ਚੰਡੀਗੜ੍ਹ, 1 ਅਪ੍ਰੈਲ (ਪੋਸਟ ਬਿਊਰੋ): ਪੰਜਾਬ ਤੋਂ ਆਮ ਆਦਮੀ ਪਾਰਟੀ (ਆਪ) ਦੇ ਸਾਬਕਾ ਸੰਸਦ ਮੈਂਬਰ ਧਰਮਵੀਰ ਗਾਂਧੀ ਸੋਮਵਾਰ ਨੂੰ ਕਾਂਗਰਸ ਵਿੱਚ ਸ਼ਾਮਿਲ ਹੋ ਗਏ। ਉਨ੍ਹਾਂ ਨੇ ਦਿੱਲੀ ਸਥਿਤ ਕਾਂਗਰਸ ਪਾਰਟੀ ਦੇ ਹੈੱਡਕੁਆਰਟਰ ਵਿਖੇ ਆਪਣੀ ਨਵਾਂ ਪੰਜਾਬ ਪਾਰਟੀ ਨੂੰ ਕਾਂਗਰਸ ਵਿਚ ਮਿਲਾ ਦਿੱਤਾ। ਡਾ. ਗਾਂਧੀ ਇਕੱਲੇ ਅਜਿਹੇ ਆਗੂ ਹਨ ਜਿਨ੍ਹਾਂ ਨੇ ਆਪਣੇ ਸਿਆਸੀ ਕਰੀਅਰ ਵਿਚ ਪਟਿਆਲਾ ਦੇ ਸ਼ਾਹੀ ਪਰਿਵਾਰ ਦੀ ਨੂੰਹ ਪ੍ਰਨੀਤ ਕੌਰ ਨੂੰ ਹਰਾਇਆ ਸੀ।
ਡਾ. ਗਾਂਧੀ ਦੇ ਕਾਂਗਰਸ ਵਿੱਚ ਰਲੇਵੇਂ ਤੋਂ ਬਾਅਦ ਸ਼ਾਹੀ ਪਰਿਵਾਰ ਤੋਂ ਬਿਨ੍ਹਾਂ ਵੀ ਪਾਰਟੀ ਨੂੰ ਪਟਿਆਲਾ ਵਿੱਚ ਮਜ਼ਬੂਤ ਆਧਾਰ ਮਿਲੇਗਾ। ਸਾਬਕਾ ਸੰਸਦ ਮੈਂਬਰ ਡਾ. ਗਾਂਧੀ ਦੇ ਕਾਂਗਰਸ 'ਚ ਸ਼ਾਮਿਲ ਹੋਣ ਤੋਂ ਬਾਅਦ ਪਾਰਟੀ ਦੀ ਪਟਿਆਲਾ ਤੋਂ ਉਮੀਦਵਾਰ ਦੀ ਭਾਲ ਖ਼ਤਮ ਹੋ ਸਕਦੀ ਹੈ। ਡਾ. ਗਾਂਧੀ ਮੂਲ ਰੂਪ ਵਿਚ ਪਟਿਆਲਾ ਦੇ ਰਹਿਣ ਵਾਲੇ ਹਨ ਅਤੇ ਇਲਾਕੇ ਵਿੱਚ ਉਨ੍ਹਾਂ ਦਾ ਚੰਗਾ ਪ੍ਰਭਾਵ ਹੈ। ਅਜਿਹੇ 'ਚ ਭਾਜਪਾ ਨੂੰ ਪਟਿਆਲਾ ਸੀਟ 'ਤੇ ਚੰਗੀ ਟੱਕਰ ਮਿਲ ਸਕਦੀ ਹੈ।