Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਨਜਰਰੀਆ

ਵਿਅੰਗ: ਸ਼ਰਧਾਂਜਲੀ

June 05, 2019 09:10 AM

-ਕੇ ਐੱਲ ਗਰਗ
ਸਾਡੀਆਂ ਬੁੜ੍ਹੀਆਂ ਆਮ ਹੀ ਕਹਿੰਦੀਆਂ ਸੁਣਦੀਆਂ ਹਨ : ‘ਸਾਊ ਬੰਦਾ ਮੁੱਕ ਜਾਂਦਾ, ਬੰਦੇ ਦੇ ਕੰਮ ਨਹੀਂ ਮੁੱਕਦੇ। ਸਾਰੀ ਉਮਰ ਭਮੀਰੀ ਆਂਗੂ ਘੁਕਦਾ ਰਹਿੰਦਾ, ਪਰ ਉਹਦੇ ਕੰਮ ਨੀਂ ਮੁਕਦੇ। ਕੰਮ ਵੀ ਮੁੱਕੇ ਆ ਕਦੀ?’
ਫੋਕੀ ਰਾਮ ਨੇ ਸਾਰੀ ਉਮਰ ਸੰਘਰਸ਼ ਕੀਤਾ। ਜ਼ਿੰਦਗੀ ਭਰ ਜ਼ਿੰਦਗੀ ਨਾਲ ਲੜਦਾ ਰਿਹਾ ਤੇ ਫਿਰ ਦੀਵੇ ਨੇ ਬੁੱਝਣਾ ਹੀ ਬੁੱਝਣਾ ਸੀ। ਭਕ-ਭਕ ਕਰਦਾ ਭੁੱਝ ਗਿਆ। ਧੀਆਂ-ਪੁੱਤਾਂ ਨੇ ਉਹਦਾ ਬਬਾਨ ਕੱਢਿਆ। ਗਰੁੜ ਪੁਰਾਣ ਕਥਾ ਕਰਵਾਈ। ਕਥਾ ਦੀ ਸਮਾਪਤੀ 'ਤੇ ਭੋਗ ਪਾਇਆ। ਕਥਾ ਵਾਚਕ ਪੁਰੋਹਿਤ ਨੇ ਕਥਾ ਕਰਦਿਆਂ ਜੀਵਨ ਦੀ ਛਿਣ ਭੰਗਰਤਾ 'ਤੇ ਗਹਿ-ਗੱਚਵਾਂ ਪ੍ਰਵਚਨ ਕੀਤਾ। ਜੀਵਨ ਦੀ ਤੁਲਨਾ ਪਾਣੀ ਦੇ ਬੁਲਬੁਲੇ ਨਾਲ ਕੀਤੀ, ਜੋ ਦੇਖਦਿਆਂ-ਦੇਖਦਿਆਂ ਹੀ ਪਲਾਂ-ਛਿਣਾਂ 'ਚ ਬਿਨਸ ਜਾਂਦਾ ਹੈ। ਉਸ ਤਾਰੇ ਨਾਲ ਕੀਤੀ, ਜੋ ਪ੍ਰਭਾਤ ਨੂੰ ਦੇਖਦਿਆਂ ਛੂ-ਛਿੱਪਣ ਹੋ ਜਾਂਦਾ ਹੈ। ਉਨ੍ਹਾਂ ਇਹ ਵੀ ਆਖਿਆ ਕਿ ਬੰਦੇ ਦੇ ਚੰਗੇ ਕਰਮ ਹੀ ਨਾਲ ਜਾਂਦੇ ਹਨ। ਭਾਵੇਂ ਇਹ ਪ੍ਰਵਚਨ ਕਰਦਿਆਂ, ਉਨ੍ਹਾਂ ਦੀ ਨਿਗ੍ਹਾ ਚੜ੍ਹਾਵੇ ਵਾਲੀ ਥਾਲੀ 'ਤੇ ਸੀ। ਉਹ ਜਾਣਦੇ ਹਨ ਕਿ ਪ੍ਰਵਚਨ ਤਾਂ ਲੋਕਾਂ ਕੋਲ ਜਾਵੇਗਾ, ਕੇਵਲ ਤੇ ਕੇਵਲ ਚੜ੍ਹਾਵਾ ਉਨ੍ਹਾਂ ਕੋਲ ਟਿਕਿਆ ਰਹਿ ਸਕੇਗਾ।
ਫੋਕੀ ਰਾਮ ਦੇ ਸੰਘਰਸ਼ ਦੇ ਕੁਝ ਚਸ਼ਮਦੀਦ ਗਵਾਹ, ਉਸ ਦੇ ਯਾਰ ਬੇਲੀ, ਮਿੱਤਰ-ਸੱਜਣ ਉਸ ਕਥਾ ਵੇਲੇ ਹਾਜ਼ਰ ਸਨ। ਫੋਕੀ ਰਾਮ ਦੇ ਧੀਆਂ-ਪੁੱਤਰ ਚਾਹੁੰਦੇ ਸਨ ਕਿ ਉਨ੍ਹਾਂ ਦੇ ਪਿਓ ਦਾ ਉਸਤਤਿ-ਗਾਨ, ਉਸ ਦੇ ਯਾਰ-ਦੋਸਤ ਕਰਨ। ਜਿਨ੍ਹਾਂ ਨੇ ਕਦੇ ਫੋਕੀ ਰਾਮ ਨੂੰ ਫਿੱਟੇ ਮੂੰਹ ਨਹੀਂ ਸੀ ਆਖਿਆ, ਉਹ ਵੀ ਉਸ ਨੂੰ ਸ਼ਰਧਾਂਜਲੀ ਦੇਣ ਲਈ ਹੁੰਮ ਹੁਮਾ ਕੇ ਪੁੱਜੇ ਸਨ। ਜਿਊਂਦੇ ਜੀਅ ਬੰਦੇ ਨਾਲ ਲੱਖ ਮਨ-ਮੁਟਾਵ ਰਹੇ, ਮੌਤ ਤੋਂ ਬਾਅਦ ਸਭ ਕੁਝ ਰਿਨ ਨਾਲ ਧੋਤੀ ਗੰਦੀ ਕਮੀਜ਼ ਵਾਂਗ ਸਾਫ-ਸੁਥਰਾ, ਉਜਲਾ-ਉਜਲਾ ਹੋ ਜਾਂਦਾ ਹੈ। ਕਥਾਕਾਰ ਜੀ ਨੇ ਆਪਣੀ ਕਥਾ ਨੂੰ ਰੋਕ ਕੇ ਸ਼ਰਧਾਂਜਲੀ ਦੇਣ ਵਾਲਿਆਂ ਨੂੰ ਸੱਦਾ ਦਿੱਤਾ ਤਾਂ ਕਈ ਜਣੇ ਬਰਸਾਤੀ ਡੱਡੂਆਂ ਵਾਂਗ ਟਰੈਂ-ਟਰੈਂ ਕਰਨ ਲਈ ਤੱਤਪਰ ਹੋ ਗਏ।
ਸਭ ਤੋਂ ਪਹਿਲਾਂ ਦੁਖੀ ਮੱਲ ਦੁਖੀ ਬੋਲਿਆ, ‘‘ਅੱਜ ਆਪਾਂ ਫੋਕੀ ਰਾਮ ਦੀਆਂ ਆਖਰੀ ਰਸਮਾਂ ਵਿੱਚ ਸ਼ਾਮਲ ਹੋਣ ਲਈ ਇਕੱਠੇ ਹੋਏ ਹਾਂ। ਮੇਰਾ ਉਸ ਨਾਲ ਡੂੰਘਾ ਰਿਸ਼ਤਾ ਸੀ। ਸਾਡੇ ਦੋਵਾਂ 'ਚ ਇੱਕ ਗੱਲੋਂ ਪੱਕੀ ਸਾਂਝ ਸੀ, ਉਹ ਸੀ ਸਾਡੀ ਦੋਵਾਂ ਦੀ ਕਬਜ਼। ਉਹ ਵੀ ਕਬਜ਼ ਦਾ ਦਾਇਮੀ ਮਰੀਜ਼ ਸੀ ਅਤੇ ਮੈਂ ਵੀ। ਅਸੀਂ ਇਕੱਠੇ ਜੰਗਲ-ਪਾਣੀ ਜਾਂਦੇ। ਜਿਸ ਦਿਨ ਮੋਰਚਾ ਫਤਹਿ ਹੋ ਜਾਂਦਾ, ਸਾਡੇ ਚਿਹਰਿਆਂ 'ਤੇ ਨੂਰ ਖੇਡਣ ਲੱਗਦਾ। ਲਾਟੂ ਜਗਣ ਲੱਗਦੇ। ਜ਼ਿੰਦਗੀ ਗੁਲਾਬ ਵਾਂਗ ਟਹਿਕ ਜਾਂਦੀ। ਜਿਸ ਦਿਨ ਟੈਂ-ਟੈਂ ਫਿਸ਼ ਹੋ ਜਾਣੀ, ਉਸ ਦਿਨ ਅਸੀਂ ਮੁਰਦਿਆਂ ਹਾਰ ਤੁਰਦੇ ਆਉਣਾ। ਦਿਲ ਨੂੰ ਢਿਲਕੂੰ ਢਿਲਕੂੰ ਕਰ ਕੇ ਤੁਰਨਾ। ਉਹ ਮੇਰੇ ਲਈ ਹਕੀਮ ਟੇਕੂ ਰਾਮ ਦੀਆਂ ਫੱਕੀਆਂ ਲਿਆਉਂਦਾ। ਮੈਂ ਉਹਦੇ ਲਈ ਪੀਚੂ ਮੱਲ ਹਕੀਮ ਤੋਂ ਦੁਸ਼ਾਂਦਾ ਲਿਆਉਂਦਾ। ਅਸੀਂ ਦੋਵੇਂ ਸਾਰੀ ਉਮਰ ਕਬਜ਼ੇ ਨਾਲ ਘੁਲਦੇ ਰਹੇ, ਦੇਖ ਲਓ ਸਾਡਾ ਯਾਰ ਫੋਕੀ ਰਾਮ ਕਬਜ਼ ਨਾਲ ਲੜਦਾ ਹੀ ਤੁਰ ਗਿਆ। ਓਏ ਫੋਕੀ ਰਾਮਾ, ਤੇਰੇ ਇਸ ਯਾਰ ਨੂੰ ਹਕੀਮ ਦੀਆਂ ਫੱਕੀਆਂ ਕੌਣ ਲਿਆ ਕੇ ਦਊ। ਨਵੇਂ-ਨਵੇਂ ਨੁਸਖੇ ਕੌਣ ਦੱਸੂ। ਕਬਜ਼ ਦੀ ਇਸ ਕੁਲਹਿਣੀ ਲੜਾਈ ਵਿੱਚ ਸਾਥ ਕੌਣ ਦਊ? ਤੂੰ ਤਾਂ ਯਾਰਾ ਲੜ ਛੁਡਾ ਕੇ ਤੁਰ ਗਿਐ। ਮੈਂ 'ਕੱਲਾ ਇਹ ਲੰਬੀ ਲੜਾਈ ਕਿਵੇਂ ਲੜੂੰ? ਫੋਕੀ ਰਾਮ ਸਾਡਾ ਯਾਰ ਸਾਧਾਰਨ ਮੌਤ ਨਹੀਂ ਮਰਿਆ। ਉਹ ਬਹਾਦਰਾਂ ਦੀ ਮੌਤ ਮਰਿਐ। ਉਹ ਸ਼ਹੀਦ ਹੋਇਐ। ਉਸ ਨੂੰ ‘ਕਬਜ਼-ਸ਼ਹੀਦ’ ਦੀ ਪਦਵੀ ਦੇਣੀ ਚਾਹੀਦੀ ਹੈ। ਇਹੋ ਜਿਹਾ ਪੱਕਾ ਤੇ ਲੰਬਾ ਸਾਥ, ਇਸ ਮਤਲਬੀ ਦੁਨੀਆ ਵਿੱਚ ਕੌਣ ਦੇ ਸਕਦੈ? ਹੋਰ ਸਾਥੀਆਂ ਨੇ ਵੀ ਬੋਲਣੈ। ਮੈਂ ਆਪਣੇ ਮਿੱਤਰ ਨੂੰ ਸੱਚੇ ਦਿਲੋਂ, ਹਾਲਾਂਕਿ ਅੱਜਕੱਲ੍ਹ ਸੱਚਾ-ਸੁੱਚਾ ਦਿਲ ਲੱਭਣਾ ਬੜਾ ਔਖਾ ਹੈ, ਸ਼ਰਧਾਂਜਲੀ ਦਿੰਦਾ।” ਦੁਖੀ ਮਲ ਦੁਖੀ ਦੇ ਭਾਵੁਕ ਤੇ ਰੋਣਹਾਕੇ ਭਾਸ਼ਣ ਨਾਲ ਸਮਾਗਮ ਦਾ ਮਾਹੌਲ ਬਹੁਤ ਗੰਭੀਰ ਹੋ ਗਿਆ। ਲੋਕਾਂ ਦੀਆਂ ਅੱਖਾਂ ਸੇਜਲ ਹੋ ਗਈਆਂ ਸਨ। ਤੀਵੀਆਂ ਵਾਲੇ ਪਾਸਿਓਂ ਤਾਂ ਹਉਕਿਆਂ ਤੇ ਸਿਸਕੀਆਂ ਦੀਆਂ ਆਵਾਜ਼ਾਂ ਵੀ ਸੁਣਾਈ ਦੇਣ ਲੱਗ ਪਈਆਂ ਸਨ।
ਫੇਰ ਕਾਟੀ ਮੱਲ ਕਾਟੀ ਬੋਲਿਆ : ‘‘ਫੋਕੀ ਰਾਮ, ਸਾਡਾ ਯਾਰ, ਅੱਜ ਦੇ ਜ਼ਮਾਨੇ ਵਿੱਚ ਪੈਸੇ ਦੀ ਕਦਰ ਜਾਣਦਾ ਸੀ। ਉਹ ਕਿਹਾ ਕਰਦਾ ਸੀ, ਭਾਈ ਕਾਟੀ, ਪੈਸਾ ਉਹੋ ਹੈ, ਜੋ ਆਪਣੀ ਜੇਬ 'ਚ ਹੋਵੇ। ਫਾਥੀਆਂ ਨੂੰ ਛੱਡ ਕੇ ਉਡਦੀਆਂ ਮਗਰ ਭੱਜਣ ਵਾਲੇ ਲੋਕ ਮਹਾਂ ਬੇਵਕੂਫ ਹੁੰਦੇ ਹਨ। ਧਿਆਨ ਨਾਲ ਨਹੀਂ ਚੱਲੋਗੇ ਤਾਂ ਤੁਹਾਡੀ ਜੇਬ ਅੱਜ ਵੀ ਫਟੀ, ਕੱਲ ਵੀ ਫਟੀ। ਉਸ ਨੇ ਆਖਰੀ ਸਾਹਾਂ ਤੱਕ ਇਸ ਗੱਲ 'ਤੇ ਅਮਲ ਕੀਤਾ। ਮੇਰੇ ਇੱਕ ਯਾਰ ਨੇ ਫੋਕੀ ਰਾਮ ਦੀ ਕਬਜ਼ ਦਾ ਜ਼ਿਕਰ ਕੀਤਾ। ਪੈਸਾ ਖਰਚਣ ਦੇ ਮਾਮਲੇ 'ਚ ਵੀ ਉਸ ਨੂੰ ਕਬਜ਼ ਰਹਿੰਦੀ ਸੀ। ਆਹ ਉਹਦੇ ਮੁੰਡਿਆਂ ਨੇ ਉਹਦਾ ਬਬਾਨ ਕੱਢਿਐ। ਪੈਸਾ ਪਾਣੀ ਵਾਂਗ ਰੋੜ੍ਹਿਐ। ਪੈਸੇ ਇਹ ਖਰਚਦੇ ਹੋਣੇ ਨੇ, ਆਤਮਾ ਉਹਦੀ ਵਿਲਕਦੀ ਹੋਣੀ ਐ। ਊਂ ਇੱਕ ਗੱਲ ਮੁੰਡਿਆਂ ਨੇ ਚੰਗੀ ਕੀਤੀ ਐ। ਬੰਨ੍ਹ ਮਾਰ ਕੇ ਰੱਖਣ ਨਾਲ ਤਾਂ ਪਾਣੀ 'ਚੋਂ ਵੀ ਮੁਸ਼ਕ ਆਉਣ ਲੱਗਦੀ ਐ। ਪੈਸੇ ਨੂੰ ਬੰਨ੍ਹ ਮਾਰਨ ਨਾਲ ਬੰਦੇ 'ਚੋਂ ਵੀ ਮੁਸ਼ਕ ਆਉਂਦੀ ਐ। ਪੈਸੇ ਨੂੰ ਬੰਨ੍ਹ ਮਾਰ ਕੇ ਰੱਖਣ ਵਾਲਾ ਬੰਦਾ ਤਾਂ ਬੰਦਾ ਈ ਨੀਂ ਰਹਿੰਦਾ, ਕੁਝ ਹੋਰ ਈ ਹੋ ਜਾਂਦਾ।”
ਇਕੱਠੇ ਹੋਏ ਲੋਕਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਕਾਟੀ ਮੱਲ ਆਪਣੇ ਮਿੱਤਰ ਦੀ ਉਸਤਤਿ ਕਰ ਰਿਹਾ ਸੀ ਜਾਂ ਬਦਖੋਹੀ। ਉਹਦੇ ਮੁੰਡਿਆਂ ਇਸ ਨੂੰ ਆਪਣੀ ਉਸਤਤਿ ਤੇ ਪ੍ਰਸ਼ੰਸਾ ਸਮਝ ਕੇ ਸਬਰ ਕਰ ਲਿਆ। ਫੋਕੀ ਰਾਮ ਦਾ ਇੱਕ ਹੋਰ ਮਿੱਤਰ ਵੀ ਮੁੱਠੀਆਂ 'ਚ ਬੁੱਕੀ ਜਾਂਦਾ ਸੀ। ਪਲਾਕੀ ਜਿਹੀ ਮਾਰ ਕੇ ਮਾਈਕ 'ਤੇ ਆ ਖਲੋਤਾ। ਹੱਸਦਿਆਂ-ਹੱਸਦਿਆਂ ਕਹਿਣ ਲੱਗਾ, ‘‘ਫੋਕੀ ਰਾਮ ਸਾਡਾ ਤਾਸ਼ ਦਾ ਜੋਟੀਦਾਰ ਸੀ। ਅਸੀਂ ਚਾਹ ਦੀ ਸ਼ਰਤ ਲਾ ਕੇ ਸੀਪ ਖੇਡਦੇ। ਖੇਡ 'ਚ ਉਹ ਮੇਰਾ ਪੱਕਾ ਸਾਥੀ ਸੀ। ਅਸੀਂ ਹਮੇਸ਼ਾ ਜਿੱਤਦੇ। ਜਿੱਤਣਾ ਹੀ ਸੀ। ਇਸ਼ਾਰਿਆਂ ਨਾਲ ਆਪਣੇ ਬੇਗੀਆਂ, ਬਾਦਸ਼ਾਹਾਂ ਬਾਰੇ ਦੱਸ ਦਿੰਦੇ ਸੀ। ਅਸੀਂ ਆਪਣੇ ਵਿਰੋਧੀਆਂ ਦੇ ਬੜੇ ਬੇਗੀਆਂ-ਬਾਦਸ਼ਾਹ ਘੇਰ-ਘੇਰ ਕੁੱਟੇ। ਅਸੀਂ ਪਿਛਲੇ ਚਾਲੀ ਸਾਲ ਕਦੀ ਚਾਹ 'ਤੇ ਦੁੱਕੀ ਖਰਚ ਨਹੀਂ ਕੀਤੀ। ਲੋਕਾਂ ਦੇ ਸਿਰੋਂ ਮੁਫਤ ਦੀ ਚਾਹ ਪੀਤੀ। ਮੌਤ ਮੇਰੇ ਤੋਂ ਮੇਰਾ ਪੱਕਾ ਜੋਟੀਦਾਰ ਖੋਹ ਕੇ ਲੈ ਗਈ। ਇਹੋ ਜਿਹਾ ਸਮਝਦਾਰ ਹੋਰ ਸਾਥੀ ਲੱਭਣਾ ਇਸ ਮੂਰਖ ਜ਼ਮਾਨੇ 'ਚ ਬਹੁਤ ਮੁਸ਼ਕਲ ਐ। ਮੈਂ ਤਾਸ਼ ਤੋਂ ਸੰਨਿਆਸ ਲੈਣ ਦਾ ਸੋਚ ਲਿਐ। ਹਾਰਨ ਨਾਲੋਂ ਸੰਨਿਆਸ ਲੈਣਾ ਹੀ ਬਿਹਤਰ ਹੈ। ਫੋਕੀ ਰਾਮ ਜਿਹਾ ਖਿਡਾਰੀ ਰੋਜ਼-ਰੋਜ਼ ਪੈਦਾ ਨਹੀਂ ਹੁੰਦਾ। ਹਜ਼ਾਰੋਂ ਸਾਲ ਨਰਗਿਸ ਆਪਣੀ ਬੇਨੂਰੀ ਪੇ ਰੋਤੀ ਹੈ, ਤਬੀ ਹੋਤਾ ਹੈ ਕੋਈ ਦੀਦਾਵਰ ਪੈਦਾ। ਮਿੱਤਰ ਨੇ ਸ਼ਿਅਰ ਬੋਲ ਕੇ ਹਾਜ਼ਰਾ ਲੋਕਾਂ 'ਤੇ ਨਜ਼ਰ ਸੁੱਟੀ। ਲੱਗਦਾ ਸੀ ਉਸਦੇ ਸ਼ਿਅਰ ਦਾ ਜਨਤਾ 'ਤੇ ਬਹੁਤ ਡੂੰਘਾ ਅਸਰ ਹੋਇਆ ਸੀ।”
ਸ਼ਰਧਾਂਜਲੀ ਦੇਣ ਵਾਲੇ ਹੋਰ ਵੀ ਸਨ। ਫੋਕੀ ਰਾਮ ਵਿੱਚ ਗੁਣ ਏਨੇ ਸਨ ਕਿ ਇੱਕ ਸਮਾਰੋਹ ਵਿੱਚ ਗਿਣਾਏ ਨਹੀਂ ਸੀ ਜਾ ਸਕਦੇ। ਬੋਲਣ ਵਾਲੇ ਹੋਰ ਵੀ ਸਨ, ਪਰ ਆਈ ਹੋਈ ਜਨਤਾ ਕਾਹਲੀ ਪੈਣ ਲੱਗ ਪਈ ਸੀ। ਕਈ ਤਾਂ ਹੱਥ ਜੋੜ ਕੇ ਉਠਣ ਵੀ ਲੱਗ ਗਏ। ਪਿੱਛਓਂ ਇਹ ਆਵਾਜ਼ਾਂ ਆਉਣ ਲੱਗ ਪਈਆਂ ਸਨ, ‘‘ਫੋਕੀ ਰਾਮ ਨਾ ਹੋ ਗਿਆ ਜੁਆਹਰ ਲਾਲ ਹੋ ਗਿਆ। ਕਿਵੇਂ ਟਪੂਸੀਆਂ ਮਾਰ-ਮਾਰ ਸ਼ਰਧਾਂਜਲੀਆਂ ਦੇਣ ਡਹੇ ਐ। ਝੂਠੇ ਕਿਸੇ ਥਾਂ ਦੇ।” ਭੱਜ ਭਜਾਈ ਵੇਲੇ ਪੰਡਿਤ ਜੀ ਦੀ ਵੀ ਆਵਾਜ਼ ਸੁਣਾਈ ਦੇਣ ਲੱਗੀ, ‘‘ਮਿੱਤਰ-ਸੱਜਣ ਆਏ ਐ, ਸ਼ਗਨ ਵਗੈਰਾ ਦੇ ਕੇ ਜਾਣ। ਪੁੰਨ ਦਾ ਕੰਮ ਐ।” ਸ਼ਗਨ ਸ਼ਬਦ ਸੁਣਦਿਆਂ ਹੀ ਰਹਿੰਦੇ ਖੂੰਹਦੇ ਮਿੱਤਰ-ਸੱਜਣ ਵੀ ਸ਼ੂਟਾਂ ਵੱਟ ਗਏ ਸਨ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’