Welcome to Canadian Punjabi Post
Follow us on

10

December 2019
ਨਜਰਰੀਆ

ਗਲ ਪਿਆ ਢੋਲ ਹੁੰਦੀ ਹੈ ਚੋਣ ਡਿਊਟੀ

May 17, 2019 08:44 AM

-ਹਰਜੀਤ ਸਿੰਘ ਸਿੱਧੂ
ਚੋਣ ਡਿਊਟੀ ਨਿਰਾਲੀ ਹੁੰਦੀ ਹੈ, ਜਿਸ ਨੂੰ ਪੂਰੀ ਤਰ੍ਹਾਂ ਲਗਨ ਅਤੇ ਇਮਾਨਦਾਰੀ ਨਾਲ ਨਿਭਾਉਣ ਬਦਲੇ ਸਰਕਾਰ ਵੱਲੋਂ ਕੋਈ ਇਨਾਮ ਜਾਂ ਹੱਲਾਸ਼ੇਰੀ ਨਹੀਂ ਦਿੱਤੀ ਜਾਂਦੀ, ਪਰ ਅਨਜਾਣੇ ਵਿੱਚ ਜਾਂ ਨਾ ਟਾਲਣਯੋਗ ਬਾਹਰੀ ਕਾਰਕਾਂ ਕਾਰਨ ਥੋੜ੍ਹੀ ਜਿਹੀ ਕੁਤਾਹੀ ਹੋਣ 'ਤੇ ਸਬੰਧਤ ਕਰਮਚਾਰੀ ਜੁਰਮਾਨੇ, ਸਸਪੈਂਸ਼ਨ ਜਾਂ ਸਜ਼ਾ ਦਾ ਹੱਕਦਾਰ ਐਲਾਨ ਕੀਤਾ ਜਾਂਦਾ ਹੈ। ਘਰੋਂ ਬਾਹਰ ਰਾਤ ਰਹਿਣ, ਸਵੇਰੇ-ਸਵੇਰੇ ਚੋਣ ਬੂਥ ਉਤੇ ਪਹੁੰਚਣ, ਚੋਣ ਸਮੱਗਰੀ ਵਾਪਸ ਕਰਕੇ ਅੱਧੀ ਰਾਤ ਤੱਕ ਘਰ ਮੁੜਨ, ਸਿਆਸੀ ਅਤੇ ਸ਼ਰਾਰਤੀ ਅਨਸਰਾਂ ਵੱਲੋਂ ਚੋਣ ਡਿਊਟੀ ਵਿੱਚ ਪਾਏ ਜਾਂਦੇ ਵਿਘਨ ਅਤੇ ਬੇਲੋੜੇ ਲੜਾਈ ਝਗੜਿਆਂ ਬਾਰੇ ਸੋਚ ਕੇ ਇਕ ਵਾਰ ਹਰ ਕਰਮਚਾਰੀ ਨੂੰ ਕਾਂਬਾ ਜਿਹਾ ਜ਼ਰੂਰ ਛਿੜਦਾ ਹੈ ਅਤੇ ਉਹ ਅੰਦਰੋਂ ਅੰਦਰੀਂ ਇਹੋ ਸੋਚਦਾ ਹੈ ਕਿ ਕਿੱਥੇ ਫਸ ਗਏ। ਸਿੱਖਿਆ ਵਿਭਾਗ ਵਿੱਚ ਇਸਤਰੀ ਕਰਮਚਾਰੀਆਂ ਦੀ ਗਿਣਤੀ ਵੱਧ ਹੋਣ ਕਰਕੇ ਕਈ ਟੀਚਰਾਂ ਦੀ ਨਿਯੁਕਤੀ ਪ੍ਰੀਜ਼ਾਈਡਿੰਗ ਅਫਸਰ ਜਾਂ ਉਸ ਦੇ ਸਹਾਇਕ ਵਜੋਂ ਘਰ ਤੋਂ ਵਧੇਰੇ ਦੂਰੀ 'ਤੇ ਲਾ ਦਿੱਤੀ ਜਾਂਦੀ ਹੈ। ਅਜਿਹੇ 'ਚ ਪੋਲਿੰਗ ਡਿਊਟੀ ਤੇ ਵੋਟਿੰਗ ਮਸ਼ੀਨਾਂ ਦੀ ਜ਼ਿੰਮੇਵਾਰੀ ਕਾਰਨ ਇਨ੍ਹਾਂ ਔਰਤਾਂ ਨੂੰ ਘਰੋਂ ਬਾਹਰ ਬੇਗਾਨੀ ਥਾਂ ਰਹਿਣ ਸਮੇਂ ਕੀ-ਕੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਅਸੀਂ ਸਾਰੇ ਆਸਾਨੀ ਨਾਲ ਸਮਝ ਸਕਦੇ ਹਾਂ।
ਸੰਨ 1990 ਦੇ ਲਾਗੇ ਕਿਸੇ ਪੰਚਾਇਤ ਦੀ ਚੋਣ ਡਿਊਟੀ ਲਈ ਅਸੀਂ ਇਕ ਪਿੰਡ ਗਏ ਹੋਏ ਸੀ। ਉਨ੍ਹਾਂ ਦਿਨਾਂ ਦੇ ਹਾਲਾਤ ਵਧੀਆ ਨਾ ਹੋਣ ਕਰਕੇ ਘਰਦਿਆਂ ਨੂੰ ਸਾਡਾ ਤੇ ਸਾਨੂੰ ਪਰਵਾਰ ਦਾ ਫਿਕਰ ਰਹਿੰਦਾ ਸੀ। ਮੋਬਾਈਲ ਫੋਨ ਤਾਂ ਉਸ ਸਮੇਂ ਹੁੰਦੇ ਨਹੀਂ ਸਨ। ਲੈਂਡਲਾਈਨ ਫੋਨ ਵੀ ਕਿਸੇ ਸਰਜੇ ਪੁੱਜਦੇ ਦੇ ਘਰ ਲੱਗਾ ਹੁੰਦਾ ਸੀ। ਆਥਣ ਹੁੰਦੇ ਸਾਰ ਇਕ ਧਿਰ ਸੁਨੇਹਾ ਦੇ ਗਈ ਕਿ ਚੋਣ ਅਮਲੇ ਨੂੰ ਰਾਤ ਦੀ ਰੋਟੀ ਉਨ੍ਹਾਂ ਵੱਲੋਂ ਵਰਤਾਈ ਜਾਵੇਗੀ। ਮੈਂ ਅਤੇ ਪ੍ਰੀਜ਼ਾਈਡਿੰਗ ਅਫਸਰ ਨੇ ਸਲਾਹ ਕੀਤੀ ਕਿ ਹਨੇਰਾ ਹੋਣ ਤੋਂ ਪਹਿਲਾਂ ਕਿਸੇ ਫੋਨ ਵਾਲੇ ਘਰ ਜਾ ਕੇ ਘਰਦਿਆਂ ਨੂੰ ਫੋਨ ਕਰ ਆਈਏ, ਰੋਟੀ ਆ ਕੇ ਖਾ ਲਵਾਂਗੇ। ਇਕ ਪਿੰਡ ਵਾਸੀ ਤੋਂ ਕਿਸੇ ਫੋਨ ਵਾਲੇ ਦਾ ਘਰ ਪੁੱਛਿਆ। ਅਸੀਂ ਓਥੇ ਜਾ ਕੇ ਦੇਖਿਆ ਤਾਂ ਉਥੇ ਵਿਆਹ ਵਰਗਾ ਮਾਹੌਲ ਸੀ। ਚਾਨਣੀਆਂ ਕਨਾਤਾਂ ਲੱਗੀਆਂ ਹੋਈਆਂ ਸਨ ਤੇ ਬਨੇਰੇ 'ਤੇ ਸਪੀਕਰ ਵੱਜ ਰਿਹਾ ਸੀ। ਬੇਅੰਤ ਸ਼ੋਰ ਸ਼ਰਾਬੇ ਵਿੱਚ ਕਿਸੇ ਰਾਹੀਂ ਉਸ ਪਰਵਾਰ ਦੇ ਇਕ ਮੈਂਬਰ ਨੂੰ ਬਾਹਰ ਬੁਲਾਇਆ ਅਤੇ ਆਪਣੀ ਜਾਣ ਪਛਾਣ ਕਰਾਉਂਦਿਆਂ ਆਪਣਾ ਫੋਨ ਕਰਨ ਦਾ ਮਕਸਦ ਦੱਸਿਆ। ਉਸ ਨੇ ਸਾਡੇ ਸਵਾਗਤੀ ਅੰਦਾਜ਼ ਵਿੱਚ ਕਿਹਾ ‘ਫੋਨ ਵੀ ਕਰਵਾ ਦੇਵਾਂਗੇ ਪਰ ਪਹਿਲਾਂ ਰੋਟੀ ਪਾਣੀ ਛਕੋ। ਸਭ ਕੁਝ ਤਿਆਰ ਹੈ।' ਅਸੀਂ ਬਥੇਰਾ ਕਿਹਾ ਕਿ ਪਿੰਡ ਵੱਲੋਂ ਸਾਡੀ ਰੋਟੀ ਚੋਣ ਸਥਾਨ ਉਤੇ ਪਹੁੰਚ ਰਹੀ ਹੈ, ਪਰ ਉਸ ਨਾਲ ਦੋ ਤਿੰਨ ਜਣੇ ਹੋਰ ਰਲ ਗਏ ਤੇ ਸ਼ਰਤ ਰੱਖੀ ਕਿ ਰੋਟੀ ਖਾਣ ਪਿੱਛੋਂ ਸਾਨੂੰ ਫੋਨ ਕਰਾਇਆ ਜਾਵੇਗਾ। ਅਸੀਂ ਰੋਟੀ ਖਾ ਕੇ ਅਤੇ ਫੋਨ ਕਰਕੇ ਚੋਣ ਬੂਥ 'ਤੇ ਆ ਗਏ। ਸਾਰਾ ਚੋਣ ਅਮਲਾ ਰੋਟੀ ਖਾ ਚੁੱਕਾ ਸੀ ਤੇ ਵਰਤਾਵੇ ਸਾਨੂੰ ਉਡੀਕ ਰਹੇ ਸਨ। ਅਸੀਂ ਉਨ੍ਹਾਂ ਨੂੰ ਦੱਸ ਦਿੱਤਾ ਕਿ ਜਿਸ ਘਰ ਫੋਨ ਕਰਨ ਗਏ ਸੀ, ਉਨ੍ਹਾਂ ਨੇ ਮੱਲੋਮੱਲੀ ਸਾਨੂੰ ਰੋਟੀ ਖਵਾ ਦਿੱਤੀ ਹੈ। ਕੁਝ ਮਿੰਟਾਂ ਬਾਅਦ ਕੁਝ ਵਿਅਕਤੀ ਸਾਡੇ ਵੱਲ ਆਏ ਤੇ ਬੇਹੱਦ ਗੁੱਸਾ ਦਿਖਾਉਂਦਿਆਂ ਇਕ ਜਣਾ ਸਾਨੂੰ ਕਹਿਣ ਲੱਗਾ, ‘ਕਰਤੀ ਨਾ ਉਹੀ ਗੱਲ ਤੁਸੀਂ, ਜਿਸ ਦਾ ਡਰ ਸੀ। ਸਾਡੀਆਂ ਰੋਟੀਆਂ ਕੌੜੀਆਂ ਸਨ। ਵੋਟਾਂ ਵੀ ਉਨ੍ਹਾਂ ਦੇ ਹੱਕ ਵਿੱਚ ਭੁਗਤਾ ਦਿਉ। ਡੀ ਸੀ ਨੂੰ ਕਰਦਾਂ ਤੁਹਾਡੀ ਸ਼ਕੈਤ।' ਹੋਰ ਕਿੰਨਾ ਕੁਝ ਬੋਲਦਾ ਉਹ ਆਪਣੇ ਸਾਥੀਆਂ ਨਾਲ ਵਾਪਸ ਚਲਾ ਗਿਆ। ਬਾਅਦ 'ਚ ਪਤਾ ਲੱਗਾ ਕਿ ਸਾਨੂੰ ਉਲਾਂਭਾ ਦੇਣ ਵਾਲਾ ਤੇ ਫੋਨ ਬਦਲੇ ਰੋਟੀ ਖਵਾਉਣ ਵਾਲਾ ਸੱਜਣ ਦੋਵੇਂ ਵੱਖ-ਵੱਖ ਧਿਰਾਂ ਨਾਲ ਸਬੰਧਤ ਸਰਪੰਚੀ ਦੇ ਉਮੀਦਵਾਰ ਹਨ। ‘ਆ ਬੈਲ ਮੁਝੇ ਮਾਰ' ਵਾਲੀ ਕਹਾਵਤ ਨੂੰ ਅਸੀਂ ਆਪਣੇ ਉਪਰ ਢੁੱਕਦੀ ਦੇਖ ਰਹੇ ਸੀ। ਖੈਰ, ਅਗਲਾ ਦਿਨ ਸੁੱਖ ਸ਼ਾਂਤੀ ਨਾਲ ਨਿਕਲਿਆ।
ਅਸੀਂ ਚੋਣ ਪ੍ਰਕਿਰਿਆ ਪੂਰੀ ਕਰਕੇ ਤੇ ਇਕ ਨਵਾਂ ਸਬਕ ਸਿੱਖ ਕੇ ਵਾਪਸ ਆ ਗਏ। ਜਿਹੜੇ ਉਮੀਦਵਾਰਾਂ ਨੂੰ ਚੋਣ ਵਾਲੇ ਦਿਨ ਜਾਂ ਕੁਝ ਦਿਨ ਪਹਿਲਾਂ ਆਪਣੇ ਹੱਕ ਵਿੱਚ ਹਵਾ ਨਾ ਹੋਣ ਦਾ ਪਤਾ ਲੱਗ ਜਾਵੇ, ਉਹ ਖੁਦ ਜਾਂ ਏਜੰਟਾਂ ਦੇ ਰਾਹੀਂ ਕੋਈ ਨਾ ਕੋਈ ਕਿੰਤੂ ਪ੍ਰੰਤੂ ਕਰਕੇ ਉਸ ਪੋਲਿੰਗ ਬੂਥ ਦੀ ਸਹੀ ਦਿਸ਼ਾ ਵਿੱਚ ਚੱਲਦੀ ਚੋਣ ਪ੍ਰਕਿਰਿਆ ਨੂੰ ਲੀਹੋਂ ਲਾਹੁਣ ਦੀ ਕੋਸ਼ਿਸ਼ ਕਰਦੇ ਹਨ। ਵੱਖ-ਵੱਖ ਪਾਰਟੀਆਂ ਨਾਲ ਸਬੰਧਤ ਪੋਲਿੰਗ ਏਜੰਟ ਵੋਟਰਾਂ ਦੀ ਸ਼ਨਾਖਤ ਲਈ ਪੋਲਿੰਗ ਬੂਥ ਅੰਦਰ ਬੈਠੇ ਹੁੰਦੇ ਹਨ। ਪੋਲਿੰਗ ਪਾਰਟੀ ਨੇ ਫੋਟੋ ਵਾਲਾ ਸ਼ਨਾਖਤੀ ਕਾਰਡ ਦੇਖ ਕੇ ਵੋਟਰ ਨੂੰ ਵੋਟ ਪਾਉਣ ਦੀ ਆਗਿਆ ਦੇਣੀ ਹੁੰਦੀ ਹੈ। ਕਈ ਵਾਰ ਕੁਝ ਵੋਟਰ ਕਿਸੇ ਕਾਰਨ ਆਪਣਾ ਪਛਾਣ ਜਾਂ ਵੋਟਰ ਕਾਰਡ ਨਾ ਹੋਣ ਦਾ ਬਹਾਨਾ ਬਣਾ ਕੇ ਪੋਲਿੰਗ ਏਜੰਟਾਂ ਵੱਲੋਂ ਉਨ੍ਹਾਂ ਦੇ ਸਹੀ ਵੋਟਰ ਹੋਣ ਦੀ ਗਾਰੰਟੀ ਦੇਣ ਨਾਲ ਆਪਣੀ ਜਾਂ ਕਈ ਵਾਰ ਜਾਅਲੀ ਵੋਟ ਵੀ ਪਾ ਜਾਂਦੇ ਹਨ। ਇਕ ਪੰਚਾਇਤੀ ਚੋਣ ਵਿੱਚ ਇਕ ਏਜੰਟ ਨੇ ਕੁਝ ਸਮੇਂ ਪਿੱਛੋਂ ਰੌਲਾ ਪਾ ਲਿਆ ਕਿ ਨਾਲ ਦੇ ਦੋਵੇਂ ਏਜੰਟ ਆਪਸੀ ਸਹਿਮਤੀ ਨਾਲ ਜਾਅਲੀ ਵੋਟਾਂ ਭੁਗਤਾ ਰਹੇ ਹਨ। ਜਿਸ ਵੋਟਰ ਦੇ ਜਾਅਲੀ ਹੋਣ ਦਾ ਉਹ ਸ਼ੱਕ ਕਰ ਰਿਹਾ ਸੀ, ਅਸੀਂ ਦੂਸਰੇ ਏਜੰਟ ਰਾਹੀਂ ਉਸ ਨੂੰ ਆਪਣੇ ਕਿਸੇ ਵੀ ਪਛਾਣ ਸਬੂਤ ਸਮੇਤ ਪੁਲਸ ਕਾਰਵਾਈ ਦਾ ਡਰਾਵਾ ਦੇ ਕੇ ਵਾਪਸ ਬੂਥ 'ਤੇ ਬੁਲਾ ਲਿਆ। ਉਸ ਵੱਲੋਂ ਲਿਆਂਦੇ ਉਸ ਦੇ ਡਰਾਈਵਿੰਗ ਲਾਇਸੈਂਸ ਅਨੁਸਾਰ ਵੋਟਰ ਲਿਸਟ ਵਿਚਲੇ ਸਾਰੇ ਵੇਰਵੇ ਬਿਲਕੁਲ ਸਹੀ ਸਨ। ਇਸ ਬੇਲੋੜੀ ਪੁੱਛਗਿੱਛ ਕਾਰਨ ਸਾਡੇ ਬੂਥ ਦਾ ਚੋਣ ਅਮਲ ਕੁਝ ਚਿਰ ਲਈ ਪ੍ਰਭਾਵਿਤ ਜ਼ਰੂਰ ਹੋ ਗਿਆ ਸੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀਆਂ ਰਿਹਰਸਲਾਂ ਸਮੇਂ ਸਾਨੂੰ ਸਮਝਾ ਦਿੱਤਾ ਗਿਆ ਕਿ ਵੋਟਰ ਦੀ ਪਛਾਣ ਅਤੇ ਵੋਟਰ ਲਿਸਟ ਦੇ ਵੇਰਵੇ ਦੀ ਪੜਤਾਲ ਕਰਕੇ ਵੋਟ ਪਾਉਣ ਦੀ ਆਗਿਆ ਦੇ ਦੇਣੀ ਹੈ। ਕਿਸੇ ਦੇ ਪਹਿਰਾਵੇ ਜਾਂ ਧਾਰਮਿਕ ਚਿੰਨ੍ਹ ਬਾਰੇ ਪ੍ਰਸ਼ਨ ਨਹੀਂ ਕਰਨਾ। ਸਭ ਕੁਝ ਸਹੀ ਢੰਗ ਨਾਲ ਚੱਲੀ ਜਾਂਦਾ ਸੀ ਕਿ ਉਪਰੋਕਤ ਘਟਨਾ ਵਾਂਗ ਆਪਣੀ ਹਾਰ ਦੇਖ ਕੇ ਇਕ ਜਣੇ ਨੇ ਚੈਕਿੰਗ 'ਤੇ ਆਏ ਅਫਸਰ ਨੂੰ ਸਾਡੀ ਸ਼ਿਕਾਇਤ ਕਰਦਿਆਂ ਕਿਹਾ ਕਿ ਇਹ ਪੋਲਿੰਗ ਪਾਰਟੀ ਦੂਸਰੇ ਏਜੰਟਾਂ ਨਾਲ ਮਿਲ ਕੇ ਜਾਅਲੀ ਵੋਟਾਂ ਪੁਆ ਰਹੀ ਹੈ। ਉਸ ਵੱਲੋਂ ਦੱਸੇ ਗਏ ਵੋਟਰਾਂ ਨੂੰ ਉਨ੍ਹਾਂ ਦੇ ਸ਼ਨਾਖਤੀ ਕਾਰਡਾਂ ਸਮੇਤ ਦੁਬਾਰਾ ਬੁਲਾ ਕੇ ਉਸ ਸੱਜਣ ਦੀ ਤਸੱਲੀ ਕਰਵਾਈ ਗਈ। ਪੰਚਾਇਤੀ ਚੋਣਾਂ ਸਮੇਂ ਇਕ ਵੋਟਰ, ਕੱਪੜੇ ਦੇ ਕੈਬਿਨ ਵਿੱਚ ਵੋਟਰ ਪਰਚੀ 'ਤੇ ਮੋਹਰ ਲਾਉਣ ਪਿੱਛੋਂ ਰਬੜ ਦੀ ਮੋਹਰ ਤਾਂ ਸਾਨੂੰ ਵਾਪਸ ਕਰੀ ਜਾਵੇ, ਪਰ ਬਕਸੇ ਵਿੱਚ ਵੋਟ ਪਰਚੀ ਪਾਉਣ ਤੋਂ ਨਾਂਹ ਕਰਦਿਆਂ ਕਹੀ ਜਾਵੇ ਕਿ ਅਸੀਂ ਉਸ ਨੂੰ ਪਰਚੀ ਦਿੱਤੀ ਹੀ ਨਹੀਂ। ਹਾਜ਼ਰ ਪੁਲਸ ਮੁਲਾਜ਼ਮ ਨੇ ਉਸ ਦੀ ਤਲਾਸ਼ ਲਈ, ਪਰ ਪਰਚੀ ਨਾ ਮਿਲੀ। ਪੁਲਸ ਵਾਲੇ ਦਾ ਸਬਰ ਵੀ ਮੁੱਕ ਗਿਆ ਜਾਪਦਾ ਸੀ ਅਤੇ ਉਹ ਆਪਣੇ ਅਸਲ ਰੰਗ ਵਿੱਚ ਆਇਆ ਹੀ ਸੀ ਕਿ ਉਸ ਮੁੰਡੇ ਨੇ ਚੰਗੀ ਤਰ੍ਹਾਂ ਮਰੋੜੀ ਤਰੋੜੀ ਪਰਚੀ ਬਾਂਸ ਦੀ ਸੋਟੀ ਨਾਲ ਲਪੇਟੇ ਤੇ ਸੇਬੇ ਨਾਲ ਕੱਸ ਕੇ ਬੰਨ੍ਹੇ ਕੱਪੜੇ 'ਚੋਂ ਕੱਢ ਕੇ ਸਾਡੇ ਹੱਥ ਫੜਾਈ। ਅੱਜ ਕੱਲ੍ਹ ਵੋਟਿੰਗ ਮਸ਼ੀਨਾਂ ਦੀ ਵਰਤੋਂ ਹੋਣ ਨਾਲ ਚੋਣ ਅਮਲੇ ਦੀਆਂ ਦਿੱਕਤਾਂ ਪਹਿਲਾਂ ਨਾਲੋਂ ਕਾਫੀ ਘੱਟ ਗਈਆਂ ਹਨ।

Have something to say? Post your comment