Welcome to Canadian Punjabi Post
Follow us on

20

July 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਨਜਰਰੀਆ

ਮਿਜ਼ਾਜੀ ਤੇ ਹਕੀਕੀ ਇਸ਼ਕ ਦਾ ਸੁਮੇਲ ‘ਹੀਰ ਵਾਰਿਸ’

March 20, 2019 08:51 AM

-ਈਸ਼ਵਰ ਦਿਆਲ ਗੌੜ
ਇਮਾਨ ਦੀ ਦੁਨੀਆ ਵਿੱਚ ਗੌਣ ਦਾ ਅਹਿਮ ਸਥਾਨ ਹੁੰਦਾ ਹੈ। ਹੱਕ ਸੱਚ ਦਾ ਜ਼ਿਕਰ ਹੁੰਦਾ ਹੈ, ਸਿਮਰਨ ਹੁੰਦਾ ਹੈ। ਇਸ਼ਕ, ਪੋਥੀ, ਸਿਮਰਨ, ਸਮਾਅ, ਵਜਦ ਅਤੇ ਨਾਬਰੀ ਦੇ ਆਪਸੀ ਰਿਸ਼ਤੇ ਬੜੇ ਗਹਿਰੇ ਹੁੰਦੇ ਹਨ। ਜਿਸ ਸੂਫੀ ਚਿਸ਼ਤੀ ਸਿਲਸਿਲੇ ਨਾਲ ਵਾਰਿਸ ਸ਼ਾਹ ਜੁੜਿਆ ਹੋਇਆ ਸੀ, ਉਸ ਸਿਲਸਿਲੇ ਦੇ ਮਹਾਨ ਸੂਫੀ ਕੁਦਤਬੁਦੀਨ ਬਖਤਯਾਰ ਕਾਕੀ (ਮੌਤ 1236 ਈ.) ਇਕ ਮਰਤਬਾ ਕੱਵਾਲਾਂ ਵੱਲੋਂ ਗਾਏ ਫਾਰਸੀ ਸ਼ਿਅਰ ਨੂੰ ਸੁਣ ਕੇ ਵਜਦ ਵਿੱਚ ਆ ਗਏ। ਫਵਾਇਦੁਲ-ਫੁਆਦ ਵਿੱਚ ਦਰਜ ਹੈ ਕਿ ਆਪ ਫਿਰ ਚਾਰ ਦਿਨ ਚਾਰ ਰਾਤਾਂ ਲਗਾਤਾਰ ਇਸੇ ਸ਼ਿਅਰ ਦੀਆਂ ਤੁਕਾਂ ਅਲਾਪਦੇ ਰਹੇ, ‘ਕੁਸ਼ਤਗਾਨਿ-ਖੰਜਰਿ ਤਸਲੀਮ ਰਾ. ਹਰ ਜ਼ਮਾਂ ਅਜ਼ ਗੇਬ ਜਾਨਿ ਦੀਗਰ ਅਸਤ’, ਜਿਸ ਦਾ ਅਰਥ ਹੈ ਕਿ ਭਾਣੇ ਦੇ ਖੰਜਰ ਨਾਲ ਕੁੱਠੇ ਹੋਏ ਸ਼ਹੀਦਾਂ ਉਤੇ ਗੈਬ ਤੋਂ ਹਰ ਪਲ ਨਵੀਂ ਜ਼ਿੰਦਗੀ ਦੀ ਬਖਸ਼ਿਸ ਹੁੰਦੀ ਹੈ। ਆਪ ਇਨ੍ਹਾਂ ਸਤਰਾਂ ਨੂੰ ਸੁਣਨ ਨਾਲ ਪੈਦਾ ਹੋਏ ਸਰੂਰ ਵਿੱਚ ਨੱਚਦਿਆਂ-ਨੱਚਦਿਆਂ ਵਫਾਤ ਪਾ ਗਏ। ਆਸ਼ਕਾਂ ਵੱਲੋਂ ਕੀਤੇ ਸਿਮਰਨ ਤੇ ਸਮਾਅ ਵਿੱਚ ਬੜੀ ਊਰਜਾ ਹੁੰਦੀ ਹੈ। ਸਿਆਲਾਂ ਖੇੜਿਆਂ ਵੱਲੋਂ ਜਦੋਂ ਵੀ ਹੀਰ ਰਾਂਝੇ ਦੇ ਇਸ਼ਕ ਉਤੇ ਭੀੜ ਪੈਂਦੀ ਹੈ, ਰਾਂਝਾ ਵੰਝਲੀ ਵਜਾ ਕੇ, ਸਮਾਅ ਕਰ ਕੇ ਪੰਜ ਪੀਰਾਂ ਦੀ ਅਰਾਧਨਾ ਕਰਦਾ ਹੈ। ਪੀਰ ਖੁਸ਼ ਹੋ ਜਾਂਦੇ ਹਨ। ਉਹ ਇਸ਼ਕ ਦੇ ਪੈਂਡੇ 'ਤੇ ਹੀਰ ਰਾਂਝੇ ਦੇ ਹਮਸਫਰ ਹਨ। ਰਾਂਝਾ ਤਾਂ ਸੰਗੀਤ ਸਮਾਅ ਦਾ ਝੰਡਾ ਬਰਦਾਰ ਹੈ। ਉਸ ਦੀ ਵੰਝਲੀ 'ਚ ਮੋਹਨੀ ਮੰਤਰ ਦਾ ਵਾਸਾ ਹੈ। ਪਹਿਲਾਂ ਇਹ ਤਖਤ ਹਜ਼ਾਰੇ ਦੀਆਂ ਤਿ੍ਰਮਤਾਂ ਨੂੰ ਮੋਂਹਦੀ ਹੈ, ਫੇਰ ਝਨਾਂ ਦੇ ਪੱਤਣਾਂ ਦੀਆਂ ਔਰਤਾਂ ਠੱਗੀਆਂ ਜਾਂਦੀਆਂ ਨੇ, ਝਨਾਂ ਤੋਂ ਪਾਰ ਝੰਗ ਸਿਆਲਾਂ ਦੀ ਹੀਰ ਤੇ ਝੰਗ ਦੀਆਂ ਮਹੀਆਂ ਇਸ ਟੂਣੇਹਾਰੀ ਦੇ ਸਰੋਦ ਵਿੱਚ ਕੈਦ ਹੋ ਜਾਂਦੀਆਂ ਨੇ ਅਤੇ ਝੰਗ ਦੇ ਬੇਲਿਆਂ ਵਿੱਚ ਇਹ ਵੰਝਲੀ ‘ਅਲਖ ਜਾਗੇ, ਅਲਖ ਜਾਗੇ' ਦਾ ਭਾਂਤ-ਭਾਂਤ ਦੇ ਰਾਗ ਰਾਗਨੀਆਂ 'ਚ ਛਾਪ ਕਰਕੇ ਅਲੱਖ ਪੰਜ ਪੀਰਾਂ ਨੂੰ ਸੱਦ ਲੈਂਦੀ ਹੈ ਤੇ ਹੀਰ ਰਾਂਝੇ ਦਾ ਨਿਕਾਹ ਵੀ ਕਰਵਾ ਦਿੰਦੀ ਹੈ। ਵੰਝਲੀ ਵਿੱਚ ਤਾਂ ਸ਼ੀਂਹਾ ਸ਼ੇਰਾਂ ਨੂੰ ਮਸਤੀ ਤੇ ਨੀਂਦਰਾਂ ਦੇ ਆਲਮ 'ਚ ਉਤਾਰਨ ਦਾ ਵੀ ਜਾਦੂ ਹੈ:
ਖੜਿਆ ਹੋਇ ਕੇ ਰਾਂਝੇ ਵੰਝੁਲੀ ਵਜਾਈ।
ਵੰਝੁਲੀ ਸੁਣਿ ਕੇ ਸ਼ੇਰ ਜੋ ਮਸਤ ਹੋਇਆ,
ਗਾਲਬ ਨੀਂਦ ਤਾਂ ਸ਼ੇਰ ਨੂੰ ਤੁਰਤ ਆਈ। (ਹੀਰ ਅਹਿਮਦ)
ਵੰਝਲੀ ਦੇ ਸੁਰ ਗੈਰ ਮਨੁੱਖੀ ਜੀਵਾਂ ਨੂੰ ਸਿਜਦਾ ਕਰਨ ਦਾ ਸਬਕ ਸਿਖਾਉਂਦੇ ਹਨ, ਉਹ ਇਸ ਦੀ ਆਵਾਜ਼ ਸੁਣ ਕੇ ਰਾਂਝੇ ਦੇ ਦੀਦਾਰ ਕਰਨ ਆਪੋ ਆਪਣੇ ਠਿਕਾਣਿਆਂ ਤੋਂ ਚੱਲ ਪੈਂਦੇ ਹਨ, ਪੇੜ, ਪੌਦੇ ਤੇ ਝਾੜੀਆਂ ਸੁਰੀਲੇ ਹੋ ਜਾਂਦੇ ਹਨ:
ਤਾਂ ਰਾਂਝੇ ਹਥ ਵੰਝਲੀ ਕੀਤੀ,
ਕੇਹੀਆਂ ਸੁਰਾਂ ਅਲਾਈਆਂ।
ਸ਼ਕਨ ਕਾਹਿ, ਕੂਕਾਇ ਬੰਬੂਲਾਂ,
ਸ਼ੂਕਨ ਬੂਟੇ ਲਾਈਆਂ।
ਸ਼ੀਂਹ, ਬਾਰਿੰਡੇ, ਚੀਤੇ,
ਸਭੇ ਜ਼ਾਰਤ ਆਈਆਂ।
ਆਖ ਦਮੋਦਰ ਕੀਕਣ ਦਿਸਣ,
ਜਦ ਈਦ ਦੇ ਸਿਜਦੇ ਪਾਈਆਂ। (ਹੀਰ ਦਮੋਦਰ)
ਸੂਫੀ ਚਿੰਤਕ ਹੁਜਵੀਰੀ ਦੀ ਦਲੀਲ ਹੈ ਕਿ ਜਿਸ ਇਨਸਾਨ ਨੂੰ ਸੰਗੀਤ ਪਸੰਦ ਨਹੀਂ, ਉਹ ਜਾਂ ਤਾਂ ਝੂਠਾ ਹੈ, ਜਾਂ ਪਖੰਡੀ, ਜਾਂ ਉਹ ਆਪਣੇ ਹੋਸ਼ ਹਵਾਸ 'ਚ ਨਹੀਂ। ਅਜਿਹਾ ਬੰਦਾ ਨਾ ਮਨੁੱਖ ਹੈ, ਨਾ ਜਾਨਵਰ। ਇਸ਼ਕ ਤੇ ਸੰਗੀਤ ਦੇ ਸੰਗਮ ਦਾ ਉਛਾਲ ਇੰਨਾ ਤੀਬਰ ਤੀਖਣ ਹੁੰਦਾ ਹੈ ਕਿ ਵੰਝਲੀ ਮਹਿਬੂਬ ਜਿਹੀ ਨਜ਼ਰ ਆਉਣ ਲੱਗ ਪੈਂਦੀ ਹੈ। ਅਬਦੁਲ ਗਫੂਰ ਕੈਸ ਨਾਂ ਦੇ ਸ਼ਾਇਰ ਦੀ ਮਸਨਵੀ, ‘ਹੀਰ' 'ਚ ਅਜਿਹਾ ਕੁਝ ਹੀ ਵਾਪਰਦਾ ਹੈ।
ਰਾਂਝਾ ਜਦ ਤਖਤ ਹਜ਼ਾਰੇ ਦੀ ਤਮਾਮ ਮਰੂਸ (ਵਿਰਾਸਤ) ਨੂੰ ਛੱਡ ਕੇ ਆਪਣੇ ਅਸਲ ਮੁਕਾਮ ਨੂੰ ਵਿਦਾ ਹੁੰਦੈ, ਤਦ ਉਹ ਆਪਣੀ ਨਿੱਜੀ ਵਿਰਾਸਤ ਨੂੰ ਕੱਛ 'ਚ ਸਾਂਭ ਲੈਂਦਾ ਹੈ, ‘ਕੱਛ ਵੰਝਲੀ ਮਾਰ ਕੇ ਰਵਾਂ ਹੋਇਆ, ਵਾਰਿਸ ਸ਼ਾਹ ਨੇ ਵਤਨ ਵਿਸਾਰਿਆ ਹੈ।' ਸਾਜ਼ ਬਿਨ ਇਬਾਦਤ ਤੇ ਇਸ਼ਕ ਦਾ ਸਫਰ ਕਿਵੇਂ ਹੋ ਸਕਦਾ ਹੈ? ਖੌਰੇ ਵੰਝਲੀ ਹੀਰ ਰਾਂਝੇ ਦੇ ਨਾਲ ਹੀ ਨਾ ਦਫਨਾਈ ਹੋਵੇ। ਹੀਰ ਰਾਂਝੇ ਦੇ ਮੁਰੀਦ ਬਾਲ ਨਾਥ ਦੇ ਟਿੱਲੇ ਤੋਂ ਵੰਝਲੀ ਨੂੰ ਲਿਆ ਹੋਣ! ਬਾਲ ਨਾਥ ਨੇ ਰਾਂਝੇ ਨੂੰ ਜੋਗੀ ਬਣਾਉਣ ਤੋਂ ਬਾਅਦ ਸ਼ਾਇਦ ਵੰਝਲੀ ਆਪਣੇ ਕੋਲ ਰੱਖ ਲਈ ਹੋਵੇ! ਹਾਂ ਇਹ ਸੱਚ ਹੈ ਕਿ ਜਦ ਰਾਂਝਾ ਬਾਲ ਨਾਥ ਦੇ ਟਿੱਲੇ ਤੋਂ ਰੰਗਪੁਰ ਖੇੜਿਆਂ ਵੱਲ ਰੁਖਸਤ ਹੋਇਆ ਤਾਂ ਉਸ ਦੇ ਸੰਗ ਵੰਝਲੀ ਦੀ ਥਾਂ ਇਸ਼ਕ ਦਾ ਸਿੰਗ ਨਾਦ ਸੀ।
ਵਾਰਿਸ ਸ਼ਾਹ ਨੂੰ ਸੈਨਤਾਂ ਮਾਰਨੀਆਂ ਆਉਂਦੀਆਂ ਹਨ। ਉਹ ਇਕੋ ਹੀ ਸੈਨਤ 'ਚ ਹੀਰ ਨੂੰ ਇਕ ਮੁਕੱਦਸ ਪੋਥੀ 'ਚ ਤਬਦੀਲ ਕਰ ਦਿੰਦਾ ਹੈ, ਜਦ ਉਹ ਹੀਰ ਦੇ ਚਿਹਰੇ ਨੂੰ ਕਿਤਾਬ ਦੇ ਖੁਸ਼ਖਤ ਹਰਫ 'ਚ ਢਾਲਦਾ ਹੈ। ਉਸ ਦੀ ਸੈਨਤਸਾਜ਼ੀ ਨੂੰ ਸਲਾਮ ਕਹਿਣ ਤੇ ਸਿਜਦਾ ਕਰਨ ਦਾ ਫਰਜ਼ ਉਨ੍ਹਾਂ ਸਭ ਪੰਜਾਬੀਆਂ ਦਾ ਹੈ, ਜਿਨ੍ਹਾਂ ਨੇ ਵੰਝਲੀ ਤੇ ਹੀਰ ‘ਵੇਖੀ ਪੜ੍ਹੀ' ਹੈ।
ਕੋਈ ਵੇਲਾ ਸੀ ਜਦ ਪੰਜਾਬ ਦੀਆਂ ਬੀਹੀਆਂ ਵਿੱਚ ਲੋਕ ਗਾਇਕ ਢੱਡ ਸਾਰੰਗੀਆਂ ਹੱਥ 'ਚ ਫੜ ਕੇ ਹੀਰ ਰਾਂਝੇ ਦੀ ਗਾਥਾ ਗਾ-ਗਾ ਕੇ ਸੁਣਾਉਂਦੇ ਸਨ। ਲੋਕਾਈ ਇਕ-ਜੁਟ ਹੋ ਕੇ ਸਰਵਣ ਕਰਦੀ ਸੀ। ਇਸ ਗਾਥਾ (ਗਾਥਾਵਾਂ) 'ਚ ਹੀਰ ਪ੍ਰੇਮ ਭਗਤੀ 'ਚ ਰੰਗੀ ਰਾਧਾ ਰੁਕਮਣੀ ਤੇ ਰਾਂਝਾ ਉਸ ਦਾ ਬੰਸੀਵਾਲਾ ਕ੍ਰਿਸ਼ਨ ਮੋਹਨ ਮਹਿਬੂਬ ਹੁੰਦਾ ਸੀ। ਰਮਤੇ ਗਵੱਈਏ ਹੀਰ ਦੇ ਵਿਆਹ ਦਾ ਦਿ੍ਰਸ਼ ਸਿਰਜਦੇ ਸਨ। ਹਜ਼ਰਤ ਮੁਹੰਮਦ ਸਾਹਿਬ ਜੰਜ ਲੈ ਕੇ ਢੁੱਕਦੇ, ਜਗਤ ਦਾ ਰਚਨਾਕਾਰ, ਬ੍ਰਹਮਾ ਹੀਰ ਦੀ ਸ਼ਾਦੀ ਦਾ ਸ਼ਾਮਿਆਨਾ ਤੇ ਮੰਡਪ ਤਿਆਰ ਕਰਦਾ, ਪੰਜ ਪੀਰ ਖਵਾਜਾ ਖਿਜ਼ਰ, ਸ਼ੇਖ ਫਰੀਦ, ਬਹਾਉਦੀਨ ਜ਼ਕਰੀਆ, ਸੱਯਦ ਜਮਾਮ ਚੁਖਾਰੀ ਤੇ ਲਾਲ ਸ਼ਾਹਬਾਜ਼-ਹੀਰ ਰਾਂਝੇ ਦਾ ਨਿਕਾਹ ਪੜ੍ਹਦੇ। ਇਨ੍ਹਾਂ ਪੰਜ ਪੀਰਾਂ 'ਚੋਂ ਖਵਾਜਾ ਖਿਜ਼ਰ ਨਿਕਾਹ ਦਾ ਗਵਾਹ ਵੀ ਹੰੁਦਾ। ਲੋਕਾਈ ਨੂੰ ਰਾਂਝੇ 'ਚੋਂ ਕਦੇ ਕ੍ਰਿਸ਼ਨ ਤੇ ਕਦੇ ਹਜ਼ਰਤ ਮੁਹੰਮਦ ਸਾਹਿਬ ਦੇ ਝਾਉਲੇ ਪੈਂਦੇ। ਬਾਬਾ ਬੁੱਲ੍ਹੇ ਸ਼ਾਹ ਇਨ੍ਹਾਂ ਪਰਛਾਈਆਂ ਦੇ ਅਸਲ ਨੂੰ ਜਾਣਦਾ ਸੀ। ਉਸ ਨੇ ਇਨ੍ਹਾਂ ਝਾਉਲਿਆਂ ਨੂੰ ਆਪਣੀਆਂ ਕਾਫੀਆਂ 'ਚ ਉਤਾਰਿਆ:
ਬੰਸੀ ਵਾਲਿਆ ਚਾਕਾ ਰਾਂਝਾ
ਤੇਰਾ ਸੁਰ ਹੈ ਸਭ ਨਾਲ ਸਾਂਝਾ।
ਰਾਂਝੇ ਦੀ ਨੁਹਾਰ ਵਿੱਚੋਂ ਹਜ਼ਰਤ ਮੁਹੰਮਦ ਸਾਹਿਬ ਦੇ ਦੀਦਾਰ ਲਈ ਬੁੱਲ੍ਹੇ ਨੂੰ ਆਪਣੇ ਭੀਤਰ ਹੀਰ ਦੀ ਰੂਹ ਦੀ ਅਲਖ ਜਗਾਉਣੀ ਪੈਂਦੀ ਹੈ- ‘ਕੌਣ ਆਇਆ ਪਹਿਨ ਲਿਬਾਸ ਕੁੜੇ।/ ਤੁਸੀਂ ਪੁੱਛੋ ਨਾਲ ਇਖਲਾਸ ਕੁੜੇ।/ ਹੱਥ ਖੂੰਡੀ ਮੋਢੇ ਕੰਬਲ ਕਾਲਾ, ਅੱਖੀਆਂ ਵਿੱਚ ਵਸੇ ਉਜਾਲਾ,/ ਚਾਕ ਨਹੀਂ ਹੋਈ ਹੈ, ਮਤਵਾਲਾ, ਪੁੱਛੋ ਬਿਠਾ ਕੇ ਪਾਸ ਕੁੜੇ।' ‘ਹੀਰ ਵਾਰਿਸ' ਵਿੱਚ ਝਨਾਂ ਦੇ ਪੱਤਣਾਂ ਉਤੇ ਰਾਂਝਾ, ਹੀਰ ਤੇ ਉਸ ਦੀਆਂ ਸਾਥਣਾਂ ਸਹੇਲੀਆਂ ਜੋ ਇਸ਼ਕ ਦੀ ਖੇਡ ਖੇਡਦੀਆਂ ਹਨ, ਉਸ ਦੀ ਪਿੱਠ ਭੂਮੀ 'ਤੇ ਜਮਨਾ ਕਿਨਾਰੇ ਕ੍ਰਿਸ਼ਨ, ਰਾਧਾ ਅਤੇ ਗੋਪੀਆਂ ਦੀ ਖੇਡੇ ਜਾਣ ਵਾਲੀ ਲੀਲ੍ਹਾ ਵੀ ਨਜ਼ਰ ਆ ਰਹੀ ਹੁੰਦੀ ਹੈ। ਦੋਵਾਂ ਸਕਰੀਨਾਂ 'ਤੇ ਇਮਾਨ ਦਾ ਤੇ ਭਗਤੀ/ ਤਸੱਵੁਫੀ ਰੋਮਾਂਸ ਦਾ ਸੰਗਮ ਦਿ੍ਰਸ਼ਟੀਮਾਨ ਹੁੰਦਾ ਹੈ। ਪੋਥੀ ‘ਹੀਰ ਵਾਰਿਸ' ਭਗਤੀ ਮੂਲਕ ਤੇ ਤਸੱਵੁਰ ਮੂਲਕ ਜਾਂ ਇੰਜ ਕਹਿ ਲਵੋ ਕਿ ਇਬਾਦਤ/ ਸਿਮਰਨ ਮੂਲਕ ਇਸ਼ਕ ਦਾ ਪ੍ਰਵਚਨ ਹੈ। ਇਸ ਵਿੱਚ ਇਸ਼ਕ ਮਿਜ਼ਾਜੀ ਤੇ ਇਸ਼ਕ ਹਕੀਕੀ ਬਾਖੂਬੀ ਗੁੰਦੇ ਹੋਏ ਹਨ।

Have something to say? Post your comment