Welcome to Canadian Punjabi Post
Follow us on

26

March 2019
ਨਜਰਰੀਆ

ਆਮ ਚੋਣਾਂ ਵਿੱਚ ਊਠ ਕਿਸ ਕਰਵਟ ਬੈਠੇਗਾ

March 15, 2019 09:56 AM

-ਵਕੀਲ ਅਹਿਮਦ
ਦੇਸ਼ ਵਿੱਚ ਆਮ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਅਤੇ ਸਿਆਸੀ ਪਾਰਟੀਆਂ ਨੇ ਤਿਆਰੀਆਂ ਆਰੰਭ ਦਿੱਤੀਆਂ ਹਨ। ਊਠ ਕਿਸ ਕਰਵਟ ਬੈਠੇਗਾ, ਇਹ ਅੰਦਾਜ਼ਾ ਲਾਉਣਾ ਅਜੇ ਮੁਸ਼ਕਲ ਹੈ। ਜਿਸ ਤਰ੍ਹਾਂ ਪੁਲਵਾਮਾ ਕਾਂਡ ਮੋਦੀ ਲਈ ਇੱਕ ਮੌਕਾ ਬਣ ਗਿਆ ਅਤੇ ਪਾਕਿਸਤਾਨ 'ਤੇ ਏਅਰ ਸਟ੍ਰਾਈਕ ਕਰ ਕੇ ਉਨ੍ਹਾਂ ਨੇ ਊਠ ਦੀ ਕਰਵਟ ਨੂੰ ਆਪਣੇ ਵੱਲ ਕਰ ਲਿਆ ਹੈ, ਜੇ ਇਸੇ ਤਰ੍ਹਾਂ ਵਿਰੋਧੀ ਧਿਰ ਦੇ ਹੱਥ ਵੀ ਕੋਈ ਚਮਤਕਾਰ ਲੱਗ ਜਾਵੇ ਤਾਂ ਸ਼ਾਇਦ ਗੇਮ ਉਲਟੀ ਹੋ ਸਕਦੀ ਹੈ।
ਚੋਣਾਂ ਵੀ ਕ੍ਰਿਕਟ ਵਾਂਗ ਸੰਭਾਵਨਾਵਾਂ ਦੀ ਖੇਡ ਹਨ। ਅੱਜ ਮੋਦੀ ਵਿਰੋਧੀ ਧਿਰ ਨੂੰ ਖੂਬ ਨਿੰਦ ਰਹੇ ਹਨ, ਆਪਣੀ ਭੜਾਸ ਕੱਢ ਰਹੇ ਹਨ, ਲੋਕਾਂ ਨਾਲ ਸਿੱਧਾ ਸੰਵਾਦ ਉਨ੍ਹਾਂ ਦੀ ਤਾਕਤ ਹੈ ਅਤੇ ਇਸ ਵਿੱਚ ਵਿਰੋਧੀ ਧਿਰ ਨੂੰ ਨੀਚਾ ਦਿਖਾਉਣ ਦਾ ਉਹ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦੇ। ਯਕੀਨੀ ਤੌਰ 'ਤੇ ਮੋਦੀ ਕਿਸਮਤ ਦੇ ਧਨੀ ਤੇ ਸਿਆਸਤ ਦੇ ਚਲਾਕ ਖਿਡਾਰੀ ਹਨ। ਜਿੱਥੋਂ ਤੱਕ ਵਿਰੋਧੀ ਧਿਰ ਦਾ ਸਵਾਲ ਹੈ, ਕਾਂਗਰਸ ਗਠਜੋੜ ਨਾਲ ਮੋਦੀ ਦਾ ਕਿਲਾ ਢਾਹੁਣਾ ਚਾਹੁੰਦੀ ਹੈ, ਪਰ ਖੁਦ ਗਠਜੋੜ ਬਾਰੇ ਭਰਮ 'ਚ ਹੈ। ਯੂ ਪੀ ਵਿੱਚ ਸਮਾਜਵਾਦੀ ਪਾਰਟੀ-ਬਸਪਾ ਨਾਲ ਉਸ ਦਾ ਗੱਠਜੋੜ ਨਹੀਂ ਹੋਇਆ, ਹਾਲਾਂਕਿ ਸੰਭਾਵਨਾ ਬਰਕਰਾਰ ਹੈ। ਮੇਰੇ ਵਿਚਾਰ ਅਨੁਸਾਰ ਜੇ ਕਾਂਗਰਸ ਮੋਦੀ ਨੂੰ ਹਰਾਉਣਾ ਚਾਹੁੰਦੀ ਹੈ ਤਾਂ ਯੂ ਪੀ ਵਿੱਚ ਉਸ ਨੂੰ ਸਪਾ-ਬਸਪਾ ਨਾਲ ਤਾਲਮੇਲ ਬਿਠਾਉਣਾ ਚਾਹੀਦਾ ਹੈ ਅਤੇ ਪ੍ਰਿਅੰਕਾ ਗਾਂਧੀ ਨੂੰ ਸਿਰਫ ਪੂਰਬੀ ਯੂ ਪੀ ਤੱਕ ਸੀਮਿਤ ਨਾ ਰੱਖ ਕੇ ਦੇਸ਼ ਭਰ ਵਿੱਚ ਉਨ੍ਹਾਂ ਦੀਆਂ ਰੈਲੀਆਂ ਕਰਵਾਉਣੀਆਂ ਚਾਹੀਦੀਆਂ ਹਨ ਕਿਉਂਕਿ ਪ੍ਰਿਅੰਕਾ ਵੀ ਮੋਦੀ ਵਾਂਗ ਖੁੱਲ੍ਹ ਕੇ ਬੋਲਦੀ ਹੈ ਤੇ ਉਸ 'ਚ ਲੋਕਾਂ ਨਾਲ ਸਿੱਧੇ ਤੌਰ 'ਤੇ ਜੁੜਨ ਦੀ ਕਲਾ ਹੈ।
ਮੈਂ ਇੱਕ ਵਾਰ ਫਿਰ ਏਅਰ ਸਟ੍ਰਾਈਕ ਉਤੇ ਆਉਂਦਾ ਹਾਂ। ਪੁਲਵਾਮਾ ਹਮਲੇ ਦਾ ਬਦਲਾ ਭਾਰਤੀ ਫੌਜ ਨੇ ਏਅਰ ਸਟ੍ਰਾਈਕ ਨਾਲ ਲੈ ਲਿਆ, ਪਰ ਮੋਦੀ ਨੂੰ ਚਾਹੀਦਾ ਹੈ ਕਿ ਉਹ ਇਸ ਮਾਮਲੇ 'ਤੇ ਸਿਆਸਤ ਨਾ ਕਰਨ, ਇਸ ਦੇ ਬਹਾਨੇ ਵਿਰੋਧੀ ਪਾਰਟੀਆਂ ਨੂੰ ਨਾ ਨਿੰਦਣ, ਕਿਉਂਕਿ ਸਾਰੀਆਂ ਪਾਰਟੀਆਂ ਨੇ ਕਿਸੇ ਵੀ ਫੌਜੀ ਕਾਰਵਾਈ ਲਈ ਸਰਕਾਰ ਨੂੰ ਪੂਰਾ ਸਮਰਥਨ ਦਿੱਤਾ ਸੀ। ਅਜਿਹਾ ਕਰਨ ਨਾਲ ਲੋਕਾਂ 'ਚ ਇਹੋ ਸੰਦੇਸ਼ ਜਾਵੇਗਾ ਕਿ ਮੋਦੀ ਲਗਾਤਾਰ ਝੂਠ ਬੋਲ ਰਹੇ ਹਨ। ਲੋਕਾਂ ਨੂੰ ਵੀ ਪਤਾ ਹੈ ਕਿ ਪੁਲਵਾਮਾ ਹਮਲੇ ਤੋਂ ਬਾਅਦ ਮੋਦੀ ਨੇ ਖੁਦ ਸਰਬ ਪਾਰਟੀ ਮੀਟਿੰਗ ਸੱਦੀ ਸੀ ਅਤੇ ਸਾਰੀਆਂ ਸਿਆਸੀ ਪਾਰਟੀਆਂ ਨੇ ਇਕਸੁਰ ਵਿੱਚ ਸਰਕਾਰ ਨੂੰ ਕਾਰਵਾਈ ਲਈ ਹਮਾਇਤ ਦਿੱਤੀ ਸੀ।
ਅੱਜ ਜੋ ਕੁਝ ਨੇਤਾ ਸਬੂਤ ਮੰਗ ਰਹੇ ਹਨ ਤਾਂ ਇਸ ਲਈ ਕਿ ਏਅਰ ਸਟ੍ਰਾਈਕ ਬਾਰੇ ਵਿਦੇਸ਼ੀ ਮੀਡੀਆ 'ਚ ਨਾਂਹ-ਪੱਖੀ ਗੱਲਾਂ ਆ ਰਹੀਆਂ ਹਨ। ਚੰਗਾ ਹੋਵੇ ਜੇ ਮੋਦੀ ਸਬੂਤ ਦੇ ਕੇ ਵਿਦੇਸ਼ੀ ਮੀਡੀਆ ਦਾ ਮੂੰਹ ਬੰਦ ਕਰ ਦੇਣ। ਮੋਦੀ ਇਹ ਵੀ ਨਾ ਸਮਝਣ ਕਿ ਏਅਰ ਸਟ੍ਰਾਈਕ ਨਾਲ ਉਨ੍ਹਾਂ ਨੇ ਕਿਲਾ ਫਤਹਿ ਕਰ ਲਿਆ ਹੈ। ਉਨ੍ਹਾਂ ਨੇ ਸਿਰਫ ਸੱਪ ਨੂੰ ਜ਼ਖਮੀ ਕੀਤਾ ਹੈ ਤੇ ਜ਼ਖਮੀ ਸੱਪ ਹਮੇਸ਼ਾ ਖਤਰਨਾਕ ਹੁੰਦਾ ਹੈ। ਅੱਜ ਨਹੀਂ ਤਾਂ ਕੱਲ੍ਹ ਖਤਰਾ ਵਧੇਗਾ। ਸਰਕਾਰ ਉਸ ਖਤਰੇ ਦਾ ਅੰਦਾਜ਼ਾ ਲਾ ਕੇ ਪੂਰੀ ਤਾਕਤ ਨਾਲ ਉਸ ਨੂੰ ਰੋਕੇ। ਕਸ਼ਮੀਰ 'ਚ ਦੁਬਾਰਾ ਕੋਈ ਦੁਰਘਟਨਾ ਨਾ ਵਾਪਰੇ, ਇਸ 'ਤੇ ਪੂਰੀ ਨਜ਼ਰ ਰੱਖੀ ਜਾਵੇ, ਨਾ ਕਿ ਰੈਲੀਆਂ ਵਿੱਚ ਏਅਰ ਸਟ੍ਰਾਈਕ ਦਾ ਗੁਣਗਾਨ ਕੀਤਾ ਜਾਵੇ। ਕਿਤੇ ਅਜਿਹਾ ਨਾ ਹੋਵੇ ਕਿ ਮੋਦੀ ਵੱਲੋਂ ਖੁਦ ਸਿਹਰਾ ਲੈਣ ਦੇ ਚੱਕਰ ਵਿੱਚ ਮੁੜ ਕੋਈ ਅਣਹੋਣੀ ਵਾਪਰ ਜਾਵੇ।
ਏਅਰ ਸਟ੍ਰਾਈਕ ਬਾਰੇ ਇੰਨਾ ਕੁ ਲਿਖਣਾ ਜ਼ਰੂਰੀ ਸੀ, ਕਿਉਂਕਿ ਇਸ ਨੂੰ ਚੋਣ ਮੁੱਦਾ ਬਣਾਇਆ ਜਾ ਰਿਹਾ ਹੈ, ਜੋ ਬਿਲਕੁਲ ਗਲਤ ਹੈ ਤੇ ਗਲਤਫਹਿਮੀ ਵਿੱਚ ਰਹਿਣ ਵਾਂਗ ਹੈ। ਖੈਰ, ਜੇ ਕਾਂਗਰਸ ਨੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਕਿਲਾ ਫਤਹਿ ਕਰਨਾ ਹੈ ਤਾਂ ਉਸ ਨੂੰ ਸਹਿਯੋਗੀਆਂ ਨੂੰ ਪੂਰਾ ਸਨਮਾਨ ਦੇਣਾ ਪਵੇਗਾ ਅਤੇ ਉਨ੍ਹਾਂ 'ਤੇ ਭਰੋਸਾ ਕਰਨਾ ਪਵੇਗਾ। ਕਾਂਗਰਸ ਨੂੰ ਚਾਹੀਦਾ ਹੈ ਕਿ ਉਹ ਚੋਣਾਂ ਨੂੰ ਮੋਦੀ ਬਨਾਮ ਵਿਰੋਧੀ ਧਿਰ ਨਾ ਬਣਨ ਦੇਵੇ ਕਿਉਂਕਿ ਇਸ ਨਾਲ ਮੋਦੀ ਲੋਕਾਂ 'ਚ ਦਲੀਲਾਂ ਦੇ ਕੇ ਹਾਲਾਤ ਨੂੰ ਆਪਣੇ ਪੱਖ 'ਚ ਕਰਨ ਲਈ ਉਤਾਵਲੇ ਰਹਿੰਦੇ ਹਨ। ਕਾਂਗਰਸ ਲੋਕਾਂ ਨੂੰ ਦੱਸੇ ਕਿ ਜਿਸ ਏਅਰ ਸਟ੍ਰਾਈਕ ਨੂੰ ਮੋਦੀ ਆਪਣੀ ਜਿੱਤ ਦੱਸ ਰਹੇ ਹਨ, ਉਹ ਸਾਰੀਆਂ ਪਾਰਟੀਆਂ ਦੀ ਸਹਿਮਤੀ ਨਾਲ ਹੋਈ ਹੈ ਤੇ ਸਾਡੀ ਫੌਜ ਦੀ ਬਹਾਦਰੀ ਦੀ ਮਿਸਾਲ ਹੈ। ਕਾਂਗਰਸ ਇਸ ਦਾ ਸਿਹਰਾ ਕਿਸੇ ਇੱਕ ਆਗੂ ਨੂੰ ਨਾ ਲੈਣ ਦੇਵੇ, ਸਗੋਂ ਬੇਰੋਜ਼ਗਾਰੀ ਤੇ ਭਿ੍ਰਸ਼ਟਾਚਾਰ ਦੇ ਮੁੱਦਿਆਂ ਨੂੰ ਤਰਜੀਹ ਦੇਵੇ।
ਮੈਂ ਮੋਦੀ ਨੂੰ ਵੀ ਇਹ ਦੱਸਣਾ ਚਾਹੁੰਦਾ ਹਾਂ ਕਿ ਲੋਕਾਂ ਦੀਆਂ ਭਾਵਨਾਵਾਂ ਨੂੰ ਕੁਝ ਸਮੇਂ ਲਈ ਜੋਸ਼ੀਲੇ ਭਾਸ਼ਣਾਂ ਨਾਲ ਭੜਕਾਇਆ ਜਾ ਸਕਦਾ ਹੈ, ਪਰ ਉਨ੍ਹਾਂ ਦੀਆਂ ਸਮੱਸਿਆਵਾਂ ਤੇ ਪ੍ਰੇਸ਼ਾਨੀਆਂ ਨੂੰ ਦੂਰ ਨਹੀਂ ਕੀਤਾ ਜਾ ਸਕਦਾ। ਅੱਜ ਸਾਡੇ ਨੌਜਵਾਨ ਫੌਜ ਦੀ ਬਹਾਦਰੀ ਤੋਂ ਬਹੁਤ ਖੁਸ਼ ਹਨ, ਪਰ ਦੂਜੇ ਪਾਸੇ ਬੇਰੋਜ਼ਗਾਰੀ ਕਾਰਨ ਉਹ ਪ੍ਰੇਸ਼ਾਨ ਵੀ ਹਨ। ਅਸੀਂ ਇਹੋ ਕਾਮਨਾ ਕਰਦੇ ਹਾਂ ਕਿ ਅਜਿਹੀ ਸਰਕਾਰ ਚੁਣੀ ਜਾਵੇ, ਜੋ ਦੇਸ਼ ਦੇ ਕਿਸਾਨਾਂ, ਬੇਰੋਜ਼ਗਾਰਾਂ ਅਤੇ ਛੋਟੇ ਦੁਕਾਨਦਾਰਾਂ, ਜਿਨ੍ਹਾਂ ਨੂੰ ਮੈਂ ਅਰਧ-ਬੇਰੋਜ਼ਗਾਰ ਸਮਝਦਾ ਹਾਂ, ਬਾਰੇ ਸਪੱਸ਼ਟ ਤੌਰ 'ਤੇ ਸੋਚਦੀ ਹੋਵੇ। ਅਸੀਂ ਅਜਿਹੀ ਸਰਕਾਰ ਚੁਣਨੀ ਹੈ, ਜੋ ਦੇਸ਼ 'ਚ ਸਦਭਾਵਨਾ ਤੇ ਖੁਸ਼ਹਾਲੀ ਲਿਆ ਸਕੇ।

 

Have something to say? Post your comment