Welcome to Canadian Punjabi Post
Follow us on

20

August 2019
ਨਜਰਰੀਆ

ਭਾਰਤ ਅੰਦਰ ਇਕ ਹੋਰ ਭਾਰਤ

April 18, 2019 08:53 AM

-ਬਲਦੇਵ ਸਿੰਘ (ਸੜਕਨਾਮਾ)
ਸਾਡੀਆਂ ਗੱਡੀਆਂ (ਤੇਲ ਟੈਂਕਰ) ਲੋਡ ਸਨ। ਐਤਵਾਰ ਦਾ ਦਿਨ ਹੋਣ ਕਾਰਨ ਫੈਕਟਰੀ ਬੰਦ ਸੀ। ਮਾਲ ਡਲਿਵਰੀ ਨਾ ਹੋਣ ਕਾਰਨ ਅਸੀਂ ਵਿਹਲੇ ਸਾਂ। ਇਥੇ ਕਲਕੱਤੇ ਵਿੱਚ ਵਿਹਲਿਆਂ ਲਈ ਸਾਡੇ ਪਾਸ ਦੋਸਤਾਂ ਦੀ ਰੁਚੀ ਅਨੁਸਾਰ ਤਿੰਨ ਚਾਰ ਕੰਮ ਹੀ ਹੁੰਦੇ ਸਨ। ਤਾਸ਼ ਖੇਡਣੀ, ਠੇਕੇ ਜਾ ਕੇ ਦਾਰੂ ਪੀਣੀ ਤੇ ਫਿਰ ਜੇ ਮੂਡ ਹੋਵੇ ਤਾਂ ਸੋਨਾ ਗਾਚੀ ਦੀ ਯਾਤਰਾ।
ਮੈਂ ਪਹਿਲੀ ਅਤੇ ਆਖਰੀ ਸਲਾਹ ਰੱਦ ਕਰ ਦਿੱਤੀ ਤੇ ਭਵਾਨੀਪੁਰ ਇਲਾਕੇ ਦੇ ਇਕ ਸਥਾਨਕ ਠੇਕੇ 'ਤੇ ਆ ਗਏ। ਸੂਰਜ ਦਾ ਤਪ ਅਜੇ ਮੱਠਾ ਨਹੀਂ ਸੀ ਹੋਇਆ, ਪਰ ਉਸ ਦਾ ਚਿਹਰਾ ਪਹਿਲਾਂ ਨਾਲੋਂ ਥੱਕਿਆ ਲੱਗਦਾ ਸੀ।
ਕੁਝ ਕੰਮ ਮੁਸ਼ਕੀ ਹਨੇਰਾ ਹੋਏ ਤੋਂ ਹੀ ਚੰਗੇ ਲੱਗਦੇ ਹਨ, ਪਰ ਕਦੇ-ਕਦੇ ਦੁਪਹਿਰਾਂ ਵੀ ਜੀਵਨ ਵਿੱਚ ਰੰਗ ਭਰ ਦਿੰਦੀਆਂ ਹਨ। ਇਸ ਮਹਾਂਨਗਰ ਵਿੱਚ ਇੰਨੀ ਖਲਕਤ ਹੈ, ਜਿੱਧਰ ਜਾਓ, ਮਨੁੱਖੀ ਸਮੁੰਦਰ ਮਿਲਦੇ ਹਨ। ਰੇਲਵੇ ਸਟੇਸ਼ਨਾਂ ਉਪਰ ਜਾ ਕੇ ਇਉਂ ਮਹਿਸੂਸ ਹੁੰਦਾ ਹੈ, ਜਿਵੇਂ ਰਾਤ ਪੈਣ ਤੱਕ ਸਾਰਾ ਕਲਕੱਤਾ ਖਾਲੀ ਹੋ ਜਾਵੇਗਾ। ਹਸਪਤਾਲਾਂ ਵਿੱਚ ਜਾਓ ਤਾਂ ਲੱਗਦਾ ਹੈ ਇਥੇ ਸ਼ਾਇਦ ਕੋਈ ਵੀ ਤੰਦਰੁਸਤ ਨਹੀਂ। ਸ਼ਮਸ਼ਾਨਘਾਟ ਵਿੱਚ ਮੁਰਦਿਆਂ ਨੂੰ ਸਾੜਨ ਲਈ ਲੰਮੀ ਅਤੇ ਅਕਾਊ ਉਡੀਕ ਕਰਨੀ ਪੈਂਦੀ ਹੈ। ਠੇਕਿਆਂ ਵੱਲ ਜਾਈਏ ਤਾਂ ਜਾਪਦਾ ਹੈ, ਹਰ ਮਨੁੱਖ ਦਾਰੂ ਦਾ ਸ਼ੌਕੀਨ ਹੈ। ਇਸ ਕਰਕੇ ਕਿਸੇ ਵੀ ਖਾਸ ਬੰਦੇ ਨੇ ਬਾਅਦ ਦੁਪਹਿਰ ਠੇਕੇ 'ਤੇ ਆਉਣ ਦਾ ਸਾਡਾ ਨੋਟਿਸ ਨਹੀਂ ਲਿਆ।
ਕਲਕੱਤੇ ਦੇ ਲੋਕਾਂ ਦਾ ਦਾਰੂ ਪੀਣ ਦਾ ਆਪਣਾ ਸੱਭਿਆਚਾਰਕ ਸਲੀਕਾ ਹੈ। ਕਦੇ-ਕਦੇ ਪੰਜਾਬੀਆਂ ਦੇ ਲਲਕਾਰੇ ਭੱਦਰ ਪੁਰਸ਼ ਬੰਗਾਲੀ ਸ਼ਰਾਬੀਆਂ ਦੀ ਅੰਤਰ ਮੁਖਤਾ ਨੂੰ ਜ਼ਰੂਰ ਭੰਗ ਕਰਦੇ ਹਨ। ਉਹ ਆਖਦੇ ਹਨ, ‘ਕੀ ਅਮਾਨੁਸ਼ ਬਾਬਾ ਦਾਰੂ ਖੇਤੇ ਜਾਨੀ ਨਾ' (ਇਨ੍ਹਾਂ ਪਸ਼ੂਆਂ ਨੂੰ ਦਾਰੂ ਪੀਣੀ ਨਹੀਂ ਆਉਂਦੀ)। ਅਸੀਂ ਲੋਕ ਉਥੇ ਜਾਂਦੇ ਹੀ ‘ਰਿਲੈਕਸ' ਹੋਣ ਹਾਂ। ਇਹ ਗੱਲ ਉਨ੍ਹਾਂ ਦੇ ਸਮਝ ਨਹੀਂ ਆਉਂਦੀ। ਕੁਝ ਅਜਿਹੇ ਭੱਦਰ ਪੁਰਸ਼ ਵੀ ਮਿਲ ਜਾਂਦੇ ਹਨ, ਜਿਨ੍ਹਾਂ ਦੇ ਹੱਥਾਂ ਵਿੱਚ ਮਿੱਟੀ ਦਾ ਭਾਂਡਾ (ਕਸੋਰਾ) ਹੁੰਦਾ ਹੈ। ਜਦੋਂ ਕੋਈ ਵਿਅਕਤੀ ਆਪਣੇ ਬੋਤਲ ਜਾਂ ਅਧੀਆ ਖੋਲ੍ਹੇ, ਇਕ ਹੱਥ ਜਿਸ ਵਿੱਚ ਕਸੋਰਾ ਫੜਿਆ ਹੁੰਦਾ ਹੈ, ਤੁਹਾਡੇ ਵੱਲ ਵਧਦਾ ਹੈ। ਉਹ ਵਿਅਕਤੀ ਮੂੰਹੋਂ ਕੁਝ ਨਹੀਂ ਬੋਲਦਾ, ਪਰ ਚਿਹਰੇ ਦੇ ਪ੍ਰਭਾਵ ਬੋਲਦੇ ਹਨ, ‘ਥੋੜ੍ਹੀ ਜਿੰਨੀ ਦਾਰੂ ਇਸ ਵਿੱਚ ਪਾ ਦੇਣਾ।' ਏਦਾਂ ਥੋੜ੍ਹੀ-ਥੋੜ੍ਹੀ ਨਾਲ ਉਹ ਮੁੜਨ ਵੇਲੇ ਤੱਕ ਪੂਰੇ ਸ਼ਰਾਬੀ ਹੋਏ ਹੁੰਦੇ ਹਨ।
ਅਕਸਰ ਅਜਿਹੇ ਠੇਕਿਆਂ ਦੇ ਬਾਹਰ ਕੂੜੇ ਦੇ ਢੇਰ ਹਰ ਵੇਲੇ ਵੇਖਣ ਨੂੰ ਮਿਲਦੇ ਹਨ। ਕਾਰਪੋਰੇਸ਼ਨ ਦੇ ਕਰਮਚਾਰੀ ਭਾਵੇਂ ਰੋਜ਼ ਕੂੜਾ ਚੁੱਕ ਕੇ ਲੈ ਜਾਂਦੇ ਹਨ, ਪਰ ਉਨ੍ਹਾਂ ਦੇ ਜਾਣ ਤੋਂ ਤੁਰੰਤ ਬਾਅਦ ਢੇਰ ਫਿਰ ਲੱਗ ਲੱਗਦਾ ਹੈ। ਠੇਕਿਆਂ ਦੇ ਬਾਹਰ ਇਹ ਜਗ੍ਹਾ ਕਿਸੇ ਨੇ ਸੋਚ ਸਮਝ ਕੇ ਹੀ ਚੁਣੀ ਹੈ। ਸ਼ਰਾਬੀ ਹੋ ਕੇ ਲੋਕ ਆਪਣੇ ਦਿਮਾਗ ਦਾ ਗੰਦ ਬਾਹਰ ਉਗਲਦੇ ਹਨ ਤੇ ਮੁਹੱਲਿਆਂ ਵਾਲੇ ਆਪਣੇ ਘਰਾਂ ਦਾ ਗੰਦ ਇਥੇ ਸੁੱਟਦੇ ਹਨ।
ਜਦੋਂ ਅਸੀਂ ਉਸ ਠੇਕੇ ਤੋਂ ਬਾਹਰ ਆਏ ਤਾਂ ਦੇਖਿਆ, ਸਾਹਮਣੇ ਕੂੜੇ ਦੇ ਢੇਰ ਉਪਰ ਕੁਝ ਕੁੱਤੇ ਤੇ 10-11 ਸਾਲ ਦੀ ਉਮਰ ਦੇ ਕੁਝ ਲੜਕੇ ਢੇਰ ਦੀ ਫੋਲਾ ਫਾਲੀ ਕਰ ਰਹੇ ਸਨ। ਲਾਗੇ ਰੇਹੜੀਆਂ ਸਨ, ਜਿਥੋਂ ਸ਼ਰਾਬੀ, ਮੀਟ ਚਾਂਪ, ਸੀਖ ਕਬਾਬ, ਤਵਾ ਚਿਕਨ ਜਾਂ ਇਹੋ ਜਿਹਾ ਕੁਝ ਹੋਰ ਚਟਪਟਾ ਲੈ ਕੇ ਮੂੰਹ ਦਾ ਜ਼ਾਇਕਾ ਬਦਲਦੇ ਸਨ ਤੇ ਅੱਧ ਪਚੱਧ ਖਾਧਾ, ਚੂੰਡਿਆ ਕੂੜੇ ਦੇ ਢੇਰ ਉਪਰ ਸੁੱਟ ਦਿੰਦੇ ਸਨ। ਕੁੱਤੇ ਤੇ ਬੱਚੇ ਇਕੋ ਵੇਲੇ ਇਨ੍ਹਾਂ ਚੂੰਡੀਆਂ ਚਾਂਪਾਂ ਉਪਰ ਝਪਟਦੇ ਸਨ। ਇਕ ਦੂਸਰੇ ਤੋਂ ਖੋਂਹਦੇ ਸਨ। ਬੱਚੇ ਕੁੱਤਿਆਂ ਵਾਂਗ ਤੇ ਕੁੱਤੇ ਬੰਦਿਆਂ ਵਾਂਗ ਲੜਦੇ ਸਨ। ਸ਼ਰਾਬੀ ਹੋਏ ਲੋਕ ਇਸ ਦਾ ਮਜ਼ਾ ਲੈਂਦੇ ਤੇ ਹੋਰ ਤਮਾਸ਼ਾ ਵੇਖਣ ਲਈ ਅੱਧ ਚੂੰਡੀਆਂ ਚਾਂਪਾਂ ਸੁੱਟਦੇ ਹਨ। ਇਹ ਸਿਲਸਿਲਾ ਠੇਕਾ ਬੰਦ ਹੋਣ ਤੱਕ ਚੱਲਦਾ ਰਹਿੰਦਾ ਹੈ।
ਇੱਧਰ ਪੰਜਾਬ ਵਿੱਚ ਕੁਝ ਨੇਤਾ ਫੈਸ਼ਨ ਵਜੋਂ ਗਰੀਬੀ ਦੀਆਂ ਗੱਲਾਂ ਕਰਦੇ ਰਹਿੰਦੇ ਹਨ। ਚੋਣਾਂ ਮੌਕੇ ਗਰੀਬਾਂ ਪ੍ਰਤੀ ਅਚਾਨਕ ਹਮਦਰਦੀ ਪੈਦਾ ਹੋ ਜਾਂਦੀ ਹੈ ਤੇ ਉਹ ਗਰੀਬੀ ਦੂਰ ਕਰਨ ਦੇ ਵੱਡੇ-ਵੱਡੇ ਵਾਅਦੇ ਕਰਦੇ ਹਨ। ਇਨ੍ਹਾਂ ਨੇਤਾਵਾਂ ਨੇ ਗਰੀਬੀ ਕਿੱਥੇ ਵੇਖੀ ਹੁੰਦੀ ਹੈ। ਗਰੀਬੀ ਦੇਖਣੀ ਤਾਂ ਬੰਗਾਲ ਦੇ ਪਿੰਡਾਂ ਅਤੇ ਪੂਰੇ ਦੇਸ਼ ਦੀਆਂ ਝੁੱਗੀਆਂ ਝੌਂਪੜੀਆਂ ਵਿੱਚ ਜਾ ਕੇ ਦੇਖੋ। ਵੱਡੇ ਪੁਲਾਂ ਹੇਠਾਂ ਆਰਜ਼ੀ ਬਸੇਰਿਆਂ ਵਿੱਚ ਰਹਿੰਦੇ ਲੋਕਾਂ ਨੂੰ ਦੇਖੋ। ਪਤਾ ਲੱਗੇ ਇਕ ਬੀੜੀ ਜਾਂ ਸਿਗਰਟ ਬਦਲੇ ਕਿਵੇਂ ਔਰਤਾਂ ਆਪਣੇ ਜਿਸਮਾਂ ਨੂੰ ਵਰਤਣ ਦੀ ਖੁੱਲ੍ਹ ਦਿੰਦੀਆਂ ਹਨ। ਰਾਤ ਦੇ ਭੋਜਨ ਨਾਲ ਜੀਆਂ ਦ ਪੇਟ ਭਰਨ ਲਈ ਕੁਝ ਰੁਪਿਆਂ ਬਦਲੇ ਜਦੋਂ ਕੋਈ ਔਰਤ ਕਿਸੇ ਲੋੜਵੰਦ ਨੂੰ ਆਪਣੇ ਟਿਕਾਣੇ ਉਪਰ ਆਉਣ ਲਈ ਉਕਸਾਉਂਦੀ ਹੈ ਤਾਂ ਬੇਵਸ ਪਤੀ ਕਿਵੇਂ ਬਹਾਨੇ ਨਾਲ ਬਾਹਰ ਨਿਕਲ ਜਾਂਦਾ ਹੈ।
ਕਿੰਨਾ ਸੌਖਾ ਹੈ ਕਹਿਣਾ, ‘ਮੈਂ ਦੇਸ਼ ਲਈ ਘਰ ਛੱਡਿਆ, ਮੈਂ ਦੇਸ਼ ਲਈ ਪਰਵਾਰ ਛੱਡਿਆ,' ਪਰ ਕਿੰਨਾ ਔਖਾ ਹੈ ਸਵੇਰੇ ਘਰੋਂ ਇਸ ਲਈ ਬਾਹਰ ਨਿਕਲਣਾ, ਕਦੇ ਕੂੜੇ ਦੇ ਢੇਰਾਂ ਉਪਰ, ਠੇਕਿਆਂ ਅੱਗੇ, ਕਿਸੇ ਮੰਦਰ ਜਾਂ ਗੁਰਦੁਆਰੇ ਦੇ ਬਾਹਰ ਏਸ ਲਾਲਚ ਵਿੱਚ ਖੜੇ ਰਹਿਣਾ ਕਿ ਕੀ ਪਤਾ ਕਦੋਂ ਜੂਠ ਦਾ ਡਰੰਮ ਬਾਹਰ ਉਲਟਾ ਦੇਣ। ਇਹੋ ਜਿਹਾ ਮੌਕਾ ਤਾਂ ਉਨ੍ਹਾਂ ਲਈ ਜਸ਼ਨਾਂ ਦਾ ਮੌਕਾ ਹੁੰਦਾ ਹੈ। ਇਕ ਦਿਨ ਬੰਗਾਲੀ ਮਿੱਤਰ ਕੋਲ ਮੈਂ ਇਨ੍ਹਾਂ ਬੱਚਿਆਂ ਦੇ ਭਵਿੱਖ ਬਾਰੇ ਗੱਲਾਂ ਕਰ ਰਿਹਾ ਸੀ, ਉਹ ਬੋਲਿਆ,
‘ਸ਼ੋਰਦਾਰ ਜੀ, ਆਪ ਇਨ੍ਹਾਂ ਬੱਚਿਆਂ ਬਾਰੇ ਪੂਰੀ ਤਰ੍ਹਾਂ ਨਹੀਂ ਜਾਣਦੇ।\
‘ਕਿਵੇਂ?' ਮੈਂ ਹੈਰਾਨ ਹੁੰਦਿਆਂ ਪੁੱਛਿਆ।
‘ਬੜੇ ਬਦਮਾਸ਼ ਨੇ ਇਹ ਬੱਚੇ।' ਮੈਨੂੰ ਯਕੀਨ ਨਹੀਂ ਆਇਆ।
‘ਅਰੇ ਦਾਦਾ, ਇਹ ਸ਼ਮਸ਼ਾਨਘਾਟ ਤੋਂ ਜਲਤੇ ਮੁਰਦਿਆਂ ਦੀਆਂ ਲੱਤਾਂ ਬਾਹਾਂ ਖਿੱਚ ਕੇ ਲੈ ਜਾਂਦੇ ਨੇ।' ਉਹ ਬੋਲਿਆ।
ਮੈਨੂੰ ਚੁੱਪ ਅਤੇ ਸੋਚੀਂ ਪਏ ਨੂੰ ਦੇਖ ਕੇ ਉਸ ਨੇ ਫਿਰ ਕਿਹਾ, ‘ਇਹ ਆਦਮਖੋਰ ਬੱਚੇ ਨੇ।'
ਮੈਂ ਉਦੋਂ ਤੱਕ ਇਸ ਗੱਲ 'ਤੇ ਯਕੀਨ ਨਹੀਂ ਕੀਤਾ, ਜਦ ਤੱਕ ਇਹ ਵਰਤਾਰਾ ਅੱਖੀਂ ਨਹੀਂ ਦੇਖਿਆ। ਮੇਰੇ ਲਈ ਇਹ ਘਟਨਾ ਰੌਂਗੜੇ ਖੜੇ ਕਰਨ ਵਾਲੀ ਸੀ। ਸੋਚ ਰਿਹਾਂ, ਮਹਾਂਨਗਰੀ ਅਸਮਾਨ ਛੂੰਹਦੀਆਂ ਬਿਲਡਿੰਗਾਂ ਦੀ ਛਾਂ ਹੇਠ ਪਲਦਾ ਹਿੰਦੁਸਤਾਨ ਦਾ ਯਤੀਮ ਭਵਿੱਖ ਇੱਕੀਵੀਂ ਸਦੀ ਦੇ ਵਿਕਾਸ ਕਰਦੇ ਭਾਰਤ ਨੂੰ ਮੂੰਹ ਚਿੜਾਉਂਦਾ ਪ੍ਰਤੀਤ ਹੁੰਦਾ ਹੈ। ਤੁਸੀਂ ਇਸ ਬਾਰੇ ਕਿਵੇਂ ਸੋਚਦੇ ਹੋ?

Have something to say? Post your comment