Welcome to Canadian Punjabi Post
Follow us on

19

September 2019
ਟੋਰਾਂਟੋ/ਜੀਟੀਏ

ਡਾ. ਸੁਖਦੇਵ ਸਿੰਘ ਝੰਡ ਦੀ ਸਵੈ-ਜੀਵਨੀ ‘ਪੱਤੇ ਤੇ ਪਰਛਾਵੇਂ: ਚੌਹਾਨ ਤੋਂ ਬਰੈਂਪਟਨ’ ਲੋਕ-ਅਰਪਿਤ

May 22, 2019 09:01 AM

ਬਰੈਂਪਟਨ, -ਲੰਘੇ ਐਤਵਾਰ ਡਾ. ਸੁਖਦੇਵ ਸਿੰਘ ਝੰਡ ਦੀ ਸਵੈ-ਜੀਵਨੀ "ਪੱਤੇ ਤੇ ਪਰਛਾਵੇਂ: ਚੌਹਾਨ ਤੋਂ ਬਰੈਂਪਟਨ" 19 ਮਈ 2019 ਨੂੰ ਸਥਾਨਕ ਐੱਫ.਼ਬੀ.ਆਈ. ਸਕੂਲ ਵਿਚ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਮਹੀਨਾਵਾਰ ਇਕੱਤਰਤਾ ਵਿਚ ਅਦੀਬਾਂ ਤੇ ਪੰਜਾਬੀ-ਪ੍ਰੇਮੀਆਂ ਦੀ ਭਰਵੀਂ ਹਾਜ਼ਰੀ ਵਿਚ ਲੋਕ-ਅਰਪਿਤ ਕੀਤੀ ਗਈ। ਇਸ ਦੌਰਾਨ ਪ੍ਰਧਾਨਗੀ-ਮੰਡਲ ਵਿਚ ਡਾ. ਵਰਿਆਮ ਸਿੰਘ ਸੰਧੂ, ਸ. ਪੂਰਨ ਸਿੰਘ ਪਾਂਧੀ, ਪ੍ਰੋ.ਰਾਮ ਸਿੰਘ, ਪ੍ਰੋ. ਜਗੀਰ ਸਿੰਘ ਕਾਹਲੋਂ, ਪੁਸਤਕ-ਲੇਖਕ ਸੁਖਦੇਵ ਸਿੰਘ ਝੰਡ ਅਤੇ ਉਨ੍ਹਾਂ ਦੇ ਹਾਈ ਸਕੂਲ ਦੌਰਾਨ ਰਹੇ ਉਸਤਾਦ ਪ੍ਰਿੰ. ਸੇਵਾ ਸਿੰਘ ਕੌੜਾ ਸ਼ਾਮਲ ਸਨ। ਪ੍ਰੋ. ਜਗੀਰ ਸਿੰਘ ਕਾਹਲੋਂ ਵੱਲੋਂ ਪੁਸਤਕ ਸਬੰਧੀ ਵਿਸਤ੍ਰਿਤ ਪੇਪਰ ਪੜ੍ਹਿਆ ਗਿਆ ਜਿਸ ਵਿਚ ਉਨ੍ਹਾਂ ਵੱਲੋਂ ਡਾ. ਝੰਡ ਦੀ ਸਵੈ-ਜੀਵਨੀ ਦੇ ਵੱਖ-ਵੱਖ ਪਹਿਲੂਆਂ ਨੂੰ ਬਾਖ਼ੂਬੀ ਉਜਾਗਰ ਕੀਤਾ ਗਿਆ। ਆਪਣੇ ਪੇਪਰ ਵਿਚ ਉਨ੍ਹਾਂ ਸੁਖਦੇਵ ਸਿੰਘ ਦੇ ਬਚਪਨ ਦੇ ਦਿਨਾਂ, ਉਸ ਦੀ ਸਕੂਲ ਤੇ ਕਾਲਜ ਦੀ ਪੜ੍ਹਾਈ ਤੇ ਨੌਕਰੀ ਦੌਰਾਨ ਦਰਪੇਸ਼ ਦਿੱਕਤਾਂ ਤੇ ਦੁਸ਼ਵਾਰੀਆਂ ਦਾ ਭਰਪੂਰ ਜਿ਼ਕਰ ਕੀਤਾ ਅਤੇ ਪੁਸਤਕ ਦੇ ਸਰਵਰਕ ‘ਪੱਤੇ ਤੇ ਪਰਛਾਵੇ’ ਅਤੇ ਇਸ ਦੇ ਅੰਤ ਵਿਚ ਦਰਜ ਕੀਤੀ ਗਈ ‘ਬੰਸਾਵਲੀ’ ਦੀ ਖ਼ੂਬ ਸਰਾਹਨਾ ਕੀਤੀ।
ਉਪਰੰਤ, ਪੰਜਾਬੀ ਸਾਹਿਤ ਦੀਆਂ ਵਿਦਵਾਨ ਸ਼ਖਸੀਅਤਾਂ ਡਾ. ਵਰਿਆਮ ਸਿੰਘ ਸੰਧੂ, ਪੂਰਨ ਸਿੰਘ ਪਾਂਧੀ, ਕਹਾਣੀਕਾਰ ਕੁਲਜੀਤ ਮਾਨ, ਪ੍ਰਿੰ. ਰਾਮ ਸਿੰਘ ਕੁਲਾਰ, ਪ੍ਰੋ. ਰਾਮ ਸਿੰਘ, ਪੰਜਾਬ ਤੋਂ ਪਿਛਲੇ ਦਿਨੀਂ ਇੱਥੇ ਬਰੈਂਪਟਨ ਪਹੁੰਚੇ ਪ੍ਰਿੰ. ਸੇਵਾ ਸਿੰਘ ਕੌੜਾ, ਪ੍ਰਿੰ. ਸੰਜੀਵ ਧਵਨ, ਪ੍ਰਿੰ. ਸਰਵਣ ਸਿੰਘ, ਕਰਨ ਅਜਾਇਬ ਸਿੰਘ ਸੰਘਾ, ਬਲਰਾਜ ਚੀਮਾ, ਮਲੂਕ ਸਿੰਘ ਕਾਹਲੋਂ, ਡਾ. ਜਗਮੋਹਨ ਸਿੰਘ ਸੰਘਾ ਤੇ ਹੋਰ ਕਈਆਂ ਨੇ ਇਸ ਮੌਕੇ ਪੁਸਤਕ ਸਬੰਧੀ ਵੱਡਮੁੱਲੇ ਵਿਚਾਰ ਪੇਸ਼ ਕੀਤੇ। ਜਿੱਥੇ ਡਾ. ਵਰਿਆਮ ਸਿੰਘ ਸੰਧੂ ਨੇ ਡਾ. ਝੰਡ ਵੱਲੋਂ ਪੁਸਤਕ ਵਿਚ ਦਰਜ ਬ੍ਰਿਤਾਂਤ ਨੂੰ ਆਪਣੇ ਸੰਬੋਧਨ ਦਾ ਵਿਸ਼ਾ ਬਣਾਉਂਦਿਆਂ ਹੋਇਆਂ ਕਿਹਾ ਕਿ ਬਹਿਸ ਸਬੰਧਿਤ ਪੁਸਤਕ ਵਿਚਲੇ ਵੇਰਵਿਆਂ ਬਾਰੇ ਹੋਣੀ ਚਾਹੀਦੀ ਹੈ ਨਾ ਕਿ ਉਸ ਵਿਚ ਗ਼ੈਰ-ਹਾਜ਼ਰ ਮੈਟਰ ਬਾਰੇ, ਉੱਥੇ ਪ੍ਰੋ. ਰਾਮ ਸਿੰਘ ਵੱਲੋਂ ਸਵੈ-ਜੀਵਨੀ ਦੀ ਸਾਹਿਤਕ ਮਹੱਤਤਾ ਅਤੇ ਇਸ ਦੇ ਗੁਣਾਂ ਬਾਰੇ ਭਰਪੂਰ ਚਾਨਣਾ ਪਾਇਆ ਗਿਆ ਅਤੇ ਉਨ੍ਹਾਂ ਵੱਲੋਂ ਡਾ. ਝੰਡ ਦੀ ਪੁਸਤਕ ਵਿਚ ਰਹਿ ਗਈਆਂ ਕੁਝ ਕਮੀਆਂ-ਪੇਸ਼ੀਆਂ ਬਾਰੇ ਬੜੇ ਹੀ ਭਾਵਪੂਰਤ ਸ਼ਬਦਾਂ ਵਿਚ ਜਿ਼ਕਰ ਕੀਤਾ ਗਿਆ।
ਇਸ ਦੌਰਾਨ ਹਰਜਸਪ੍ਰੀਤ ਗਿੱਲ ਦੇ ਇਕ ਸੁਆਲ “ਸਵੈ-ਜੀਵਨੀ ਕੀ ਹੈ ਤੇ ਇਸ ਵਿਚ ਕੀ ਕੁਝ ਹੋਣਾ ਚਾਹੀਦਾ ਹੈ” ਨੇ ਨਵੀਂ ਬਹਿਸ ਛੇੜੀ। ਬਲਵੰਤ ਗਾਰਗੀ, ਖੁਸ਼ਵੰਤ ਸਿੰਘ, ਅੰਮ੍ਰਿਤਾ ਪ੍ਰੀਤਮ ਆਦਿ ਲੇਖਕਾਂ ਦੀਆਂ ਸਵੈ-ਜੀਵਨੀਆਂ ਦਾ ਹਵਾਲਾ ਦਿੰਦਿਆਂ ਹੋਇਆਂ ਕਈ ਬੁਲਾਰਿਆਂ ਨੇ ਸਵੈ-ਜੀਵਨੀ ਵਿਚ ‘ਸਾਹਿਤਕ-ਤੜਕਾ’ ਮੌਜੂਦ ਹੋਣ ‘ਤੇ ਜ਼ੋਰ ਦਿੱਤਾ, ਜਦਕਿ ਕਈ ਹੋਰਨਾਂ ਦਾ ਵਿਚਾਰ ਸੀ ਕਿ ਹਰੇਕ ਲੇਖਕ ਦੇ ਲਿਖਣ ਦਾ ਆਪੋ-ਆਪਣਾ ਢੰਗ-ਤਰੀਕਾ ਹੈ। ਕਈ ਆਪਣੀ ਸਵੈ-ਜੀਵਨੀ ਨੂੰੰ ਕੁਝ ਵਧੇਰੇ ਵਧਾ-ਚੜ੍ਹਾਅ ਕੇ ਪੇਸ਼਼ ਕਰਦੇ ਹਨ ਅਤੇ ਕਈ ਇਸ ਨੂੰ ਆਪਣੇ ਜੀਵਨ ਦੀ ਸੱਚਾਈ ਦੇ ਨੇੜੇ ਰੱਖਣਾ ਚਾਹੁੰਦੇ ਹਨ। ਕਈ ਬੁਲਾਰਿਆਂ ਦਾ ਵਿਚਾਰ ਸੀ ਕਿ ਡਾ. ਝੰਡ ਦੀ ਇਹ ਸਵੈ-ਜੀਵਨੀ ਉਸ ਦੇ ਸੰਘਰਸ਼ਮਈ ਜੀਵਨ ਤੇ ਉਸਦੀ ਸਮੁੱਚੀ ਸ਼ਖ਼ਸੀਅਤ ਦੇ ਬਹੁਤ ਨਜ਼ਦੀਕ ਹੈ ਅਤੇ ਇਸ ਵਿਚ ‘ਤੜਕੇ’ ਦੀ ਵਰਤੋਂ ਘੱਟ ਹੀ ਕੀਤੀ ਗਈ ਹੈ। ਇਸ ਤਰ੍ਹਾਂ ਇਹ ਸਮਾਗ਼ਮ ਡਾ. ਝੰਡ ਦੀ ਇਸ ਪੁਸਤਕ ਦੀ ਸਮੀਖਿਆ ਦੇ ਨਾਲ਼ ਨਾਲ਼ ਸਵੈ-ਜੀਵਨੀ ਸਬੰਧੀ ਆਮ ਪਹੁੰਚ ਬਾਰੇ ਇਕ ਉਸਾਰੂ ਤੇ ਸਾਰਥਿਕ ਮਾਰਗ-ਦਰਸ਼ਕ ਬਹਿਸ ਦਾ ਹਾਸਲ ਹੋ ਨਿਬੜਿਆ। ਇਸ ਸਮਾਗ਼ਮ ਦੀ ਇਹ ਵੀ ਵਿਸ਼ੇਸ਼ਤਾ ਸੀ ਕਿ ਇਸ ਵਿਚ ਡਾ. ਝੰਡ ਦੇ ਹਾਈ ਸਕੂਲ ਸਮੇਂ ਦੇ ਅਧਿਆਪਕ ਪ੍ਰਿੰ. ਸੇਵਾ ਸਿੰਘ ਕੌੜਾ, ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਕਪੂਰਥਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਚ ਨੌਕਰੀ ਦੌਰਾਨ ਰਹੇ ਸਹਿ-ਕਰਮੀ ਗੁਰਮੀਤ ਸਿੰਘ ਬਾਜਵਾ ਤੇ ਗੁਰਪ੍ਰੀਤ ਸਿੰਘ ਬਾਠ ਇਸ ਵਿਚ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਇਸ ਮੌਕੇ ਇਕਬਾਲ ਬਰਾੜ ਨੇ ਆਪਣੀ ਹਾਜ਼ਰੀ ਸੁਰੀਲੀ ਆਵਾਜ਼ ਵਿਚ ਸਿ਼ਵ ਕੁਮਾਰ ਬਟਾਲਵੀ ਦਾ ਸਦਾ-ਬਹਾਰ ਗੀਤ “ਮਾਏ ਨੀ ਮਾਏ ਮੈਂ ਇਕ ਸਿ਼ਕਰਾ ਯਾਰ ਬਣਾਇਆ” ਗਾ ਕੇ ਲੁਆਈ।
ਡਾ. ਝੰਡ ਵੱਲੋਂ ਸਮਾਗ਼ਮ ਦੇ ਮੁੱਖ-ਬੁਲਾਰਿਆਂ ਤੇ ਬਹਿਸ ਵਿਚ ਹਿੱਸਾ ਲੈਣ ਵਾਲੇ ਵਿਦਵਾਨਾਂ ਅਤੇ ਇਸ ਸਾਹਿਤਕ ਸਮਾਗ਼ਮ ਵਿਚ ਸ਼ਾਮਲ ਹੋਏ ਸਮੂਹ ਹਾਜ਼ਰ ਲੇਖਕਾਂ, ਕਵੀਆਂ/ਕਵਿੱਤਰੀਆਂ ਤੇ ਪੰੰਜਾਬੀ ਮਾਂ-ਬੋਲੀ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ ਅਤੇ ਪੁਸਤਕ ਸਬੰਧੀ ਉਠਾਏ ਗਏ ਸੁਆਲਾਂ ਦੇ ਜੁਆਬ ਦਿੱਤੇ ਗਏ। ਇਸ ਮੌਕੇ ਪੰਜਾਬੀ ਟੀ.ਵੀ. ਮੀਡੀਆ ਦੀ ਉਤਸ਼ਾਹੀ ਸ਼ਖ਼ਸੀਅਤ ਚਮਕੌਰ ਮਾਛੀਕੇ ਵੱਲੋਂ ਸਮਾਗ਼ਮ ਦੀ ਕਾਰਵਾਈ ਦੇ ਮੁੱਖ-ਅੰਸ਼ ਆਪਣੇ ਕੈਮਰੇ ਵਿਚ ਕੈਦ ਕੀਤੇ ਗਏ, ਜਦਕਿ ਫ਼ੋਟੋਗਰਾਫ਼ੀ ਦੀ ਸੇਵਾ ‘ਕਰਾਊਨ ਇਮੀਗ੍ਰੇਸ਼ਨ’ ਦੇ ਮੁੱਖ-ਸੰਚਾਲਕ ਰਾਜਪਾਲ ਹੋਠੀ ਨੇ ਨਿਭਾਈ। ਮੰਚ-ਸੰਚਾਲਨ ਦੀ ਪ੍ਰਮੁੱਖ-ਜਿ਼ੰਮੇਂਵਾਰੀ ਤਲਵਿੰਦਰ ਮੰਡ ਵੱਲੋਂ ਬਾਖ਼ੂਬੀ ਨਿਭਾਈ ਗਈ। ਸਮਾਗ਼ਮ ਵਿਚ ਕ੍ਰਿਪਾਲ ਸਿੰਘ ਪੰਨੂੰ, ਗੁਰਦੇਵ ਸਿੰਘ ਮਾਨ, ਰਜਿੰਦਰ ਸਿੰਘ ਅਠਵਾਲ, ਜਨਾਬ ਮਕਸੂਦ ਚੌਧਰੀ, ਸੁਖਮਿੰਦਰ ਰਾਮਪੁਰੀ, ਜੋਗਿੰਦਰ ਸਿੰਘ ਅਣਖੀਲਾ, ਪਰਮਜੀਤ ਸਿੰਘ ਢਿੱਲੋਂ, ਪਰਮਜੀਤ ਸਿੰਘ ਗਿੱਲ, ਗੁਰਦੇਵ ਚੌਹਾਨ, ਗੁਰਦਿਆਲ ਬੱਲ, ਮਹਿੰਦਰ ਸਿੰਘ ਵਾਲੀਆ, ਦਰਸ਼ਨ ਸਿੰਘ ਦਰਸ਼ਨ, ਜਸਵਿੰਦਰ ਸਿੰਘ, ਸੁਰਿੰਦਰ ਸਿੰਘ ਸੰਧੂ, ਪ੍ਰਿੰ. ਗਿਆਨ ਸਿੰਘ ਘਈ, ਗਿਆਨ ਸਿੰਘ ਦਰਦੀ, ਵਿਪਨਦੀਪ ਸਿੰਘ ਮਰੋਕ, ਨਾਹਰ ਸਿੰਘ ਔਜਲਾ, ਗੁਰਮੇਲ ਸਿੰਘ ਥਿੰਦ, ਬਲਦੇਵ ਸਿੰਘ ਮੁੱਤਾ, ਪ੍ਰਤੀਕ ਆਰਟਿਸਟ, ਭੁਪਿੰਦਰ ਦੁਲੇ, ਸੰਨੀ ਸਿ਼ਵਰਾਜ, ਬਲਰਾਜ ਧਾਲੀਵਾਲ, ਸੁਰਜੀਤ ਕੌਰ, ਰਮਿੰਦਰ ਵਾਲੀਆ, ਅਮਰਜੀਤ ਪੰਛੀ, ਜਗਦੀਸ਼ ਕੌਰ ਝੰਡ, ਅਜੀਤ ਕੌਰ ਥਿੰਦ, ਸਰਬਜੀਤ ਕਾਹਲੋਂ, ਜਗਦੀਸ਼ ਕੌਰ ਕਾਹਲੋਂਂ, ਹਰਜੀਤ ਕੌਰ ਮੁੱਤਾ ਅਤੇ ਕਈ ਹੋਰ ਮਹੱਤਵਪੂਰਨ ਸ਼ਖ਼ਸੀਅਤਾਂ ਸ਼ਾਮਲ ਸਨ।

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਪਾਕਿਸਤਾਨੀ ਪੰਜਾਬੀ ਸ਼ਾਇਰ ਅਫ਼ਜ਼ਲ ਰਾਜ਼ ਨੂੰ ਦਿੱਤੀ ਨਿੱਘੀ ਵਿਦਾਇਗੀ
ਬਰੈਂਪਟਨ `ਚ ਹੋਈ ਟਾਊਨਹਾਲ ਮੀਟਿੰਗ ਦੇ ਨਿਕਲਣਗੇ ਸਾਰਥਕ ਹੱਲ
ਨਾਟਕ ‘ਰਿਸ਼ਤੇ’ ਦਾ ਮੰਚਣ 6 ਅਕਤੂਬਰ ਨੂੰ
ਪੀ.ਏ.ਯੂ. ਦੇ ਸਾਬਕਾ ਉਪ-ਕੁਲਪਤੀ ਡਾ. ਖੇਮ ਸਿੰਘ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ
27 ਅਕਤੂਬਰ ਤੋਂ ਸ਼ੁਰੂ ਹੋਵੇਗੀ ਟੋਰਾਂਟੋ ਤੋਂ ਦਿੱਲੀ ਏਅਰ ਇੰਡੀਆ ਦੀ ਸਿੱਧੀ ਫਲਾਈਟ
ਲਿਬਰਲਾਂ ਦੀ ਅਗਵਾਈ ਵਿੱਚ ਬਰੈਂਪਟਨ ਵਾਸੀਆਂ ਦਾ ਘਰ ਖਰੀਦਣ ਦਾ ਸੁਪਨਾ ਹੋਵੇਗਾ ਸਾਕਾਰ : ਰੂਬੀ ਸਹੋਤਾ
ਤਰਕਸ਼ੀਲ ਸੁਸਾਇਟੀ ਵਲੋਂ ਵਾਅਕ ਐਂਡ ਰਨ ਫਾਰ ਐਜੂਕੇਸ਼ਨ ਪ੍ਰੋਗਰਾਮ 29 ਸਤੰਬਰ ਨੂੰ
ਪੰਜਾਬ ਦੇ ਹੜ੍ਹ-ਪੀੜਤਾਂ ਦੀ ਮੱਦਦ ਲਈ ਡਬਲਯੂ.ਐੱਫ਼.ਜੀ. ਵੱਲੋਂ 'ਖਾਲਸਾ ਏਡ' ਨੂੰ 1,85,000 ਡਾਲਰ ਦੀ ਰਾਸ਼ੀ ਭੇਂਂਟ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਵੱਲੋਂ ਪ੍ਰੋ. ਤਲਵਿੰਦਰ ਮੰਡ ਅਤੇ ਡਾ. ਜਗਮੋਹਨ ਸੰਘਾ ਨਾਲ ਰੂ-ਬ-ਰੂ
ਪੁਸਤਕ ਮੇਲੇ ਵਿੱਚ ਪਾਠਕਾਂ ਨੇ ਵਹੀਰਾਂ ਘੱਤੀਆਂ