ਓਨਟਾਰੀਓ, 17 ਅਪਰੈਲ (ਪੋਸਟ ਬਿਊਰੋ) :ਕੁਈਨਜ਼ ਪਾਰਕ ਵਿਖੇ ਕੈਫੀਯੇਹ ਉੱਤੇ ਸਪੀਕਰ ਟੈੱਡ ਆਰਨੌਟ ਵੱਲੋਂ ਪਾਬੰਦੀ ਲਾਉਣ ਦੇ ਫੈਸਲੇ ਨੂੰ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਵੱਲੋਂ ਪਲਟਾਉਣ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕਦਮ ਖਾਹਮਖਾਹ ਚੁੱਕਿਆ ਗਿਆ ਹੈ।
ਬੁੱਧਵਾਰ ਸ਼ਾਮ ਨੂੰ ਜਾਰੀ ਕੀਤੇ ਗਏ ਬਿਆਨ ਵਿੱਚ ਫੋਰਡ ਨੇ ਆਖਿਆ ਕਿ ਇਹ ਫੈਸਲਾ ਇੱਕਲਾ ਸਪੀਕਰ ਵੱਲੋਂ ਲਿਆ ਗਿਆ ਹੈ ਤੇ ਇਸ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਹੈ। ਉਨ੍ਹਾਂ ਆਖਿਆ ਕਿ ਇਸ ਨਾਲ ਸਾਡੀ ਪ੍ਰੋਵਿੰਸ ਦੇ ਲੋਕ ਬਿਨਾਂ ਮਤਲਬ ਵੰਡੇ ਜਾਣਗੇ। ਇਹ ਵੀ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਮੈਂਬਰਜ਼ ਨੂੰ ਕਦੋਂ ਇਹ ਨਿਰਦੇਸ਼ ਦਿੱਤੇ ਗਏ ਕਿ ਇਹ ਵਾਲੇ ਸਕਾਰਫ ਪਾ ਕੇ ਨਹੀਂ ਆਉਣੇ। ਆਮਤੌਰ ਉੱਤੇ ਇਹ ਸਕਾਰਫ ਅਰਬੀ ਲੋਕਾਂ ਵੱਲੋਂ ਪਾਏ ਜਾਂਦੇ ਹਨ ਤੇ ਇਹ ਵੀ ਮੰਨਿਆਂ ਜਾਂਦਾ ਹੈ ਕਿ ਇਹ ਫਲਸਤੀਨੀ ਮੂਵਮੈਂਟ ਨੂੰ ਸਮਰਥਨ ਦੇਣ ਲਈ ਪਾਏ ਜਾਂਦੇ ਹਨ।
ਇੱਥੇ ਦੱਸਣਾ ਬਣਦਾ ਹੈ ਕਿ ਫਰਵਰੀ ਵਿੱਚ ਸਪੀਕਰ ਨੇ ਮੈਂਬਰਾਂ ਨੂੰ ਇਹ ਆਖਿਆ ਸੀ ਕਿ ਸਿਆਸੀ ਸੁਨੇਹੇ ਦੇਣ ਵਾਲੀ ਅਸੈਸਰੀ ਪਾਉਣ ਉੱਤੇ ਮਨਾਹੀ ਹੈ। ਫੋਰਡ ਦੇ ਇਸ ਬਿਆਨ ਤੋਂ ਬਾਅਦ ਕਈ ਹੋਰ ਸਿਆਸਤਦਾਨਾਂ ਵੱਲੋਂ ਵੀ ਇਹ ਮੰਗ ਕੀਤੀ ਗਈ ਕਿ ਇਸ ਫੈਸਲੇ ਨੂੰ ਵਾਪਿਸ ਲਿਆ ਜਾਵੇ। ਓਨਟਾਰੀਓ ਐਨਡੀਪੀ ਆਗੂ ਮੈਰਿਟ ਸਟਾਈਲਜ਼ ਨੇ ਬੁੱਧਵਾਰ ਨੂੰ ਆਖਿਆ ਕਿ ਹਰ ਕਿਸੇ ਨੂੰ ਜੋ ਕੱਪੜੇ ਉਨ੍ਹਾਂ ਦੇ ਵਿਰਸੇ ਨੂੰ ਦਰਸਾਉਂਦੇ ਹਨ ਪਾ ਕੇ ਆਉਣ ਦੀ ਖੁੱਲ੍ਹ ਹੋਣੀ ਚਾਹੀਦੀ ਹੈ।ਵਿਰੋਧੀ ਧਿਰ ਦੀ ਆਗੂ ਨੇ ਆਖਿਆ ਕਿ ਉਨ੍ਹਾਂ ਦੇ ਸਟਾਫ ਮੈਂਬਰਾਂ ਨੂੰ ਕੰਮ ਉੱਤੇ ਆਉਣ ਤੋਂ ਪਹਿਲਾਂ ਕੈਫੀਯੇਹ ਪਾ ਕੇ ਆਉਣ ਤੋਂ ਮਨ੍ਹਾਂ ਕੀਤਾ ਗਿਆ, ਜਿਸ ਨੂੰ ਸਵੀਕਾਰਿਆ ਨਹੀਂ ਜਾ ਸਕਦਾ।