Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼
 
ਨਜਰਰੀਆ

ਲੋਕ-ਕਾਵਿ ਦੀ ਖੱਟੀ ਮਿੱਠੀ ਵਿਧਾ ਸਿੱਠਣੀਆਂ

February 20, 2019 08:21 AM

-ਪਰਮਜੀਤ ਕੌਰ ਸਰਹਿੰਦ
ਮੂਲ ਰੂਪ ਵਿੱਚ ਕਿਸੇ ਵੀ ਖੇਤਰ, ਸੂਬੇ ਜਾਂ ਦੇਸ਼ ਦਾ ਲੋਕ ਕਾਵਿ ਉਥੋਂ ਦੇ ਵਸਨੀਕਾਂ ਦੇ ਧੁਰ ਅੰਦਰ ਦੀ ਸਿੱਧੀ ਸਾਦੀ ਭਾਸ਼ਾ ਵਿੱਚ ਪ੍ਰਗਟਾਈ ਆਵਾਜ਼ ਹੈ। ਇਨ੍ਹਾਂ ਲੋਕ ਗੀਤਾਂ ਨੂੰ ਸਿਰਜਣ ਵਾਲੇ ਅਨੇਕ ਲੋਕ ਹਨ। ਇਹ ਕਿਸੇ ਇਕ ਵਿਅਕਤੀ ਵਿਸ਼ੇਸ਼ ਦੀ ਕਿਰਤ ਨਹੀਂ। ਸਮੇਂ ਦੇ ਨਾਲ ਕਈ ਵਾਰ ਇਨ੍ਹਾਂ ਵਿੱਚ ਫੇਰ ਬਦਲ ਹੁੰਦਾ ਰਹਿੰਦਾ ਹੈ। ਆਮ ਤੌਰ 'ਤੇ ਲੋਕ ਕਾਵਿ ਪੇਂਡੂ ਰਹਿਤਲ ਨਾਲ ਜੁੜਿਆ ਹੋਇਆ ਹੈ। ਇਸ ਕਾਵਿ ਦੀ ਖਾਸੀਅਤ ਹੈ ਕਿ ਇਹ ਭਾਵੇਂ ਬਹੁਤਾ ਨਾਰੀ ਮਨ ਵਿੱਚੋਂ ਹੂਕ ਵਾਂਗ ਜਾਂ ਹੇਕ ਵਾਂਗ ਨਿਕਲਿਆ ਹੈ, ਪਰ ਇਹ ਨਿੱਜ ਤੋਂ ਪਰ ਤੱਕ ਦਾ ਸਫਰ ਤੈਅ ਕਰਦਾ ਘਰ ਪਰਵਾਰ ਤੋਂ ਸੂਬੇ ਤੇ ਦੇਸ਼ ਵਿੱਚ ਉਡਾਰੀਆਂ ਲਾਉਂਦਾ ਵਿਸ਼ਵ ਪੱਧਰ ਤੱਕ ਦੀ ਗੱਲ ਕਰ ਜਾਂਦਾ ਹੈ। ਜਿਥੇ ਇਹ ਗਹਿਰ ਗੰਭੀਰ ਵਿਸ਼ਿਆਂ ਉਤੇ ਪਕੜ ਰੱਖਦਾ ਹੈ, ਉਥੇ ਹਲਕੇ ਫੁਲਕੇ, ਹਾਸੇ ਠੱਠੇ ਅਤੇ ਵਿਅੰਗਮਈ ਰਸ ਨਾਲ ਵੀ ਭਰਪੂਰ ਹੈ। ਇਸੇ ਖੱਟੇ ਮਿੱਠੇ ਰਸ ਨਾਲ ਲਬਾਲਬ ਭਰੀਆਂ ਹਨ ‘ਸਿੱਠਣੀਆਂ'। ਸਿੱਠਣੀ ਲੋਕ ਕਾਵਿ ਦੀ ਤਿੱਖੀ ਮਜ਼ਾਕੀਆਂ ਵਿਧਾ ਹੈ, ਜਿਸ ਦਾ ਰਿਵਾਜ ਲੋਕਧਾਰਾ ਵਿੱਚ ਸਦੀਆਂ ਤੋਂ ਚੱਲਿਆ ਆ ਰਿਹਾ ਹੈ। ਕੁਝ ਵਿਦਵਾਨਾਂ ਅਨੁਸਾਰ ‘ਸਿਠ' ਸ਼ਬਦ ਦਾ ਅਰਥ ਹਾਸਾ ਠੱਠਾ ਜਾਂ ਮਜ਼ਾਕ ਹੈ। ਇਹ ਵੀ ਹੋ ਸਕਦਾ ਹੈ ਸਿੱਠਣੀ ਸ਼ਬਦ ਸਿਠ ਤੋਂ ਹੀ ਬਣਿਆ ਹੋਵੇ।
ਜਿਥੇ ਮੁੰਡੇ ਦੇ ਵਿਆਹ ਮੌਕੇ ਘੋੜੀਆਂ ਤੇ ਕੁੜੀ ਦੇ ਵਿਆਹ ਸਮੇਂ ਸੁਹਾਗ ਗਾਏ ਜਾਂਦੇ ਹਨ, ਉਥੇ ਸਿੱਠਣੀਆਂ ਮੁੰਡੇ ਕੁੜੀ ਦੋਵਾਂ ਦੇ ਵਿਆਹ ਵੇਲੇ ਲਈ ਪ੍ਰਵਾਨਤ ਤੇ ਪ੍ਚੱਲਤ ਵਿਧਾ ਹੈ। ਮੰਗਣੇ ਕੁੜਮਾਈ ਦੀ ਰਸਮ ਸਮੇਂ ਸਿੱਠਣੀਆਂ ਸੁਣਨ ਨੂੰ ਮਿਲਦੀਆਂ ਹਨ। ਘੋੜੀਆਂ ਤੇ ਸੁਹਾਗ ਨੂੰ ਗੀਤ ਗਾਉਣਾ ਕਿਹਾ ਜਾਂਦਾ ਹੈ, ਸਿੱਠਣੀਆਂ ਨੂੰ ਗਾਉਣਾ ਨਹੀਂ ਸਿੱਠਣੀਆਂ ਦੇਣੀਆਂ ਕਿਹਾ ਜਾਂਦਾ ਹੈ। ਸਿੱਠਣੀਆਂ ਢੁੱਕਵੇਂ ਤੇ ਫੱਬਵੇਂ ਸ਼ਬਦਾਂ ਵਿੱਚ ਦਿੱਤੇ ਜਾਂਦੇ ਮਿਹਣਿਆਂ ਵਰਗੀਆਂ ਹੁੰਦੀਆਂ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਗਾਉਂਦੀਆਂ ਦੀਆਂ ਸਿੱਠਣੀਆਂ ਤੇ ਲੜਦੀਆਂ ਦੇ ਮਿਹਣੇ ਪਰ ਅੰਤਰ ਇਹ ਹੈ ਕਿ ਸਿੱਠਣੀਆਂ ਵਿੱਚ ਮਿਹਣੋ ਮਿਹਣੀ ਹੋ ਕੇ ਟੁੱਟਣ ਦੀ ਨੌਬਤ ਨਹੀਂ ਆਉਂਦੀ। ਪੁਰਾਣੇ ਸਮੇਂ ਖਾਸ ਕਰ ਪਿੰਡਾਂ ਵਿੱਚ ਮਨੋਰੰਜਨ ਦੇ ਕੋਈ ਸਾਧਨ ਨਹੀਂ ਸਨ। ਕਿਸੇ ਵਿਰਲੇ ਟਾਵੇਂ ਘਰ ਰੇਡੀਓ ਹੁੰਦਾ ਸੀ। ਵਿਆਹ ਸ਼ਾਦੀ ਜਾਂ ਫਿਰ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਬਨੇਰਿਆਂ 'ਤੇ ਜਾ ਕੋਠੇ ਦੀ ਛੱਤ 'ਤੇ ਮੰਜੇ ਜੋੜ ਕੇ ਬੰਨ੍ਹਿਆ ਸਪੀਕਰ ਰੌਣਕਾਂ ਲਾਉਂਦਾ ਸੀ। ਖੁਸ਼ੀਆਂ ਮੌਕੇ ਔਰਤਾਂ ਆਪੇ ਸਿਰਜੇ ਗੀਤ ਗਾਉਂਦੀਆਂ ਅਤੇ ਮਨਪ੍ਰਚਾਵਾ ਕਰਦੀਆਂ ਸਨ। ਇਹੋ ਗੀਤ ਗੌਣ ਸੀਨਾ-ਬ-ਸੀਨਾ ਅੱਗੇ ਤੁਰਦੇ ਸਨ।
ਅਜੋਕੇ ਸਮੇਂ ਇਨ੍ਹਾਂ ਰੰਗ ਤਮਾਸ਼ਿਆਂ ਦੀ ਕਦਰ ਘੱਟ ਗਈ ਹੈ। ਸ਼ਹਿਰੀ ਲੋਕਾਂ ਨੂੰ ਡੀ ਜੇ, ਦਿਖਾਵੇ ਲਈ ਕੀਤੇ ਅਡੰਬਰਾਂ ਅਤੇ ‘ਬਿਊਟੀ ਪਾਰਲਰ' ਦੇ ਹਾਰ ਸ਼ਿੰਗਾਰ ਤੋਂ ਹੀ ਵਿਹਲ ਨਹੀਂ। ਭਾਵੇਂ ਅੱਜ ਪਿੰਡਾਂ ਦਾ ਵੀ ਸ਼ਹਿਰੀਕਰਨ ਹੋ ਗਿਆ ਹੈ, ਪੇਂਡੂ ਲੋਕਾਂ ਨੇ ਵੀ ਸ਼ਹਿਰੀ ਜੀਵਨ ਜਾਚ ਆਪਣਾ ਲਈ ਹੈ, ਫਿਰ ਵੀ ਪੇਂਡੂ ਭਾਈਚਾਰੇ ਵਿੱਚ ਔਰਤਾਂ ਅਜੇ ਸਿੱਠਣੀਆਂ ਦਾ ਅਦਾਨ ਪ੍ਰਦਾਨ ਕਰ ਲੈਂਦੀਆਂ ਹਨ। ਲੋਕ ਕਾਵਿ ਵਿੱਚ ਸਿੱਠਣੀਆਂ ਔਰਤਾਂ ਦਾ ਜ਼ੁਬਾਨੀ ਕਲਾਮੀ ਹਥਿਆਰ ਵੀ ਬਣ ਜਾਂਦੀਆਂ ਹਨ। ਸਿੱਠਣੀਆਂ ਦੇ ਤੀਰ ਜ਼ਿਆਦਾਤਰ ਨਾਨਕੀਆਂ ਦਾਦਕੀਆਂ ਵੱਲੋਂ ਇਕ ਦੂਜੀ ਵੱਲੋਂ ਛੱਡੇ ਜਾਂਦੇ ਹਨ, ਪਰ ਇਨ੍ਹਾਂ ਦੀ ਮਿੱਠੀ ਮਾਰ ਤੋਂ ਨਾ ਪਰਵਾਰ ਦੇ ਮੈਂਬਰ ਬਚਦੇ ਹਨ, ਨਾ ਕੋਈ ਰਿਸ਼ਤੇਦਾਰ। ਜਿਥੇ ਦਿਓਰ-ਜੇਠ, ਜੀਜੇ, ਕੁੜਮ ਤੇ ਮਾਮੇ ਜਾਂ ਫੁੱਫੜ ਨੂੰ ਸਿੱਠਣੀਆਂ ਮਿਲਦੀਆਂ ਹਨ, ਉਥੇ ਵਿਚੋਲੇ ਨਾਲ ਵੀ ਘੱਟ ਨਹੀਂ ਗੁਜ਼ਾਰੀ ਜਾਂਦੀ। ਇਹ ਸਿੱਠਣੀਆਂ ਕਈ ਵਾਰ ਤਾਂ ਸਿੱਧਾ ਡਾਂਗ ਸੋਟਾ ਬਣ ਕੇ ਹੀ ਵਰ੍ਹਦੀਆਂ ਹਨ। ਵੰਨਗੀ ਲਈ ਵਿਚੋਲੇ ਨੂੰ ਕਿਹਾ ਜਾਂਦਾ ਹੈ:
ਮੱਕੀ ਦਾ ਦਾਣਾ ਕੋਠੇ 'ਤੇ
ਵਿਚੋਲਾ ਬਿਠਾਉਣਾ ਝੋਟੇ 'ਤੇ।
ਮੱਕੀ ਦਾ ਦਾਣਾ ਪਿੰਡ ਵਿੱਚ ਨੀਂ
ਵਿਚੋਲਾ ਨਾ ਰੱਖਣਾ ਪਿੰਡ ਵਿੱਚ ਨੀਂ।
ਕੁੜਮੋ-ਕੁੜਮੀ ਵਰਤਣਗੇ
ਵਿਚੋਲੇ ਵਿਚਾਰੇ ਤਰਸਣਗੇ।
ਜਦੋਂ ਵਿਆਹ ਤੋਂ ਪੰਜ ਸੱਤ ਦਿਨ ਪਹਿਲਾਂ ਭੱਠੀ ਪੁੱਟੀ ਤੋਂ ਕੜਾਹੀ ਚੜ੍ਹਾਈ ਜਾਂਦੀ ਤਾਂ ਘਰ ਦੀਆਂ ਸ਼ਰੀਕੇ ਦੀਆਂ ਔਰਤਾਂ ਵੱਲੋਂ ਸਿੱਠਣੀਆਂ ਦਾ ਬਿਗਲ ਵਜਾ ਦਿੱਤਾ ਜਾਂਦਾ। ਹਲਵਾਈ ਦੀ ਮਦਦ ਲਈ ਮੱਠੀਆਂ ਸ਼ੱਕਰਪਾਰਿਆਂ ਲਈ ਆਟਾ ਜਾਂ ਮੈਦਾ ਗੋਂਦੀਆਂ-ਗੰੁਨ੍ਹਦੀਆਂ ਔਰਤਾਂ ਕੋਲੋਂ ਲੰਘੇ ਜਾਂਦੇ ਸਹਿਜ ਸੁਭਾਅ ਝਾਕਦੇ ਕਿਸੇ ਚੋਬਰ ਦੀ ਚੰਗੀ ਤਹਿ ਲਾਉਂਦੀਆਂ ਕਹਿੰਦੀਆਂ:
ਵਿੰਦਰ ਸਿਉਂ ਇਉਂ ਝਾਕੇ ਜਿਵੇਂ ਚਾਮਚੜਿੱਕ ਦੇ ਡੇਲੇ
ਅਸਾਂ ਨਹੀਂ ਲੈਣੇ, ਪੱਤਾਂ ਬਾਝ ਕਰੇਲੇ।
ਕੋਈ ਦਿਓਰ-ਜੇਠ ਕੰਮਾਂ ਦਾ ਜਾਇਜ਼ਾ ਲੈਂਦਾ ਨੇੜੇ ਤੇੜੇ ਖੜ ਦਿਖਾਈ ਦਿੰਦਾ ਤਾਂ ਜੇਠ ਨੂੰ ਸੰਬੋਧਨ ਕਰਕੇ ਸਿੱਠਣੀ ਦਿੰਦੀਆਂ:
ਭਾਈ ਜੀ (ਜੇਠ ਜੀ) ਖੜਾ ਵੇ ਖੜੋਤਾ
ਤੇਰਾ ਲੱਕ ਥੱਕ ਜਾਊ
ਕੋਲ ਜੋਰੋ ਨੂੰ ਖੜਾ ਲੈ
ਵੇ ਅੜੋਕਾ (ਸਹਾਰਾ) ਲੱਗ ਜਾਊ
ਜੋਰੋ ਪਤਲੀ ਪਤੰਗ ਨੀਂ
ਜੜਕ ਟੁੱਟ ਜਾਊ।
ਇਸੇ ਤਰ੍ਹਾਂ ਕੋਲੋਂ ਲੰਘਦਾ ਵੜਦਾ ਦਿਓਰ ਨਜ਼ਰੀਂ ਪੈਂਦਾ ਤਾਂ ਉਸ ਦੀ ਮੋਟੀ ਠੁੱਲ੍ਹੀ ਪਤਨੀ 'ਤੇ ਤਨਜ਼ ਕੱਸੀ ਜਾਂਦੀ:
ਦਿਲ ਮੰਗਦਾ ਦੇਈਂ ਅਖਰੋਟ ਕੁੜੇ ਦਿਲ ਮੰਗਦਾ
ਕਸ਼ਮੀਰਾ ਸਿਉਂ ਤਾਂ ਸੁੱਕ ਕੇ ਲੱਕੜੀ ਹੋ ਗਿਆ
ਸੁਰਜੀਤ ਕੁਰ ਤਾਂ ਹੋ ਗਈ ਤੋਪ ਕੁੜੇ ਦਿਲ ਮੰਗਦਾ
ਦਿਲ ਮੰਗਦਾ ਦੇਈਂ ਅਖਰੋਟ ਕੁੜੇ ਦਿਲ ਮੰਗਦਾ।
ਸਾਰੇ ਵਿਆਹ ਵਿੱਚ ਸਿੱਠਣੀਆਂ ਦੇਣ ਦਾ ਮੌਕਾ ਮੇਲ ਬਣਿਆ ਰਹਿੰਦਾ। ਘਰ ਦਾ ਕੋਈ ਜੁਆਈ ਭਾਈ ਆਉਂਦਾ ਤਾਂ ਉਸ ਨੂੰ ਵੀ ਨਾ ਬਖਸ਼ਿਆ ਜਾਂਦਾ। ਆਸੇ ਪਾਸੇ ਖੜੇ ਕੇ ਕੁੜੀਆਂ ਕਹਿੰਦੀਆਂ:
ਜੀਜਾ 'ਕੱਲੜਾ ਕਿਉਂ ਆਇਆ ਵੇ ਅੱਜ ਦੀ ਘੜੀ
ਨਾਲ ਬੇਬੇ ਨੂੰ ਨਾ ਲਿਆਇਆ ਵੇ ਅੱਜ ਦੀ ਘੜੀ
ਨਾਲ ਭੈਣ ਨੂੰ ਨਾ ਲਿਆਇਆ ਵੇ ਅੱਜ ਦੀ ਘੜੀ
ਜ਼ਿਕਰ ਯੋਗ ਹੈ ਕਿ ਬੀਤੇ ਵੇਲਿਆਂ ਵਿੱਚ ਕਿਸੇ ਮਰਦ ਮੁੰਡੇ ਦੀ ਮਾਂ ਭੈਣ ਉਸ ਦੇ ਸਹੁਰੇ ਘਰ ਵਿਆਹ ਸ਼ਾਦੀ ਵਿੱਚ ਨਹੀਂ ਜਾਂਦੀਆਂ ਸਨ। ਅੱਜ ਵਿਆਹ ਮੌਕੇ ਮਰਦਾਂ ਨਾਲੋਂ ਔਰਤਾਂ ਦੀ ਗਿਣਤੀ ਵੱਧ ਹੁੰਦੀ ਹੈ, ਪਰ ਸਿੱਠਣੀਆਂ ਵਰਗੀਆਂ ਰੰਗਲੀਆਂ ਰਸਮਾਂ ਘੱਟ ਹੀ ਨਹੀਂ, ਖਤਮ ਹੋ ਰਹੀਆਂ ਹਨ। ਸਿੱਠਣੀਆਂ ਦੇਣ ਸਮੇਂ ਰਿਸ਼ਤੇਦਾਰੀ ਤੇ ਉਮਰ ਦਾ ਲਿਹਾਜ਼ ਵੀ ਰੱਖ ਲਿਆ ਜਾਂਦਾ। ਕੁੜਮ ਨੂੰ ਕਿਹਾ ਜਾਂਦਾ:
ਗੈਸ ਬੁਝਾ ਦਿਓ ਨੀਂ
ਸਾਡਾ ਕੁੜਮ ਬੈਟਰੀ ਵਰਗਾ।
ਵਿਆਹ ਤੋਂ ਪਹਿਲੇ ਦਿਨ ਨਾਨਕਾ ਮੇਲ ਆਉਂਦਾ। ਨਾਨਕਿਆਂ ਨੂੰ ਵਿਆਂਦੜ ਦੀ ਮਾਂ ਅਤੇ ਦਾਦਕੇ ਪਰਵਾਰ ਵੱਲੋਂ ਬਰੂਹਾਂ ਵਿੱਚ ਤੇਲ ਤੋਅ ਕੇ ਅਤੇ ਸਰਦਾ ਬਣਦਾ ਸ਼ਗਨ ਦੇ ਕੇ ਨਾਲ ਮੂੁੰਹ ਮਿੱਠਾ ਕਰਵਾ ਕੇ ਅੰਦਰ ਵਾੜਿਆ ਜਾਂਦਾ। ਇਨ੍ਹਾਂ ਸ਼ਗਨਾਂ ਦੇ ਨਾਲ ਉਨ੍ਹਾਂ ਵੱਲੋਂ ਨਾਨਕੀਆਂ ਨੂੰ ਦਿੱਤੀਆਂ ਸਿੱਠਣੀਆਂ ਗਾਲ੍ਹਾਂ ਵਰਗੀਆਂ ਹੁੰਦੀਆਂ। ਆਮ ਤੌਰ 'ਤੇ ਸਿੱਠਣੀਆਂ ਵਿੱਚ ਉਨ੍ਹਾਂ ਨੂੰ ਨਿੰਦਿਆ ਭੰਡਿਆ ਜਾਂਦਾ। ਦਾਦਕੀਆਂ ਕਹਿੰਦੀਆਂ:
ਛੱਜ ਉਹਲੇ ਛਾਣਨੀ ਪਰਾਤ ਉਹਲੇ ਡੋਈ ਵੇ
ਨਾਨਕੀਆਂ ਦਾ ਮੇਲ ਆਇਆ ਚੱਜ ਦੀ ਨਾ ਕੋਈ ਵੇ।
ਛੱਜ ਉਹਲੇ ਛਾਨਣੀ ਪਰਾਤ ਉਹਲੇ ਰੋਟੀਆਂ
ਨਾਨਕੀਆਂ ਦਾ ਮੇਲ ਆਇਆ ਸੱਭੇ ਰੰਨਾਂ ਮੋਟੀਆਂ।
ਗੁੱਸਾ ਕਰਨ ਦੀ ਥਾਂ ਨਾਨਕੀਆਂ ਇਉਂ ਖੁਸ਼ ਹੁੰਦੀਆਂ, ਜਿਵੇਂ ਦਾਦਕੀਆਂ ਉਨ੍ਹਾਂ ਦੀ ਸਿਫਤ ਸਲਾਹ ਕਰ ਰਹੀਆਂ ਹੋਣ। ਸਾਹਮਣੇ ਖੜੀਆਂ ਨਾਨਕੀਆਂ ਨੂੰ ਗੈਰਹਾਜ਼ਰ ਕਰਦਿਆਂ ਕਿਹਾ ਜਾਂਦਾ:
ਕਿੱਧਰ ਗਈਆਂ ਵੇ ਬੀਬਾ ਤੇਰੀਆਂ ਨਾਨਕੀਆਂ
ਉਨ੍ਹਾਂ ਪੀਤੀ ਸੀ ਪਿੱਛ ਜੰਮੇ ਸੀ ਰਿੱਛ
ਕਲੰਦਰਾਂ ਦੇ ਗਈਆਂ ਵੇ ਬੀਬਾ ਤੇਰੀਆਂ ਨਾਨਕੀਆਂ।
ਕੁੜੀ ਦੇ ਵਿਆਹ 'ਤੇ ਵੀ ਸਿੱਠਣੀਆਂ ਦਿੱਤੀਆਂ ਜਾਂਦੀਆਂ:
ਕਿੱਧਰ ਗਈਆਂ ਨੀਂ ਬੀਬੀ ਤੇਰੀਆਂ ਨਾਨਕੀਆਂ
ਉਨ੍ਹਾਂ ਖਾਧੇ ਸੀ ਲੱਡੂ, ਜੰਮੇ ਸੀ ਡੱਡੂ
ਛੱਪੜਾਂ 'ਤੇ ਗਈਆਂ ਨੀਂ
ਬੀਬੀ ਤੇਰੀਆਂ ਨਾਨਕੀਆਂ।
ਨਾਨਕੀਆਂ ਵੀ ਦਾਦਕੀਆਂ 'ਤੇ ਮੋੜਵਾਂ ਵਾਰ ਕਰਦੀਆਂ ਕਹਿੰਦੀਆਂ:
ਕਿੱਧਰ ਗਈਆਂ ਨੀਂ ਬੀਬੀ ਤੇਰੀ ਦਾਦਕੀਆਂ
ਉਨ੍ਹਾਂ ਖਾਧੇ ਸੀ ਮਾਂਹ, ਜੰਮੇ ਸੀ ਕਾਂ
ਹੁਣ ਕਾਂ-ਕਾਂ ਕਰਦੀਆਂ ਨੀਂ
ਬੀਬੀ ਤੇਰੀਆਂ ਦਾਦਕੀਆਂ
ਅਸੀਂ ਹਾਜ਼ਰ ਖੜੀਆਂ ਨੀਂ
ਬੀਬੀ ਤੇਰੀਆਂ ਨਾਨਕੀਆਂ।
ਦਾਦਕੀਆਂ ਸਿੱਠਣੀਆਂ ਦੇਂਦੀਆਂ ਲੈਂਦੀਆਂ ਨਾਨਕੀਆਂ ਨੂੰ ਸ਼ਗਨਾਂ ਨਾਲ ਅੰਦਰ ਵਾੜਦੀਆਂ। ਸਾਰੇ ਵਿਆਹ ਵਿੱਚ ਨਾਨਕੀਆਂ ਨੂੰ ਖੱਟੀਆਂ ਮਿੱਠੀਆਂ ਚੋਭਾਂ ਲਾਈਆਂ ਜਾਂਦੀਆਂ। ਉਹ ਰੋਟੀ ਖਾਣ ਲੱਗਦੀਆਂ ਤਾਂ ਦਾਦਕੀਆਂ ਸਿੱਠਣੀ ਦਿੰਦੀਆਂ:
ਨਾਨਕੀਆਂ ਨੂੰ ਖਲ ਕੁੱਟ ਦਿਓ ਵੇ
ਇਨ੍ਹਾਂ ਧੌਣ ਪੱਚੀ ਸੇਰ ਖਾਣਾ
ਸਾਨੂੰ ਪੂੜੀਆਂ ਵੇ
ਅਸਾਂ ਮੁਸ਼ਕ ਲਏ ਰੱਜ ਜਾਣਾ।
ਨਾਨਕੀਆਂ ਹੱਸਦੀਆਂ ਤੇ ਖੁਸ਼ ਹੁੰਦੀਆਂ ਖਾਣ ਪੀਣ ਵਿੱਚ ਮਸਤ ਰਹਿੰਦੀਆਂ, ਪਰ ਦਾਦਕੀਆਂ ਫਿਰ ਉਨ੍ਹਾਂ 'ਤੇ ਵਿਅੰਗ ਬਾਣ ਕਸਦੀਆਂ:
ਨਾਨਕੀਓ ਥੋੜ੍ਹਾ-ਥੋੜ੍ਹਾ ਖਾਇਓ
ਥੋਡਾ ਢਿੱਡ ਦੁਖੂਗਾ
ਏਥੇ ਡਾਕਟਰ ਨਾ ਹਕੀਮ
ਔਖੀਆਂ ਹੋਣਾ ਪਊਗਾ।
ਖਾ ਪੀ ਕੇ ਨਾਨਕੀਆਂ ਵੀ ਦਾਦਕੀਆਂ ਦੀ ਖਬਰ ਲੈਂਦੀਆਂ ਕਹਿੰਦੀਆਂ:
ਦਾਦਕਿਆਂ ਜੋਰੋ ਚੱਕ ਲਿਆ ਬਾਜ਼ਾਰ ਵਿੱਚੋਂ ਢਾਈਆਂ,
ਦਾਦਕਿਆਂ ਦੇ ਮਲੰਗ ਬਾਣੀਏ
ਸਾਨੂੰ ਜੰਗ ਹਰੜਾਂ ਨਾ ਬਿਆਈਆਂ।
ਦਾਦਕਿਆਂ ਨੂੰ ਭੁੱਖੇ ਨੰਗੇ ਕਹਿਣੋਂ ਵੀ ਗੁਰੇਜ਼ ਨਾ ਕੀਤਾ ਜਾਂਦਾ। ਨਾਨਕੀਆਂ ਇਸੇ ਭਾਵਨਾ ਨਾਲ ਸਿੱਠਣੀ ਦਿੰਦੀਆਂ:
ਨਿੱਕੀ ਜਿਹੀ ਕੋਠੜੀਏ ਤੇਰੇ ਵਿੱਚ ਗੁੜ ਦੇ ਰੋੜੇ
ਦਾਦਕਿਆਂ ਨੇ ਮੇਲ ਬਹੁਤਾ ਸਦਾਇਆ ਲੱਡੂ ਵੱਟੇ ਥੋੜੇ
ਨਿੱਕੀ ਜਿਹੀ ਕੋਠੜੀਏ ਤੇਰੇ ਵਿੱਚ ਗੁੜ ਦੇ ਰੋੜੇ।
ਅੱਗੋਂ ਦਾਦਕੀਆਂ ਵੀ ਕਸਰ ਨਾ ਰੱਖਦੀਆਂ ਤੇ ਕਹਿੰਦੀਆਂ:
ਨਾਨਕਿਆਂ ਨੇ ਜੇਬ ਖੀਸਾ ਲਗਾਇਕੇ ਲੱਡੂ ਲਏ ਲੁਕਾ
ਅਸੀਂ ਮਗਰੇ ਪੁਲਸ ਲਗਾਇਕੇ ਸਾਵੇਂ ਲਏ ਕਢਾ
ਨਾਨਕਿਓ ਲੱਖਾਂ ਦੀ ਥੋਡੀ ਪੱਤ ਗਈ ਤੁਸੀਂ ਆਪੇ ਲਈ ਗੁਆ।
ਕਈ ਚੰਚਲ ਸੁਭਾਅ ਵਾਲੀਆਂ ਔਰਤਾਂ ਤਾਂ ਕਿਸੇ ਦਾਦਕੀ ਨਾਨਕੀ ਦੇ ਭਰਿੰਡਾਂ ਵੀ ਲੜਾ ਦਿੰਦੀਆਂ, ਮਿਸਾਲ ਲਈ:
ਮੈਂ ਦੱਸਾਂ ਭਰਿੰਡੇ ਨੀਂ ਨਦੀ ਕਿਨਾਰੇ ਉੜਿਆ ਕਰ
ਮੈਂ ਦੱਸਾਂ ਭਰਿੰਡੇ ਨੀਂ ਬਲਬੀਰੋ ਨਖਰੋ ਦੇ ਲੜਿਆ ਕਰ
ਲੜ-ਲੜ ਛਾਲੇ ਪਾਇਆ ਕਰ
ਘੜੀ-ਘੜੀ ਤੜਪਾਇਆ ਕਰ।
ਵਿਆਹ ਕਾਰਜਾਂ ਵੇਲੇ ਕਈ-ਕਈ ਦਿਨ ਇਹ ਰੌਣਕ ਮੇਲੇ ਚੱਲਦੇ ਰਹਿੰਦੇ। ਜਾਗੋ ਕੱਢਦੀਆਂ ਨਾਨਕੀਆਂ ਗਲੀ ਮੁਹੱਲੇ ਦੇ ਲੋਕਾਂ ਨੂੰ ਸਿੱਠਣੀਆਂ ਦਿੰਦੀਆਂ ਕਹਿੰਦੀਆਂ:
ਗੁਆਂਢੀਓ ਜਾਗਦੇ ਕਿ ਸੁੱਤੇ
ਥੋਡੀ ਜੋਰੋ ਨੂੰ ਲੈ ਗਏ ਕੁੱਤੇ।
ਕਿਸੇ ਗੁਆਂਢੀ ਦਾ ਨਾਂ ਲੈ ਕੇ ਸਿੱਠਣੀਆਂ ਦਾ ਹਮਲਾ ਕੀਤਾ ਜਾਂਦਾ:
ਅਵਤਾਰ ਸਿਆਂ ਜੋਰੋ ਜਗਾ ਲੈ ਵੇ ਜਾਗੋ ਆਈ ਐ
ਅੱਗੋਂ ਜਵਾਬ ਵੀ ਆਪੇ ਦਿੰਦੀਆਂ ਤੇ ਕਹਿੰਦੀਆਂ:
ਚੁੱਪ ਕਰ ਨੀਂ ਮਸਾਂ ਸੁਆਈ ਐ ਲੋਰੀ ਦੇ ਕੇ ਪਾਈ ਐ
ਉਠ ਖੜੂਗੀ ਅੜੀ ਕਰੂਗੀ ਮਸਾਂ ਵਰਾਈ ਐ
ਅਵਤਾਰ ਸਿਆਂ ਜੋਰੋ ਜਗਾ ਲੈ ਵੇ ਜਾਗੋ ਆਈ ਐ।
ਵਿਆਹ ਸੰਪਨ ਹੋ ਜਾਂਦਾ, ਜਾਂਦੀਆਂ-ਜਾਂਦੀਆਂ ਨਾਨਕੀਆਂ ਵਿਆਂਦੜ ਦੀ ਮਾਂ ਨੂੰ ਆਖਦੀਆਂ:
ਨਿੱਕੀ-ਨਿੱਕੀ ਸ਼ੱਕਰ ਵਿੱਚੋਂ ਨਿਕਲ ਆਈ ਕੀੜੀ
ਕਿਆ ਬੀਬੀ ਤੂੰ ਵਿਆਹ ਰਚਾਇਆ
ਖੋਲ੍ਹ ਮੱਥੇ ਦੀ ਤਿਊੜੀ
ਨੀਂ ਅਸਾਂ ਕੈਤ ਆਵਾਂਗੇ ਅਸਾਂ ਕੈਤ ਆਵਾਂਗੇ
ਦੋਹਤੇ-ਦੋਹਤੀ ਦਾ ਵਿਆਹ ਤਮਾਸ਼ਾ ਦੇਖ ਜਾਵਾਂਗੇ।
ਇਹ ਸਿੱਠਣੀਆਂ ਜਾਂ ਹੋਰ ਗਾਉਣ ਵਜਾਉਣ ਡੂੰਘੀਆਂ ਮੋਹ ਮੁਹੱਬਤਾਂ ਦੀ ਬਾਤ ਪਾਉਂਦੇ ਸਨ। ਦੂਰ ਪਾਰ ਦੀਆਂ ਰਿਸ਼ਤੇਦਾਰੀਆਂ ਵੀ ਲੰਮਾ ਸਮਾਂ ਨਿੱਭਦੀਆਂ ਹਨ, ਪਰ ਅੱਜ ਵੀ ਭਾਵੇਂ ਵਿਆਹ ਸ਼ਾਦੀ ਮੌਕੇ ਬਹੁਤ ਇਕੱਠ ਹੁੰਦੇ ਹਨ, ਪਰ ਅੰਦਰ ਖਾਤੇ ਰਿਸ਼ਤਿਆਂ ਨੂੰ ਖੋਰਾ ਲੱਗ ਗਿਆ ਹੈ। ਪੈਲੇਸ ਵਿੱਚ ਹੁੰਦੇ ਵਿਆਹਾਂ ਵਿੱਚ ਰਿਸ਼ਤੇ ਨਾਤੇ ਵੀ ਗੁੰਮਦੇ ਜਾ ਰਹੇ ਹਨ ਤੇ ਸਿੱਠਣੀਆਂ ਵਰਗੀਆਂ ਸ਼ਬਦਾਂ ਦੀਆਂ ਰੰਗਲੀਆਂ ਡੋਰਾਂ ਵੀ ਬੇਰੰਗ ਹੁੰਦੀਆਂ ਘਸਦੀਆਂ ਟੁੱਟਦੀਆਂ ਜਾ ਰਹੀਆਂ ਹਨ। ਅੱਜ ਨਾਨਕੇ ਦਾਦਕਿਆਂ ਵਰਗੇ ਗੂੜ੍ਹੇ ਰਿਸ਼ਤੇ ਵੀ ਖਿਲਰਦੇ ਬਿਖਰਦੇ ਜਾ ਰਹੇ ਹਨ, ਪਰ ਸਾਡਾ ਲੋਕ ਕਾਵਿ ਇਨ੍ਹਾਂ ਸਾਂਝਾਂ ਅਤੇ ਸਾਕ ਸਕੀਰੀਆਂ ਦੀ ਬਾਤ ਪਾਉਂਦਾ ਹੀ ਰਹੇਗਾ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’