Welcome to Canadian Punjabi Post
Follow us on

20

May 2019
ਨਜਰਰੀਆ

ਹਵਾਈ ਫੌਜ ਦੇ ਬਾਲਾਕੋਟ ਹਮਲੇ ਨੂੰ ਲੈ ਕੇ ‘ਗੰਦੀ ਸਿਆਸਤ'

March 12, 2019 09:21 AM

-ਹਰੀ ਜੈਸਿੰਘ
ਲੋਕ ਸਭਾ ਚੋਣਾਂ 'ਤੇ ਉਚੇ ਦਾਅ ਲੱਗੇ ਹੋਏ ਹਨ। ਹਰ ਚੀਜ਼ ਦਾ ਸਿਆਸਕਰਨ ਹੋ ਰਿਹਾ ਹੈ। ਇਥੋਂ ਤੱਕ ਕਿ ਭਾਰਤੀ ਹਵਾਈ ਫੌਜ ਵੱਲੋਂ ਬਾਲਾਕੋਟ 'ਤੇ ਕੀਤੇ ਗਏ ਦਲੇਰਾਨਾ ਹਮਲੇ ਵਰਗੇ ਸੰਵੇਦਨਸ਼ੀਲ ਸੁਰੱਖਿਆ ਮੁੱਦੇ 'ਤੇ ਵੀ ਗੰਦੀ ਸਿਆਸਤ ਹੋ ਰਹੀ ਹੈ। ਮੇਰਾ ਮੰਨਣਾ ਹੈ ਕਿ ਇਸ ਗੰਦੀ ਸਿਆਸੀ ਖੇਡ ਦੀ ਸ਼ੁਰੂਆਤ ਕਰਨ ਵਾਲੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਸਨ, ਜਿਨ੍ਹਾਂ ਨੇ ਲੋਕਾਂ ਸਾਹਮਣੇ ਹਵਾਈ ਹਮਲੇ ਵਿੱਚ ਮਰਨ ਵਾਲਿਆਂ ਦੀ ਗਿਣਤੀ 250 ਰੱਖੀ ਸੀ। ਅਮਿਤ ਸ਼ਾਹ ਨੂੰ ਇਹ ਅੰਕੜਾ ਸਰਕਾਰੀ ਸੂਤਰਾਂ ਤੋਂ ਮਿਲਿਆ ਜਾਂ ਸਿੱਧਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ, ਜਿਹੜੇ ਗੁਜਰਾਤ ਦੇ ਦਿਨਾਂ ਤੋਂ ਉਨ੍ਹਾਂ ਦੇ ਨੇੜਲੇ ਸਹਿਯੋਗੀ ਹਨ? ਮੈਂ ਇਸ ਬਾਰੇ ਯਕੀਨ ਨਾਲ ਕੁਝ ਨਹੀਂ ਕਹਿ ਸਕਦਾ, ਕਿਉਂਕਿ ਅੱਜ ਤੱਕ ਇਹ ਬਹੁਤ ਗੁਪਤ ਰਿਹਾ ਹੈ, ਪਰ ਕੁਝ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਵੱਲੋਂ 26 ਫਰਵਰੀ ਦੇ ਬਾਲਾਕੋਟ ਹਵਾਈ ਹਮਲੇ ਉਤੇ ‘ਸ਼ੱਕ' ਪ੍ਰਗਟਾਉਣ ਅਤੇ ‘ਸਬੂਤ' ਮੰਗਣ ਨਾਲ ਪਹਿਲਾਂ ਹੀ ਨੁਕਸਾਨ ਹੋ ਚੁੱਕਾ ਹੈ।
ਇਹ ਬਹੁਤ ਅਫਸੋਸਨਾਕ ਹੈ ਕਿ ਚੋਣਾਂ ਦੀ ਚੂਹਾ ਦੌੜ ਤੇਜ਼ ਹੋ ਗਈ ਹੈ। ਕਾਂਗਰਸ ਦੇ ਆਗੂ ਦਿਗਵਿਜੇ ਸਿੰਘ ਨੇ ਮਹਿਬੂਬਾ ਮੁਫਤੀ ਅਤੇ ਮਮਤਾ ਬੈਨਰਜੀ ਦੀ ਹਾਂ ਵਿੱਚ ਹਾਂ ਮਿਲਾਉਂਦਿਆਂ ਪਿਛਲੇ ਐਤਵਾਰ (ਤਿੰਨ ਮਾਰਚ) ਨੂੰ ਹਮਲੇ ਦੇ ਸਬੂਤ ਮੰਗੇ ਅਤੇ ਕਿਹਾ ਸੀ ਕਿ ‘ਜਿਸ ਤਰ੍ਹਾਂ ਅਮਰੀਕਾ ਨੇ ਲਾਦੇਨ ਵਿਰੁੱਧ ਕਾਰਵਾਈ ਦੇ ਪੱਕੇ ਸਬੂਤ ਦੁਨੀਆ ਨੂੰ ਦਿੱਤੇ ਸਨ, ਸਾਨੂੰ ਵੀ ਆਪਣੇ ਹਵਾਈ ਹਮਲੇ ਦੇ ਮਾਮਲੇ ਵਿੱਚ ਅਜਿਹਾ ਹੀ ਕਰਨਾ ਚਾਹੀਦਾ ਹੈ।'
ਦਿਗਵਿਜੇ ਸਿੰਘ ਜ਼ਬਰਦਸਤ ਓਸਾਮਾ ਬਿਨ ਲਾਦੇਨ ਆਪਰੇਸ਼ਨ ਨਾਲ ਪੁਲਵਾਮਾ ਵਾਲੇ ਦਹਿਸ਼ਤਗਰਦ ਹਮਲੇ ਦੀ ਪ੍ਰਤੀਕਿਰਿਆ ਵਿੱਚ ਬਾਲਾਕੋਟ ਵਾਲੇ ਸਾਧਾਰਨ ਹਵਾਈ ਹਮਲੇ ਦੀ ਤੁਲਨਾ ਕਿਵੇਂ ਕਰਦੇ ਹਨ। ਪੁਲਵਾਮਾ ਵਿੱਚ ਜੈਸ਼-ਏ-ਮੁਹੰਮਦ ਵੱਲੋਂ ਟ੍ਰੇਂਡ ਇਕ ਸਥਾਨਕ ਕਸ਼ਮੀਰੀ ਆਤਮਘਾਤੀ ਬੰਬ ਹਮਲਾਵਰ ਨੇ ਸ੍ਰੀਨਗਰ ਨੂੰ ਚੱਲੇ ਸੀ ਆਰ ਪੀ ਐਫ ਦੇ ਕਾਫਿਲੇ ਵਿਰੁੱਧ ਹਮਲਾ ਕੀਤਾ ਸੀ। ਅਮਰੀਕੀ ਸਰਕਾਰ ਨੂੰ ਵੀ ਓਸਾਮਾ ਬਿਨ ਲਾਦੇਨ ਦੀ ਸਮੁੰਦਰ ਵਿੱਚ ਸਮਾਧੀ ਬਣਾਏ ਜਾਣ ਦਾ ਵੇਰਵਾ ਪੇਸ਼ ਕਰਨ ਵਿੱਚ ਕਈ ਮਹੀਨੇ ਲੱਗ ਗਏ ਸਨ।
ਕੀ ਕਾਂਗਰਸ ਦੇ ਗੈਰ ਜ਼ਿੰਮੇਵਾਰ ਨੇਤਾ ਨੂੰ ਅਹਿਸਾਸ ਹੈ ਕਿ ਉਹ ਦੇਸ਼ ਨੂੰ ਗੁੰਮਰਾਹ ਕਰਨ ਲਈ ਅਸਿੱਧੇ ਤੌਰ ਉਤੇ ਭਾਰਤੀ ਹਵਾਈ ਫੌਜ ਨੂੰ ਦੋਸ਼ ਦੇ ਰਹੇ ਹਨ? ਕੀ ਉਨ੍ਹਾਂ ਨੂੰ ਨਹੀਂ ਪਤਾ ਕਿ ਭਾਰਤੀ ਫੌਜਾਂ ਆਪਣੀਆਂ ਕਾਰਵਾਈਆਂ ਕਰਨ 'ਚ ਬਹੁਤ ਨਿਪੁੰਨ ਅਤੇ ਭਰੋਸੇ ਯੋਗ ਹਨ ਅਤੇ ਭਾਰਤੀ ਸੁਰੱਖਿਆ ਫੋਰਸਾਂ ਕਿਸੇ ਦੀ ਸਿਆਸੀ ਜਾਗੀਰ ਨਹੀਂ ਹਨ?
ਮੌਜੂਦਾ ਵਿਵਾਦ ਦੇ ਵਿਚਾਲੇ ਹਵਾਈ ਫੌਜ ਦੇ ਮੁਖੀ ਬੀ ਐਸ ਧਨੋਆ ਨੇ ਚਾਰ ਮਾਰਚ ਨੂੰ ਕਿਹਾ ਕਿ ਹਵਾਈ ਫੌਜ ਇਸ ਸਥਿਤੀ 'ਚ ਨਹੀਂ ਕਿ ਸਪੱਸ਼ਟ ਕਰ ਸਕੇ ਕਿ ਕਿੰਨੇ ਲੋਕ ਉਥੇ ਅੰਦਰ ਸਨ, ਭਾਵ ਨਿਸ਼ਾਨੇ ਹੇਠਾਂ ਸਨ, ਅਸੀਂ ਮਨੁੱਖੀ ਲਾਸ਼ਾਂ ਨਹੀਂ ਗਿਣਦੇ, ਇਹ ਗਿਣਦੇ ਹਾਂ ਕਿ ਕਿੰਨੇ ਨਿਸ਼ਾਨੇ ਲੱਗੇ ਜਾਂ ਨਹੀਂ ਲੱਗੇ। ਧਨੋਆ ਨੇ ਕਿਹਾ ਕਿ ਇਹ ਸਰਕਾਰ ਦਾ ਕੰਮ ਹੈ ਕਿ ਉਹ ਮਾਰੇ ਗਏ ਅੱਤਵਾਦੀਆਂ ਦੀ ਗਿਣਤੀ ਦਾ ਵੇਰਵਾ ਦੱਸੇ। ਫਿਰ ਭਾਰਤੀ ਹਵਾਈ ਫੌਜ ਨੇ ਸਰਕਾਰ ਨੂੰ ਇੱਕ ਸੈਟੇਲਾਈਟ ਤਸਵੀਰਾਂ ਦੀ ਰਿਪੋਰਟ ਸੌਂਪੀ ਅਤੇ ਰਾਇਟਰਸ ਦੀ ‘ਪਲੈਨੇਟ ਲੈਬਸ ਇਮੇਜਿਸ ਰਿਪੋਰਟ' ਦਾ ਖੰਡਨ ਕੀਤਾ ਹੈ। ਭਾਰਤੀ ਹਵਾਈ ਫੌਜ ਨੇ ਮਿੱਥੇ ਨਿਸ਼ਾਨਿਆਂ ਉੱਤੇ ਪੂਰੀ ਸਟੀਕਤਾ ਅਤੇ ਸਫਲਤਾ ਨਾਲ ਹਮਲਾ ਕੀਤਾ ਹੈ।
ਕੰਟਰੋਲ ਲਾਈਨ ਦੇ ਪਾਰ ਹਮਲਾ ਕਰਕੇ ਭਾਰਤੀ ਹਵਾਈ ਫੌਜ ਨੇ ਇਕ ਬੜੀ ਗੁੰਝਲਦਾਰ ਮੁਹਿੰਮ ਹੇਠ ਕਾਰਵਾਈ ਕਰਨ ਦੀ ਆਪਣੀ ਸਮਰੱਥਾ ਦਿਖਾਈ ਹੈ, ਜਿਸ ਦੇ ਲਈ ਵੱਖ-ਵੱਖ ਤਰ੍ਹਾਂ ਦੇ ਜਹਾਜ਼ਾਂ ਤੇ ਹੁਨਰ ਵਿਚਾਲੇ ਬਹੁਤ ਤਾਲਮੇਲ ਦੀ ਲੋੜ ਸੀ। ਭਾਰਤੀ ਹਵਾਈ ਫੌਜ ਨੇ ਇਸ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ। ਇਸ ਲਈ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਇਸ ਮੁੱਦੇ ਦੇ ਸਿਆਸੀਕਰਨ ਵਿੱਚ ਸਮਾਂ ਬਰਬਾਦ ਕਰਨ ਦੀ ਲੋੜ ਨਹੀਂ। ਉਨ੍ਹਾਂ ਨੂੰ ਅਹਿਸਾਸ ਕਰਨਾ ਚਾਹੀਦਾ ਹੈ ਕਿ ਸਿਆਸੀ ਤੌਰ 'ਤੇ ਮੋਦੀ ਸਰਕਾਰ ਨੂੰ ਠੇਸ ਪੁਚਾਉਣ ਦੀ ਥਾਂ ਉਹ ਸਿਰਫ ਭਾਰਤੀ ਹਵਾਈ ਫੌਜ ਦੀ ਸੰਵਨੇਦਨਸ਼ੀਲਤਾ ਨੂੰ ਠੇਸ ਪਹੁੰਚਾ ਰਹੇ ਹਨ। ਅਜਿਹਾ ਨਹੀਂ ਕਿ ਇਸ ਘਟੀਆ ਸਿਆਸਤ ਨਾਲ ਭਾਰਤੀ ਫੌਜਾਂ ਦਾ ਮਨੋਬਲ ਡਿੱਗੇਗਾ, ਫਿਰ ਵੀ ਮੈਂ ਆਸ ਕਰਦਾ ਹਾਂ ਕਿ ਵਿਰੋਧੀ ਧਿਰ ਦੇ ਨੇਤਾ ਆਪਣੇ ਨਿੱਜੀ ਅਤੇ ਪਾਰਟੀ ਦੇ ਹਿੱਤਾਂ ਤੋਂ ਉਪਰ ਉਠ ਕੇ ਸੋਚਣਗੇ ਅਤੇ ਕਾਰਵਾਈ ਦੀ ਕੌਮੀ ਮੁੱਖ ਧਾਰਾ ਨਾਲ ਚੱਲਣਗੇ। ਕਿਸੇ ਮੁੱਦੇ ਨੂੰ ਉਠਾਉਣ ਵਾਲੇ ਕਿਸੇ ਵੀ ਅਪੋਜ਼ੀਸ਼ਨ ਲੀਡਰ ਨੂੰ ਰਾਸ਼ਟਰ ਵਿਰੋਧੀ ਜਾਂ ਪਾਕਿਸਤਾਨੀ ਏਜੰਟ ਕਹਿਣਾ ਗਲਤ ਅਤੇ ਅਨੈਤਿਕ ਹੈ। ਉਸ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਅਸੀਂ ਇਕ ਲੋਕਤੰਤਰਿਕ ਦੇਸ਼ 'ਚ ਰਹਿ ਰਹੇ ਹਾਂ, ਨਾ ਕਿ ਕਿਸੇ ਤਾਨਾਸ਼ਾਹ ਦੇ ਅਧੀਨ।
ਕਈ ਹੋਰ ਵੱਡੇ ਮੁੱਦੇ ਵੀ ਹਨ, ਜਿਨ੍ਹਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ, ਜਿਨ੍ਹਾਂ ਦੀ ਹੋਂਦ ਫੌਜ ਦੇ ਸਹਾਰੇ ਹੈ, ਪਿਛਲੇ ਕੁਝ ਦਿਨਾਂ ਤੋਂ ਅੱਗ ਉਗਲ ਰਹੇ ਹਨ ਅਤੇ ਸ਼ਾਂਤੀ ਦੇ ਪੈਗਾਮ ਦਿੰਦਿਆਂ ਨਵੀਂ ਦਿੱਲੀ ਨਾਲ ਗੱਲਬਾਤ ਵੀ ਕਰਨਾ ਚਾਹੁੰਦੇ ਹਨ। ਕੀ ਅੱਤਵਾਦ ਤੇ ਦੁਵੱਲੀ ਗੱਲਬਾਤ ਦੋਵੇਂ ਨਾਲੋ-ਨਾਲ ਚੱਲ ਸਕਦੇ ਹਨ? ਇਸ ਬਾਰੇ ਅਸੀਂ ਪਾਕਿਸਤਾਨ ਦੇ ਪਿਛੋਕੜ ਤੋਂ ਜਾਣੂ ਹਾਂ। ਇਸ ਦੀ ਇਕ ਨਾਂਹ ਪੱਖੀ ਮਾਨਸਿਕਤਾ ਹੈ, ਜਿਸ ਨੂੰ ਆਈ ਐਸ ਆਈ ਅਤੇ ਫੌਜ ਵੱਲੋਂ ਕੰਟਰੋਲ ਕੀਤਾ ਜਾਂਦਾ ਹੈ। ਇਸ ਗੁੰਝਲਦਾਰ ਵਿਵਸਥਾ ਵਿੱਚ ਮੇਰਾ ਮੰਨਣਾ ਹੈ ਕਿ ਗੱਲਬਾਤ ਨਾਲ ਕੋਈ ਉਦੇਸ਼ ਹਾਸਲ ਨਹੀਂ ਹੋਣਾ। ਸਾਡੇ ਸਾਹਮਣੇ ਸਿਰਫ ਇਕ ਬਦਲ ਹੈ ਕਿ ਉਡੀਕ ਕਰੀਏ ਅਤੇ ਦੇਖੀਏ ਕਿ ਭਵਿੱਖ 'ਚ ਪਾਕਿਸਤਾਨ ਦੀ ਸਥਿਤੀ ਕੀ ਰੁਖ਼ ਧਾਰਨ ਕਰਦੀ ਹੈ? ਅਸੀਂ ਇਸ ਗੱਲ ਬਾਰੇ ਯਕੀਨੀ ਨਹੀਂ ਹੋ ਸਕਦੇ ਕਿ ਜੈਸ਼-ਏ-ਮੁਹੰਮਦ ਦੇ ਗੁਰਗਿਆਂ ਵਿਰੁੱਧ ਇਸਲਾਮਾਬਾਦ ਦੀ ਕਾਰਵਾਈ ਕਿੰਨੀ ਕੁ ਗੰਭੀਰ ਹੈ, ਜਿਸ ਵਿੱਚ ਜਮਾਤ-ਉਦ-ਦਾਵਾ ਅਤੇ ਫਲਾਹ-ਏ-ਇਨਸਾਨੀਅਤ ਫਾਊਂਡੇਸ਼ਨ 'ਤੇ ਪਾਬੰਦੀ ਲਾਉਣਾ ਵੀ ਸ਼ਾਮਲ ਹੈ।
ਆਪਣੇ ਘਰੇਲੂ ਮਾਹੌਲ ਵੱਲ ਵਾਪਸ ਆਉਂਦਿਆਂ ਮੈਂ ਆਸ ਕਰਦਾ ਹਾਂ ਕਿ ਸਾਡੇ ਨੇਤਾ ਮੁੱਦਿਆਂ ਅਤੇ ਗੈਰ ਮੁੱਦਿਆਂ ਦਾ ਸਿਆਸੀਕਰਨ ਨਹੀਂ ਕਰਨਗੇ ਕਿਉਂਕਿ ਸਾਡੇ ਸਾਹਮਣੇ ਕਰਨ ਲਈ ਵੱਡਾ ਕੰਮ ਹੈ। ਉਹ ਸਿਆਸੀ ਨਹੀਂ, ਸਗੋਂ ਇਕ ਬਹੁਤ ਗੁੰਝਲਦਾਰ ਪੇਸ਼ੇਵਰ ਕੰਮ ਹੈ, ਜਿਸ ਨੂੰ ਗੈਰ ਸਿਆਸੀ ਤੇ ਯੋਗ ਵਿਅਕਤੀਆਂ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ।
ਦੂਜਾ, ਸਾਨੂੰ ਸਿਵਲੀਅਨ ਅਤੇ ਫੌਜੀ ਤਾਲਮੇਲ ਵਿਚਾਲੇ ਬਿਹਤਰੀ ਲਈ ਇਕ ਭਰੋਸੇਯੋਗ ਯੋਜਨਾ 'ਤੇ ਕੰਮ ਕਰਨਾ ਪਵੇਗਾ। ਇਸ ਤਾਲਮੇਲ ਦੀ ਘਾਟ ਸਾਨੂੰ ਮੁੰਬਈ 'ਚ ਪਾਕਿਸਤਾਨੀ ਅੱਤਵਾਦੀਆਂ ਵੱਲੋਂ ਕੀਤੇ ਗਏ 9/11 ਦੇ ਹਮਲੇ ਦੌਰਾਨ ਦੇਖਣ ਨੂੰ ਮਿਲੀ ਸੀ। ਬੰਦੂਕ ਇਕ ਸੱਭਿਅਕ ਰਸਤਾ ਨਹੀਂ ਤੇ ਜੋ ਲੋਕ ਲੋਕਰਾਜੀ ਪ੍ਰਕਿਰਿਆ 'ਚ ਯਕੀਨ ਕਰਦੇ ਹਨ, ਉਹ ਸਮਝ ਲੈਣ ਕਿ ਉਨ੍ਹਾਂ ਨੂੰ ਬੰਦੂਕ ਚੁੱਕਣ ਨਾਲ ਕੁਝ ਨਹੀਂ ਮਿਲੇਗਾ।

 

Have something to say? Post your comment