ਸਿੰਗਾਪੁਰ, 23 ਅਪ੍ਰੈਲ (ਪੋਸਟ ਬਿਊਰੋ): ਸਿੰਗਾਪੁਰ ਵਿੱਚ ਭਾਰਤੀ ਮੂਲ ਦੇ ਇੱਕ ਵਿਅਕਤੀ ਨੂੰ ਆਪਣੀ ਪ੍ਰੇਮਿਕਾ ਦੀ ਹੱਤਿਆ ਦੇ ਦੋਸ਼ ਵਿੱਚ 20 ਸਾਲ ਦੀ ਸਜ਼ਾ ਸੁਣਾਈ ਗਈ ਹੈ। ਪੁਲਿਸ ਮੁਤਾਬਕ ਐਮ ਕ੍ਰਿਸ਼ਨਨ ਆਪਣੀ ਪ੍ਰੇਮਿਕਾ ਮੱਲਿਕਾ ਬੇਗਮ ਦੇ ਕਈ ਮਰਦਾਂ ਨਾਲ ਸਬੰਧਾਂ ਤੋਂ ਨਾਰਾਜ਼ ਸੀ।
ਕ੍ਰਿਸ਼ਨਨ ਨੇ ਆਪਣੀ ਪ੍ਰੇਮਿਕਾ ਨੂੰ ਬੇਰਹਿਮੀ ਨਾਲ ਕੁੱਟਿਆ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ। ਖ਼ਬਰਾਂ ਮੁਤਾਬਕ ਕ੍ਰਿਸ਼ਨਨ ਨੇ ਪਿਛਲੇ ਹਫ਼ਤੇ ਸਿੰਗਾਪੁਰ ਦੀ ਅਦਾਲਤ 'ਚ ਆਪਣਾ ਜ਼ੁਰਮ ਕਬੂਲ ਕਰ ਲਿਆ, ਜਿਸ ਤੋਂ ਬਾਅਦ ਉਸ ਨੂੰ ਸਜ਼ਾ ਸੁਣਾਈ ਗਈ।
ਕ੍ਰਿਸ਼ਨਨ ਸ਼ਾਦੀਸ਼ੁਦਾ ਸੀ, ਉਸ 'ਤੇ ਪਤਨੀ ਦੀ ਕੁੱਟਮਾਰ ਕਰਨ ਦਾ ਵੀ ਦੋਸ਼ ਹੈ। ਸਜ਼ਾ ਸੁਣਾਉਂਦੇ ਹੋਏ ਜੱਜ ਵੈਲੇਰੀ ਥੇਨ ਨੇ ਕਿਹਾ ਕਿ ਕ੍ਰਿਸ਼ਨਨ ਵੱਲੋਂ ਔਰਤਾਂ ਨਾਲ ਵਾਰ-ਵਾਰ ਕੀਤੇ ਜਾ ਰਹੇ ਦੁਰਵਿਵਹਾਰ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਉਸ ਨੂੰ ਬਹੁਤ ਗੁੱਸਾ ਆਉਂਦਾ ਹੈ, ਜਿਸ ਕਾਰਨ ਉਹ ਹਿੰਸਕ ਹੋ ਜਾਂਦਾ ਹੈ।
2018 'ਚ ਕ੍ਰਿਸ਼ਨਨ 'ਤੇ ਪੁਲਸ ਨਾਲ ਦੁਰਵਿਵਹਾਰ ਕਰਨ ਦਾ ਦੋਸ਼ ਵੀ ਲੱਗਾ ਸੀ। ਫਿਰ ਕ੍ਰਿਸ਼ਨਨ ਨੇ ਵਾਅਦਾ ਕੀਤਾ ਕਿ ਉਹ ਆਪਣੇ ਆਪ ਨੂੰ ਸੁਧਾਰੇਗਾ। ਪਰ ਇਸ ਤੋਂ ਬਾਅਦ ਵੀ ਉਸਨੇ ਆਪਣੀ ਪਤਨੀ ਅਤੇ ਪ੍ਰੇਮਿਕਾ ਨਾਲ ਦੁਰਵਿਵਹਾਰ ਕੀਤਾ। ਸਜ਼ਾ ਸੁਣਾਉਂਦੇ ਹੋਏ ਜੱਜ ਵੈਲੇਰੀ ਥੇਨ ਨੇ ਕਿਹਾ ਕਿ ਵਿਅਕਤੀ ਗੁੱਸੇ ਦੀ ਬਿਮਾਰੀ ਤੋਂ ਪੀੜਤ ਸੀ, ਜੋ ਕਿ ਸ਼ਰਾਬ ਕਾਰਨ ਵਧ ਗਿਆ ਸੀ।