ਯਰੂਸ਼ਲਮ, 21 ਅਪ੍ਰੈਲ (ਪੋਸਟ ਬਿਊਰੋ): ਇਜ਼ਰਾਈਲ ਸੰਯੁਕਤ ਰਾਸ਼ਟਰ (ਯੂ.ਐੱਨ.) ਵਿੱਚ ਫਲਸਤੀਨ ਦੀ ਸਥਾਈ ਮੈਂਬਰਸਿ਼ਪ ਦਾ ਸਮਰਥਨ ਕਰਨ ਵਾਲੇ ਦੇਸ਼ਾਂ ਦੇ ਰਾਜਦੂਤਾਂ ਨੂੰ ਸੰਮਨ ਭੇਜੇਗਾ। ਇਜ਼ਰਾਈਲ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਹੈ ਕਿ "ਅਸੀਂ ਅੱਤਵਾਦੀ ਰਾਜ ਦੀ ਸਥਾਪਨਾ ਲਈ ਸਹਿਮਤ ਨਹੀਂ ਹਾਂ। ਫਲਸਤੀਨ ਨੂੰ ਸੰਯੁਕਤ ਰਾਸ਼ਟਰ ਦੀ ਸਥਾਈ ਮੈਂਬਰਸਿ਼ਪ ਦੇਣਾ ਅੱਤਵਾਦ ਨੂੰ ਪੁਰਸਕਾਰ ਦੇਣ ਦੇ ਬਰਾਬਰ ਹੈ।"
ਦਰਅਸਲ 18 ਅਪ੍ਰੈਲ ਨੂੰ ਯੂਐੱਨਐੱਸਸੀ 'ਚ ਅਲਜੀਰੀਆ ਨੇ ਸੰਯੁਕਤ ਰਾਸ਼ਟਰ 'ਚ ਫਲਸਤੀਨ ਨੂੰ ਸਥਾਈ ਮੈਂਬਰਸਿ਼ਪ ਦੇਣ ਦਾ ਪ੍ਰਸਤਾਵ ਪੇਸ਼ ਕੀਤਾ ਸੀ, ਜਿਸ ਨੂੰ 12 ਦੇਸ਼ਾਂ ਨੇ ਸਮਰਥਨ ਦਿੱਤਾ ਸੀ। ਪਰ ਅਮਰੀਕਾ ਦੇ ਵੀਟੋ ਕਾਰਨ ਪ੍ਰਸਤਾਵ ਅੱਗੇ ਨਹੀਂ ਵਧ ਸਕਿਆ। ਸੰਯੁਕਤ ਰਾਸ਼ਟਰ ਦੀ ਮੈਂਬਰਸਿ਼ਪ ਲਈ ਪ੍ਰਸਤਾਵ ਸਭ ਤੋਂ ਪਹਿਲਾਂ ਯੂਐੱਨਐੱਸਸੀ ਕੋਲ ਲਿਆਂਦਾ ਜਾਂਦਾ ਹੈ। ਜੇਕਰ ਮਤਾ ਯੂਐੱਨਐੱਸਸੀ ਵਿਚ ਪਾਸ ਹੋ ਜਾਂਦਾ ਹੈ, ਤਾਂ ਇਸਨੂੰ ਵੋਟਿੰਗ ਲਈ ਸੰਯੁਕਤ ਰਾਸ਼ਟਰ ਨੂੰ ਭੇਜਿਆ ਜਾਂਦਾ ਹੈ।
ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ, ਇਜ਼ਰਾਈਲ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਓਰੇਨ ਮਾਰਮੋਰਸਟਾਈਨ ਨੇ ਕਿਹਾ ਹੈ ਕਿ ਇਜ਼ਰਾਈਲ ਐਤਵਾਰ (21 ਅਪ੍ਰੈਲ) ਨੂੰ ਫਰਾਂਸ, ਜਾਪਾਨ, ਦੱਖਣੀ ਕੋਰੀਆ, ਮਾਲਟਾ, ਸਲੋਵੇਨੀਆ ਅਤੇ ਇਕਵਾਡੋਰ ਦੇ ਰਾਜਦੂਤਾਂ ਨੂੰ ਤਲਬ ਕਰੇਗਾ ਅਤੇ ਆਪਣਾ ਰੋਸ ਪ੍ਰਗਟ ਕਰੇਗਾ। ਇਨ੍ਹਾਂ ਦੇਸ਼ਾਂ ਨੇ ਫਲਸਤੀਨ ਨੂੰ ਸੰਯੁਕਤ ਰਾਸ਼ਟਰ ਵਿੱਚ ਸਥਾਈ ਮੈਂਬਰਸਿ਼ਪ ਦਿਵਾਉਣ ਦਾ ਸਮਰਥਨ ਕੀਤਾ ਸੀ।