋਵੋਂ ਅਸਤੀਫਾ ਦੇ ਕੇ ਘਰ ਜਾਣ, ਅੱਧੇ ਘੰਟੇ ਵਿੱਚ ਦੋਵੇਂ ਨੇਤਾ ਮੁਸਕਰਾਉਂਦੇ ਹੋਏ ਬਾਹਰ ਨਿਕਲ ਆਏ। ਅਜਿਹਾ ਹੀ ਕੁਝ ਪੰਜਾਬ ਅਤੇ ਰਾਜਸਥਾਨ 'ਚ ਕਿਉਂ ਨਹੀਂ ਹੋ ਸਕਦਾ। ਜੇ ਰਾਜਸਥਾਨ 'ਚ ਗਹਿਲੋਤ ਅਤੇ ਸਚਿਨ ਆਪਸ ਵਿੱਚ ਤਣਾਅ ਨੂੰ ਖਤਮ ਨਹੀਂ ਕਰ ਸਕਦੇ ਤਾਂ ਕੀ ਕਿਸੇ ਤੀਜੇ ਨੂੰ ਮੁੱਖ ਮੰਤਰੀ ਦੀ ਅਤੇ ਚੌਥੇ ਨੂੰ ਪ੍ਰਦੇਸ਼ ਪ੍ਰਧਾਨ ਦੀ ਕਮਾਨ ਨਹੀਂ ਸੌਂਪੀ ਜਾ ਸਕਦੀ? ਧਮਕੀ ਹੀ ਕੰਮ ਆ ਸਕਦੀ ਹੈ, ਬਸ਼ਰਤੇ ਉਹ ਦਮਦਾਰ ਅੰਦਾਜ਼ ਵਿੱਚ ਦਿੱਤੀ ਗਈ ਹੋਵੇ, ਅਮਿਤ ਸ਼ਾਹ ਵਾਂਗ।
ਬਹੁਤ ਸਾਲ ਪਹਿਲਾਂ ਸੋਨੀਆ ਗਾਂਧੀ ਦਾ ਜੈਪੁਰ ਆਉਣਾ ਹੋਇਆ ਸੀ, ਸੇਵਾ ਦਲ ਦੇ ਕਿਸੇ ਪ੍ਰੋਗਰਾਮ ਵਿੱਚ। ਉਥੇ ਸੋਨੀਆ ਨੇ ਸੇਵਾ ਦਲ ਦੇ ਵਰਕਰਾਂ ਨੂੰ ਆਰ ਐਸ ਐਸ (ਰਾਸ਼ਟਰੀ ਸਵੈਮ ਸੇਵਕ ਸੰਘ) ਤੋਂ ਪ੍ਰੇਰਨਾ ਲੈਣ ਲਈ ਕਿਹਾ ਸੀ। ਦੋਵੇਂ ਸੰਗਠਨ 1925 ਦੇ ਆਸ ਪਾਸ ਵਜੂਦ ਵਿੱਚ ਆਏ ਸਨ, ਪਰ ਅੱਜ ਸੰਘ ਕਿੱਥੇ ਹੈ ਅਤੇ ਸੇਵਾ ਦਲ ਕਿੱਥੇ, ਰਾਹੁਲ ਗਾਂਧੀ ਨੂੰ ਚਾਹੀਦਾ ਹੈ ਕਿ ਉਹ ਅੱਜ ਆਪਣੇ ਵਰਕਰਾਂ ਨੂੰ ਭਾਜਪਾ ਦੇ ਵਰਕਰਾਂ ਤੋਂ ਸਿੱਖਿਆ ਲੈਣ ਲਈ ਕਹਿਣ, ਜਿੰਨਾ ਸਮਰਪਣ ਭਾਜਪਾ 'ਚ ਦਿਸਦਾ ਹੈ, ਉਸ ਦਾ ਛਟਾਂਕ ਵੀ ਕਾਂਗਰਸ ਵਿੱਚ ਨਹੀਂ। ਰਾਜਸਥਾਨ 'ਚ ਹੋਈਆਂ ਲੋਕ ਸਭਾ ਚੋਣਾਂ 'ਚ ਕੁਝ ਜਗ੍ਹਾ ਤਾਂ ਕਾਂਗਰਸ ਦਾ ਵਰਕਰ ਦੁਪਹਿਰ ਬਾਅਦ ਬੂਥ 'ਚ ਦਿਸਿਆ ਹੀ ਨਹੀਂ। ਕੁਝ ਜਗ੍ਹਾ ਵਰਕਰਾਂ ਨੂੰ 2000 ਰੁਪਏ ਦੇਣ ਦੀ ਗੱਲ ਹੋਈ, ਪਰ ਵਿਚਲੇ ਲੋਕ 500 ਰੁਪਏ ਖਾ ਗਏ, ਸ਼ਿਕਾਇਤ ਹੋਣ 'ਤੇ ਕੁਝ ਨੇ ਪੈਸਾ ਵਾਪਸ ਕੀਤਾ। ਹੁਣ ਅਜਿਹੀ ਹਾਲਤ ਵਿੱਚ ਰਾਹੁਲ ਗਾਂਧੀ ਕਰਨ ਤਾਂ ਕੀ ਕਰਨ?
ਸਭ ਤੋਂ ਜ਼ਰੂਰੀ ਗੱਲ ਇਹ ਕਿ ਹਾਰ ਤੋਂ ਬਾਅਦ ਕਾਂਗਰਸ ਦੇ ਵੱਡੇ ਨੇਤਾ ਕਹਿੰਦੇ ਹਨ ਕਿ ਮੋਦੀ ਝੂਠ ਬੋਲ ਕੇ ਜਿੱਤ ਗਏ। ਮੋਦੀ ਨੇ ਲੋਕਾਂ ਨੂੰ ਬੇਵਕੂਫ ਬਣਾਇਆ, ਮੋਦੀ ਨੇ ਮੁੱਖ ਮੁੱਦਿਆਂ ਵੱਲ ਲੋਕਾਂ ਦਾ ਧਿਆਨ ਵੰਡਾਇਆ, ਮੋਦੀ ਨੇ ਝੂਠੇ ਸੁਪਨੇ ਦਿਖਾਏ, ਮੋਦੀ ਨੇ ਅੰਕੜੇ ਲੁਕੋਏ, ਮੋਦੀ ਨੇ ਰਾਸ਼ਟਰਵਾਦ ਵਧਾ ਚੜ੍ਹਾਅ ਕੇ ਪੇਸ਼ ਕੀਤਾ, ਮੋਦੀ ਨੇ ਭਾਰਤੀਆਂ ਨੂੰ ਪਾਕਿਸਤਾਨ ਦਾ ਝੂਠਾ ਡਰ ਦਿਖਾਇਆ ਆਦਿ। ਸਵਾਲ ਉਠਦਾ ਹੈ ਕਿ ਜੇ ਬੇਰੋਜ਼ਗਾਰੀ ਅਤੇ ਕਿਸਾਨਾਂ ਦਾ ਦਰਦ ਅਸਲ 'ਚ ਇਨ੍ਹੇ ਵੱਡੇ ਮੁੱਦੇ ਸਨ ਤਾਂ ਲੋਕਾਂ ਨੂੰ ਕਿਵੇਂ ਮਹਿਸੂਸ ਨਹੀਂ ਹੋਏ ਅਤੇ ਕਿਵੇਂ ਸਭ ਦੇ ਸਭ ਮੋਦੀ ਦੇ ਝਾਂਸੇ 'ਚ ਆ ਗਏ? ਸਵਾਲ ਉਠਦਾ ਹੈ ਕਿ ਕਿਸਾਨਾਂ ਦੇ ਦਰਦ ਦਾ ਇਲਾਜ ਕਾਂਗਰਸ ਨੇ ਕਰਜ਼ਾ ਮੁਆਫੀ 'ਚ ਦੇਖਿਆ ਅਤੇ ਚੋਣਾਂ ਹਾਰ ਗਈ, ਪਰ ਮੋਦੀ 2-2 ਹਜ਼ਾਰ ਰੁਪਏ ਦੀਆਂ ਤਿੰਨ ਕਿਸ਼ਤਾਂ ਦਾ ਵਾਅਦਾ ਕਰਕੇ ਚੋਣਾਂ ਜਿੱਤ ਗਏ। ਸਵਾਲ ਉਠਦਾ ਹੈ ਕਿ ਜੇ ਮੋਦੀ ਕੁਝ ਵੀ ਨਾ ਕਰਦੇ ਹੋਏ (ਜਿਵੇਂ ਕਾਂਗਰਸ ਦਾ ਦਾਅਵਾ ਹੈ), ਚੋਣ ਜਿੱਤ ਸਕਦੇ ਹਨ ਤਾਂ ਫਿਰ ਕਾਂਗਰਸ ਕੋਲ ਲੋੜਨ ਲਈ ਹੁਣ ਕਿਹੜਾ ਹਥਿਆਰ ਬਚਦਾ ਹੈ? ਸਵਾਲ ਉਠਦਾ ਹੈ ਕਿ ਰਾਹੁਲ ਗਾਂਧੀ ਦੇ ‘ਨਿਆਂ' ਉਤੇ ਲੋਕਾਂ ਨੇ ਯਕੀਨ ਕਿਉਂ ਨਹੀਂ ਕੀਤਾ? ਸਵਾਲ ਉਠਦਾ ਹੈ ਕਿ ਕਾਂਗਰਸ ‘ਚੌਕੀਦਾਰ ਚੋਰ ਹੈ' ਦਾ ਨਾਅਰਾ ਹੀ ਲਾਉਂਦੀ ਰਹਿ ਗਈ ਅਤੇ ਕਥਿਤ ਚੋਰ ਸੱਤਾ ਹਥਿਆ ਕੇ ਕਿਵੇਂ ਲੈ ਗਿਆ? ਸਵਾਲ ਉਠਦਾ ਹੈ ਕਿ ਕਾਂਗਰਸ ਨੂੰ ਲੋਕਾਂ ਨੇ ਬਦਲ ਵਜੋਂ ਕਿਉਂ ਨਹੀਂ ਦੇਖਿਆ? ਸਵਾਲ ਉਠਦਾ ਹੈ ਕਿ ਕਾਂਗਰਸ ਨੇ ਬੇਰੋਜ਼ਗਾਰੀ ਦੂਰ ਕਰਨ ਦੇ ਉਪਾਅ ਕਿਉਂ ਨਹੀਂ ਦੱਸੇ? ਸਵਾਲ ਉਠਦਾ ਹੈ ਕਿ ਜਦੋਂ ਮੋਦੀ ਜਨਤਾ ਨੂੰ ਝਾਂਸਾ ਦੇ ਰਹੇ ਸਨ ਤਾਂ ਕਾਂਗਰਸ ਦੇ ਨੇਤਾ ਕੀ ਕਰ ਰਹੇ ਸਨ?
ਸਭ ਤੋਂ ਵੱਡੀ ਗੱਲ ਹੈ ਕਿ ਜੇ ਅਸਲ 'ਚ ਕਾਂਗਰਸ ਹਾਈ ਕਮਾਨ ਨੂੰ ਲੱਗਦਾ ਹੈ ਕਿ ਮੋਦੀ ਕੁਝ ਨਾ ਕਰਦੇ ਹੋਏ ਵੀ ਬਾਜ਼ੀ ਜਿੱਤ ਗਏ ਤੇ ਕਾਂਗਰਸ ਸਭ ਕੁਝ ਕਰਕੇ ਵੀ ਹਾਰ ਗਈ ਤਾਂ ਕਾਂਗਰਸ ਕੋਲ ਲੜਨ ਲਈ ਕੀ ਬਚਦਾ ਹੈ? ਇਸ ਦਾ ਤੋੜ ਲੱਭਣਾ ਤਾਂ ਹੋਰ ਵੀ ਵੱਧ ਮੁਸ਼ਕਿਲ ਹੈ। ਇਨ੍ਹਾਂ ਬਿਆਨਾਂ ਨਾਲ ਫਿਰ ਹੇਠਾਂ ਤੱਕ ਦੇ ਵਰਕਰ ਕੋਲ ਕੀ ਸੰਦੇਸ਼ ਜਾਂਦਾ ਹੈ? ਅਜਿਹੇ ਨਾਂਹ ਪੱਖੀ ਸੰਦੇਸ਼ ਨਾਲ ਕਾਂਗਰਸ ਦਾ ਭਲਾ ਹੋਣ ਵਾਲਾ ਨਹੀਂ। ਨਿਰਾਸ਼ ਵਰਕਰ ਨੂੰ ਜਗਾਉਣ ਦਾ ਕੰਮ ਕਰਨਾ ਹੈ ਅਤੇ ਇਹ ਰਾਹੁਲ ਗਾਂਧੀ ਨੇ ਹੀ ਕਰਨਾ ਹੈ, ਕਿਵੇਂ ਕਰਨਾ ਹੈ, ਇਹ ਵੀ ਰਾਹੁਲ ਗਾਂਧੀ ਨੂੰ ਦੱਸਣ ਦੀ ਲੋੜ ਨਹੀਂ ਹੈ।

 

Have something to say? Post your comment