ਟੋਰਾਂਟੋ, 19 ਮਾਰਚ (ਪੋਸਟ ਬਿਊਰੋ) : ਆਪਣੀ ਸਜ਼ਾ ਲਈ ਹੋਣ ਵਾਲੀ ਸੁਣਵਾਈ ਵਿੱਚ ਪੇਸ਼ ਨਾ ਹੋਣ ਵਾਲੇ ਦੋਸ਼ੀ ਗੰਨ ਸਮਗਲਰ, ਜੋ ਹੁਣ ਫਰਾਰ ਹੈ, ਨੂੰ ਗ੍ਰਿਫਤਾਰ ਕਰਨ ਲਈ ਉਸ ਸਬੰਧੀ ਜਾਣਕਾਰੀ ਦੇਣ ਵਾਲੇ ਨੂੰ ਪੁਲਿਸ ਵੱਲੋਂ 50,000 ਡਾਲਰ ਦਾ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ।
ਟੋਰਾਂਟੋ ਦੇ 39 ਸਾਲਾ ਕਮਰ ਕਨਿੰਘਮ ਨੂੰ ਨਵੰਬਰ 2020 ਵਿੱਚ ਗੰਨ ਦੀ ਸਮਗਲਿੰਗ ਕਰਨ ਦੇ ਕਈ ਮਾਮਲਿਆਂ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨੂੰ ਦੋਸ਼ੀ ਪਾਏ ਜਾਣ ਉਪਰੰਤ ਉਸ ਉੱਤੇ ਕਈ ਚਾਰਜਿਜ਼ ਵੀ ਲਾਏ ਗਏ। 4 ਮਈ, 2021 ਨੂੰ ਉਸ ਨੂੰ ਨੌਂ ਸਾਲਾਂ ਦੀ ਸਜ਼ਾ ਸੁਣਾਈ ਗਈ ਪਰ ਉਹ ਆਪਣੀ ਸੁਣਵਾਈ ਦੀ ਤਰੀਕ ਨੂੰ ਅਦਾਲਤ ਵਿੱਚ ਪੇਸ਼ ਹੀ ਨਹੀਂ ਹੋਇਆ ਤੇ ਉਦੋਂ ਤੋਂ ਹੀ ਫਰਾਰ ਦੱਸਿਆ ਜਾਂਦਾ ਹੈ।
ਜਾਂਚਕਾਰਾਂ ਨੇ ਦੱਸਿਆ ਕਿ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਉਸ ਦੇ ਮਜ਼ਬੂਤ ਪਰਿਵਾਰਕ ਤੇ ਕ੍ਰਿਮੀਨਲ ਸਬੰਧ ਹਨ। ਪੁਲਿਸ ਦਾ ਮੰਨਣਾ ਹੈ ਕਿ ਉਹ ਅਜੇ ਵੀ ਰੀਜਨ ਵਿੱਚ ਹੀ ਮੌਜੂਦ ਹੈ ਤੇ ਕਈ ਤਰ੍ਹਾਂ ਦੀਆਂ ਮੁਜਰਮਾਨਾਂ ਗਤੀਵਿਧੀਆਂ ਵਿੱਚ ਸ਼ਾਮਲ ਹੈ। ਉਸ ਦੇ ਸਬੰਧ ਜਮਾਇਕਾ ਵਿੱਚ ਵੀ ਹਨ, ਜਿੱਥੇ ਉਹ ਪੈਦਾ ਹੋਇਆ ਸੀ।
ਉਸ ਉੱਤੇ ਇਹ ਇਨਾਮ ਬੋਲੋ ਪ੍ਰੋਗਰਾਮ ਤਹਿਤ ਰੱਖਿਆ ਗਿਆ ਹੈ ਜਿਸ ਦਾ ਮਤਲਬ ਹੈ “ਬੀ ਆਨ ਦ ਲੁੱਕ ਆਊਟ” (ਬੋਲੋ)।ਇਸ ਤਰ੍ਹਾਂ ਦੇ ਭਗੌੜਿਆਂ ਨੂੰ ਫੜ੍ਹਨ ਲਈ ਪੁਲਿਸ ਜਨਤਾ ਨੂੰ ਸੋਸ਼ਲ ਮੀਡੀਆ ਤੇ ਹੋਰ ਤਕਨਾਲੋਜੀ ਦੀ ਮਦਦ ਰਾਹੀਂ ਮਸ਼ਕੂਕਾਂ ਨੂੰ ਲੱਭਣ ਵਿੱਚ ਮਦਦ ਕਰਨ ਲਈ ਪ੍ਰੇਰਿਤ ਕਰਦੀ ਹੈ। ਇਹ ਇਨਾਮ 4 ਦਸੰਬਰ, 2024 ਤੱਕ ਉਪਲਬਧ ਹੈ।