Welcome to Canadian Punjabi Post
Follow us on

27

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਨਜਰਰੀਆ

20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”

December 20, 2023 02:31 AM

  

  

ਡਾ. ਸੁਖਦੇਵ ਸਿੰਘ ਝੰਡ                   

ਫ਼ੋਨ: 647-567-9128

        ਇਨ ਪੁਤਰਨ ਕੇ ਸੀਸ ਪੇ ਵਾਰ ਦੀਏ ਸੁਤ ਚਾਰ।

         ਚਾਰ ਮੂਏ ਤੋ ਕਿਆ ਭਇਆ ਜੀਵਤ ਕਈ ਹਜ਼ਾਰ।।

ਚੋਹਾਂ ਸਾਹਿਬਜ਼ਾਦਿਆਂ ਅਜੀਤ ਸਿੰਘ,  ਜੁਝਾਰ ਸਿੰਘ, ਜ਼ੋਰਾਵਾਰ ਸਿੰਘ ਤੇ ਫ਼ਤਿਹ ਸਿੰਘ ਜੀ ਦੇ ਸ਼ਹੀਦੀਆਂ ਪਾ ਜਾਣ ਬਾਅਦ ਜਦੋਂ ਦਿੱਲੀ ਤੋਂ ਭਾਈ ਮਨੀ ਸਿੰਘ ਜੀ ਦੇ ਨਾਲ ‘ਨੰਦੇੜ’ (ਹੁਣ, ਸ੍ਰੀ ਹਜ਼ੂਰ ਸਾਹਿਬ) ਗਏ ਮਾਤਾ ਸੁੰਦਰੀ ਜੀ ਤੇ ਮਾਤਾ ਜੀਤੋ ਜੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲੇ ਤਾਂ ਮਾਤਾ ਸੁੰਦਰੀ ਜੀ ਵੱਲੋਂ ਕੀਤੇ ਗਏ ਸੁਆਲ ਕਿ “ਮੇਰੇ ਲਾਲ ਕਿੱਥੇ ਹਨ?” ਦੇ ਜੁਆਬ ਵਿਚ ਗੁਰੂ ਸਾਹਿਬ ਵੱਲੋਂ ਉਪਰੋਕਤ ਦੋਹਾ ਉਚਾਰਿਆ ਗਿਆ ਦੱਸਿਆ ਜਾਂਦਾ ਹੈ। ਖਾਲਸੇ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਦਾ ਇਸ ਦੋਹੇ ਵਿਚ ਕਿੰਨਾ ਭਾਵਪੂਰਤ ਜੁਆਬ ਹੈ ਕਿ ਇਨ੍ਹਾਂ ‘ਪੁੱਤਰਾਂ’ ਦੀ ਖ਼ਾਤਰ ਮੈਂ ਆਪਣੇ ਚਾਰੇ ਪੁੱਤਰ ਵਾਰ ਦਿੱਤੇ ਹਨ। ਮੇਰੇ ਚਾਰ ਪੁੱਤਰ ਚਲੇ ਗਏ ਹਨ ਤਾਂ ਫਿਰ ਕੀ ਹੋਇਆ, ਮੇਰੇ ਇਹ ਹਜ਼ਾਰਾਂ ਹੀ ਪੁੱਤਰ ਅਜੇ ਜਿਉਂਦੇ ਹਨ। ਗੁਰੂ ਗੋਬਿੰਦ ਸਿੰਘ ਜੀ ਅਤੇ ਸਿੱਖ ਇਤਿਹਾਸ ਨਾਲ ਸਬੰਧਿਤ ਲੱਗਭੱਗ ਸਾਰੀਆਂ ਹੀ ਪੁਸਤਕਾਂ ਵਿਚ ਇਹ ਹਵਾਲਾ ਮਿਲਦਾ ਹੈ। ਪਿੰਗਲਵਾੜਾ ਸੋਸਾਇਟੀ ਅੰਮ੍ਰਿਤਸਰ ਵੱਲੋਂ 2015 ਵਿਚ ਅੰਗਰੇਜ਼ੀ ਵਿਚ ਛਾਪੀ ਗਈ ਮੁਖ਼ਤਾਰ ਸਿੰਘ ਗੁਰਾਇਆ ਦੀ ਪੁਸਤਕ “ਦ ਸਿੱਖ ਗੁਰੂਜ਼: ਲਾਈਵਜ਼, ਵਰਕਸ ਐਂਡ ਟੀਚਿੰਗਜ਼” ਵਿਚ ਗੁਰੂ ਗੋਬਿੰਦ ਸਿੰਘ ਜੀ ਵਾਲੇ ਅਧਿਆਇ ਵਿਚ ਲੇਖਕ ਵੱਲੋਂ ਇਸ ਦੋਹੇ ਨੂੰ ਹੋਰ ਵੀ ਵਿਸਥਾਰ ਸਹਿਤ ਬਿਆਨਿਆ ਗਿਆ ਹੈ।  (ਪੰਨਾ -192)

  

ਇਤਿਹਾਸ ਗਵਾਹ ਹੈ ਕਿ ਮੁਗ਼ਲ ਅਤੇ ਬਾਈਧਾਰ ਦੇ ਰਾਜਿਆਂ ਦੀ ਫ਼ੌਜ ਵੱਲੋਂ ਲੱਗਭੱਗ ਸੱਤ ਮਹੀਨੇ ਘੇਰਾ ਪਾਈ ਰੱਖਣ ਤੋਂ ਬਾਅਦ 20 ਦਸੰਬਰ 1704 ਦੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ। ਕਈ ਇਤਿਹਾਸਕਾਰਾਂ ਨੇ ਅਨੰਦਪੁਰ ਛੱਡਣ ਦੀ ਇਹ ਤਰੀਕ 5 ਦਸੰਬਰ ਲਿਖੀ ਹੈ ਜੋ ਸਹੀ ਨਹੀਂ ਲੱਗਦੀ ਅਤੇ ਇਹ 20 ਦਸੰਬਰ ਹੀ ਹੋ ਸਕਦੀ ਹੈ, ਕਿਉਂਕਿ ਬਹੁਤੀਆਂ ਇਤਿਹਾਸਕ ਲਿਖ਼ਤਾਂ ਵਿਚ ਚਮਕੌਰ ਦੀ ਜੰਗ 22 ਤੇ 23 ਦਸੰਬਰ ਨੂੰ ਹੋਈ ਦੱਸੀ ਗਈ ਹੈ ਜਿਸ ਵਿਚ ਦੋ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਤੇ ਜੁਝਾਰ ਸਿੰਘ ਸ਼ਹੀਦ ਹੋਏ ਅਤੇ ਛੋਟੇ ਸਾਹਿਬਜ਼ਾਦਿਆਂ ਜ਼ੋਰਾਵਰ ਸਿੰਘ ਤੇ ਫ਼ਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਦਾ ‘ਸਰਹੰਦ ਦਾ ਸਾਕਾ’ 25 ਤੋਂ 27 ਦਸੰਬਰ ਨੂੰ ਵਾਪਰਿਆ ਦਰਸਾਇਆ ਗਿਆ ਹੈ।  20 ਤੋਂ 27 ਦਸੰਬਰ ਵਾਲੇ ਵਿਚਕਾਰਲੇ ‘ਸ਼ਹੀਦੀ ਹਫ਼ਤੇ’ ਦੌਰਾਨ ਚੋਹਾਂ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਮਹਾਨ ਸ਼ਹੀਦੀ ਨੂੰ ਬੜੀ ਸ਼ਿੱਦਤ ਨਾਲ ਯਾਦ ਕੀਤਾ ਜਾਂਦਾ ਹੈ। ਬਹੁਤ ਸਾਰੇ ਇਤਿਹਾਸਕਾਰਾਂ ਅਨੁਸਾਰ ਅਨੰਦਪੁਰ ਛੱਡਣ ਸਮੇਂ ਗੁਰੂ ਸਾਹਿਬ ਦੇ ਨਾਲ ਲੱਗਭੱਗ 400 ਘੋੜ ਸਵਾਰ ਸਨ।

ਗੁਰੂ ਤੇਗ਼਼ ਬਹਾਦਰ ਜੀ ਵੱਲੋਂ ‘ਚੱਕ ਨਾਨਕੀ’ (ਅਨੰਦਪੁਰ) ਵਸਾਉਣਾ

ਇਹ ਓਹੀ ‘ਅਨੰਦਪੁਰ’ ਸੀ ਜਿਸ ਨੂੰ ਉਨ੍ਹਾ ਦੇ ਪਿਤਾ ਗੁਰੂ ਤੇਗ਼ ਬਹਾਦਰ ਜੀ ਨੇ 19 ਜੂਨ 1665 ਨੂੰ ਪਿੰਡ ‘ਮਾਖੋਵਾਲ’ ਦੀ ਬੰਜਰ ਜ਼ਮੀਨ ਖ਼੍ਰੀਦ ਕੇ ਆਪਣੇ ਹੱਥੀਂ ਇੱਥੇ ਵਸਾਏ ਗਏ ਨਗਰ ਨੂੰ ਆਪਣੀ ਸਤਿਕਾਰਯੋਗ ਮਾਤਾ ਨਾਨਕੀ ਜੀ ਦੇ ਨਾਂ ‘ਤੇ ‘ਚੱਕ ਨਾਨਕੀ’ ਦਾ ਨਾਂ ਦਿੱਤਾ ਸੀ। ਗੁਰੂ ਗੋਬਿੰਦ ਸਿੰਘ ਜੀ ਵੱਲੋਂ ਇਸ ਦਾ ਨਾਂ ‘ਅਨੰਦਪੁਰ’ 30 ਮਾਰਚ 1689 ਨੂੰ ਰੱਖਿਆ ਗਿਆ ਜਿਸ ਦਾ ਭਾਵ ਹੈ, ਉਹ ਥਾਂ ਜਿੱਥੇ ਬੈਠ ਕੇ ਰੂਹ ਅਤੇ ਸਰੀਰ ਨੂੰ ‘ਅਨੰਦ’ ਪ੍ਰਾਪਤ ਹੁੰਦਾ ਹੈ ਅਤੇ ਆਤਮਿਕ ਖ਼ੁਸ਼ੀ ਮਿਲਦੀ ਹੈ। ਇਸ ਤੋਂ ਭਲੀ-ਭਾਂਤ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਨਗਰ ਛੱਡਣ ਲੱਗਿਆਂ ਉਨ੍ਹਾਂ ਨੂੰ ਉਸ ਸਮੇਂ ਕਿੰਨੇ ਗਹਿਰੇ ਦੁੱਖ ਅਤੇ ਤਕਲੀਫ਼ ਦਾ ਅਹਿਸਾਸ ਹੋਇਆ ਹੋਵੇਗਾ। ਅੱਗੇ ਜਾਣ ਤੋਂ ਪਹਿਲਾਂ ਇੱਥੇ ‘ਭੰਗਾਣੀ ਦੇ ਯੁੱਧ’ ਦਾ ਸੰਖੇਪ ਜ਼ਿਕਰ ਕਰਨਾ ਜ਼ਰੂਰੀ ਹੈ, ਕਿਉਂਕਿ ਇਹ ਕਹਿਲੂਰ ਦੇ ਰਾਜੇ ਭੀਮ ਚੰਦ ਨਾਲ ਗੁਰੂ ਜੀ ਦਾ ਪਹਿਲਾ ਯੁੱਧ ਸੀ।

ਭੰਗਾਣੀ ਦਾ ਯੁੱਧ

1680 ਤੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਫ਼ੌਜੀ ਤਾਕਤ ਵਧਾਉਣੀ ਸ਼ੁਰੂ ਕਰ ਦਿੱਤੀ ਸੀ ਅਤੇ ਉਨ੍ਹਾਂ ਦੀ ਵੱਧਦੀ ਹੋਈ ਹਰਮਨ-ਪਿਆਰਤਾ ਤੋਂ ਬਾਈਧਾਰ ਦੇ ਰਾਜੇ ਉਨ੍ਹਾਂ ਦੇ ਨਾਲ ਖ਼ਾਰ ਖਾਣ ਲੱਗ ਪਏ ਸਨ। ਗੁਰੂ ਸਾਹਿਬ ਦਿਨੋਂ-ਦਿਨ ਉਸ ਇਲਾਕੇ ਵਿਚ ਹਰਮਨ-ਪਿਆਰੇ ਹੋ ਰਹੇ ਸਨ। ਦੂਰ ਨੇੜੇ ਤੋਂ ਸੰਗਤਾਂ ਤਰ੍ਹਾਂ-ਤਰ੍ਹਾਂ ਦੇ ਤੋਹਫ਼ੇ ਲੈ ਕੇ ਉਨ੍ਹਾਂ ਦੇ ਦਰਬਾਰ ਵਿਚ ਹਾਜ਼ਰੀ ਭਰਨ ਲੱਗ ਪਈਆਂ। ਉਨ੍ਹਾਂ ਦੇ ਸ਼ਰਧਾਲੂ ਦੁਨੀ ਚੰਦ ਨੇ ਉਨ੍ਹਾਂ ਨੂੰ ਇਕ ਸ਼ਾਨਦਾਰ ਕੀਮਤੀ ਸ਼ਾਮਿਆਨਾ, ਹੀਰੇ-ਜਵਾਹਰਾਤ ਅਤੇ ‘ਪ੍ਰਸਾਦੀ ਹਾਥੀ’ ਨਜ਼ਰਾਨੇ ਵਜੋਂ ਭੇਂਟ ਕੀਤੇ। ਅਨੰਦਪੁਰ (ਮਾਖੋਵਾਲ) ਦਾ ਇਹ ਇਲਾਕਾ ਉਸ ਸਮੇਂ ‘ਕਹਿਲੂਰ’ (ਬਿਲਾਸਪੁਰ) ਦੀ ਰਿਆਸਤ ਵਿਚ ਪੈਂਦਾ ਸੀ ਅਤੇ ਇਸ ਰਿਆਸਤ ਦਾ ਰਾਜਾ ਭੀਮ ਚੰਦ ਇੱਥੋਂ ਦੀ ਹਰੇਕ ਚੀਜ਼ ‘ਤੇ ਆਪਣਾ ਅਧਿਕਾਰ ਸਮਝਦਾ ਸੀ।

ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਉਸ ਨੇ ਆਪਣੇ ਪੁੱਤਰ ਦੇ ਵਿਆਹ ਦੇ ਬਹਾਨੇ ਗੁਰੂ ਜੀ ਕੋਲੋਂ ਦੁਨੀ ਚੰਦ ਵੱਲੋਂ ਭੇਂਟ ਕੀਤਾ ਗਿਆ ਕੀਮਤੀ ਸ਼ਾਮਿਆਨਾ ਅਤੇ ‘ਪ੍ਰਸਾਦੀ ਹਾਥੀ’ ਦੇਣ ਦੀ ਮੰਗ ਕੀਤੀ ਜਿਸ ਨੂੰ ਗੁਰੂ ਸਾਹਿਬ ਵੱਲੋਂ ਠੁਕਰਾਅ ਦਿੱਤਾ ਗਿਆ। ਇਸ ਤੋਂ ਚਿੜ੍ਹ ਕੇ ਉਸ ਨੇ ਗੁਰੂ ਜੀ ਨੂੰ ਲੜਨ ਲਈ ਵੰਗਾਰਿਆ ਜਿਸ ਨੂੰ ਗੁਰੂ ਸਾਹਿਬ ਵੱਲੋਂ ਖਿੜੇ ਮੱਥੇ ਸਵੀਕਾਰ ਕੀਤਾ ਗਿਆ। ਇਸ ਦੇ ਫ਼ਲਸਰੂਪ 18 ਸਤੰਬਰ 1686 ਨੂੰ ‘ਭੰਗਾਣੀ ਦਾ ਯੁੱਧ’ ਹੋਇਆ ਜਿਸ ਵਿਚ ਭੀਮ ਚੰਦ ਹਾਰ ਗਿਆ ਅਤੇ ਗੁਰੂ ਜੀ ਨੂੰ ਭਾਰੀ ਸਫ਼ਲਤਾ ਮਿਲੀ ਪਰ ਉਨ੍ਹਾਂ ਨੇ ਉਸ ਦੇ ਇਲਾਕੇ ‘ਤੇ ਆਪਣਾ ਕੋਈ ਦਾਅਵਾ ਨਹੀਂ ਜਿਤਾਇਆ, ਕਿਉਂਕਿ ਉਨ੍ਹਾਂ ਦਾ ਅਜਿਹਾ ਕੋਈ ਮਕਸਦ ਨਹੀਂ ਸੀ। ਇਹ ਗੁਰੂ ਜੀ ਵੱਲੋਂ ਪਹਾੜੀ ਰਾਜਿਆਂ ਦੇ ਨਾਲ ਲੜੀ ਗਈ ਪਹਿਲੀ ਲੜਾਈ ਸੀ।

ਅਨੰਦਪੁਰ ਨੂੰ ਪਾਇਆ ਫ਼ੌਜਾਂ ਨੇ ਘੇਰਾ

ਬਾਈਧਾਰ ਦੇ ਰਾਜਿਆਂ ਨੂੰ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੀਆਂ ਫ਼ੌਜਾਂ ਦੀ ਪੂਰੀ ਸਰਪ੍ਰਸਤੀ ਹਾਸਲ ਸੀ ਅਤੇ ਉਨ੍ਹਾਂ ਸਾਰਿਆਂ ਨੇ ਮਿਲ ਕੇ ਅਨੰਦਪੁਰ ਨੂੰ ਘੇਰਾ ਪਾ ਲਿਆ। ਉਨ੍ਹਾਂ ਵੱਲੋਂ ਬਾਹਰੋਂ ਆਉਣ ਵਾਲੇ ਰਾਸ਼ਨ ਅਤੇ ਹੋਰ ਲੋੜੀਂਦੀਆਂ ਵਸਤਾਂ ਦੀ ਸਪਲਾਈ ਇਹ ਸੋਚ ਕੇ ਰੋਕ ਦਿੱਤੀ ਗਈ ਕਿ ਗੁਰੂ ਗੋਬਿੰਦ ਸਿੰਘ ਅਤੇ ਉਨ੍ਹਾਂ ਦੇ ਸਿੱਖ ਭੁੱਖ ਤੋਂ ਤੰਗ ਆ ਕੇ ਆਪਣੇ ਆਪ ਇਹ ਨਗਰ ਛੱਡ ਜਾਣਗੇ। ਇਹ ਘੇਰਾ ਲੱਗਭੱਗ ਛੇ ਮਹੀਨੇ ਤੱਕ ਜਾਰੀ ਰਿਹਾ। ‘ਅਨੰਦਪੁਰ’ (ਹੁਣ, ਅਨੰਦਪੁਰ ਸਾਹਿਬ) ਦੀ ਸੁਰੱਖਿਆ ਲਈ ਗੁਰੂ ਜੀ ਨੇ ਇਸ ਦੇ ਆਲੇ-ਦੁਆਲੇ ਚਾਰ ਕਿਲ੍ਹੇ ਕੇਸਗੜ੍ਹ, ਲੋਹਗੜ੍ਹ, ਹੋਲਗੜ੍ਹ ਅਤੇ ਅਨੰਦਗੜ੍ਹ ਬਣਵਾਏ ਹੋਏ ਸਨ ਅਤੇ ਉਨ੍ਹਾਂ ਦੇ ਵਿੱਚੋਂ ਲੰਘ ਕੇ ਅੰਦਰ ਜਾਣਾ ਬਾਈਧਾਰ ਦੇ ਰਾਜਿਆਂ ਦੀਆਂ ਫ਼ੌਜਾਂ ਅਤੇ ਮੁਗ਼ਲ ਫ਼ੌਜ ਲਈ ਆਸਾਨ ਨਹੀਂ ਸੀ। ਅੰਦਰ ਗੁਰੂ ਜੀ ਦੇ ਜਾਂਬਾਜ਼, ਸਿਰਲੱਥ ਯੋਧੇ, ਸੂਰਬੀਰ ਸਿੱਖ ਇਨ੍ਹਾਂ ਕਿਲ੍ਹਿਆਂ ਦੀ ਰਾਖ਼ੀ ਲਈ ਹਰ ਵੇਰੇ ਤਿਆਰ-ਬਰ-ਤਿਆਰ ਰਹਿੰਦੇ ਸਨ। ਇਸ ਲਈ ਗੁਰੂ ਜੀ ਉੱਪਰ ਹਮਲਾ ਕਰਨ ਦੀ ਬਜਾਇ ਬਾਈਧਾਰ ਦੇ ਰਾਜਿਆਂ ਵੱਲੋਂ ਘੇਰਾ ਲੰਮੇਂ ਸਮੇਂ ਲਈ ਪਾਈ ਰੱਖਣ ਦਾ ਰਾਹ ਚੁਣਿਆ ਗਿਆ ਸੀ।

ਪਰਿਵਾਰ ਦਾ ਪਿਆ ਵਿਛੋੜਾ

ਜਿਵੇਂ ਇਸ ਲੇਖ ਦੇ ਆਰੰਭ ਵਿਚ ਦੱਸਿਆ ਗਿਆ ਹੈ ਕਿ ਅਖ਼ੀਰ 20 ਦਸੰਬਰ 1704 ਦੀ ਰਾਤ ਨੂੰ ਗੁਰੂ ਸਾਹਿਬ ਨੂੰ ਆਪਣੀ ਪਿਆਰੀ ‘ਅਨੰਦਪੁਰ ਨਗਰੀ’ ਛੱਡਣੀ ਪਈ ਅਤੇ ਉਨ੍ਹਾਂ ਸਰਸਾ ਨਦੀ ਪਾਰ ਕਰਨ ਲਈ ਓਧਰ ਵੱਲ ਚਾਲੇ ਪਾ ਦਿੱਤੇ। ਗੁਰੂ ਜੀ ਨੂੰ ਅਨੰਦਪੁਰ ਤੋਂ ਜਾਣ ਲਈ ਸੁਰੱਖ਼ਿਅਤ ਰਾਹ ਦੇਣ ਦੀਆਂ ਕਸਮਾਂ ਤੋੜ ਕੇ ਮੁਗ਼ਲ ਅਤੇ  ਬਾਈਧਾਰ ਦੇ ਰਾਜਿਆਂ ਦੀਆਂ ਫ਼ੌਜਾਂ ਉਨ੍ਹਾਂ ਨੂੰ ਫੜ੍ਹਨ ਲਈ  ਉਨ੍ਹਾਂ ਦੇ ਪਿੱਛਾ ਕਰਦੀਆਂ ਆ ਗਈਆਂ। ਸਰਸਾ ਦਰਿਆ ਦੇ ਕਿਨਾਰੇ ਭਾਰੀ ਯੁੱਧ ਹੋਇਆ ਅਤੇ ਇਸ ਵਿਚ ਬਹੁਤ ਸਾਰੇ ਸਿੰਘ ਸ਼ਹੀਦੀਆਂ ਪਾ ਗਏ। ਦਰਿਆ ਵਿਚ ਉਦੋਂ ਹੜ੍ਹ ਆਇਆ ਹੋਇਆ ਸੀ। ਇਸ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਕਈ ਘੋੜ-ਸਵਾਰਾਂ ਵੱਲੋਂ ਆਪਣੇ ਘੋੜੇ ਦਰਿਆ ਵਿਚ ਠੇਲ੍ਹ ਦਿੱਤੇ ਗਏ। ਭਾਰੀ ਹੜ੍ਹ ਦੇ ਕਾਰਨ ਪਾਣੀ ਦੇ ਤੇਜ਼ ਵਹਾਅ ਨਾਲ ਬਹੁਤ ਸਾਰੇ ਘੋੜੇ ਆਪਣੇ ਸਵਾਰਾਂ ਸਮੇਤ ਰੁੜ੍ਹ ਗਏ। ਕਿਹਾ ਜਾਂਦਾ ਹੈ ਕਿ ਪਾਣੀ ਦੇ ਇਸ ਤੇਜ਼ ਵਹਾਅ ਵਿਚ ਗੁਰੂ ਸਾਹਿਬ ਅਤੇ ਉਨ੍ਹਾਂ ਦੇ 52 ਕਵੀਆਂ ਵੱਲੋਂ ਲਿਖਿਆ ਗਿਆ  ਕੀਮਤੀ ਸਾਹਿਤ ਵੀ ਰੁੜ੍ਹ ਗਿਆ। ਜਿਹੜੇ ਘੋੜ-ਸਵਾਰ ਸਰਸਾ ਨਦੀ ਦੇ ਪਾਰ ਲੱਗੇ, ਉਨ੍ਹਾਂ ਵਿਚ ਸ਼ਾਮਲ ਗੁਰੂ ਸਾਹਿਬ, ਵੱਡੇ ਸਾਹਿਬਜ਼ਾਦਿਆਂ ਅਜੀਤ ਸਿੰਘ ਤੇ ਜੁਝਾਰ ਸਿੰਘ 40 ਘੋੜ-ਸਵਾਰਾਂ ਦੇ ਨਾਲ ਪਿੰਡ ਕੋਟਲਾ ਨਿਹੰਗ ਵੱਲ ਚੱਲ ਪਏ ਜਿੱਥੋਂ ਅੱਗੋਂ ਉਹ ਚਮਕੌਰ ਦੀ ਕੱਚੀ ਗੜ੍ਹੀ ਵਿਚ ਪਹੁੰਚੇ, ਜਦਕਿ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਜ਼ੋਰਾਵਰ ਸਿੰਘ ਤੇ ਫ਼ਤਿਹ ਸਿੰਘ ਨੂੰ  ਉਨ੍ਹਾਂ ਦਾ ਰਸੋਈਆ ਗੰਗੂ ਨਦੀ ਦੇ ਵਹਾਅ ਵੱਲ ਪੈਂਦੇ ਆਪਣੇ  ਪਿੰਡ ‘ਖੇੜੀ’ ਵੱਲ ਨੂੰ ਲੈ ਤੁਰਿਆ। ਸਰਸਾ ਨਦੀ ਦੇ ਕਿਨਾਰੇ ਉਹ ਸਥਾਨ ਜਿੱਥੇ ਗੁਰੂ ਜੀ ਦਾ ਪਰਿਵਾਰ ਵਿੱਛੜਿਆ, ਅੱਜਕੱਲ੍ਹ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਬਣਿਆ ਹੋਇਆ ਹੈ।

ਗੁਰੂ ਗੋਬਿੰਦ ਸਿੰਘ ਜੀ, ਸਾਹਿਬਜ਼ਾਦਾ ਅਜੀਤ ਸਿੰਘ ਤੇ ਜੁਝਾਰ ਸਿੰਘ 21 ਦਸੰਬਰ 1704 ਨੂੰ ਪਿੰਡ ਚਮਕੌਰ ਦੇ ਉੱਚੇ ਥਾਂ ‘ਤੇ ਬਣੀ ਹੋਈ ਕੱਚੀਆਂ ਇੱਟਾਂ ਦੀ ਬਣੀ ਹੋਈ ਹਵੇਲੀ (ਗੜ੍ਹੀ) ਜੋ ਉਸ ਪਿੰਡ ਦੇ ਦੋ ਭਰਾਵਾਂ ਚੌਧਰੀ ਰੂਪ ਚੰਦ ਅਤੇ ਜਗਤ ਸਿੰਘ ਦੀ ਸਾਂਝੀ ਮਾਲਕੀਅਤ ਸੀ, ਵਿਖੇ ਪਹੁੰਚੇ। ਦਰਅਸਲ, ਗੁਰੂ ਸਾਹਿਬ ਦੋ ਸਾਲ ਪਹਿਲਾਂ ਕੁਰੂਕਸ਼ੇਤਰ ਤੋਂ ਅਨੰਦਪੁਰ ਆਉਂਦਿਆਂ ਇੱਥੇ ਇਨ੍ਹਾਂ ਦੋਹਾਂ ਭਰਾਵਾਂ ਕੋਲ ਇੱਕ ਰਾਤ ਠਹਿਰੇ ਸਨ ਅਤੇ ਉਹ ਜਾਣਦੇ ਸਨ ਕਿ ਇਸ ਹਾਲਤ ਵਿਚ ਜਦੋਂ ਮੁਗ਼ਲ ਤੇ ਬਾਈਧਾਰ ਰਾਜਿਆਂ ਦੀਆਂ ਫ਼ੌਜਾਂ ਉਨ੍ਹਾਂ ਦਾ ਪਿੱਛਾ ਕਰਦੀਆਂ ਆ ਰਹੀਆਂ ਹਨ ਤਾਂ ਇਹ ਥਾਂ ਉਨ੍ਹਾਂ ਦੀ ‘ਅਸਥਾਈ ਠਾਹਰ’ ਲਈ ਸੁਰੱਖ਼ਿਅਤ ਹੋ ਸਕਦੀ ਹੈ।

ਪਿੱਛਾ ਕਰਦੀਆਂ ਫ਼ੌਜਾਂ ਨੇ ਆ ਕੇ ਰਾਤ ਨੂੰ ਉਸ ਹਵੇਲੀ ਨੂੰ ਘੇਰਾ ਪਾ ਲਿਆ। 22 ਦਸੰਬਰ ਦੀ ਸਵੇਰ ਨੂੰ  ਹਵੇਲੀ ਦੀਆਂ ਕੰਧਾਂ ਦੇ ਉੱਪਰੋਂ ਦੀ ਫ਼ੌਜ ਦੇ ਜਰਨੈਲਾਂ ਦੀਆਂ ਆਵਾਜ਼ਾਂ ਆਉਣ ਲੱਗੀਆਂ, ”ਗੋਬਿੰਦ ਸਿੰਘ, ਆਪਣੇ ਆਪ ਨੂੰ ਸਾਡੇ ਹਵਾਲੇ ਕਰ ਦਿਓ ਜਾਂ ਫਿਰ ਲੜਨ ਲਈ ਤਿਆਰ ਹੋ ਜਾਓ।“ ਗੁਰੂ ਜੀ ਨੇ ਇਸ ਦਾ ਜੁਆਬ ਆਪਣੇ ਤੀਰ ਨਾਲ ਭੇਜੇ ਹੋਏ ਰੁੱਕੇ ਨਾਲ ਦਿੱਤਾ ਕਿ ਉਹ ਲੜਨ ਲਈ ਤਿਆਰ ਹਨ। ਗੁਰੂ ਜੀ ਕੋਲ ਉਸ ਵੇਲੇ ਦੋਵੇਂ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ, ਜੁਝਾਰ ਸਿੰਘ ਅਤੇ  ਗਿਣਤੀ ਦੇ ਚਾਲੀ ਸਿੰਘ ਸਨ ਜਿਨ੍ਹਾਂ ਵਿਚ ‘ਪੰਜ ਪਿਆਰੇ’ ਵੀ ਸ਼ਾਮਲ ਸਨ। ਦੂਸਰੇ ਪਾਸੇ ਇਤਿਹਾਸਕਾਰਾਂ ਦੀ ਕਈ ਲਿਖ਼ਤਾਂ ਅਨੁਸਾਰ ਵੱਡੀ ਗਿਣਤੀ ਵਿਚ ਮੌਜੂਦ ਭਾਰੀ ਫ਼ੌਜ (ਲੱਗਭੱਗ ਦਸ ਲੱਖ) ਹਵੇਲੀ ਨੂੰ ਘੇਰਾ ਪਾਈ ਖੜੀ ਸੀ। ਚਮਕੌਰ ਦੀ ਕੱਚੀ ਗੜ੍ਹੀ ਦੇ ਸਾਹਮਣੇ ਲੜੀ ਜਾਣ ਵਾਲੀ ਇਹ ਜੰਗ ਸੰਸਾਰ-ਭਰ ਦੀ ਸੱਭ ਤੋਂ ‘ਅਸਾਵੀਂ ਲੜਾਈ’ ਸੀ ਜਿਸ ਨੂੰ ਲੜਨ ਲਈ ਗੁਰੂ ਸਾਹਿਬ ਨੇ ਆਪਣੇ ਸਿੰਘਾਂ ਨੂੰ ਪੰਜ-ਪੰਜ ਦੀਆਂ ਟੁਕੜੀਆਂ ਵਿਚ ਭੇਜਣ ਦੀ ਯੋਜਨਾ ਬਣਾਈ। ਜਦੋਂ ਇਕ ਟੁਕੜੀ ਦੇ ਪੰਜੇ ਸਿੰਘ ਸ਼ਹੀਦ ਹੋ ਜਾਂਦੇ ਸਨ ਤਾਂ ਉਸ ਤੋਂ ਬਾਅਦ ਦੂਸਰੀ ਟੁਕੜੀ ਨੂੰ ਭੇਜਿਆ ਜਾਂਦਾ ਸੀ। ਇਸ ਦੌਰਾਨ ਉਹ ਆਪ ਤੇ ਦੋਵੇਂ ਸਾਹਿਬਜ਼ਾਦੇ ਉੱਪਰੋਂ ਤੀਰਾਂ ਦੀ ਵਰਖਾ ਕਰਦੇ ਰਹੇ।

ਸਾਹਿਬਜ਼ਾਦਾ ਅਜੀਤ ਸਿੰਘ ਦੀ ਸ਼ਦੀਦੀ

ਘਮਸਾਣ ਦੀ ਲੜਾਈ ਲੜਦਿਆਂ ਜਦੋਂ ਕਈ ਟੁਕੜੀਆਂ ਵਿਚ ਭੇਜੇ ਗਏ ਸਿੰਘ ਸ਼ਹੀਦ ਹੋ ਗਏ ਤਾਂ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਨੇ ਆਪਣੇ ਪਿਤਾ ਜੀ ਕੋਲੋਂ ਅਗਲੀ ਟੁਕੜੀ ਵਿਚ ਜਾਣ ਦੀ ਆਗਿਆ ਮੰਗੀ। ਗੁਰੂ ਜੀ ਨੇ ਆਪ ਉਸ ਨੂੰ ਹੱਥੀਂ ਤਿਆਰ ਕੀਤਾ ਅਤੇ ਉਹ ਆਪਣੇ ਨਾਲ ਪੰਜ ਸਿੰਘਾਂ, ਜਿਨ੍ਹਾਂ ਵਿਚ ਗੁਰੂ ਜੀ ਦੇ ‘ਪੰਜ ਪਿਆਰਿਆਂ’ ਵਿੱਚੋਂ ਭਾਈ ਮੋਹਕਮ ਸਿੰਘ ਵੀ ਸੀ, ਨੂੰ ਨਾਲ ਲੈ ਕੇ ਲੜਾਈ ਦੇ ਮੈਦਾਨ ਵਿਚ ਦੁਸ਼ਮਣਾਂ ‘ਤੇ ਟੁੱਟ ਪਏ। ਪਹਿਲਾਂ ਤੀਰਾਂ ਦੀ ਬੌਛਾੜ ਕੀਤੀ ਗਈ ਅਤੇ ਤੀਰ ਮੁੱਕ ਜਾਣ ‘ਤੇ ਉਨ੍ਹਾਂ ਤਲਵਾਰ ਦੇ ਉਹ ਜੌਹਰ ਵਿਖਾਏ ਕਿ ਦੁਸ਼ਮਣ ਫ਼ੌਜ ਦੰਗ ਰਹਿ ਗਈ। ਲੜਦਿਆਂ-ਲੜਦਿਆਂ ਤਲਵਾਰ ਦੋ ਟੋਟੇ ਹੋ ਗਈ ਅਤੇ ਫਿਰ ਉਨ੍ਹਾਂ ਨੇ ਆਪਣਾ ਨੇਜ਼ਾ ਵਾਹੁਣਾ ਸ਼ੁਰੂ ਕਰ ਦਿੱਤਾ। ਇਤਿਹਾਸਕਾਰ ਕਹਿੰਦੇ ਹਨ ਕਿ ਇਹ ਨੇਜ਼ਾ ਇਕ ਦੁਸ਼ਮਣ ਦੀ ਛਾਤੀ ਵਿਚ ਏਨਾ ਖੁਭ ਗਿਆ ਕਿ ਉਹ ਬਾਹਰ ਨਾ ਨਿਕਲ ਸਕਿਆ ਅਤੇ ਏਨੇ ਨੂੰ ਦੁਸ਼ਮਣ ਫ਼ੌਜ ਨੇ ਉਨ੍ਹਾਂ ਨੂੰ ਘੇਰਾ ਪਾ ਲਿਆ। ਕਿਰਪਾਨ ਨਾਲ ਲੜਦੇ ਹੋਏ ਅਖ਼ੀਰ ਉਹ ਦੁਸ਼ਮਣਾਂ ਵੱਲੋਂ ਕੀਤੇ ਗਏ ਇਕ ਤੇਜ਼ ਵਾਰ ਨਾਲ ਸ਼ਹੀਦੀ ਪਾ ਗਏ। ਉਨ੍ਹਾਂ ਦੀ ਉਮਰ ਉਸ ਸਮੇਂ ਲੱਗਭੱਗ 16 ਸਾਲ 10 ਮਹੀਨੇ ਦੀ ਸੀ। ਉਨ੍ਹਾਂ ਦਾ ਜਨਮ 11 ਫ਼ਰਵਰੀ 1687 ਨੂੰ ਹੋਇਆ ਸੀ ਅਤੇ ਉਹ 23 ਦਸੰਬਰ 1704 ਨੂੰ ਇਸ ਲੜਾਈ ਵਿਚ ਸੂਰਬੀਰਤਾ ਨਾਲ ਲੜਦਿਆਂ ਹੋਇਆਂ ਸ਼ਹੀਦੀ ਪਾ ਗਏ। ਗੁਰੂ ਗੋਬਿੰਦ ਸਿੰਘ ਜੀ ਉੱਪਰੋਂ ਲੜਾਈ ਦਾ ਇਹ ਭਿਆਨਕ ਮੰਜ਼ਰ ਦੇਖ ਰਹੇ ਸਨ ਅਤੇ ਉਨ੍ਹਾਂ ਨੇ ਬੁਲੰਦ ਆਵਾਜ਼ “ਬੋਲੇ ਸੋ ਨਿਹਾਲ, ਸਤਿ ਸਰੀ ਅਕਾਲ” ਦਾ ਜੈਕਾਰਾ ਛੱਡਿਆ।

ਸਾਹਿਬਜ਼ਾਦਾ ਜੁਝਾਰ ਸਿੰਘ ਜੀ ਸ਼ਹੀਦੀ

ਇਸ ਦੇ ਨਾਲ ਹੀ ਛੋਟੇ ਸਾਹਿਬਜ਼ਾਦੇ ਜੁਝਾਰ ਸਿੰਘ ਨੇ ਉਨ੍ਹਾਂ ਕੋਲੋਂ ਜੰਗ ਦੇ ਮੈਦਾਨ ਵਿਚ ਜਾਣ ਦੀ ਆਗਿਆ ਮੰਗ ਲਈ ਜੋ ਉਨ੍ਹਾਂ ਨੇ ਹੱਸਦਿਆਂ ਹੋਇਆਂ ਦਿੱਤੀ। ਜੁਝਾਰ ਸਿੰਘ ਦੇ ਨਾਲ ਜਾਣ ਵਾਲੇ ਪੰਜ ਸਿੰਘਾਂ ਵਿਚ ‘ਪੰਜਾਂ ਪਿਆਰਿਆਂ’ ਵਿਚੋਂ ਦੋ ਭਾਈ ਹਿੰਮਤ ਸਿੰਘ ਅਤੇ ਭਾਈ ਸਾਹਿਬ ਸਿੰਘ ਸ਼ਾਮਲ ਸਨ। ਪੰਜਾਂ ਸਿੰਘਾਂ ਨੂੰ ਨਾਲ ਲੈ ਕੇ ਸਾਹਿਬਜ਼ਾਦਾ ਜੁਝਾਰ ਸਿੰਘ ਲੜਾਈ ਦੇ ਮੈਦਾਨ ਵਿਚ ਜਾ ਕੁੱਦਿਆ ਅਤੇ ਉਨ੍ਹਾਂ ਨੇ ਦੁਸ਼ਮਣਾਂ ਦੇ ਚੰਗੇ ਆਹੂ ਲਾਹੇ। ਉਨ੍ਹਾਂ ਦੁਸ਼ਮਣ ਫ਼ੌਜ ਨੂੰ ਖਦੇੜ ਕੇ ਬਹੁਤ ਪਿੱਛੇ ਧੱਕ ਦਿੱਤਾ। ਫਿਰ ਅਚਾਨਕ ਹੀ ਫ਼ੌਜ ਦੀ ਇੱਕ ਵੱਡੀ ਟੁਕੜੀ ਨੇ ਉਨ੍ਹਾਂ ਨੂੰ ਘੇਰਾ ਪਾ ਲਿਆ। ‘ਪੰਥ ਪ੍ਰਕਾਸ਼’ ਦੇ ਲੇਖਕ ਰਤਨ ਸਿੰਘ ਭੰਗੂ ਅਨੁਸਾਰ ਅਖ਼ੀਰ ਉਹ ‘ਮਹਾਂਭਾਰਤ’ ਦੀ ਲੜਾਈ ਦੇ ਨਾਇਕ ‘ਅਭਿਮੰਨਿਊ’ ਵਾਂਗ ਉਸ ‘ਘੁੰਮਣਘੇਰੀ’ ਵਿਚ ਫਸ ਗਏ ਅਤੇ ਸ਼ਹੀਦੀ ਪ੍ਰਾਪਤ ਕਰ ਗਏ। ਪਾਠਕਾਂ ਨੂੰ ਯਾਦ ਦਿਵਾਇਆ ਜਾਂਦਾ ਹੈ ਕਿ ਸਾਹਿਬਜ਼ਾਦਾ ਜੁਝਾਰ ਸਿੰਘ ਦੀ ਉਮਰ ਉਸ ਸਮੇਂ ਪੌਣੇ ਚੌਦਾਂ ਸਾਲ ਸੀ। ਉਹ 9 ਅਪ੍ਰੈਲ 1691 ਨੂੰ ਪੈਦਾ ਹੋਏ ਸਨ ਅਤੇ ਉਨ੍ਹਾਂ 23 ਦਸੰਬਰ 1704 ਨੂੰ ਇਸ ਲੜਾਈ ਵਿਚ ਸ਼ਹੀਦੀ ਪਾਈ।

23 ਦਸੰਬਰ ਦੀ ਰਾਤ ਨੂੰ  ਹਨੇਰਾ ਪੈਣ ‘ਤੇ ਕੱਚੀ ਗੜ੍ਹੀ ਵਿਚ ਗੁਰੂ ਸਾਹਿਬ ਦੇ ਨਾਲ 11 ਸਿੰਘ ਬਚੇ ਸਨ ਜਿਨ੍ਹਾਂ ਵਿਚ ਪੰਜਾਂ ਪਿਆਰਿਆਂ ਵਿੱਚੋਂ ਦੋ ਭਾਈ ਧਰਮ ਸਿੰਘ ਤੇ ਭਾਈ ਦਇਆ ਸਿੰਘ, ਭਾਈ ਮਨੀ ਸਿੰਘ, ਭਾਈ ਸੰਗਤ ਸਿੰਘ, ਭਾਈ ਸਿੰਘ ਅਤੇ ਛੇ ਹੋਰ ਸਿੰਘ ਸ਼ਾਮਲ ਸਨ। ਪਹਿਲੇ ਪੰਜਾਂ ਸਿੰਘਾਂ ਨੇ ‘ਪੰਜ ਪਿਆਰਿਆਂ’ ਦੇ ਰੂਪ ਵਿਚ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਉਹ ਰਾਤ ਦੇ ਹਨੇਰੇ ਵਿੱਚ ਗੜ੍ਹੀ ਤੋਂ ਬਾਹਰ ਨਿਕਲ ਜਾਣ, ਕਿਉਂਕਿ ਪੰਥ ਨੂੰ ਅਜੇ ਉਨ੍ਹਾਂ ਦੀ ਅਗਵਾਈ ਦੀ ਬਹੁਤ ਲੋੜ ਹੈ। ‘ਪੰਜ ਪਿਆਰੇ’ ਜਿਨ੍ਹਾਂ ਨੂੰ ਗੁਰੂ ਸਾਹਿਬ ਖ਼ੁਦ ਆਪ ‘ਗੁਰੂ’ ਮੰਨਦੇ ਸਨ, ਦਾ ਹੁਕਮ ਮੰਨਦੇ ਹੋਏ ਉਹ ਦੋਹਾਂ ‘ਪਿਆਰਿਆਂ’ ਭਾਈ ਧਰਮ ਸਿੰਘ ਤੇ ਭਾਈ ਦਇਆ ਸਿੰਘ ਅਤੇ ਭਾਈ ਮਾਨ ਸਿੰਘ ਨੂੰ ਨਾਲ ਲੈ ਕੇ ਗੜ੍ਹੀ ਵਿੱਚੋਂ ਬਾਹਰ ਨਿਕਲੇ ਅਤੇ ਅੱਧੀ ਰਾਤ ਨੂੰ ਇੱਕ ਉੱਚੀ ਟਿੱਬੀ ‘ਤੇ ਖਲੋ ਕੇ ਦੋਹਾਂ ਹੱਥਾਂ ਨਾਲ ਤਾੜੀ ਮਾਰ ਕੇ ਉੱਚੀ ਆਵਾਜ਼ ਵਿਚ “ਪੀਰ-ਓ-ਹਿੰਦ ਰਹਾਵਤ” (“ਹਿੰਦ ਦਾ ਪੀਰ ਚੱਲਿਆ ਜੇ”) ਕਹਿੰਦਿਆਂ ਹੋਇਆਂ ਦੂਰ ਨਿਕਲ ਗਏ।

ਅਗਲੀ ਸਵੇਰ 24 ਦਸੰਬਰ ਨੂੰ ਭਾਈ ਸੰਗਤ ਸਿੰਘ ਜੋ ਕਾਫ਼ੀ ਹੱਦ ਤੱਕ ਗੁਰੂ ਸਾਹਿਬ ਦੇ ਹਮਸ਼ਕਲ ਸਨ, ਨੇ ਗੁਰੂ ਜੀ ਦੀ ਪੁਸ਼ਾਕ ਅਤੇ ਕਲਗੀ ਪਹਿਨੀ ਅਤੇ ਕੱਚੀ ਗੜ੍ਹੀ ਵਿਚ ਬਾਕੀ ਬਚੇ ਸਿੰਘਾਂ ਨਾਲ ਆਪਣੇ ਘੋੜਿਆਂ ‘ਤੇ ਸਵਾਰ ਹੋ ਕੇ ਗੜ੍ਹੀ ਦੇ ਬਾਹਰ ਆ ਕੇ ਲੜਾਈ ਦੇ ਮੈਦਾਨ ਦੁਸ਼ਮਣ ਫ਼ੌਜ ‘ਤੇ ਟੁੱਟ ਪਏ ਅਤੇ ਉਸ ਨੂੰ ਭਾਜੜਾਂ ਪਾ ਦਿੱਤੀਆਂ। ਘਮਸਾਣ ਦੀ ਲੜਾਈ ਹੋਈ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਫ਼ੌਜੀ ਮੌਤ ਦੇ ਘਾਟ ਉਤਾਰੇ ਗਏ। ਲੜਦਿਆਂ-ਲੜਦਿਆਂ ਅਖ਼ੀਰ ਉਹ ਸਾਰੇ ਸ਼ਹੀਦੀਆਂ ਪਾ ਗਏ। ਭਾਈ ਸੰਗਤ ਸਿੰਘ ਦੀ ਮਿਰਤਕ ਦੇਹ ਨੂੰ ਵੇਖ ਕੇ ਦੁਸ਼ਮਣ ਸਮਝ ਰਹੇ ਸਨ ਕਿ ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਪਰ ਉਹ ਤਾਂ ਉਦੋਂ ਤੀਕ ਮਾਛੀਵਾੜੇ ਵੱਲ ਬਹੁਤ ਦੂਰ ਜਾ ਚੁੱਕੇ ਸਨ। ਉਸ ਰਾਤ ਸਿੰਘਣੀ ਬੀਬੀ ਸ਼ਰਨ ਕੌਰ ਨੇ ਲਕੜੀਆਂ ਇਕੱਠੀਆਂ ਕਰਕੇ ਮਿਰਤਕ ਸਿੰਘਾਂ ਦੇ ਸਰੀਰਾਂ ਦਾ ਸਸਕਾਰ ਕੀਤਾ।

ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ

ਓਧਰ ਗੰਗੂ ਰਸੋਈਆ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਜ਼ੋਰਾਵਰ ਸਿੰਘ ਤੇ ਫ਼ਤਿਹ ਸਿੰਘ ਨੂੰ ਆਪਣੇ ਪਿੰਡ ਖੇੜੀ ਲੈ ਗਿਆ। ਮਾਤਾ ਜੀ ਕੋਲ ਇੱਕ ਪੋਟਲੀ ਵਿਚ ਸੋਨੇ ਦੇ ਕੁਝ ਗਹਿਣੇ ਅਤੇ ਮੋਹਰਾਂ ਸਨ। ਉਨ੍ਹਾਂ ਨੂੰ ਆਪਣੇ ਕਬਜ਼ੇ ਵਿਚ ਲੈਣ ਦੇ ਲਾਲਚ ਵਿਚ ਉਸ ਨੇ 24 ਦਸੰਬਰ ਨੂੰ ਛੋਟੇ ਸਾਹਿਬਜ਼ਾਦਿਆਂ ਦੇ ਆਪਣੇ ਕੋਲ ਹੋਣ ਦੀ ਖ਼ਬਰ ਸਰਹੰਦ ਦੇ ਨਵਾਬ ਵਜ਼ੀਰ ਖ਼ਾਨ ਨੂੰ ਦਿੱਤੀ। ਨਵਾਬ ਦੇ ਸਿਪਾਹੀ ਆ ਕੇ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਨੂੰ ਫੜ੍ਹ ਕੇ ਸਰਹੰਦ ਲੈ ਆਏ। ਉਨ੍ਹਾਂ ਨੂੰ ਰਾਤ ਠੰਢੇ ਬੁਰਜ ਵਿਚ ਕੈਦ ਰੱਖਿਆ ਗਿਆ ਅਤੇ ਅਗਲੇ ਦਿਨ 25 ਦਸੰਬਰ ਨੂੰ ਨਵਾਬ ਦੀ ਕਚਹਿਰੀ ਵਿਚ ਪੇਸ਼ ਕੀਤਾ ਗਿਆ। ਉਸ ਦੇ ਵੱਲੋਂ ਸਾਹਿਬਜ਼ਾਦਿਆਂ ਨੂੰ ਪਹਿਲਾਂ ਕਈ ਤਰ੍ਹਾਂ ਦੇ ਲਾਲਚ ਦਿੱਤੇ ਗਏ ਤੇ ਫਿਰ ਡਰਾਵੇ ਵੀ ਦਿੱਤੇ ਗਏ ਅਤੇ ਉਨ੍ਹਾਂ ਨੂੰ ਮੁਸਲਮਾਨ ਬਣ ਜਾਣ ਲਈ ਕਿਹਾ ਗਿਆ ਪਰ ਉਹ ਨਹੀਂ ਮੰਨੇ।

ਉਸ ਰਾਤ ਉਹ ਫਿਰ ਆਪਣੀ ਦਾਦੀ ਕੋਲ ਠੰਢੇ ਬੁਰਜ ਵਿਚ ਕੈਦ ਰਹੇ ਅਤੇ ਅਗਲੇ ਦਿਨ ਫਿਰ ਉਨ੍ਹਾਂ ਦੀ ਪੇਸ਼ੀ ਕਚਹਿਰੀ ਵਿਚ ਨਵਾਬ ਵਜ਼ੀਰ ਖ਼ਾਨ ਦੇ ਅੱਗੇ ਕੀਤੀ ਗਈ। ਇਸ ਦਿਨ ਵੀ ਉਨ੍ਹਾਂ ਨੂੰ ਹੋਰ ਕਈ ਲਾਲਚ ਅਤੇ ਡਰਾਵੇ ਦਿੱਤੇ ਗਏ ਪਰ ਉਹ ਆਪਣੇ ਸਿਰੜ ‘ਤੇ ਅਡੋਲ ਰਹੇ ਅਤੇ ਉਨ੍ਹਾਂ ਕਿਸੇ ਵੀ ਤਰ੍ਹਾਂ ਨਵਾਬ ਦੀ ਈਨ ਨਾ ਮੰਨੀ। ਨਵਾਬ ਬਹੁਤ ਗੁੱਸੇ ਵਿਚ ਆ ਗਿਆ ਅਤੇ ਆਪਣੇ ਅਹਿਲਕਾਰ ਸੁੱਚਾ ਨੰਦ ਦੇ ‘ਇਸ਼ਾਰੇ’ (“ਸੱਪ ਦੇ ‘ਸਪੋਲੀਏ’ ਜ਼ਿੰਦਾ ਨਹੀਂ ਛੱਡਣੇ ਚਾਹੀਦੇ”) ‘ਤੇ ਉਸ ਨੇ ਦੋਹਾਂ ਸਾਹਿਬਜ਼ਾਦਿਆਂ ਨੂੰ ਦੀਵਾਰ ਵਿਚ ਜ਼ਿੰਦਾ ਚਿਣਨ ਦੀ ਸਜ਼ਾ ਸੁਣਾ ਦਿੱਤੀ। ਇਸ ‘ਤੇ ਮਲੇਰਕੋਟਲੇ ਦੇ ਨਵਾਬ ਸ਼ੇਰ ਖ਼ਾਨ ਨੇ ‘ਹਾਅ ਦਾ ਨਾਅਰਾ’ ਮਾਰਿਆ ਅਤੇ ਕਿਹਾ, “ਨਵਾਬ ਸਾਹਿਬ, ਤੁਹਾਡੀ ਦੁਸ਼ਮਣੀ ਗੁਰੂ ਗੋਬਿੰਦ ਸਿੰਘ ਨਾਲ ਹੈ ਅਤੇ ਇਨ੍ਹਾਂ ਮਾਸੂਮਾਂ ਨੂੰ ਇਸ ਦੀ ਸਜ਼ਾ ਨਾ ਦਿਓ।“ ਪਰ ਨਵਾਬ ਵਜ਼ੀਰ ਖ਼ਾਨ ਨੇ ਉਸ ਦੀ ਇਕ ਨਾ ਸੁਣੀ ਅਤੇ ਆਪਣੀ ਸਜ਼ਾ ਓਸੇ ਤਰ੍ਹਾਂ ਹੀ ਬਰਕਰਾਰ ਰੱਖੀ। ਅਗਲੀ ਸਵੇਰ 27 ਦਸੰਬਰ ਨੂੰ ਦੋਹਾਂ ਸਾਹਿਬਜ਼ਾਦਿਆਂ ਨੂੰ ਕਚਹਿਰੀ ਲਿਜਾਇਆ ਗਿਆ ਅਤੇ ਨਿਸਚਤ ਕੀਤੀ ਗਈ ਥਾਂ ‘ਤੇ ਦੋਹਾਂ ਸਾਹਿਬਜ਼ਾਦਿਆਂ ਨੂੰ ਖਲ੍ਹਾਰ ਕੇ ਬਾਸਲ ਬੇਗ਼ ਅਤੇ ਸ਼ਾਸਲ ਬੇਗ਼ ਨਾਂ ਦੇ ਜੱਲਾਦਾਂ ਨੂੰ ਉਨ੍ਹਾਂ ਦੇ ਆਲ਼ੇ-ਦੁਆਲ਼ੇ ਇੱਟਾਂ ਤੇ ਗਾਰੇ ਨਾਲ ਦੀਵਾਰ ਚਿਣਨ ਦਾ ਹੁਕਮ ਦਿੱਤਾ ਗਿਆ।

ਦੀਵਾਰ ਜਿਉਂ-ਜਿਉਂ ਉੱਚੀ ਹੁੰਦੀ ਗਈ, ਦੋਹਾਂ ਸਾਹਿਬਜ਼ਾਦਿਆਂ ਵੱਲੋਂ “ਬੋਲੇ ਸੋ ਨਿਹਾਲ, ਸਤਿ ਸਿਰੀ ਅਕਾਲ” ਦੇ ਜੈਕਾਰੇ ਉੱਚੇ ਹੁੰਦੇ ਗਏ ਅਤੇ ਜਦੋਂ ਇਹ ਦੀਵਾਰ ਉਨ੍ਹਾਂ ਦੇ ਸਿਰਾਂ ਤੋਂ ਉੱਪਰ ਹੋ ਗਈ ਤਾਂ ਇਹ ਜੈਕਾਰੇ ਅਚਾਨਕ ਬੰਦ ਹੋ ਗਏ ਪਰ ਇਸ ਦੇ ਨਾਲ ਹੀ ਦੀਵਾਰ ਡਿੱਗ ਕੇ ਖਿੱਲਰ ਗਈ। ਦੋਵੇਂ ਮਾਸੂਮ ਜਿੰਦਾਂ ਬੇਹੋਸ਼ ਸਨ ਪਰ ਉਨ੍ਹਾਂ ਦੇ ਸਾਹ ਅਜੇ ਚੱਲ ਰਹੇ ਸਨ। ਵਜ਼ੀਰ ਖ਼ਾਨ ਵੱਲੋਂ ਜੱਲਾਦਾਂ ਨੂੰ ਉਨ੍ਹਾਂ ਦੇ ਸਿਰ ਕਲਮ ਕਰਨ ਦਾ ਹੁਕਮ ਦਿੱਤਾ ਗਿਆ ਜਿਸ ਦੀ ਤਾਮੀਲ ਕੀਤੀ ਗਈ ਅਤੇ ਦੋਵੇਂ ਸਾਹਿਬਜ਼ਾਦੇ ‘ਸੱਚਖੰਡ’ ਆਪਣੇ ਦਾਦੇ ਗੁਰੂ ਤੇਗ਼ ਬਹਾਦਰ ਜੀ ਕੋਲ ਜਾ ਬਿਰਾਜੇ। ਮਾਤਾ ਗੁਜਰੀ ਜੀ ਆਪਣੇ ਪੋਤਰਿਆਂ ਦਾ ਵਿਛੋੜਾ ਨਾ ਸਹਾਰਦੇ ਹੋਏ ਠੰਢੇ ਬੁਰਜ ਵਿਚ ਆਪਣੀ ਜਾਨ ਦੇ ਗਏ।

ਇੱਥੇ ਇਹ ਜ਼ਿਕਰ ਵੀ ਕਰਨਾ ਬਣਦਾ ਹੈ ਕਿ ਸਰਹੰਦ ਦੇ ਠੰਢੇ ਬੁਰਜ ਵਿਚ ਕੈਦ ਦੋਹਾਂ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਗੁਰੂ ਜੀ ਦਾ ਸੇਵਕ ਮੋਤੀ ਮਹਿਰਾ ਤਿੰਨੇ ਰਾਤਾਂ ਗਰਮ ਦੁੱਧ ਪਿਆਉਂਦਾ ਰਿਹਾ ਜਿਸ ਤੋਂ ਗੁੱਸੇ ਵਿਚ ਆ ਕੇ ਉਸ ਦੇ ਪਰਿਵਾਰ ਦੇ ਜੀਆਂ ਨੂੰ ਕੋਹਲੂ ਵਿਚ ਪੀੜ ਕੇ ਸ਼਼ਹੀਦ ਕੀਤਾ ਕੀਤਾ ਗਿਆ। ਇਸ ਦੇ ਨਾਲ ਹੀ ਦੋਹਾਂ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਮਿਰਤਕ ਸਰੀਰਾਂ ਦਾ ਸਸਕਾਰ ਕਰਨ ਲਈ ਦੀਵਾਨ ਟੋਡਰ ਮੱਲ ਨੇ ਉਸ ਵੇਲੇ ਦੀ ਹਕੂਮਤ ਦੀਆਂ ਸ਼ਰਤਾਂ ਨੂੰ ਮੁੱਖ ਰੱਖਦਿਆਂ ਆਪਣੀ ਲੜਕੀ ਦੇ ਵਿਆਹ ਲਈ ਜੋੜ ਕੇ ਰੱਖੀਆਂ ਸੋਨੇ ਦੀਆਂ ਮੋਹਰਾਂ ਖੜੇ ਰੁਖ਼ ਰੱਖ ਕੇ ਸ਼ਹਿਰੋਂ ਬਾਹਰਵਾਰ ਜ਼ਮੀਨ ਪ੍ਰਾਪਤ ਕੀਤੀ ਅਤੇ ਉਨ੍ਹਾਂ ਦਾ ਸਸਕਾਰ ਕੀਤਾ। ਇਸ ਬੇਸ਼-ਕੀਮਤੀ ਥਾਂ ਨੂੰ ‘ਦੁਨੀਆਂ ਦੀ ਸੱਭ ਤੋਂ ਮਹਿੰਗੀ ਧਰਤੀ’ ਦਾ ਰੁਤਬਾ ਹਾਸਲ ਹੈ। ਉੱਥੇ ਬਣਿਆ ਹੋਇਆ ਗੁਰਦੁਆਰਾ ਸਾਹਿਬ ਜੋਤੀ ਸਰੂਪ ਇਸ ਦੀ ਬਾਖ਼ੂਬੀ ਗਵਾਹੀ ਭਰਦਾ ਹੈ।

ਇਸ ਤਰ੍ਹਾਂ ਦਸੰਬਰ ਮਹੀਨੇ ਦੇ ਇਨ੍ਹਾ ਦਿਨਾਂ ਦੌਰਾਨ ਚੌਹਾਂ ਸਾਹਿਬਜ਼ਾਦਿਆਂ ਦੀ ਮਹਾਨ ਸ਼ਹੀਦੀ ਦੇ ਨਾਲ ਸੰਗਤਾਂ ਵੱਲੋਂ ਇਨ੍ਹਾਂ ਦੋ ਮਹਾਨ ਪੁਰਖ਼ਾਂ ਦੀ ਕੁਰਬਾਨੀ ਨੂੰ ਵੀ ਸਿਜਦਾ ਕੀਤਾ ਜਾਂਦਾ ਹੈ।

 

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’