Welcome to Canadian Punjabi Post
Follow us on

26

May 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਨਜਰਰੀਆ

ਅਖੇ, ਪੜ੍ਹ ਕੇ ਹੜ੍ਹ ਗਏ..

March 01, 2019 09:08 AM

-ਕੁਲਵਿੰਦਰ ਸਿੰਘ
ਗੱਲ ਦਸੰਬਰ ਮਹੀਨੇ ਦੀ ਹੈ। ਪਿੰਡਾਂ ਵਿੱਚ ਪੰਚਾਇਤੀ ਚੋਣਾਂ ਦਾ ਮਾਹੌਲ ਭਖਿਆ ਹੋਇਆ ਸੀ। ਇਕ ਦਿਨ ਪਿੰਡ ਦੇ ਕੁਝ ਮੋਹਤਬਰ ਬੰਦੇ ਖੜੇ-ਖੜੇ ਆਪੋ ਵਿੱਚ ਗੱਲੀਂ ਜੁੱਟੇ ਹੋਏ ਸਨ। ਮੈਂ ਵੀ ਉਨ੍ਹਾਂ ਵਿੱਚ ਜਾ ਖੜਾ ਹੋਇਆ। ਸਾਡੇ ਪਿੰਡ ਹਰ ਸਾਲ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਗੁਰਦੁਆਰੇ ਅਖੰਡ ਪਾਠ ਦੇ ਭੋਗ ਪਾ ਕੇ ਅਤੇ ਲੰਗਰ ਲਾ ਕੇ ਮਨਾਇਆ ਜਾਂਦਾ ਹੈ। ਪਿੰਡ ਛੋਟਾ ਜਿਹਾ ਹੈ ਤੇ ਸਮਾਗਮ 'ਤੇ ਕਰੀਬ 20-25 ਹਜ਼ਾਰ ਦਾ ਖਰਚਾ ਹੁੰਦਾ ਹੈ।
ਗੱਲਾਂ ਸਰਪੰਚੀ ਵਾਲੀਆਂ ਵੋਟਾਂ ਤੋਂ ਹੁੰਦੀਆਂ ਹੋਈਆਂ ਇਸ ਸਮਾਗਮ ਲਈ ਉਗਰਾਹੀ ਕਰਨ ਬਾਰੇ ਹੋਣੀਆਂ ਸ਼ੁਰੂ ਹੋ ਗਈਆਂ। ਸਾਰੇ ਜਣੇ ਆਪੋ ਆਪਣਾ ਯੋਗਦਾਨ ਗਿਣਾਉਣ ਲੱਗ ਪਏ। ਮੈਂ ਕਿਹਾ ਕਿ ਇਸ ਵਾਰ ਆਪਾਂ ਅਲੱਗ ਤਰੀਕੇ ਨਾਲ ਪ੍ਰਕਾਸ਼ ਪੁਰਬ ਮਨਾਈਏ। ਸਾਰੇ ਮੇਰੇ ਵੱਲ ਦੇਖਣ ਲੱਗ ਪਏ ਤੇ ਮੈਂ ਗੱਲ ਸ਼ੁਰੂ ਕੀਤੀ। ਮੈਂ ਆਖਿਆ ਕਿ ਬਹੁਤ ਲੋਕ ਇਸ ਤਰ੍ਹਾਂ ਦੇ ਨੇ, ਜਿਹੜੇ ਇੰਨੀ ਠੰਢ 'ਚ ਬਾਹਰ ਫੁੱਟਪਾਥਾਂ ਉਤੇ ਸੌਂਦੇ ਨੇ, ਆਪਾਂ ਇਸ ਵਾਰ ਅਖੰਡ ਪਾਠ ਅਤੇ ਲੰਗਰ ਰਹਿਣ ਦੇਈਏ, ਇਨ੍ਹਾਂ ਪੈਸਿਆਂ ਦੇ ਕੰਬਲ ਲੈ ਕੇ ਉਨ੍ਹਾਂ ਲੋਕਾਂ ਨੂੰ ਵੰਡ ਕੇ ਪ੍ਰਕਾਸ਼ ਪੁਰਬ ਮਨਾ ਲੈਂਦੇ ਹਾਂ। ਦੋ ਚਾਰ ਜਣੇ ਮੇਰੀ ਗੱਲ ਦਾ ਤਿੱਖਾ ਵਿਰੋਧ ਕਰਨ ਲੱਗ ਪਏ ਅਤੇ ਕਹਿੰਦੇ ਕਿ ਹਰ ਸਾਲ ਵਾਲੀ ਰੀਤ ਨਹੀਂ ਤੋੜਨੀ। ਬਾਕੀ ਸਾਰੇ ਚੁੱਪ ਵੱਟ ਕੇ ਖੜੇ ਰਹੇ। ਇਨ੍ਹਾਂ ਦਾ ਮੇਰੇ ਸੁਝਾਅ ਦੇ ਵਿਰੋਧ ਦਾ ਕਾਰਨ ਸਮਝ ਨਹੀਂ ਆਇਆ। ਮੈਂ ਆਖਦਾ ਸਾਂ ਕਿ ਇਉਂ ਲੰਗਰ ਲਾਉਣਾ ਪੈਸੇ ਦੀ ਬਰਬਾਦੀ ਹੈ, ਜੇ ਤੁਸੀਂ ਹਰ ਸਾਲ ਇਕੋ ਤਰ੍ਹਾਂ ਚੱਲਣਾ ਹੈ ਤਾਂ ਸਾਡਾ ਪਰਵਾਰ ਇਸ ਕੰਮ ਵਿੱਚ ਕੋਈ ਯੋਗਦਾਨ ਨਹੀਂ ਪਾਵੇਗਾ। ਅੱਗੋਂ ਇਕ ਸੱਜਣ ਗੁੱਸੇ 'ਚ ਬੋਲਿਆ, ‘ਇਸ ਮੁੰਡੇ ਦਾ ਪੜ੍ਹ ਕੇ ਦਿਮਾਗ ਖਰਾਬ ਹੋ ਗਿਆ, ਜਿਹੜਾ ਬਾਬੇ ਨਾਨਕ ਦੀ ਚਲਾਈ ਰੀਤ ਨੂੰ ਪੈਸੇ ਦੀ ਬਰਬਾਦੀ ਦੱਸ ਰਿਹਾ ਹੈ।’
ਮੈਂ ਉਸ ਸੱਜਣ ਦੀ ਗੱਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ, ‘ਜਦੋਂ ਅਸੀਂ ਸਕੂਲ 'ਚ ਪੜ੍ਹਦੇ ਸੀ ਤਾਂ ਗੁਰੂ ਨਾਨਕ ਦੇਵ ਜੀ ਉਤੇ ਲੇਖ ਲਿਖਦੇ ਹੁੰਦੇ ਸੀ। ਉਸ 'ਚ ਅਸੀਂ ਜ਼ਿਕਰ ਕਰਦੇ ਸੀ ਕਿ ਉਨ੍ਹਾਂ ਭੁੱਖੇ ਸਾਧੂਆਂ ਨੂੰ ਲੰਗਰ ਛਕਾ ਕੇ ਸੱਚਾ ਸੌਦਾ ਕੀਤਾ। ਅਸੀਂ ਕਿਤੇ ਇਕੱਲੇ ਸਾਧੂ ਦਾ ਜ਼ਿਕਰ ਨਹੀਂ ਪੜ੍ਹਿਆ, ਹਮੇਸ਼ਾ ਭੁੱਖੇ ਸਾਧੂਆਂ ਦਾ ਜ਼ਿਕਰ ਹੁੰਦਾ ਸੀ। ਇਸ ਤੋਂ ਸਪੱਸ਼ਟ ਹੈ ਕਿ ਲੰਗਰ ਭੁੱਖੇ ਦਾ ਪੇਟ ਭਰਨ ਲਈ ਚਲਾਇਆ ਗਿਆ ਸੀ ਅਤੇ ਬਾਅਦ ਵਿੱਚ ਇਹ ਜਾਤ ਪਾਤ ਦਾ ਭੇਦਭਾਵ ਦੂਰ ਕਰਨ ਲਈ ਪ੍ਰਚੱਲਿਤ ਹੋਇਆ ਤਾਂ ਕਿ ਸਾਰੇ ਧਰਮਾਂ ਤੇ ਜਾਤਾਂ ਦੇ ਲੋਕ ਇਕੱਠੇ ਬੈਠ ਕੇ ਲੰਗਰ ਛਕ ਸਕਣ।'
ਮੈਂ ਆਪਣੀ ਗੱਲ ਜਾਰੀ ਰੱਖੀ, ‘ਆਪਣੇ ਪਿੰਡ ਇਕ ਵੀ ਘਰ ਅਜਿਹਾ ਨਹੀਂ, ਜਿਹੜਾ ਰੋਟੀ ਦਾ ਮੁਹਤਾਜ ਹੋਵੇ, ਮਤਲਬ ਪਿੰਡ 'ਚ ਆਰਥਿਕ ਤੌਰ 'ਤੇ ਲੋਕ ਗਰੀਬ ਜ਼ਰੂਰ ਹੋਣਗੇ, ਪਰ ਇੰਨੇ ਵੀ ਗਰੀਬ ਨਹੀਂ ਕਿ ਰੋਟੀ ਨਾ ਖਾ ਸਕਣ। ਆਪਾਂ ਆਪ ਹੀ ਪੈਸੇ ਇਕੱਠੇ ਕਰਕੇ ਆਪ ਹੀ ਲੰਗਰ ਤਿਆਰ ਕਰਕੇ ਆਪ ਹੀ ਛਕ ਲੈਣਾ ਹੈ, ਇਸੇ ਕਰਕੇ ਮੈਂ ਇਸ ਨੂੰ ਪੈਸੇ ਦੀ ਬਰਬਾਦੀ ਕਿਹਾ ਸੀ। ਚੰਗਾ ਇਹ ਹੋਵੇਗਾ ਕਿ ਕਿਸੇ ਹੋਰ ਤਰ੍ਹਾਂ ਆਪਾਂ ਗੁਰਪੁਰਬ ਮਨਾਈਏ। ਇਉਂ ਕਿਸੇ ਲੋੜਵੰਦ ਦੀ ਮਦਦ ਹੋਵੇਗੀ।' ਇੰਨੀ ਗੱਲ ਸੁਣਨ ਤੋਂ ਬਾਅਦ ਵੀ ਉਹ ਆਪਣੀ ਜ਼ਿੱਦ 'ਤੇ ਅੜੇ ਰਹੇ ਅਤੇ ਉਨ੍ਹਾਂ ਹਰ ਸਾਲ ਵਾਂਗ ਹੀ ਗੁਰਪੁਰਬ ਮਨਾਇਆ, ਤੇ ਮੈਨੂੰ ‘ਪੜ੍ਹ ਕੇ ਹੜ੍ਹ ਗਏ ਮੁੰਡੇ' ਦਾ ਖਿਤਾਬ ਦੇ ਦਿੱਤਾ।
ਦਰਅਸਲ ਇਸੇ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਹਨ, ਜਿਥੇ ਨਵੀਂ ਪੀੜ੍ਹੀ ਵਾਲਿਆਂ ਨੂੰ ਇਹ ਕਹਿ ਕੇ ਚੁੱਪ ਕਰਾ ਦਿੱਤਾ ਜਾਂਦਾ ਕਿ ਇਨ੍ਹਾਂ ਦਾ ਪੜ੍ਹ ਲਿਖ ਕੇ ਦਿਮਾਗ ਖਰਾਬ ਹੋ ਗਿਆ। ਅਸਲ ਵਿੱਚ ਗੱਲ ਇਹ ਹੈ ਕਿ ਜਿਹੜਾ ਇਨਸਾਨ ਪੜ੍ਹ ਲਿਖ ਗਿਆ, ਉਹ ਹਰ ਮਾਮਲੇ 'ਚ ਸਕਾਰਾਤਮਕ ਤਬਦੀਲੀ ਦੀ ਗੱਲ ਕਰਦਾ ਹੈ। ਉਂਜ ਵੀ ਜਿਹੜਾ ਬੰਦਾ ਅਸਲ ਮਾਅਨਿਆਂ 'ਚ ਪੜ੍ਹ ਲਿਖ ਗਿਆ, ਉਹ ਬਹੁਤ ਸਾਰੇ ਬਦਲਾਓ ਦੀ ਗੱਲ ਕਰੇਗਾ ਅਤੇ ਜਿਹੜੇ ਬਦਲਾਓ ਦੀ ਗੱਲ ਉਹ ਕਰਦਾ ਹੈ, ਉਸ ਬਦਲਾਓ ਨੂੰ ਮਨਜ਼ੂਰ ਕਰਨ ਲਈ ਸਾਥੋਂ ਪਿਛਲੀ ਪੀੜ੍ਹੀ ਤਿਆਰ ਨਹੀਂ ਹੁੰਦੀ। ਉਨ੍ਹਾਂ ਨੂੰ ਲੱਗਦਾ ਹੈ ‘ਇਹ ਕੱਲ੍ਹ ਦੇ ਜੁਆਕ ਹੁਣ ਸਾਨੂੰ ਦੱਸਣਗੇ ਕਿ ਕੀ ਸਹੀ ਆ ਤੇ ਕੀ ਗਲਤ', ਜਾਂ ਸਾਥੋਂ। ਪਿਛਲੀ ਪੀੜ੍ਹੀ ਸਾਨੂੰ ਇਹ ਕਹਿ ਕੇ ਚੁੱਪ ਕਰਾ ਦਿੰਦੀ ਹੈ ਕਿ ਸਾਡੇ ਵਾਲ ਐਵੇਂ ਧੁੱਪ 'ਚ ਫਿਰ ਕੇ ਨਹੀਂ ਚਿੱਟੇ ਹੋਏ, ਸਾਨੂੰ ਤੁਹਾਡੇ ਤੋਂ ਵੱਧ ਸਮਝ ਹੈ। ਕਈ ਮਾਮਲਿਆਂ 'ਚ ਇਹ ਗੱਲ ਸਹੀ ਵੀ ਹੈ।
ਮੇਰੇ ਕਹਿਣ ਦਾ ਮਤਲਬ ਬਸ ਇੰਨਾ ਹੈ ਕਿ ਜੇ ਸਾਨੂੰ ਪੜ੍ਹਾਇਆ ਲਿਖਾਇਆ ਤਾਂ ਸਾਡੀ ਗੱਲ ਵੀ ਸੁਣੀ ਜਾਵੇ ਤੇ ਸਕਾਰਾਤਮਕ ਗੱਲ ਮੰਨੀ ਜਾਣੀ ਚਾਹੀਦੀ ਹੈ। ਇਹ ਕੋਈ ਗੱਲ ਨਾ ਕੋਈ ਕਿ ਇਹ ਕਹਿ ਕੇ ਚੁੱਪ ਕਰਵਾ ਦਿੱਤਾ ਜਾਵੇ ਕਿ ‘ਇਹ ਕੱਲ੍ਹ ਦੇ ਜੁਆਕ ਸਾਨੂੰ ਦੱਸਣਗੇ ਕਿ ਅਸੀਂ ਕੀ ਕਰਨਾ ਤੇ ਕੀ ਨਹੀਂ ਕਰਨਾ ਜਾਂ ਕੀ ਸਹੀ ਤੇ ਕੀ ਗਲਤ ਹੈ!'

Have something to say? Post your comment