Welcome to Canadian Punjabi Post
Follow us on

21

May 2019
ਨਜਰਰੀਆ

ਸ਼ਾਹ ਹੁਸੈਨ ਤੇ ਦੁੱਲਾ ਭੱਟੀ ਦੀ ਸਾਂਝ

February 26, 2019 08:53 AM

-ਸ਼ਫਕਤ ਤਨਵੀਰ ਮਿਰਜ਼ਾ
ਸੂਫੀ ਸ਼ਾਇਰ ਸ਼ਾਹ ਹੁਸੈਨ ਦੀ ਜੀਵਨੀ ‘ਹਕੀਕਤੁਲ ਫੁਕਰਾ' ਸਿਰਲੇਖ ਹੇਠ ਫਾਰਸੀ ਜ਼ੁਬਾਨ ਵਿੱਚ ਸ਼ੇਖ ਮੁਹੰਮਦ ਪੀਰ ਨੇ 1071 ਹਿਜਰੀ ਸੰਨ ਵਿੱਚ ਲਿਖੀ ਸੀ, ਭਾਵ ਹੁਸੈਨ ਦੀ ਮੌਤ ਤੋਂ ਮਹਿਜ਼ 63 ਵਰ੍ਹੇ ਬਾਅਦ। ਇਸ ਤੋਂ ਨੌਂ ਸਾਲ ਪਹਿਲਾਂ ਦਾਰਾ ਸ਼ਿਕੋਹ ਨੇ ਆਪਣੀ ਕਿਤਾਬ ‘ਹਸਨਾਤੁਲ ਆਰਿਫੀਨ' ਵਿੱਚ ਸ਼ਾਹ ਹੁਸੈਨ ਨੂੰ ਇਕ ਜ਼ਬਰਦਸਤ ਵਿਅਕਤੀ ਕਰਾਰ ਦਿੱਤਾ ਹੈ, ਜਿਸ ਨੂੰ ਸ਼ਰੀਅਤ ਤੋਂ ਲਾਂਭੇ ਰਹਿਣ ਤੋਂ ਕੋਈ ਨਹੀਂ ਰੋਕ ਸਕਿਆ।
ਸ਼ੇਖ ਮੁਹੰਮਦ ਪੀਰ ਕਹਿੰਦਾ ਹੈ ਕਿ ਜਦੋਂ ਅਕਬਰ ਤੇ ਉਸ ਦੇ ਸ਼ੇਖੁਲ ਇਸਲਾਮ, ਅਬਦੁੱਲਾ ਸੁਲਤਾਨਪੁਰੀ ਨੂੰ ਇਸ ਸੂਫੀ ਬਾਰੇ ਇਤਲਾਹ ਮਿਲੀ ਤਾਂ ਬਾਦਸ਼ਾਹ ਨੇ ਆਪਣੇ ਕੋਤਵਾਲ ਮਲਿਕ ਅਲੀ ਨੂੰ ਹੁਕਮ ਦਿੱਤਾ ਕਿ ਉਹ ਸ਼ਾਹ ਹੁਸੈਨ ਨੂੰ ਗ੍ਰਿਫਤਾਰ ਕਰਕੇ ਉਸ ਦੇ ਅੱਗੇ ਪੇਸ਼ ਕਰੇ, ਪਰ ਸ਼ਾਇਰ ਨੂੰ ਕੋਤਵਾਲ ਫੜ ਨਾ ਸਕਿਆ। ਉਨ੍ਹਾਂ ਦਿਨਾਂ ਦੌਰਾਨ ਸਾਂਦਲ ਬਾਰ ਇਲਾਕੇ ਦਾ ਬਾਗੀ ਦੁੱਲਾ ਭੱਟੀ ਜੇਲ੍ਹ ਵਿੱਚ ਸੀ। ਅਕਬਰ ਨੇ ਹੁਕਮ ਦਿੱਤਾ ਸੀ ਕਿ ਦੁੱਲੇ ਨੂੰ ਨਾਖਾਸ ਇਲਾਕੇ (ਜਿਸ ਨੂੰ ਅੱਜ ਕੱਲ੍ਹ ਲੰਡਾ ਬਾਜ਼ਾਰ ਕਹਿੰਦੇ ਹਨ) ਵਿੱਚ ਸਰੇਬਾਜ਼ਾਰ ਫਾਂਸੀ ਦੇ ਦਿੱਤੀ ਜਾਵੇ। ਇਸ ਹੁਕਮ ਨੂੰ ਅਲੀ ਮਲਿਕ ਨੇ ਅਮਲ ਵਿੱਚ ਲਿਆਉਣਾ ਸੀ। ਜਦੋਂ ਦੁੱਲੇ ਨੂੰ ਫਾਂਸੀ ਦਿੱਤੀ ਜਾਣੀ ਸੀ ਤਾਂ ਸ਼ਾਹ ਹੁਸੈਨ ਆਪਣੇ ਸਾਥੀ ਨੱਚਦੇ ਦਰਵੇਸ਼ਾਂ ਨਾਲ ਉਥੇ ਪੁੱਜ ਗਿਆ। ਕੋਤਵਾਲ ਅਲੀ ਅਸਲ 'ਚ ਸ਼ਾਹ ਹੁਸੈਨ ਦੀ ਤਲਾਸ਼ ਵਿੱਚ ਸੀ ਜੋ ਕਿਤੇ ਨਹੀਂ ਸੀ ਮਿਲਿਆ। ਬਾਦਸ਼ਾਹ ਨੇ ਇਲਾਕੇ ਦੇ ਜ਼ਿਮੀਂਦਾਰ ਦੁੱਲਾ ਭੱਟੀ ਨੂੰ ਜਨਤਕ ਤੌਰ 'ਤੇ ਫਾਂਸੀ ਲਾਉਣ ਦਾ ਹੁਕਮ ਦਿੱਤਾ। ਉਹ ਬਾਗੀ ਅਤੇ ਧੱਕੜ ਸੀ। ਦੁੱਲੇ ਨੂੰ ਫਾਂਸੀ ਲਾਏ ਜਾਣ ਵਾਲੇ ਦਿਨ ਬੜੀ ਵੱਡੀ ਗਿਣਤੀ ਵਿੱਚ ਲਾਹੌਰੀਏ ਉਥੇ ਇਕੱਤਰ ਹੋਏ ਅਤੇ ਅਚਾਨਕ ਸ਼ਾਹ ਹੁਸੈਨ ਵੀ ਓਥੇ ਆਣ ਜ਼ਾਹਰ ਹੋਇਆ। ਕਹਾਣੀ ਮੁਤਾਬਕ ਇਸ ਤਰ੍ਹਾਂ ਕੋਤਵਾਲ ਮਲਿਕ ਅਲੀ ਨੇ ਸ਼ਾਹ ਹੁਸੈਨ ਨੂੰ ਉਸ ਦੇ ਅਜ਼ਾਦ ਖਿਆਲੀ ਕਾਰਨ ਗ੍ਰਿਫਤਾਰ ਕਰ ਲਿਆ।
ਜਦੋਂ ਅਲੀ ਨੇ ਸ਼ਾਹ ਹੁਸੈਨ ਨਾਲ ਨਾ ਸਿਰਫ ਗਾਲੀ ਗਲੋਚ ਕੀਤਾ, ਸਗੋਂ ਉਸ ਨੂੰ ਬੜੀ ਮਾੜੀ ਮੌਤ ਦੇਣ ਦੇ ਦਬਕੇ ਵੀ ਮਾਰੇ ਤਾਂ ਸ਼ਾਹ ਹੁਸੈਨ ਬਹੁਤ ਨਾਰਾਜ਼ ਹੋ ਗਏ। ਸ਼ਾਹ ਹੁਸੈਨ ਨੇ ਮਲਿਕ ਅਲੀ ਨੂੰ ਖਬਰਦਾਰ ਕੀਤਾ ਕਿ ਜੋ ਕੁਝ ਉਹ ਉਸ (ਹੁਸੈਨ) ਨਾਲ ਕਰਨਾ ਚਾਹੁੰਦਾ ਹੈ, ਉਹੋ ਕੁਝ ਅਲੀ ਨਾਲ ਵੀ ਹੋਵੇਗਾ। ਹਾਲੇ ਤੱਕ ਕੋਈ ਇਹ ਨਹੀਂ ਸੀ ਜਾਣਦਾ ਕਿ ਸ਼ਾਹ ਹੁਸੈਨ ਉਥੇ ਕਿਉਂ ਪੁੱਜਾ ਸੀ, ਕੀ ਉਹ ਦੁੱਲਾ ਭੱਟੀ ਨੂੰ ਫਾਂਸੀ ਦਿੱਤੇ ਜਾਣ ਕਾਰਨ ਅਕਬਰ ਅਤੇ ਅਲੀ ਤੋਂ ਨਾਰਾਜ਼ ਸੀ ਜਾਂ ਉਹ ਮਲਿਕ ਅਲੀ ਵੱਲੋਂ ਕੀਤੀ ਬਦਸਲੂਕੀ ਤੋਂ ਖਫਾ ਸੀ, ਪਰ ਹੁਸੈਨ ਦੀ ਆਖੀ ਉਦੋਂ ਸੱਚ ਹੋ ਗਈ, ਜਦੋਂ ਦੁੱਲੇ ਨੂੰ ਫਾਂਸੀ ਦੇਣ ਤੋਂ ਬਾਅਦ ਮਲਿਕ ਅਲੀ ਤੋਂ ਅਕਬਰ ਦੀ ਸਵੱਲੀ ਨਜ਼ਰ ਜਾਂਦੀ ਰਹੀ। ਬਾਦਸ਼ਾਹ ਉਸ ਤੋਂ ਇੰਨਾ ਨਾਰਾਜ਼ ਹੋ ਗਿਆ ਕਿ ਅਲੀ ਨੂੰ ਉਸੇ ਤਰ੍ਹਾਂ ਫਾਹੇ ਟੰਗ ਦਿੱਤਾ ਗਿਆ, ਜਿਵੇਂ ਹੁਸੈਨ ਨੇ ਪੇਸ਼ੀਨਗੋਈ ਕੀਤੀ ਸੀ।
ਸ਼ਾਹ ਹੁਸੈਨ ਨੂੰ ਬਾਦਸ਼ਾਹ ਅੱਗੇ ਪੇਸ਼ ਕੀਤਾ ਗਿਆ, ਪਰ ਉਸ ਨੇ ਇਸ ਸੂਫੀ ਫਕੀਰ ਨੂੰ ਛੱਡ ਦਿੱਤਾ। ਬਾਅਦ ਵਿੱਚ ਬਾਦਸ਼ਾਹ ਦੇ ਕਈ ਨਾਮੀ ਵਜ਼ੀਰ ਅਤੇ ਸਿਪਾਹ ਸਲਾਰ ਸ਼ਾਹ ਹੁਸੈਨ ਦੇ ਮੁਰੀਦ ਬਣ ਗਏ। ਉਹ ਵੱਖੋ-ਵੱਖ ਮੁਹਿੰਮਾਂ ਵਿੱਚ ਆਪਣੀ ਕਾਮਯਾਬੀ ਲਈ ਹੁਸੈਨ ਦੀਆਂ ਮਿਹਰਾਂ ਮੰਗਣ ਲੱਗ ਪਏ। ਸ਼ਾਹ ਹੁਸੈਨ ਸਥਾਪਤੀ ਵਿਰੋਧੀ ਵਿਅਕਤੀ ਸੀ ਤੇ ਉਹ ਸ਼ੇਖੁਲ ਇਸਲਾਮ ਦੀ ਕਾਰਗੁਜ਼ਾਰੀ ਕਾਰਨ ਹਕੂਮਤ ਤੋਂ ਨਾਖੁਸ਼ ਸੀ। ਇਸ ਕਾਰਨ ਸੰਭਵ ਹੈ ਕਿ ਉਸ ਦੇ ਦਿਲ ਵਿੱਚ ਦੁੱਲਾ ਭੱਟੀ ਵਰਗੇ ਬਾਗੀਆਂ ਪ੍ਰਤੀ ਮੋਹ ਦੀ ਭਾਵਨਾ ਹੋਵੇ ਜਾਂ ਉਸ ਦੇ ਬਾਗੀਆਂ ਨਾਲ ਕਿਸੇ ਕਿਸਮ ਦੇ ਤਾਅਲੁਕਾਤ ਵੀ ਹੋਣ। ਜਾਪਦਾ ਹੈ ਕਿ ਹੁਸੈਨ ਤੇ ਭੱਟੀ ਦਰਮਿਆਨ ਕੋਈ ਅਸਿੱਧਾ ਰਾਬਤਾ ਜ਼ਰੂਰ ਸੀ।
ਕਾਦਰੀ ਸੂਫੀ ਪਰੰਪਰਾ ਦੇ ਮਸ਼ਹੂਰ ਵਿਅਕਤੀ ਸ਼ਾਹ ਬਹਿਲੋਲ ਨੇ ਇਰਾਨ, ਅਫਗਾਨਿਸਤਾਨ, ਇਰਾਕ ਅਤੇ ਅਰਬ ਵਿਚਲੀਆਂ ਸਾਰੀਆਂ ਪਾਕਿ-ਪਵਿੱਤਰ ਥਾਵਾਂ ਦੀ ਜ਼ਿਆਰਤ ਕੀਤੀ ਸੀ। ਵਾਪਸੀ ਉਤੇ ਉਹ ਲਾਹੌਰ ਆਇਆ ਅਤੇ ਉਸ ਨੇ ਇਕ ਮਦਰੱਸੇ ਦੇ ਬਾਹਰ ਹੁਸੈਨ ਨੂੰ ਦੇਖਿਆ। ਬਾਅਦ ਵਿੱਚ ਉਸ ਨੇ ਹੁਸੈਨ ਨੂੰ ਪੜ੍ਹਾਇਆ ਅਤੇ ਸਿੱਖਿਅਤ ਕੀਤਾ। ਜਦੋਂ ਹੁਸੈਨ ਛੱਬੀ ਵਰ੍ਹਿਆਂ ਦਾ ਹੋਇਆ ਤਾਂ ਸ਼ਾਹ ਬਹਿਲੋਲ ਆਪਣੇ ਜੱਦੀ ਪਿੰਡ ਚਿਨਿਓਟ ਪਰਤ ਗਿਆ ਜਿਹੜਾ ਦੁੱਲਾ ਭੱਟੀ ਦੇ ਪਿੰਡ ਪਿੰਡੀ ਭੱਟੀਆਂ ਦੇ ਨਾਲ ਲੱਗਦਾ ਸੀ। ਉਹ ਕਿਲਾ ਕਿੰਗਰਾਂ ਵਿੱਚ ਰਹਿੰਦਾ ਸੀ ਅਤੇ ਅਕਸਰ ਹੁਸੈਨ ਨੂੰ ਮਿਲਣ ਲਾਹੌਰ ਆਉਂਦਾ ਜਾਂਦਾ। ਹਿਜਰੀ ਸੰਨ 983 ਵਿੱਚ ਸ਼ਾਹ ਬਹਿਲੋਲ ਦੀ ਮੌਤ ਹੋ ਗਈ। ਇਹੋ ਉਹ ਸਮਾਂ ਸੀ, ਜਦੋਂ ਦੁੱਲਾ ਭੱਟੀ ਨੂੰ ਫਾਂਸੀ ਲਾਈ ਗਈ ਸੀ। ਇਸ ਦੌਰਾਨ ਸ਼ਾਹ ਬਹਿਲੋਲ ਦਾ ਪੁੱਤਰ ਮੁਹੰਮਦ ਅਲੀ ਵੀ ਲਾਂਭੇ ਹੋ ਗਿਆ। ਉਸ ਨੇ ਦੱਖਣ ਵਿੱਚ ਹੈਦਰਾਬਾਦ ਜਾ ਕੇ ਪਨਾਹ ਲੈ ਲਈ, ਜੋ ਸਿੱਧੇ ਤੌਰ 'ਤੇ ਅਕਬਰ ਦੀ ਸਲਤਨਤ ਦਾ ਹਿੱਸਾ ਨਹੀਂ ਸੀ। ਮੈਸੂਰ ਦਾ ਹੈਦਰ ਅਲੀ ਇਸ ਮੁਹੰਮਦ ਅਲੀ ਦਾ ਹੀ ਪੁੱਤਰ ਸੀ, ਜੋ ਸਿਪਰਾ ਜੱਟ ਸੀ।
ਜੀਵਨੀ ‘ਹਕੀਕਤੁਲ ਫੁਕਰਾ' ਦਾ ਤਕਰੀਬਨ ਚੌਥਾ ਹਿੱਸਾ ਸ਼ਾਹ ਹੁਸੈਨ ਦੇ ਉਸਤਾਦ ਸ਼ਾਹ ਬਹਿਲੋਲ ਦੇ ਦੌਰਿਆਂ ਨੂੰ ਸਮਰਪਿਤ ਹੈ। ਉਸ ਦਾ ਯਕੀਨਨ ਸ਼ਾਹ ਹੁਸੈਨ ਉਤੇ ਕਾਫੀ ਅਸਰ ਰਿਹਾ ਹੋਵੇਗਾ। ਸ਼ਾਹ ਹੁਸੈਨ ਪਹਿਲਾ ਅਜਿਹਾ ਪੰਜਾਬੀ ਸ਼ਾਇਰ ਸੀ, ਜਿਸ ਨੇ ਹੀਰ ਰਾਂਝੇ ਦੀ ਕਥਾ ਨੂੰ ਆਪਣੇ ਸ਼ਾਇਰਾਨਾ ਇਜ਼ਹਾਰ ਲਈ ਇਸਤੇਮਾਲ ਕੀਤਾ। ਇਸ ਤੋਂ ਪਹਿਲਾਂ ਸਿਰਫ ਇਕ ਫਾਰਸੀ ਸ਼ਾਇਰ ਬਾਕੀ ਕੋਲਾਬੀ (ਦੇਹਾਂਤ 1556 ਈਸਵੀ) ਨੇ ਹੀਰ ਰਾਂਝੇ ਬਾਰੇ ਛੋਟੀ ਜਿਹੀ ਨਜ਼ਮ ਲਿਖੀ ਸੀ। ਉਸ ਤੋਂ ਪਹਿਲਾਂ ਇਸ ਪ੍ਰੇਮ ਕਹਾਣੀ ਦਾ ਪਹਿਲੋਂ-ਪਹਿਲੜਾ ਹਵਾਲਾ ਹਮਾਯੂੰ ਦੇ ਦੌਰ (1530-1556) ਵਿੱਚ ਲਿਖੀ ਗਈ ‘ਮੁਕਾਮਤ-ਏ-ਦਾਉਦੀ' ਵਿੱਚ ਮਿਲਦਾ ਹੈ।
ਹੀਰ ਰਾਂਝੇ ਦੀ ਕਥਾ ਦਾ ਸ਼ਾਹ ਹੁਸੈਨ ਉਤੇ ਭਾਰੀ ਅਸਰ ਸੀ ਅਤੇ ਉਸ ਦੀ ਸਾਰੀ ਸ਼ਾਇਰੀ ਵਿੱਚ ਹੀਰ ਰਾਂਝੇ ਤੋਂ ਬਿਨਾਂ ਹੋਰ ਕਿਸੇ ਪ੍ਰੇਮ ਕਹਾਣੀ (ਇਰਾਨੀ, ਅਰਬੀ ਜਾਂ ਭਾਰਤੀ) ਦਾ ਜ਼ਿਕਰ ਨਹੀਂ ਆਉਂਦਾ। ਮਿਸਾਲ ਵਜੋਂ:
ਮਾਹੀ-ਮਾਹੀ ਕੂਕਦੀ ਮੈਂ ਆਪੇ ਰਾਂਝਣ ਹੋਈ

Have something to say? Post your comment