Welcome to Canadian Punjabi Post
Follow us on

26

May 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਨਜਰਰੀਆ

ਘਰ ਦੀ ਵਾਰਿਸ ਧੀ ਕਿਉਂ ਨਹੀਂ?

February 21, 2019 08:17 AM

-ਮਨਪ੍ਰੀਤ ਮਹਿਨਾਜ਼
ਸਮਾਜ ਵਿੱਚ ਔਰਤ ਦੇ ਸ਼ੋਸ਼ਣ, ਉਸ ਨਾਲ ਹੁੰਦੇ ਵਿਤਕਰੇ ਅਤੇ ਔਰਤ ਪੁਰਸ਼ ਦੀ ਨਾ-ਬਰਾਬਰੀ ਵਿਰੁੱਧ ਵਿਚਾਰ ਵਟਾਂਦਰਾ ਵੱਖ-ਵੱਖ ਮੰਚਾਂ ਤੋਂ ਅਕਸਰ ਹੁੰਦਾ ਹੈ। ਇਨ੍ਹਾਂ ਦਰਮਿਆਨ ਇਕ ਅਜਿਹਾ ਮਸਲਾ ਹੈ, ਜਿਸ ਬਾਰੇ ਗੱਲ ਨਹੀਂ ਹੁੰਦੀ ਜਾਂ ਘੱਟ ਹੁੰਦੀ ਹੈ। ਇਹ ਪੰਜਾਬੀ ਸਮਾਜ ਵਿੱਚ ‘ਮੁੰਡਾ ਜੰਮਣ' ਦੀ ਪ੍ਰਬਲ ਇੱਛਾ ਹੈ। ਇਸ ਤੋਂ ਉਪਜੇ ਜਾਂ ਇਸ ਨਾਲ ਜੁੜੇ ਵਿਸ਼ੇਸ਼ ਤਰ੍ਹਾਂ ਦੇ ਸਮਾਜਿਕ ਵਿਹਾਰ ਕਾਰਨ ਕੁੜੀਆਂ ਅਤੇ ਉਨ੍ਹਾਂ ਦੇ ਮਾਪੇ ਅਣਚਾਹੇ ਸਮਾਜਿਕ ਦਬਾਅ ਅਤੇ ਵਿਤਕਰੇ ਦਾ ਸਾਹਮਣਾ ਕਰਦੇ ਹਨ। ਇਹ ਇੱਛਾ ਪੂਰੀ ਕਰਨ ਲਈ ਕਈ ਵਾਰ ਪੁਰਸ਼ਾਂ ਦੇ ਦੂਹਰੀ ਤੀਹਰੀ ਵਾਰ ਵਿਆਹ ਰਚਾਏ ਜਾਂਦੇ ਹਨ। ਕਈ ਵਾਰ ਮਾਪੇ ਵਡੇਰੀ ਉਮਰੇ ਵੀ ਬੱਚੇ ਪੈਦਾ ਕਰਨ ਦਾ ਜ਼ੋਖਮ ਸਹੇੜਦੇ ਹਨ।
2018 ਵਿੱਚ ਇਕ ਮੀਡੀਆ ਰਿਪੋਰਟ ਅਨੁਸਾਰ 60-65 ਸਾਲ ਦੀ ਉਮਰ ਦੇ ਤਿੰਨ ਵਿਆਹੀਆਂ ਧੀਆਂ ਦੇ ਮਾਂ-ਬਾਪ (ਜਿਨ੍ਹਾਂ ਦਾ ਮੁੰਡਾ ਕਿਸੇ ਕਾਰਨ ਜਹਾਨ ਤੋਂ ਤੁਰ ਗਿਆ ਸੀ) ਨੇ ਟੈਸਟ ਟਿਊਬ ਵਿਧੀ ਰਾਹੀਂ ਜ਼ਮੀਨ ਜਾਇਦਾਦ ਦੇ ਵਾਰਿਸ ਪ੍ਰਾਪਤ ਕਰਨ ਲਈ ਜੌੜੇ ਬੱਚੇ (ਇਕ ਮੁੰਡਾ ਅਤੇ ਇਕ ਕੁੜੀ) ਪੈਦਾ ਕੀਤੇ। ਮੀਡੀਆ ਨੇ ਇਸ ਸਾਰੀ ਖਬਰ ਨੂੰ ਵਿਗਿਆਨਕ ਤਰੱਕੀ ਜਾਂ ਕੁਦਰਤੀ ਕ੍ਰਿਸ਼ਮੇ ਵਾਂਗ ਪੇਸ਼ ਕੀਤਾ। ਇਕ ਦੋ ਦਿਨਾਂ ਬਾਅਦ ਵਿਅੰਗ ਵੀ ਸੁਣਨ ਨੂੰ ਮਿਲੇ ਕਿ ਜੇ ਦੋਵੇਂ ਬੱਚੇ ਕੁੜੀਆਂ ਹੀ ਹੁੰਦੀਆਂ, ਫੇਰ ਵਾਰਿਸ ਕਿੱਥੋਂ ਮਿਲਦਾ? ਇਸ ਖਬਰ ਬਾਰੇ ਮੇਰੀ ਬੇਚੈਨੀ ਇਹ ਸੀ ਕਿ ਅਜਿਹੀ ਮਾਨਸਿਕਤਾ ਦੀਆਂ ਜੜ੍ਹਾਂ ਕਿੱਥੇ ਹਨ, ਜਿਸ ਕਾਰਨ ਲੋਕ ਵਡੇਰੀ ਉਮਰੇ ਵੀ ਧੀਆਂ, ਦੋਹਤੇ ਦੋਹਤੀਆਂ ਹੋਣ ਦੇ ਬਾਵਜੂਦ ਪੁੱਤ ਦੀ ਚਾਹਤ ਰੱਖਦੇ ਹਨ। ਕੀ ਧੀ ਘਰ ਦੀ ਵਾਰਿਸ ਨਹੀਂ ਬਣ ਸਕਦੀ?
ਪੁੱਤਾਂ ਲਈ ਮਾਪੇ ਕੰਨਿਆ ਭਰੂਣ ਹੱਤਿਆ ਕਰਦੇ ਹਨ। ਪੰਜਾਬੀ ਲੋਕਧਾਰਾ ਵਿੱਚ ਹਵਾਲੇ ਮਿਲਦੇ ਹਨ ਕਿ ਨਵੀਂ ਜੰਮੀ ਕੁੜੀ ਨੂੰ ਜ਼ਹਿਰੀਲੀ ਚੀਜ਼ ਖੁਆ ਕੇ ਮਾਰ ਦਿੱਤਾ ਜਾਂਦਾ ਸੀ। ਜਦੋਂ ਉਸ ਨੂੰ ਘੜੇ ਵਿੱਚ ਪਾ ਕੇ ਜ਼ਮੀਨ ਵਿੱਚ ਦੱਬਿਆ ਜਾਂਦਾ ਤਾਂ ਉਸ ਦੇ ਮੂੰਹ ਵਿੱਚ ਗੁੜ ਦੀ ਰੋੜੀ ਪਾਈ ਜਾਂਦੀ ਤੇ ਨਾਲ ਰੂੰ ਦੀ ਪੂਣੀ ਰੱਖ ਕੇ ਕਿਹਾ ਜਾਂਦਾ ਸੀ, ‘ਗੁੜ ਖਾਈਂ ਪੂਣੀ ਕੱਤੀਂ, ਆਪ ਨ ਆਈਂ, ਵੀਰ ਨੂੰ ਘੱਤੀ।' ਅੱਜ ਇੰਨੇ ਲੰਮੇ ਸਮੇਂ ਬਾਅਦ ਵੀ ਮਾਨਸਿਕਤਾ ਨਹੀਂ ਬਦਲੀ। ਤਕਨੀਕ ਦੇ ਵਿਕਾਸ ਨੇ ਕੁੜੀਆਂ ਨੂੰ ਜੰਮਣ ਤੋਂ ਪਹਿਲਾਂ ਮਾਰਨ ਦੇ ਤਰੀਕੇ ਲੱਭ ਦਿੱਤੇ ਹਨ। ਕਾਨੂੰਨੀ ਤੌਰ 'ਤੇ ਭਾਵੇਂ ਭਰੂਣ ਹੱਤਿਆ ਦੀ ਮਨਾਹੀ ਹੈ, ਪਰ ਮਾਪੇ ਲੁਕ ਛਿਪ ਕੇ ਜਾਂ ਘਰੇਲੂ ਓਹੜ ਪੋਹੜ ਨਾਲ ਅੱਜ ਵੀ ਏਦਾਂ ਕਰਦੇ ਹਨ ਤੇ ਕਈ ਵਾਰ ਜੰਮਣ ਤੋਂ ਬਾਅਦ ਕੁੜੀਆਂ ਨੂੰ ਨਕਾਰ ਦਿੰਦੇ ਹਨ। ਕੂੜੇ ਦੇ ਢੇਰਾਂ 'ਚੋਂ ਮਿਲਦੀਆਂ ਨਵਜੰਮੀਆਂ ਬੱਚੀਆਂ ਇਸ ਦਾ ਸਬੂਤ ਹਨ।
ਹੈਰਾਨੀ ਦੀ ਗੱਲ ਹੈ ਕਿ ਅਸੀਂ ਇੱਕੀਵੀਂ ਸਦੀ ਵਿੱਚ ਵੀ ਮੁੰਡੇ ਦੀ ਚਾਹਤ ਲਈ ਪੱਬਾਂ ਭਾਰ ਹਾਂ। ਇਸ ਬਾਰੇ ਡਾ. ਹਰਸ਼ਿੰਦਰ ਕੌਰ ਨੇ ਇਕ ਸੈਮੀਨਾਰ ਵਿੱਚ ਖੁਲਾਸਾ ਕੀਤਾ ਸੀ। ਉਨ੍ਹਾਂ ਅਨੁਸਾਰ ਪੰਜਾਬ ਵਿੱਚ ਜਦੋਂ ਵੈਦ ਹਕੀਮਾਂ, ਫਲ ਪਾਉਣ ਵਾਲੇ ਬਾਬਿਆਂ ਜਾਂ ਡਾਕਟਰਾਂ ਤੋਂ ਮੁੰਡਾ ਜੰਮਣ ਲਈ ਦਵਾਈ ਖਾਧੀ ਜਾਂਦੀ ਹੈ ਜਾਂ ਕੋਈ ਹੋਰ ਓਹੜ ਪੋਹੜ ਕੀਤਾ ਜਾਂਦਾ ਹੈ ਤਾਂ ਔਰਤ ਨੂੰ ਪੁਰਸ਼ ਹਾਰਮੋਨਜ਼ ਵੱਧ ਦਿੱਤੇ ਜਾਂਦੇ ਹਨ। ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਜੇ ਗਰਭ ਵਿਚਲਾ ਬੱਚਾ ਕੁੜੀ ਹੋਵੇ ਤੇ ਬਾਹਰੋਂ ਪੁਰਸ਼ ਹਾਰਮੋਨਜ਼ ਵਧੇਰੇ ਮਾਤਰਾ ਵਿੱਚ ਦਿੱਤੇ ਜਾਣ ਤਾਂ ਪੈਦਾ ਹੋਣ ਵਾਲੇ ਬੱਚੇ ਦੇ ਕਿੰਨਰ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਇਸ ਤੋਂ ਇਲਾਵਾ ਗਰਭਵਤੀ ਮਾਂ ਨੂੰ ਲਗਾਤਾਰ ਪੁਰਸ਼ ਹਾਰਮੋਨਜ਼ ਦੇਣ ਨਾਲ ਉਸ ਵਿੱਚ ਵੀ ਮਰਦਾਵੇਂ ਸਰੀਰਕ ਲੱਛਣ ਭਾਰੂ ਹੋਣ ਲੱਗਦੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਵਰਤਾਰਾ ਪੰਜਾਬ ਵਿੱਚ ਲਗਾਤਾਰ ਵਧ ਰਿਹਾ ਹੈ। ਪੁੱਤ ਜੰਮਣ ਦੀ ਮਾਨਸਿਕਤਾ 'ਚੋਂ ਉਪਜੇ ਸਮਾਜਿਕ ਵਿਹਾਰ ਕਾਰਨ ਕੁੜੀਆਂ ਨੂੰ ਸਮਾਜਿਕ ਵਿਤਕਰਾ ਅਤੇ ਮਾਨਸਿਕ ਪੀੜਾ ਝੱਲਣੀ ਪੈਂਦੀ ਹੈ। ਪੰਜਾਬ ਦੇ ਪਰਵਾਰਾਂ ਵਿੱਚ ਸਭ ਤੋਂ ਛੋਟੀ ਕੁੜੀ ਦਾ ਨਾਂ ‘ਰੱਜੀ', ‘ਅੱਕੀ', ‘ਮਰੋ' ਆਦਿ ਹੋਣਾ ਇਸ ਭਾਵਨਾ ਵਿੱਚੋਂ ਨਿਕਲਦੇ ਹਨ ਕਿ ਅਸੀਂ ਕੁੜੀਆਂ ਤੋਂ ਅੱਕ ਗਏ ਹਾਂ। ਅਸੀਂ ਸੋਚ ਸਕਦੇ ਹਾਂ ਕਿ ਜਿਸ ਕੁੜੀ ਦਾ ਨਾਂ ਹੀ ਅਜਿਹੇ ਦੁਰਕਾਰ 'ਚੋਂ ਰੱਖਿਆ ਗਿਆ ਹੋਵੇ, ਉਹ ਕਿਵੇਂ ਮਾਣ ਨਾਲ ਜਿਉਂ ਸਕਦੀ ਹੈ?
ਇਸ ਪ੍ਰਸੰਗ ਵਿੱਚ ਮੇਰਾ ਆਪਣਾ ਤਜਰਬਾ ਵੀ ਕੁਝ ਅਜਿਹਾ ਹੈ। ਮੈਨੂੰ ਯਾਦ ਹੈ ਉਦੋਂ ਅਸੀਂ ਤਿੰਨ ਭੈਣਾਂ ਸਾਂ, ਚੌਥੀ ਦਾ ਜਨਮ ਬਾਅਦ 'ਚ ਹੋਇਆ। ਜਦੋਂ ਮੈਂ ਗਲੀ ਵਿੱਚ ਜਵਾਕਾਂ ਨਾਲ ਖੇਡ ਰਹੀ ਹੁੰਦੀ ਜਾਂ ਪਿੰਡ ਦੀਆਂ ਔਰਤਾਂ ਸਾਡੇ ਘਰ ਆਉਂਦੀਆਂ ਤਾਂ ਉਹ ਸਹਿਜ ਸੁਭਾਅ ਮੇਰੇ ਸਿਰ 'ਤੇ ਹਲਕੀ ਜਿਹੀ ਥਪਕੀ ਮਾਰ ਕੇ ਕਹਿੰਦੀਆਂ ਕਿ ‘ਹਾਏ! ਕਮਲੀ, ਵੀਰਾ ਨ੍ਹੀਂ ਲੈ ਕੇ ਆਈ, ਦੋ ਪੱਥਰ (ਭੈਣਾਂ) ਨਾਲ ਘੜੀਸ ਲਿਆਈ।' ਇਹ ਮੇਰੇ ਨਾਲ ਆਮ ਹੁੰਦਾ। ਹੌਲੀ-ਹੌਲੀ ਮੈਨੂੰ ਵੀ ਲੱਗਣ ਲੱਗ ਪਿਆ ਕਿ ਛੋਟੀਆਂ ਦੋ ਭੈਣਾਂ ਨੂੰ ਵੀ ਮੈਂ ਉਂਗਲ ਫੜ ਕੇ ਲਿਆਈ ਹਾਂ। ਸਮਾਂ ਬੀਤਣ ਨਾਲ ਇਹੋ ਜਿਹੇ ਹੋਰ ਵਰਤਾਅ ਕਾਰਨ ਮੈਨੂੰ ਯਕੀਨ ਹੋ ਗਿਆ ਕਿ ਘਰ ਵਿੱਚ ਵੀਰਾ ਨਾ ਲੈ ਕੇ ਆਉਣ ਵਿੱਚ ਮੇਰਾ ਵੱਡਾ ਦੋਸ਼ ਹੈ। ਇਸ ਦਾ ਨਤੀਜਾ ਇਹ ਹੋਇਆ ਕਿ ਮੈਂ ਆਪਣੇ ਆਪ ਨੂੰ ਫਾਲਤੂ ਜਿਹਾ ਮਹਿਸੂਸ ਕਰਨ ਲੱਗੀ। ਮੈਂ ਆਪਣੇ ਆਪ ਨੂੰ ਅਤੇ ਆਪਣੀਆਂ ਭੈਣਾਂ ਨੂੰ ਮਾਪਿਆਂ 'ਤੇ ਬੋਝ ਮੰਨਣ ਲੱਗ ਪਈ। ਇਥੋਂ ਤੱਕ ਮੈਨੂੰ ਮਹਿਸੂਸ ਹੁੰਦਾ ਕਿ ਮੈਂ ਧਰਤੀ 'ਤੇ ਬੋਝ ਹਾਂ। ਪਰਵਾਰ ਉਤੇ ਬੋਝ ਹੋਣ ਦੇ ‘ਦੋਸ਼' ਤੋਂ ਮੁਕਤ ਹੋਣ ਲਈ ਮੈਨੂੰ ਕਈ ਸਾਲ ਸੁਚੇਤ ਯਤਨ ਕਰਨੇ ਪਏ।
ਇਸੇ ਤਰ੍ਹਾਂ ਜਦੋਂ ਮੈਂ ਗਿਆਰ੍ਹਵੀਂ-ਬਾਰ੍ਹਵੀਂ ਵਿੱਚ ਆਪਣੇ ਨਾਨਕੇ ਪੜ੍ਹਦੀ ਸੀ ਤਾਂ ਮੇਰੀ ਸਵੇਰ ਸ਼ਾਮ ਦੀ ਅਰਦਾਸ ਵਿੱਚ ਇਹ ਸ਼ਾਮਲ ਹੁੰਦਾ ਸੀ ਕਿ ਮੈਨੂੰ ਕੋਈ ਮੁੰਡਾ ਪਸੰਦ ਨਾ ਆਵੇ ਤੇ ਨਾ ਕਿਸੇ ਮੁੰਡੇ ਨੂੰ ਮੈਂ ਪਸੰਦ ਆਵਾਂ, ਕਿਉਂਕਿ ਮੁੰਡੇ ਕੁੜੀ ਦੀਆਂ ਪਿਆਰ ਕਹਾਣੀਆਂ ਘਰ ਦਿਆਂ ਦੀ ਇੱਜ਼ਤ ਖਰਾਬ ਕਰ ਦਿੰਦੀਆਂ ਹਨ, ਉਪਰੋਂ ਮੇਰਾ ਪਿਓ ਚਾਰ ਧੀਆਂ ਦਾ ਬਾਪ ਸੀ। ਇਨ੍ਹਾਂ ਦੋ ਸਾਲਾਂ ਵਿੱਚ ਮੈਂ ਆਪਣੇ ਮੂੰਹ ਉੱਤੇ ਸਰ੍ਹੋਂ ਦਾ ਤੇਲ ਲਾ ਕੇ ਸਕੂਲ ਜਾਂਦੀ ਸੀ ਤਾਂ ਜੋ ਮੇਰਾ ਰੰਗ ਕਾਲਾ ਲੱਗੇ। ਮੈਂ ਸੋਹਣੀ ਨਾ ਲੱਗਾਂ ਤੇ ਕਿਸੇ ਮੁੰਡੇ ਦਾ ਮੇਰੇ ਵੱਲ ਧਿਆਨ ਨਾ ਜਾਵੇ। ਅੱਜ ਸੋਚਦੀ ਹਾਂ ਕਿ ਪਤਾ ਲੱਗਦਾ ਹੈ ਕਿ ਇਕੱਲੀਆਂ ਕੁੜੀਆਂ ਵਾਲੇ ਪਰਵਾਰਾਂ ਵਿੱਚ ਕੁੜੀਆਂ ਕਿੰਨੇ ਸਹਿਮ ਤੇ ਬੋਝ ਵਿੱਚ ਪਲਦੀਆਂ ਹਨ।
ਪੁੱਤ ਜੰਮਣ ਦੀ ਇੱਛਾ ਜੇ ਹਕੀਕਤ ਵਿੱਚ ਪੂਰੀ ਨਹੀਂ ਹੁੰਦੀ ਤਾਂ ਇਸ ਨੂੰ ਕਲਪਨਾ ਵਿੱਚ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਫਿਲਮਕਾਰ ਅਨੂਪ ਸਿੰਘ ਦੀ ਇਕ ਬਹੁਤ ਚਰਚਿਤ ਪੰਜਾਬੀ ਫਿਲਮ ‘ਕਿੱਸਾ-ਦਾ ਸਟੋਰੀ ਆਫ ਲੋਨਲੀ ਗੋਸਟ' (2015) ਹੈ। ਫਿਲਮ ਵਿੱਚ ਤਿੰਨ ਧੀਆਂ ਦੇ ਬਾਪ ਅੰਬਰ ਸਿੰਘ ਦੀ ਪੁੱਤ ਪੈਦਾ ਕਰਨ ਦੀ ਇੰਨੀ ਇੱਛਾ ਹੈ ਕਿ ਜਦੋਂ ਉਸ ਦੇ ਘਰ ਚੌਥੀ ਧੀ ਜੰਮਦੀ ਹੈ ਤਾਂ ਉਹ ਧੀ ਨੂੰ ‘ਪੁੱਤ' ਬਣਾ ਲੈਂਦਾ ਹੈ। ਉਸ ਦੀ ਦਸਤਾਰਬੰਦੀ ਕਰਦਾ ਹੈ। ਉਸ ਨੂੰ ਭਲਵਾਨੀ, ਟਰੱਕ ਚਲਾਉਣਾ, ਬੰਦੂਕ ਚਲਾਉਣਾ ਤੇ ਸ਼ਿਕਾਰ ਖੇਡਣਾ ਸਿਖਾਉਂਦਾ ਹੈ। ਸਾਰਾ ਪਰਵਾਰ ਕੁੰਵਰ ਨੂੰ ਮੁੰਡਾ ਹੀ ਮੰਨਦਾ ਹੈ। ਆਪਣਾ ਪੁੱਤ ਬਣਾਈ ਧੀ ਰਾਹੀਂ ਆਪਣੀਆਂ ਜੜ੍ਹਾਂ ਲਾਉਣ ਲਈ ਅੰਬਰ ਸਿੰਘ ਉਸ ਦਾ ਵਿਆਹ ਕਰ ਦਿੰਦਾ ਹੈ। ਇਸ ਫਿਲਮ ਵਿੱਚ ਉਸ ਧੀ ਦੀ ਮਾਨਸਿਕ ਪੀੜਾ ਦਿਖਾਈ ਹੈ, ਜਿਸ ਨੂੰ ਮੁੰਡਿਆਂ ਵਾਂਗ ਪਾਲਿਆ ਜਾਂਦਾ ਹੈ। ਉਸ ਦਾ ਸਰੀਰ ਔਰਤ ਦਾ ਹੈ ਤੇ ਸਮਾਜਿਕ ਪਰਵਰਿਸ਼ ਪੁਰਸ਼ ਵਾਲੀ। ਉਸ ਦਾ ਵਜੂਦ ਦੋਵਾਂ ਲਿੰਗਾਂ ਵਿਚਾਲੇ ਆਪਣੀ ਹੋਂਦ ਲੱਭਣ ਦੀ ਕੋਸ਼ਿਸ਼ ਦਾ ਸੰਤਾਪ ਭੋਗਦਾ ਹੈ। ਹੱਦ ਉਦੋਂ ਹੁੰਦੀ ਹੈ ਜਦੋਂ ਪਿਤਾ ਵੱਲੋਂ ਉਸ ਦਾ ਵਿਆਹ ਵੀ ਇਕ ਕੁੜੀ ਨਾਲ ਕਰ ਦਿੱਤਾ ਜਾਂਦਾ ਹੈ। ਹਕੀਕਤ ਵਿੱਚ ਫਿਲਮ ‘ਕਿੱਸਾ' ਵਰਗੀਆਂ ਉਦਾਹਰਨਾਂ ਭਾਵੇਂ ਦੁਰਲਭ ਹੋਣ, ਪਰ ਪੰਜਾਬੀ ਸਮਾਜ ਵਿੱਚ ‘ਮਰਦ' ਵਾਰਿਸ ਸਹਾਰੇ ਵੰਸ਼ ਚਲਾਉਣ ਦੀ ਮਾਨਸਿਕਤਾ ਅਜੇ ਵੀ ਹੈ।

ਘਰ ਵਿੱਚ ਮੁੰਡਾ ਨਾ ਹੋਣ ਦੀ ਸੂਰਤ ਵਿੱਚ ਔਰਤ ਦਾ ਵਜੂਦ ਬੱਚੇ ਜੰਮਣ ਵਾਲੀ ਮਸ਼ੀਨ ਤੱਕ ਸੀਮਤ ਹੋ ਜਾਂਦਾ ਹੈ। ਘਰ ਵਿੱਚ ਮੁੰਡਾ ਨਾ ਹੋਣ ਤੇ ਕੁੜੀਆਂ ਹੀ ਕੁੜੀਆਂ ਹੋਣ ਦੀ ਮਾਨਸਿਕ ਪੀੜ ਨੂੰ ਕਹਾਣੀਕਾਰ ਸੁਖਜੀਤ ਨੇ ਕਹਾਣੀ ‘ਹਜ਼ਾਰ ਕਹਾਣੀਆਂ ਦਾ ਬਾਪ' ਵਿੱਚ ਵਧੀਆ ਢੰਗ ਨਾਲ ਦਰਸਾਇਆ ਹੈ। ਇਸ ਕਹਾਣੀ ਵਿੱਚ ਚਾਰ ਧੀਆਂ ਦੇ ਪਿਓ ਨੂੰ ਇਹੋ ਡਰ ਸਤਾਉਂਦਾ ਹੈ ਕਿ ਲੋਕ ਉਸ ਦੀਆਂ ਧੀਆਂ ਦੀਆਂ ਗੱਲਾਂ ਕਰਦੇ ਹਨ। ਚਾਰ ਧੀਆਂ ਦਾ ਪਿਓ ਘਰ ਅੰਦਰ ਅੱਖਾਂ ਝੁਕਾ ਕੇ ਤੁਰਦਾ ਹੈ ਅਤੇ ਘਰ ਦੇ ਬਾਹਰ ਆਪਣੀਆਂ ਕੁੜੀਆਂ ਦੀਆਂ ਗੱਲਾਂ ਕਰਨ ਵਾਲਿਆਂ ਦੀਆਂ ਕਨਸੋਆਂ ਲੈਂਦਾ ਰਹਿੰਦਾ ਹੈ।
ਅੱਜ ਵੀ ਜਦੋਂ ਮੈਂ ਆਪਣੀਆਂ ਵਿਦਿਆਰਥਣਾਂ ਨੂੰ ਜੀਵਨ ਕਹਾਣੀਆਂ ਲਿਖਣ ਲਈ ਆਖਦੀ ਹਾਂ ਤਾਂ ਪਤਾ ਲੱਗਦਾ ਹੈ ਕਿ ਕੁੜੀਆਂ ਅਜੇ ਇਸ ਮਾਨਸਿਕ ਪੀੜ ਨੂੰ ਹੰਢਾ ਰਹੀਆਂ ਹਨ। ਇਕ ਬੱਚੀ ਦੀ ਜੀਵਨ ਕਹਾਣੀ ਦਾ ਸਿਰਲੇਖ ਹੈ, ‘ਮੈਂ ਇਕ ਅਣਚਾਹੀ ਬੱਚੀ', ਕੋਈ ਆਪਣੀ ਕਹਾਣੀ ਸੁਣਾਉਂਦੀ ਰੋਣ ਲੱਗ ਪੈਂਦੀ ਹੈ ਤੇ ਕਿਸੇ ਨੂੰ ਭੂਆਂ ਦੇ ਮੁੰਡੇ ਵਿੱਚੋਂ ਸਕੇ ਭਰਾ ਦੀ ਭਾਲ ਹੈ। ਜਿਹੜਾ ਦੁੱਖ ਮੈਂ 20-30 ਵਰ੍ਹੇ ਪਹਿਲਾਂ ਝੱਲਿਆ, ਉਹ ਦੁੱਖ ਅਜੇ ਵੀ ਨਵੀਂ ਪੀੜ੍ਹੀ ਦੀਆਂ ਕੁੜੀਆਂ ਨੂੰ ਝੱਲਣਾ ਪੈ ਰਿਹਾ ਹੈ। ਜੀਅ ਕਰਦਾ ਕਿ ਮੈਂ ਉਨ੍ਹਾਂ ਨੂੰ ਬਾਂਹ ਫੜ ਕੇ ਬਾਹਰ ਕੱਢ ਲਵਾਂ।

Have something to say? Post your comment