Welcome to Canadian Punjabi Post
Follow us on

26

May 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਨਜਰਰੀਆ

ਦਾਜ ਦੇ ਬਦਲੇ-ਬਦਲੇ ਰੰਗ..

February 25, 2019 08:44 AM

-ਜੋਧ ਸਿੰਘ ਮੋਗਾ
ਵੱਡੀ ਖਬਰ ਫੋਟੋ ਸਮੇਤ ਛਪੀ ਹੁੰਦੀ ਹੈ ‘ਵਿਆਹ ਬਿਲਕੁਲ ਸਾਦਾ ਕਰਾਇਆ, ਗੁਰ ਮਰਿਆਦਾ ਅਨੁਸਾਰ ਬਿਨਾਂ ਖਰਚ ਅਤੇ ਦਾਜ ਦੇ।' ਗੁਰ ਮਰਿਆਦਾ ਵਾਲੀ ਗੱਲ ਤਾਂ ਬਿਲਕੁਲ ਠੀਕ ਹੋਵੇਗੀ, ਪਰ ਬਿਨਾਂ ਦਾਜ ਦਹੇਜ ਵਾਲੀ ਗੱਲ ਅਜੇ ਮੇਰੇ ਮਨ ਨੂੰ ਨਹੀਂ ਲੱਗਦੀ। ਕੀ ਬਹੁਤੇ ਆਧੁਨਿਕ ਕਹਾਉਣ ਵਾਲੇ, ਬਹੁਤੇ ਪੜ੍ਹੇ ਲਿਖੇ, ਬਹੁਤੇ ਖਾਂਦੇ ਪੀਂਦੇ ਅਤੇ ਕਚਹਿਰੀ ਵਿਆਹ ਕਰਾਉਣ ਵਾਲੇ ਸੱਚਮੁੱਚ ਦਾਜ ਲੈਣਾ ਛੱਡ ਚੱਲੇ ਹਨ? ਜੇ ਇਹ ਸੱਚ ਹੈ ਤਾਂ ਸਮਾਜ ਦੀ ਖੁਸ਼ਕਿਸਮਤੀ ਹੈ। ਹਾਂ, ਇਹ ਜ਼ਰੂਰ ਦਿਸਦਾ ਹੈ ਕਿ ਦਾਜ ਨੇ ਵੀ ਸਮੇਂ ਅਨੁਸਾਰ ਆਪਣੀ ਪੁਸ਼ਾਕ ਅਤੇ ਰੰਗ ਬਦਲ ਲਿਆ ਹੈ, ਪਰ ਅੰਦਰ ਉਹੀ ਕੁਝ ਹੈ, ਜੋ ਅੱਜ ਤੋਂ ਅੱਠ ਨੌਂ ਦਹਾਕੇ ਪਹਿਲਾਂ ਹੁੰਦਾ ਸੀ।
ਜ਼ਰਾ ਪੁਰਾਣੇ ਦਾਜ ਦੀ ਗੱਲ ਕਰ ਲਈਏ? ਮੈਂ ਸੱਤਰ ਕੁ ਸਾਲ ਪਹਿਲਾਂ ਵਿਆਹ ਕੀਤੇ, ਕਰਾਏ ਅਤੇ ਹੁੰਦੇ ਦੇਖੇ ਵੀ ਹਨ, ਜਦੋਂ ਦਾਜ ਦੀ ਬੜੀ ਚਰਚਾ ਹੁੰਦੀ ਸੀ ਤੇ ਅੱਜ ਵੀ ਦੇਖੀਦੇ ਹਨ, ਤੁਸੀਂ ਵੀ ਦੇਖਦੇ ਹੋ। ਸਮਾਂ ਬਦਲਿਆ ਹੈ ਤੇ ਦਾਜ ਦਾ ਰੂਪ ਵੀ। ਕੁੜੀ ਦੇ ਮਾਤਾ ਪਿਤਾ, ਭੈਣ-ਭਰਾ, ਰਿਸ਼ਤੇਦਾਰ ਜੋ ਕੁਝ ਧੀ ਨੂੰ ਦਿੰਦੇ ਸਨ, ਉਸ ਨੂੰ ਦਾਜ ਕਿਹਾ ਜਾਂਦਾ ਹੈ। ਖਾਂਦੇ ਪੀਂਦੇ ਘਰਾਂ ਦੀਆਂ ਧੀਆਂ ਦੇ ਦਾਜ ਦਾ ਕੰਮ ਲੰਮਾ ਚੌੜਾ ਹੁੰਦਾ ਸੀ। ਦੋ ਤਿੰਨ ਸਾਲ ਪਹਿਲਾਂ ਤਿਆਰੀ ਚੱਲ ਪੈਂਦੀ ਸੀ। ਕੁੜੀ, ਉਸ ਦੀਆਂ ਭੈਣਾਂ, ਭਰਜਾਈਆਂ, ਸਹੇਲੀਆਂ, ਫੁਲਕਾਰੀਆਂ, ਦਸੂਤੀ ਦੀਆਂ ਚਾਦਰਾਂ, ਸਰਹਾਣੇ, ਨਾਲੇ, ਪੱਖੀਆਂ, ਕਰੋਸ਼ੀਏ ਦਾ ਕੰਮ ਰਲ ਮਿਲ ਕੇ ਕਰ ਲੈਂਦੀਆਂ। ਦਰੀਆਂ ਬੁਣਦੀਆਂ ਸਨ, ਪੈਂਜੇ ਬੈਠਦੇ ਸਨ, ਰਜਾਈਆਂ ਗਦੈਲੇ ਨਗੰਦੇ ਜਾਂਦੇ ਸਨ। ਗਹਿਣੇ ਵੀ ਵਿੱਤ ਅਨੁਸਾਰ ਬਣ ਜਾਂਦੇ ਸਨ, ਕੁੜਮਾਂ ਤੇ ਰਿਸ਼ਤੇਦਾਰਾਂ ਲਈ ਤਿਉਰ ਅਤੇ ਨਾਲ ਖੇਸ ਵੀ ਜੁੜਦੇ ਸਨ। ਫੇਰ ਭਾਂਡੇ ਟੀਂਡੇ ਅਤੇ ਹੋਰ ਬੜਾ ਕੁਝ। ਦਰਜੀ ਤਾਂ ਘਰ ਬੈਠਦਾ ਹੀ ਸੀ।
ਸਮੇਂ ਦੀ ਚਾਲ ਨੇ ਹੌਲੀ-ਹੌਲੀ ਹੋਰ ਕਈ ਕੁਝ ਜੋੜ ਦਿੱਤਾ। ਸੰਦੂਕ ਦੀ ਥਾਂ ਲੋਹੇ ਦੀ ਪੇਟੀ, ਮੇਜ਼ ਕੁਰਸੀ, ਨਵਾਰੀ ਸ਼ੀਸ਼ੇ ਵਾਲਾ ਪਲੰਘ, ਸਾਈਕਲ ਤੇ ਸਿਲਾਈ ਮਸ਼ੀਨ ਆਦਿ। ਜਿੰਨਾ ਚਿਰ ਇਹ ਕੁੜੀ ਦੇ ਘਰ ਰਹਿੰਦਾ ਦਾਜ ਅਖਵਾਉਂਦਾ, ਪਰ ਮੁੰਡੇ ਦੇ ਘਰ ਜਾ ਕੇ ਇਸ ਨੂੰ ‘ਖੱਟ' ਕਹਿੰਦੇ ਤੇ ਬੋਲੀ ਪੈਂਦੀ ‘ਖੱਟਣ ਗਏ ਸੀ ਕੀ ਖੱਟ ਲਿਆਂਦਾ, ਖੱਟ ਕੇ ਲਿਆਂਦੀ.।’
ਉਸ ਸਮੇਂ ਵਰੀ, ਦਾਜ ਅਤੇ ਖੱਟ ਪਿੰਡ ਨੂੰ ਦਿਖਾਇਆ ਜਾਂਦਾ ਸੀ। ਦੋਹੀਂ ਪਾਸੀਂ ਪੂਰੀ ਨੁਮਾਇਸ਼ ਲਾਈ ਜਾਂਦੀ ਸੀ। ਨਾਈ ਜਾਂ ਵਿਚੋਲਾ ਬਰਾਤੀਆਂ ਨੂੰ ਦਾਜ ਦਿਖਾਈ ਦਾ ਸੱਦਾ ਦੇ ਆਉਂਦਾ ਸੀ। ਜ਼ਿੰਮੇਵਾਰ ਬਜ਼ੁਰਗ ਇਸਤਰੀਆਂ ਦੀ ਦੱਸਣ ਦੀ ਡਿਊਟੀ ਲੱਗੀ ਹੁੰਦੀ ਸੀ, ‘ਇਹ ਸੱਸ ਦੀ ਛਾਪ ਹੈ, ਇਹ ਸਹੁਰੇ ਦੀ। ਇਹ ਤਿਊਰ ਸੱਸ ਦਾ, ਇਹ ਦਦੇਸ ਦਾ, ਇਹ ਮਮੇਸ ਦਾ, ਇਹ ਫਫੇਸ ਦਾ।' ਮਾਮੇ ਦਾ ਕੰਬਲ ਨਾਲ ਖਾਸ ਮਾਣ ਕੀਤਾ ਜਾਂਦਾ ਸੀ। ਉਨ੍ਹੀਂ ਦਿਨੀਂ ਇਸਤਰੀਆਂ ਬਰਾਤ ਨਹੀਂ ਸੀ ਜਾਂਦੀਆਂ, ਨਹੀਂ ਤਾਂ ਤਿਊਰ ਦੇਖ ਕੇ ਉਥੇ ਹੀ ਨੱਕ ਬੁੱਲ੍ਹ ਵੱਟ ਜਾਂਦੇ। ਸਮਾਂ ਪਾ ਕੇ ਅਣਬਣ ਦੀਆਂ ਘਟਨਾਵਾਂ ਕਾਰਨ ਲੋਕ ਦਾਜ ਅਤੇ ਵਰੀ ਦੀਆਂ ਲਿਖਤੀ ਲਿਸਟਾਂ ਵੀ ਲੈਣ ਲੱਗ ਪਏ। ਓਦੋਂ ਚੰਗੇ ਘਰਾਂ ਦੇ ਦਾਜ ਦਾ ਖਰਚ ਵੀ ਸੈਂਕੜੇ ਅਤੇ ਹਜ਼ਾਰਾਂ 'ਚ ਹੋ ਜਾਂਦਾ ਸੀ, ਜਦੋ ਦੁੱਧ ਰੁਪਏ ਦਾ ਦਸ ਸੇਰ ਆਉਂਦਾ ਸੀ। ਜ਼ਰਾ ਕੈਲਕੁਲੇਟਰ ਲਾ ਕੇ ਦੇਖਿਓ, ਅੱਜ ਦੇ ਲੱਖਾਂ ਬਣ ਜਾਣਗੇ। ਵਿਆਹੀ ਕੁੜੀ ਦੇ ਨਾਲ ਨੈਣ ਜਾਂ ਵਿਚੋਲਣ ਵੀ ਆਉਂਦੀ ਸੀ। ਨਵੀਂ ਵਹੁਟੀ ਨੂੰ ਆਂਢ ਗੁਆਂਢ ਸ਼ਗਨ ਪਾਉਂਦੇ ਸਨ, ਠੂਠੀ ਅਤੇ ਵਿੱਚ ਇਕ ਆਨਾ ਸ਼ਗਨ ਦਾ। ਮੈਨੂੰ ਯਾਦ ਹੈ ਕਿ ਮੇਰੇ ਮਾਤਾ ਜੀ ਨੇ ਇਕ ਨਵੀਂ ਵਹੁਟੀ ਨੂੰ ਠੂਠੀ ਵਿੱਚ ਦੁਆਨੀ ਸ਼ਗਨ ਪਾ ਦਿੱਤਾ। ਗੁਆਂਢਣਾਂ ਨੇ ਬੜਾ ਗੁੱਸਾ ਕੀਤਾ। ਉਨ੍ਹਾਂ ਆਖਿਆ ‘ਬੀਬੀ ਜੀ ਤੁਸੀਂ ਦੁਆਨੀ ਸ਼ਗਨ ਪਾ ਕੇ ਸਾਡੀ ਲਾਹ ਕੇ ਰੱਖ ਦਿੱਤੀ, ਸਾਡੀ ਹੇਠੀ ਕਰਾ ਦਿੱਤੀ।' ਉਸ ਸਮੇਂ ਦੁਆਨੀ ਵੀ ਬੜੀ ਚੀਜ਼ ਸੀ।
ਅੱਜ ਦੇ ਦਾਜ ਅਤੇ ਖੱਟ ਦੀ ਗੱਲ ਸੰਖੇਪ ਹੀ ਕਰਨੀ ਚਾਹੀਦੀ, ਇਹ ਤਾਂ ਤੁਸੀਂ ਰੋਜ਼ ਅੱਖੀਂ ਦੇਖਦੇ ਹੋ ਅਤੇ ਸ਼ਾਇਦ ਕਰਦੇ ਵੀ ਹੋਵੇ। ਕਿਹਾ ਜਾਂਦਾ ਹੈ ਕਿ ਆਪਾਂ ਅਗਾਂਹਵਧੂ ਵਿਚਾਰਾਂ ਦੇ ਤੇ ਪੜ੍ਹੇ ਲਿਖੇ ਹਾਂ, ਇਸ ਲਈ ਵਿਆਹ ਸਾਦਾ ਕਰਨਾ ਹੈ ਅਤੇ ਬਿਨਾਂ ਦਾਜ ਦਹੇਜ ਦੇ। ਬਰਾਤ ਦੇ ਸਿਰਫ ਪੰਜ ਬੰਦੇ ਆਉਣਗੇ। (ਸ਼ਾਇਦ ਹੈਲੀਕੌਪਟਰ 'ਤੇ ਜਾਂ ਬੜੀ ਲੰਮੀ ਫੁੱਲਾਂ ਲੱਦੀ ਕਾਰ 'ਤੇ) ਠੀਕ, ਬੜੀ ਵਧੀਆ ਗੱਲ ਹੈ, ਪਰ ਮਗਰੋਂ ਜਿਸ ਨੂੰ ਰਿਸੈਪਸ਼ਨ ਕਹਿੰਦੇ ਹਨ ਘੱਟੋ-ਘੱਟ ਪੰਜ ਸੌ ਬੰਦਾ ਹੁੰਦਾ ਹੈ, ਉਹ ਵੀ ਕਿਸੇ ਵੱਡੇ ਮੈਰਿਜ ਮਹੱਲ ਵਿੱਚ ਅਤੇ ਘਰੋਂ ਕਈ ਮੀਲ ਦੂਰ। ਪਹਿਲਾਂ ਮੁਕਾਈ ਗੱਲ ਅਨੁਸਾਰ ਖਰਚਾ ਦੋਵਾਂ ਧਿਰਾਂ ਦਾ ਜਾਂ ਅੱਧੋ-ਅੱਧ। ਵਿਆਹ ਸਮੇਂ ਹੋਰ ਸਾਮਾਨ, ਦਾਜ ਅਤੇ ਫਰਨੀਚਰ ਨਹੀਂ ਲਿਆ, ਹਾਂ ਬੈਂਕ ਦੀ ਪਰਚੀ ਜਿਹੀ ਜ਼ਰੂਰ ਲਈ ਹੈ। ਫੁਲਕਾਰੀ ਵਾਲੀ ਕਾਰ ਤਾਂ ਮੰਗਣੇ 'ਤੇ ਹੀ ਆਈ ਸੀ ਅਤੇ ਫਰਿੱਜ? ਉਹ ਹਾਂ ਮੁੰਦਰੀ ਪੁਆਈ 'ਤੇ ਆਇਆ ਸੀ। ਸਾਈਕਲ ਨੇ ਵੀ ਰੂਪ ਵਟਾ ਲਿਆ ਹੈ, ਅੱਜ ਕੱਲ੍ਹ ਉਸ ਵਿੱਚ ਪੈਟਰੋਲ ਪੈਦਾ ਅਤੇ ਨੰਬਰ ਪਲੇਟ ਵੀ ਲੱਗਦੀ ਹੈ। ਦੁਆਨੀ ਵਾਲੀ ਠੂਠੀ ਬੰਦ ਲਿਫਾਫਾ ਸ਼ਗਨ ਬਣ ਗਈ ਜਾਂ ਰੰਗ ਬਿਰੰਗੇ ਚਮਕੀਲੇ ਕਾਗਜ਼ ਵਿੱਚ ਲਪੇਟਿਆ ਬੰਦ ਡੱਬਾ, ਜਿਸ ਨੂੰ ਸ਼ਗਨ ਨਹੀਂ, ਗਿਫਟ ਕਹਿੰਦੇ ਹਨ। ਫੋਟੋਆਂ ਸਮੇਤ ਸ਼ਗਨ ਦਾ ਪੱਕਾ ਸਬੂਤ।
ਕੁੜੀ ਦੀ ਲੱਖਾਂ ਰੁਪਏ ਖਰਚ ਕੇ ਪੜ੍ਹਾਈ ਅਤੇ ਡਿਗਰੀਆਂ ਦੀ ਗੱਲ ਨ੍ਹੀਂ ਕਰਨੀ? ਉਹ ਦਾਜ ਥੋੜ੍ਹੀ ਹੁੰਦਾ ਹੈ, ਉਹ ਤਾਂ ਕਾਗਜ਼ੀ ਸਰਟੀਫਿਕੇਟ ਹੁੰਦੇ ਹਨ ਜਾਂ ਨਿਯੁਕਤੀ ਪੱਤਰ, ਨਾਲੇ ਉਨ੍ਹਾਂ 'ਤੇ ਤਾਂ ਕੁੜੀ ਦਾ ਨਾਂ ਛਪਿਆ ਹੁੰਦਾ ਹੈ, ਚਲੋ ਛੱਡੋ ਇਹ ਗੱਲਾਂ, ਆਪਾਂ ਤਾਂ ਵਿਆਹ ਸਾਦਾ ਹੀ ਕੀਤਾ ਹੈ ਅਤੇ ਬਿਨਾਂ ਦਹੇਜ ਦੇ।
ਇਕ ਨਵੇਂ ਜਿਹੇ ਰਿਵਾਜ ਚੁੰਨੀ ਚੜ੍ਹਾ ਕੇ ਲਿਆਉਣ ਬਾਰੇ ਕੀ ਵਿਚਾਰ ਹੈ? ਜੇ ਦੁਨੀਆ ਦੀ ਪਰਵਾਹ ਕੀਤੇ ਬਿਨਾਂ, ਖਾਂਦੇ ਪੀਂਦੇ ਲੋਕ ਇਸ ਰਾਹੇ ਤੁਰ ਪੈਣ ਤਾਂ ਇਸ ਵਰਗੀ ਸੁਖਦਾਈ ਰੀਸ ਨਹੀਂ, ਪਰ ਸਾਦਗੀ ਬਿਨਾਂ ਦਹੇਜ ਬਿਨਾਂ ਬਹੁਤਾ ਖਰਚ, ਬਿਨਾਂ ਇਕ ਦਿਨ ਦੀ ਵਾਹ-ਵਾਹ, ਦੋਵਾਂ ਬੱਚਿਆਂ, ਦੋਵਾਂ ਪਰਵਾਰਾਂ ਦੀ ਖੁਸ਼ੀ ਤੇ ਸਹਿਮਤੀ ਚੁੰਨੀ ਦਾ ਆਧਾਰ ਹੋਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੇ ਦਿਨ ਖੁਸ਼ੀਆਂ ਭਰੇ ਹੋ ਸਕਣ। ਇਹ ਸਭ ਕੁਝ ਸ਼ਬਦੀ ਗੱਲਾਂ ਜਾਂ ਖਬਰਾਂ ਹੀ ਨਾ ਹੋਣ, ਸਗੋਂ ਦਿਲੋਂ ਸੱਚੇ ਹੋਣ। ਸੋ ਹਿੰਮਤ ਕਰਕੇ ਇਸ ਬਾਰੇ ਵਿਚਾਰ ਕਰੀਏ।

 

Have something to say? Post your comment