Welcome to Canadian Punjabi Post
Follow us on

20

May 2019
ਨਜਰਰੀਆ

ਪਰਗਟ ਸਿੰਘ ਦੀ ਗੀਤਕਾਰੀ ਦਾ ਪੰਜਾਬੀ ਮੁਹਾਵਰਾ

March 12, 2019 09:19 AM

-ਹਰਪ੍ਰੀਤ ਸਿੰਘ ਕਾਹਲੋਂ
ਉਸ ਕੋਲ ਸੁਹਜ ਸੀ, ਸਹਿਜ ਸੀ, ਪਿੰਡ ਦੀ ਰੂਹ ਸੀ। ਉਸ ਕੋਲ ਪਿੰਡ ਵਾਲਿਆਂ ਦਾ ਕੈਨਵਸ ਸੀ। ਉਸ ਕੈਨਵਸ ਨੂੰ ਉਹ ਆਪਣੀ ਗੀਤਕਾਰੀ 'ਚ ਤਰਾਸ਼ਦਾ ਸੀ ਅਤੇ ਉਹਦੀ ਗੀਤਕਾਰੀ ਮੁਕੰਮਲ ਪੰਜਾਬ ਦਾ ਵਹੀ-ਖਾਤਾ ਮਹਿਸੂਸ ਹੁੰਦਾ ਸੀ। ਜਿਸ ਬੰਦੇ ਨੇ ਆਪਣੇ ਹਰਫਾਂ ਨਾਲ ਗੀਤਕਾਰੀ ਅੰਦਰ ਦੀ ਕਾਵਿਕਤਾ ਨੂੰ ਜਿਊਂਦਾ ਰੱਖਿਆ ਅਤੇ ਆਪਣੇ ਗੀਤ ਚਾਹੇ ਉਹ ਕਿਸੇ ਵੀ ਵਿਧਾ ਦੇ ਹੋਣ, ਉਸ 'ਚੋਂ ਮਿੱਟੀ ਦਾ ਮੁਹਾਵਰਾ ਗਾਵਚਣ ਨਾ ਦਿੱਤਾ ਹੋਵੇ, ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਹੈ। ਪੰਜਾਬੀ ਗੀਤਕਾਰ ਪਰਗਟ ਸਿੰਘ ਲਿੱਦੜਾਂ ਦੇ ਤੁਰ ਜਾਣ ਨਾਲ ਪੰਜਾਬੀ ਗੀਤਕਾਰੀ ਦੇ ਸਾਦ ਮੁਰਾਦੇ ਵਰਤਾਰੇ ਦੀ ਘਾਟ ਸਦਾ ਮਹਿਸੂਸ ਹੁੰਦੀ ਰਹੇਗੀ।
ਪਰਗਟ ਸਿੰਘ ਦੇ ਗੀਤਾਂ ਵਿੱਚ ਪੰਜਾਬ ਦੇ ਕਾਰ ਵਿਹਾਰ ਦੇ ਸੁਭਾਅ ਨੂੰ ਪੇਸ਼ ਕਰਨ ਦੀ ਸਮਝ ਸੀ। ਉਨ੍ਹਾਂ ਦੇ ਗੀਤਾਂ ਵਿੱਚ ਮਹਿਸੂਸ ਹੁੰਦਾ ਸੀ ਕਿ ਪੰਜਾਬ ਦੇ ਪਿੰਡ ਜਿਊਂਦੇ ਕਿਵੇਂ ਹੋਣਗੇ। ਇਸ ਗੀਤ ਦਾ ਨਮੂਨਾ ਪੜ੍ਹੋ :
ਜਿਸ ਵੇਲੇ ਕਣਕ ਨੂੰ ਪਹਿਲਾ ਪਾਣੀ ਲਾਉਂਦੇ ਜੱਟ
ਤੋਰੀਏ ਨੂੰ ਪੈਂਦੇ ਜਦੋਂ ਪੀਲੇ ਪੀਲੇ ਫੁੱਲ ਵੇ...
ਬਤੌਰ ਗੀਤਕਾਰ ਪਰਗਟ ਸਿੰਘ ਦੀ ਗੀਤਕਾਰੀ 'ਚ ਮੈਨੂੰ ਉਨ੍ਹਾਂ ਦੀ ਇਹ ਤਰਾਸ਼ ਬਹੁਤ ਸੋਹਣੀ ਲੱਗਦੀ ਹੈ। ਉਨ੍ਹਾਂ ਦੇ ਸਿਰਜੇ ਪ੍ਰੇਮ ਗੀਤ ਦੀ ਤਰਜ 'ਚ ਮੁਹੱਬਤ ਦੇ ਪ੍ਰਗਟਾਵੇ ਵਿੱਚ ਵੀ ਪੰਜਾਬ ਦਾ ਮੁਹਾਵਰਾ ਨਹੀਂ ਗਵਾਚਦਾ। ਉਨ੍ਹਾਂ ਦੇ ਅਣਗਿਣਤ ਗੀਤ ਹਨ, ਜੋ ਹੈ ਤਾਂ ਪ੍ਰੇਮ ਗੀਤ, ਪਰ ਉਨ੍ਹਾਂ ਵਿੱਚ ਪੰਜਾਬ ਦੇ ਸਮੇਂ, ਮੌਸਮ, ਮਾਹੌਲ, ਪੇਂਡੂ ਜ਼ਿੰਦਗੀ ਦਾ ਕਰਾਫਟ ਉਚੇਚਾ ਮਹਿਸੂਸ ਹੋਵੇਗਾ। ਉਨ੍ਹਾਂ ਦੇ ਗੀਤਾਂ 'ਚ ਵੈਰਾਗ ਹੈ। ਸਾਂਝਾ ਪੰਜਾਬ ਹੈ। ਪਰਗਟ ਦੇ ਗੀਤਾਂ 'ਚ ਪੰਜਾਬ ਦਾ ਉਹ ਲੋਕ ਮੁਹਾਵਰਾ ਵੀ ਮਹਿਸੂਸ ਹੁੰਦਾ ਹੈ, ਜਿਹੜਾ ਗੁਰਬਾਣੀ ਅਤੇ ਸਾਧ ਬਾਣੀ ਦੀ ਸਮਝ ਤੋਂ ਪੈਦਾ ਹੋਇਆ।
ਮਨ ਦਾ ਪੰਛੀ ਕੈਦ ਇਥੋਂ ਹੁਣ ਉਡਣਾ ਚਾਹਵੇ,
ਇਸ ਨਿਰਮੋਹੀ ਨਗਰੀ ਦਾ ਮਾਏਂ ਹੁਣ ਮੋਹ ਨਾ ਆਵੇ...
ਪਰਗਟ ਬਦਲ ਰਹੇ ਦੌਰ ਦੇ ਨਵੇਂ ਜ਼ਮਾਨੇ ਦਾ ਪੰਜਾਬ 'ਤੇ ਪੈਂਦਾ ਅਸਰ ਵੇਖ ਰਿਹਾ ਹੈ ਤੇ ਖਿੰਡੇ ਪੰਜਾਬ ਦੇ ਨਿਸ਼ਾਨ ਵੀ ਮਹਿਸੂਸ ਕਰਦਾ ਹੈ। ਉਨ੍ਹਾਂ ਦੀ ਗੀਤਕਾਰੀ ਵਿੱਚ ਅਜਿਹਾ ਹੋਣਾ ਸ਼ਾਇਦ ਇਸ ਕਰ ਕੇ ਹੋਵੇ ਕਿਉਂਕਿ ਉਹ ਪੁਰਾਣੀ ਤੇ ਨਵੀਂ ਸਦੀ ਦੇ ਵਿਚਕਾਰ ਦੇ ਬੰਦੇ ਹਨ। ਅਜਿਹੀਆਂ ਕਈ ਉਦਾਹਰਣਾਂ ਹਨ, ਜਿਨ੍ਹਾਂ 'ਚ ਉਨ੍ਹਾਂ ਦੇ ਗੀਤ ਦੀ ਬਣਤਰ ਦਾ ਧੁਰਾ ਚਾਹੇ ਪ੍ਰੇਮ ਕਹਾਣੀ ਹੀ ਹੋਵੇ, ਪਰ ਉਨ੍ਹਾਂ ਦੀ ਬਤੌਰ ਗੀਤਕਾਰ ਚਿੰਤਾ ਉਸ ਤੋਂ ਕਿਤੇ ਵੱਡੀ ਹੈ।
ਹੁਣ ਰੱਬੀ ਜਾਂ ਸਬੱਬੀ ਮੇਲ ਹੋਣਗੇ ਵੇ,
ਵੰਡੇ ਹੋਏ ਪੰਜਾਬ ਦੀ ਤਰ੍ਹਾਂ
ਪਰਗਟ ਸਿੰਘ ਜਦੋਂ ਪੰਜਾਬ ਦੀ ਕੁੜੀ ਦੀ ਵਡਿਆਈ ਕਰਦੇ ਹਨ ਤਾਂ ਉਹ ਸਮੁੱਚੀ ਗੀਤਕਾਰੀ ਤੋਂ ਬਹੁਤ ਵੱਖਰੀ ਹੈ। ਪੰਜਾਬ ਦੇ ਗੀਤਾਂ ਵਿੱਚ ਕਾਮੁਕਤਾ ਦਾ ਬਿਆਨ ਘੱਟ ਹੈ, ਲੱਚਰਤਾ ਵੱਧ ਹੈ। ਇਹ ਬਹਿਸ ਸਦਾ ਤੁਰਦੀ ਰਹੀ ਹੈ ਕਿ ਪੰਜਾਬੀ ਗੀਤਕਾਰੀ ਜਨਾਨੀ ਵਿਰੋਧੀ, ਹਥਿਆਰਾਂ, ਜਾਤਾਂ ਦਾ ਮਾਣ ਤੇ ਕਾਰਾਂ ਟਰੈਕਟਰਾਂ ਦਾ ਗੁਣਗਾਨ ਵੱਧ ਹੈ। ਗੀਤਕਾਰੀ ਸਾਹਿਤ ਦੀ ਵਿਧਾ ਹੈ ਤੇ ਕਾਮੁਕਤਾ ਬੰਦੇ ਦੇ ਜਜ਼ਬਾਤ ਦਾ ਹਿੱਸਾ ਹੈ। ਪਹਿਲਾਂ ਦੀ ਗੀਤਕਾਰੀ ਤੋਂ ਲੈ ਕੇ ਲੋਕ ਗੀਤਾਂ 'ਚ ਵੀ ਇਹ ਦੀ ਛੋਹ ਮਿਲੇਗੀ, ਪਰ ਅਜੋਕੀ ਗੀਤਕਾਰੀ 'ਚ ਇਹ ਵੱਖਰੀ ਹੈ। ਲੋਕ ਗੀਤਾਂ ਵਿੱਚ ਉਹ ਸਹਿਜ ਜਜ਼ਬਾਤ ਦਾ ਹਿੱਸਾ ਹੈ, ਪਰ ਅੱਜ ਪੂਰਾ ਸੋਚ ਸਮਝ ਕੇ ਮਿੱਥ ਕੇ ਪੇਸ਼ ਕੀਤਾ ਲੱਚਪੁਣਾ ਹੈ। ਪਰਗਟ ਸਿੰਘ ਦੀ ਗੀਤਕਾਰੀ 'ਚ ਕੁੜੀ ਦੇ ਸੁਹੱਪਣ ਦਾ ਸੁਹਜ ਵੀ ਪੰਜਾਬ ਦੀ ਖੂਬਸੂਰਤੀ ਦੇ ਬਿੰਬ ਮਾਰਫਤ ਜ਼ਿਕਰ 'ਚ ਆਉਂਦੀ ਹੈ। ਗੀਤ ਪੰਜਾਂ ਪਾਣੀਆਂ ਦੀ ਹੂਰ ਦੀ ਇਹ ਸਤਰ ਪੜ੍ਹੋ :
ਤੇਰਾ ਮਾਲਵੇ ਦੇ ਟਿੱਬਿਆਂ ਦੀ ਰੇਤ ਜਿਹਾ ਰੰਗ
ਜਾਂ
ਚੰਨ ਚਾਨਣੀ ਰਾਤ ਤੋਂ ਹਨੇਰਾ ਹੋ ਗਿਆ
ਇੱਕੋ ਚੰਨ ਸੀ ਅੰਬਰੀਂ ਬੱਦਲਾਂ ਲੁਕੋ ਲਿਆ
ਪਰਗਟ ਸਿੰਘ ਦਾ ਇੱਕ ਗੀਤ ਆਪਣੇ ਵੇਲੇ ਦਾ ਸਭ ਤੋਂ ਸ਼ਾਨਦਾਰ ਸਿਆਸੀ ਗੀਤ ਹੈ। ਇਹ ਪਰਗਟ ਸਿੰਘ ਦਾ ਹੁਨਰ ਹੈ ਕਿ ਕੋਈ ਪ੍ਰੇਮ ਗੀਤ ਇੰਝ ਦਾ ਸਿਆਸੀ ਗੀਤ ਵੀ ਬਣ ਸਕਦਾ ਹੈ।
ਮੇਰੇ ਪਿੰਡ ਦੀ ਨਹਿਰ ਵਿੱਚੋਂ,
ਪਾਣੀ ਲੁੱਟ ਕੇ ਲੈ ਗਈ ਹੂਰ ਕੁੜੀ
ਬਤੌਰ ਪੰਜਾਬ ਆਪਣੇ ਕੁਦਰਤੀ ਸਰੋਤਾਂ ਦੀ ਲੁੱਟ 'ਚੋਂ ਜਿਸ ਮੁਹਾਨੇ 'ਤੇ ਖੜ੍ਹਾ ਹੈ, ਇਹ ਵੱਡਾ ਸੰਕਟ ਹੈ। ਇਹ ਪੰਜਾਬ ਸਮਾਜਿਕ, ਧਾਰਮਿਕ, ਆਰਥਿਕ ਤ੍ਰਾਸਦੀਆਂ 'ਚੋਂ ਲੰਘ ਰਿਹਾ ਹੈ। ਇਸ ਪੰਜਾਬ 'ਚ ਖੇਤੀਬਾੜੀ ਅਤੇ ਕਿਸਾਨੀ ਤਾਂ ਸੰਕਟ 'ਚ ਹੈ ਹੀ, ਕਿਸਾਨ ਖੁਦਕੁਸ਼ੀਆਂ, ਗੰਦਲੇ ਪਾਣੀ, ਪਾਣੀਆਂ ਦੀ ਲੁੱਟ, ਮਜ਼ਦੂਰਾਂ ਦੀ ਮਾੜੀ ਹਾਲਤ, ਪ੍ਰਦੂਸ਼ਿਤ ਹਵਾ, ਪਾਣੀ, ਮਿੱਟੀ 'ਚ ਪੰਜ ਦਰਿਆਵਾਂ ਦਾ ਪੰਜਾਬ ਸਦਾ ਤ੍ਰਾਸਦੀਆਂ ਦਰ ਤ੍ਰਾਸਦੀਆਂ ਵੱਡੀ ਮਾਰ ਥੱਲੋਂ ਲੰਘ ਰਿਹਾ ਹੈ। ਦਿੱਲੀ ਨਾਮ ਦੇ ਇਸੇ ਗੀਤ ਦੇ ਹੋਰ ਬੋਲ ਹਨ :
ਪਾਣੀ ਬਾਝੋਂ ਖੇਤ ਮੇਰੇ ਰਹਿੰਦੇ ਬੜੇ ਪਿਆਸੇ ਨੇ
ਕਣਕ ਦੇ ਬੂਟੇ ਜਨਮ ਵੇਲੇ ਹੁੰਦੇ ਬੜੇ ਉਦਾਸੇ ਨੇ
ਦਰਿਆਵਾਂ ਦੇ ਮਾਲਕ ਨੂੰ ਪਾਣੀ ਦੇ ਮਾਇਨੇ ਦੱਸਦੀ ਐ
ਪਰ ਬੰਜਰ ਧਰਤੀ 'ਤੇ ਅੰਦਰੋਂ ਅੰਦਰੀ ਹੱਸਦੀ ਐ
ਪਰਗਟ ਸਿੰਘ ਬਤੌਰ ਗੀਤਕਾਰ ਜੋ ਇਸ਼ਾਰੇ ਕਰਦਾ ਹੈ, ਉਨ੍ਹਾਂ ਨੂੰ ਸਮਝਣ ਲਈ ਹਵਾਲਾ ਇਹ ਹੈ ਕਿ ਸਦੀਆਂ ਤੋਂ ਜਿਸ ਸਿੰਧੂ ਘਾਟੀ ਦੀ ਸੱਭਿਅਤਾ ਭਰੀ ਧਰਤੀ ਨੇ ਖੇਤੀ ਕੀਤੀ ਉਥੋਂ ਦੇ ਕਿਸਾਨਾਂ ਨੂੰ ਗੁੜਤੀ 'ਚ ਮਿਲੀ ਖੇਤੀ ਅੱਜ ਵੱਡੇ ਵਿਦਿਅਕ ਅਦਾਰਿਆਂ ਹੱਥੋਂ ਚੁਣੌਤੀ 'ਚੋਂ ਲੰਘ ਰਹੀ ਹੈ। ਪੰਜਾਬ ਦੇ ਮੁਹਾਵਰੇ 'ਚ ਕਾਂ ਚਿੜੀ ਦੀਆਂ ਕਹਾਣੀਆਂ ਹਨ। ਚਿੜੀ ਦੇ ਲੋਕ ਗੀਤ ਹਨ, ਪਰ ਖੇਤੀਬਾੜੀ ਯੂਨੀਵਰਸਿਟੀ ਬਾਕਾਇਦਾ ਦੁਸ਼ਮਣ ਪੰਛੀ ਦੇ ਰੂਪ 'ਚ ਚਿੜੀ ਦੀ ਪਛਾਣ ਕਰਦੀ ਹੈ। ਇਹ ਵੀ ਤ੍ਰਾਸਦੀ ਹੈ ਕਿ ਪੰਛੀ ਵੀ ਦੁਸ਼ਮਣ ਬਣ ਗਏ? ਕਦੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ 'ਚ ਸੀ ਕਿ ਸਫੈਦ ਲਾਓ। ਸਾਲਾਂ ਬਾਅਦ ਕਹਿੰਦੇ ਕਿ ਪਾਣੀ ਬਹੁਤ ਪੀਂਦਾ ਹੈ, ਨਾ ਲਾਓ। ਕਦੀ ਕਹਿੰਦੇ ਸੀ, ਅੱਗ ਲਾਓ ਇੰਝ ਮਿੱਟੀ ਵਿੱਚ ਕਾਰਬਨ ਵਧਦੀ ਹੈ। ਸਾਲਾਂ ਬਾਅਦ ਆ ਕੇ ਕਿਹਾ ਜਾ ਰਿਹਾ ਹੈ ਕਿ ਅੱਗ ਨਾ ਲਾਓ, ਗਲੋਬਲ ਵਾਰਮਿੰਗ ਵੱਧ ਰਹੀ ਹੈ। ਸੋ ਪਰਗਟ ਸਿੰਘ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਮੁੜ ਮੁੜ ਗੀਤ ਪੰਜਾਬ, ਦਿੱਲੀ ਅਤੇ ਅਜਿਹੇ ਗੀਤ ਸੁਣਿਓ। ਪੰਜਾਬੀ ਗੀਤਕਾਰੀਆਂ 'ਚ ਸੁਹਜ ਗੀਤਾਂ ਦੇ ਇਸ ਗੀਤਕਾਰ ਨੂੰ ਇਹੋ ਜਾਂਦੀ ਵਾਰ ਦਾ ਸਲਾਮ ਹੋਵੇਗਾ।

Have something to say? Post your comment