Welcome to Canadian Punjabi Post
Follow us on

21

June 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਨਜਰਰੀਆ

ਬਰਸਾਤ ਦੀ ਰਾਤ ਦੀ ਬਾਤ

October 09, 2018 07:51 AM

-ਅਜਮੇਰ ਸਿੰਘ (ਡਾ.)
ਆਪਣੇ ਕਮਰੇ ਵਿੱਚ ਕੁਰਸੀ 'ਤੇ ਬੈਠਾ ਪੁਸਤਕ ਪੜ੍ਹ ਰਿਹਾ ਹਾਂ। ਪਿਛਲੇ ਦੋ ਦਿਨਾਂ ਤੋਂ ਲਗਾਤਾਰ ਕਦੇ ਹਲਕਾ ਅਤੇ ਕਦੇ ਭਾਰਾ ਮੀਂਹ ਪੈ ਰਿਹਾ ਹੈ। ਬਾਹਰ ਅੰਦਰ ਦੀ ਚਿੰਤਾ ਨਹੀਂ। ਪਤਾ ਨਹੀਂ ਕਿਵੇਂ ਮੈਨੂੰ ਬਚਪਨ ਸਮਾਂ ਯਾਦ ਆ ਗਿਆ। ਮੀਂਹ ਦੀ ਬਿੜਕ ਪੈਂਦਿਆਂ ਹੀ ਕੋਠੇ 'ਤੇ ਚੜ੍ਹ ਜਾਂਦੇ ਸਾਂ। ਛੱਤ ਚੋਣ ਤੋਂ ਬਚਾਉਣ ਲਈ ਜਿਥੇ ਵੀ ਕੀੜੀਆਂ ਦਾ ਭੌਣ ਨਜ਼ਰੀਂ ਪੈਂਦਾ, ਮਿੱਟੀ ਪਾ ਕੇ ਚੰਗੀ ਤਰ੍ਹਾਂ ਥਾਪੜ ਦਿੰਦੇ। ਜਦੋਂ ਮੀਂਹ ਪੈਣਾ ਸ਼ੁਰੂ ਹੋ ਜਾਂਦਾ ਤਾਂ ਵਾਛੜ ਨਾਲ ਦਰਵਾਜ਼ੇ ਦੀ ਸਰਦਲ ਦੇ ਅੰਦਰਵਾਰ ਬਣਾਈ ਹੋਈ ਡੂੰਘੀ ਥਾਂ ਵਿੱਚ ਜਮ੍ਹਾਂ ਹੋਏ ਪਾਣੀ ਨੂੰ ਕੁਲੰਜ ਕੇ ਬਾਹਰ ਸੁੱਟਣਾ ਮੇਰੀ ਪੱਕੀ ਡਿਊਟੀ ਹੁੰਦੀ ਸੀ।
ਜਦੋਂ ਮੈਂ ਨੌਵੀਂ ਜਮਾਤ ਵਿੱਚ ਪੜ੍ਹਦਾ ਸੀ ਤਾਂ ਇਕ ਸ਼ਾਮ ਨੂੰ ਸੂਰਜ ਡੁੱਬਣ ਵੇਲੇ ਮੀਂਹ ਆ ਗਿਆ। ਮੈਂ ਅੰਦਰ ਬੈਠਾ ਦੀਵੇ ਦੀ ਰੋਸ਼ਨੀ ਵਿੱਚ ਸਕੂਲ ਦਾ ਕੰਮ ਕਰ ਰਿਹਾ ਸੀ। ਮੈਨੂੰ ਆਪਣੀ ਡਿਊਟੀ ਯਾਦ ਸੀ, ਪਰ ਪੜ੍ਹਨ ਵਿੱਚ ਇੰਨਾ ਕੁ ਰੁੱਝ ਗਿਆ ਕਿ ਪਾਣੀ ਕੁਲੰਜਣਾ ਭੁੱਲ ਗਿਆ ਅਤੇ ਪਾਣੀ ਹੌਲੀ-ਹੌਲੀ ਅੰਦਰ ਜਾ ਕੇ ਸਾਰੇ ਕੱਚੇ ਫਰਸ਼ 'ਤੇ ਫੈਲ ਗਿਆ। ਇੰਨੇ ਨੂੰ ਬੇਬੇ ਆ ਗਈ। ਜਦੋਂ ਉਹਨੇ ਰੌਲਾ ਪਾਇਆ ਤਾਂ ਮੈਂ ਭੱਜਾ-ਭੱਜਾ ਗਿਆ, ਜਮ੍ਹਾਂ ਹੋਏ ਪਾਣੀ ਨੂੰ ਗਲਾਸਾਂ ਵਿੱਚ ਭਰ-ਭਰ ਕੇ ਬਾਹਰ ਸੁੱਟਣ ਲੱਗ ਪਿਆ ਅਤੇ ਬੇਬੇ ਨੇ ਬੜੀ ਫੁਰਤੀ ਨਾਲ ਫਰਸ਼ 'ਤੇ ਫੈਲੇ ਪਾਣੀ ਨੂੰ ਆਪਣੇ ਬੁੱਕਾਂ ਨਾਲ ਇਕੱਠਾ ਕਰਕੇ ਬਾਲਟੀ ਵਿੱਚ ਪਾ ਕੇ ਬਾਹਰ ਵਿਹੜੇ ਵਿੱਚ ਸੁੱਟਿਆ। ਨੁਕਸਾਨ ਤਾਂ ਜਿੰਨਾ ਹੋਣਾ ਸੀ, ਹੋ ਚੁੱਕਾ ਸੀ। ਬਾਅਦ ਵਿੱਚ ਫਰਸ਼ 'ਤੇ ਕੀਤੀ ਮਿੱਟੀ ਦੀ ਲੇਈ ਫੁੱਲ ਕੇ ਉਖੜ ਗਈ। ਮੈਂ ਬੇਬੇ ਦੀਆਂ ਝਿੜਕਾਂ ਤੋਂ ਡਰਦਾ ਮੂੁੰਹ ਉਪਰ ਨਹੀਂ ਸੀ ਚੁੱਕ ਰਿਹਾ, ਪਰ ਉਸ ਨੇ ਸਿਰਫ ਇੰਨਾ ਹੀ ਕਿਹਾ, ‘ਪੜ੍ਹਦੇ ਨੂੰ ਤਾਂ ਭਾਮੇਂ ਘੇਅ ਦਾ ਘੜਾ ਰੁੜ੍ਹ ਜਏ, ਤੂੰ ਆਲਾ ਦੁਆਲਾ ਨਾ ਦੇਖੀਂ ਕਦੇ।'
ਬੇਬੇ ਅਜੇ ਇਸ ਕੰਮ ਤੋਂ ਵਿਹਲੀ ਹੋਈ ਸੀ ਕਿ ਬਾਹਰੋਂ ਜ਼ੋਰ ਦੀ ਆਵਾਜ਼ ਆਈ। ਉਹ ਉਸੇ ਵਕਤ ਹਵੇਲੀ ਵੱਲ ਭੱਜੀ। ਉਸ ਨੂੰ ਡਰ ਸੀ ਕਿ ਕਿਤੇ ਹਵੇਲੀ ਦੀ ਕੱਚੀ ਕੰਧ ਡਿੱਗ ਨਾ ਪਈ ਹੋਵੇ, ਜਿਸ ਦੇ ਅੰਦਰ ਪਸ਼ੂ ਬੰਨ੍ਹੇ ਹੋਏ ਸਨ। ਥੋੜ੍ਹੀ ਦੇਰ ਬਾਅਦ ਉਹ ਇਹ ਬੋਲਦੀ ਮੁੜ ਆਈ, ‘ਸ਼ੁਕਰ ਆ ਰੱਬਾ, ਮਿਹਰ ਕਰੀਂ। ਕਿਤੇ ਠੀਕ ਠਾਕ ਬਰਸਾਤ ਲੰਘ ਜਾਵੇ, ਮੈਨੂੰ ਤਾਂ ਆਪਣੀ ਸੂਣ ਵਾਲੀ ਮੱਝ ਦਾ ਫਿਕਰ ਆ।' ਸਵੇਰ ਨੂੰ ਜਦੋਂ ਘਰੋਂ ਬਾਹਰ ਨਿਕਲ ਕੇ ਦੇਖਿਆ ਤਾਂ ਸਾਰੀ ਗਲੀ ਪਾਣੀ ਨਾਲ ਭਰੀ ਪਈ ਸੀ ਅਤੇ ਪਾਣੀ ਘਰਾਂ ਦੇ ਅੰਦਰ ਵੜ ਰਿਹਾ ਸੀ। ਉਦੋਂ ਬਾਹਰੋਂ ਆਈ ਆਵਾਜ਼ ਗਆਂਢੀਆਂ ਦੇ ਕੋਠੇ ਦੀ ਕੰਧ ਦੇ ਲੇਅ ਡਿੱਗਣ ਦੀ ਸੀ, ਜਿਸ ਨੇ ਗਲੀ ਦਾ ਪਾਣੀ ਰੋਕ ਦਿੱਤਾ ਸੀ।
ਸਾਰੀ ਰਾਤ ਮੀਂਹ ਪੈਂਦਾ ਰਿਹਾ। ਘਰ ਦੀ ਛੱਤ ਚੋਣ ਲੱਗ ਪਈ। ਭਿੱਜਣ ਤੋਂ ਬਚਣ ਲਈ ਅਸੀਂ ਮੰਜੇ ਕਦੇ ਕਿਸੇ ਪਾਸੇ ਕਰਦੇ, ਕਦੇ ਕਿਸੇ ਪਾਸੇ। ਪਹਿਲਾਂ ਛੱਤ 'ਚੋਂ ਪਾਣੀ ਥੋੜ੍ਹਾ-ਥੋੜ੍ਹਾ ਤੁਪਕਦਾ ਸੀ, ਜਿਉਂ-ਜਿਉਂ ਮੀਂਹ ਤੇਜ਼ ਹੋਣ ਲੱਗਾ, ਛੱਤ 'ਚੋਂ ਧਰਾਲੇ ਵਗਣ ਲੱਗੇ। ਫਿਰ ਸਾਰੀ ਛੱਤ ਚੋਣ ਲੱਗ ਪਈ। ਛੱਤ ਤੋਂ ਡਿੱਗਦੇ ਪਾਣੀ ਨੂੰ ਇਕੱਠਾ ਕਰਨ ਲਈ ਪਹਿਲਾਂ ਬਾਲਟੀਆਂ ਰੱਖੀਆਂ, ਫਿਰ ਪਤੀਲੇ, ਫਿਰ ਗੜਵੀਆਂ, ਫਿਰ ਥਾਲੀਆਂ, ਫਿਰ ਗਲਾਸ ਅਤੇ ਆਖਰ ਕੌਲੀਆਂ ਦੀ ਵਾਰੀ ਆ ਗਈ। ਅਸੀਂ ਵਾਰ-ਵਾਰ ਪਾਣੀ ਡੋਲ੍ਹ ਕੇ ਬਰਤਨ ਖਾਲੀ ਕਰਦੇ ਤੇ ਫਿਰ ਪਹਿਲਾਂ ਵਾਲੀ ਥਾਂ ਰੱਖ ਦਿੰਦੇ। ਇੰਨਾ ਕੁਝ ਕਰਨ ਦੇ ਬਾਵਜੂਦ ਸਾਰਾ ਅੰਦਰ ਚਿੱਕੜ ਨਾਲ ਭਰ ਗਿਆ। ਅਸੀਂ ਸਾਰੀ ਰਾਤ ਨਹੀਂ ਸੁੱਤੇ ਅਤੇ ਤੜਕੇ ਨੀਂਦ ਨਾਲ ਊਂਘਣ ਲੱਗ ਪਏ। ਅਜੇ ਇੰਨਾ ਸ਼ੁਕਰ ਰਿਹਾ ਕਿ ਸੂਰਜ ਚੜ੍ਹਨ ਤੋਂ ਪਹਿਲਾਂ ਮੀਂਹ ਬੰਦ ਹੋ ਗਿਆ ਅਤੇ ਸਾਨੂੰ ਸੁਖ ਦਾ ਸਾਹ ਆਇਆ।
ਉਦੋਂ ਸਾਨੂੰ ਇਹ ਸਭ ਕੁਝ ਅਜੀਬ ਨਹੀਂ ਲੱਗਾ ਕਿਉਂਕਿ ਤਕਰੀਬਨ ਪਿੰਡ ਦੇ ਸਾਰੇ ਲੋਕਾਂ ਨਾਲ ਇਹ ਵਾਪਰਿਆ ਸੀ, ਪਰ ਅੱਜ ਸੋਚਦਿਆਂ ਵੀ ਡਰ ਲੱਗਦਾ ਹੈ। ਸੋਚਦਾ ਹਾਂ ਕਿ ਜ਼ਮਾਨਾ ਕਿੰਨਾ ਬਦਲ ਗਿਆ? ਵਿਗਿਆਨ ਨੇ ਮਨੁੱਖ ਨੂੰ ਪਦਾਰਥਿਕ ਸਹੂਲਤਾਂ ਨਾਲ ਮਾਲੋਮਾਲ ਕਰ ਦਿੱਤਾ ਹੈ। ਪਿੰਡ ਜਾ ਕੇ ਦੇਖਦਾ ਹਾਂ, ਕੋਈ ਮਕਾਨ, ਵਿਹਲਾ, ਗਲੀ ਤੇ ਫਿਰਨੀ ਕੱਚੀ ਨਹੀਂ। ਕਿਸੇ ਅੱਜ ਦੇ ਨੌਜਵਾਨ ਜਾਂ ਬੱਚੇ ਨੂੰ ਕੀ ਪਤਾ ਚੋਣਾ, ਤੁਪਕਣਾ, ਕੁਲਜਣਾ, ਲੇਈ ਅਤੇ ਧਰਾਲੇ ਕੀ ਹੁੰਦੇ ਹਨ। ਉਹ ਤਾਂ ਮੀਂਹ ਨੂੰ ਅੰਦਰ ਬੈਠ ਕੇ ਟੀ ਵੀ ਜਾਂ ਮੋਬਾਈਲ 'ਤੇ ਫਿਲਮਾਂ ਦੇਖਦਿਆਂ ਹੀ ਮਾਣਦੇ ਹਨ।

Have something to say? Post your comment