Welcome to Canadian Punjabi Post
Follow us on

17

February 2019
ਬ੍ਰੈਕਿੰਗ ਖ਼ਬਰਾਂ :
ਪੰਜਾਬ ਮੰਤਰੀ ਮੰਡਲ ਮੀਟਿੰਗ: ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਛੇ ਫੀਸਦੀ ਮਹਿੰਗਾਈ ਭੱਤਾ ਦੇਣ ਦਾ ਐਲਾਨਬਹਿਬਲਕਲਾਂ ਗੋਲੀਕਾਂਡ ਮਾਮਲੇ ਵਿਚ ਪੁਲਸ ਵਲੋ ਵੱਡੀ ਕਾਰਵਾਈ, ਸਾਬਕਾ ਐਸ ਐਸ ਪੀ ਚਰਨਜੀਤ ਸ਼ਰਮਾ ਗ੍ਰਿਫਤਾਰਕੋਲੰਬੀਆ ਪੁਲਸ ਅਕੈਡਮੀ ਉੱਤੇ ਕਾਰ ਬੰਬ ਹਮਲੇ ਵਿੱਚ 10 ਮੌਤਾਂਪੱਤਰਕਾਰ ਛੱਤਰਪਤੀ ਕਤਲ ਕੇਸ: ਡੇਰਾ ਮੁਖੀ ਰਾਮ ਰਹੀਮ ਨੂੰ ਸਾਰੀ ਉਮਰ ਦੀ ਕੈਦ ਦੀ ਸਜ਼ਾਸੁਖਪਾਲ ਖਹਿਰਾ ਵਲੋਂ ਆਪ ਦੀ ਮੁਢਲੀ ਮੈਂਬਰੀ ਤੋਂ ਅਸਤੀਫਾਯੂਨੀਫੌਰ ਤੇ ਓਪੀਐਸਈਯੂ ਨੇ ਫੋਰਡ ਦੇ ਤਬਾਹਕੁੰਨ ਏਜੰਡੇ ਖਿਲਾਫ ਹੱਥ ਮਿਲਾਏਨਿਰੰਕਾਰੀ ਭਵਨ ਉੱਤੇ ਗ੍ਰਨੇਡ ਹਮਲੇ ਦਾ ਇੱਕ ਦੋਸ਼ੀ ਗ੍ਰਿਫਤਾਰ, ਦੂਜੇ ਦੀ ਪਛਾਣਅੰਮ੍ਰਿਤਸਰ ਗ੍ਰਨੇਡ ਅਟੈਕ: ਕੈਪਟਨ ਅਮਰਿੰਦਰ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ, ਪੁਲੀਸ ਦੇ ਚੋਟੀ ਦੇ ਅਫਸਰਾਂ ਨੂੰ ਤੁਰੰਤ ਪਿੰਡ ਅਦਲੀਵਾਲ ਪਹੁੰਚਣ ਦੇ ਹੁਕਮ
ਨਜਰਰੀਆ

ਬੰਦੇ ਨੂੰ ਬੰਦਾ ਸਮਝਣਾ ਚਾਹੀਦੈ

February 12, 2019 08:47 AM

-ਗੁਰਦੀਪ ਸਿੰਘ ਢੁੱਡੀ
ਮੈਂ ਸਕੂਲ ਦਾ ਚਾਰਜ ਸੰਭਾਲਣ ਤੋਂ ਅਗਲੇ ਦਿਨ ਸਕੂਲ ਪਹੁੰਚਿਆ ਤਾਂ ਸਾਰਿਆਂ ਤੋਂ ਪਹਿਲਾਂ ਲੰਮਾ, ਪਰ ਪਤਲਾ ਜਿਹਾ, ਰੰਗ ਦਾ ਕਾਲਾ, ਸਿਰ 'ਤੇ ਕੋਈ ਕੋਈ ਵਾਲ, ਉਮਰ ਨਾਲੋਂ ਵੱਡਾ ਦਿਸਦਾ ਬੰਦਾ ਮੇਰੇ ਮੱਥੇ ਲੱਗਿਆ। ਮੂੰਹੋਂ ਦੁਆ ਸਲਾਮ ਕੀਤੀ, ਪਰ ਉਹ ਆਪਣੇ ਕੰਮ ਵਿੱਚ ਮਸਤ ਰਿਹਾ। ਮੈਂ ਕੋਲ ਜਾ ਕੇ ਉਸ ਬਾਰੇ ਪੁੱਛਣ ਲੱਗਿਆ ਤਾਂ ਉਸ ਨੇ ਬੜੇ ਸਹਿਜ ਤੇ ਨਪੇ ਤੁਲਵੇਂ ਸ਼ਬਦਾਂ ਵਿੱਚ ਆਖਿਆ, ‘‘ਸਾਬ੍ਹ ਜੀ, ਮੈਂ ਸਵੀਪੁਰ ਹਾਂ ਓਮ ਪ੍ਰਕਾਸ਼। ਪਾਸੇ ਹੋ ਜੋ ਗੰਦਗੀ ਥੋਡੇ 'ਤੇ ਪੈ ਜੂ।” ਤੇ ਉਹ ਆਪਣੇ ਕੰਮ ਵਿੱਚ ਮਸਤ ਰਿਹਾ। ਮੈਂ ਹੋਰ ਪੁੱਛਣ ਲੱਗਿਆ ਤਾਂ ‘‘ਸਾਬ੍ਹ ਜੀ ਮੇਰਾ ਕੰਮ ਲੇਟ ਹੋ ਜੂ, ਤੁਸੀਂ ਪਾਸੇ ਹੋ ਜੋ” ਕਹਿੰਦਿਆਂ ਉਸ ਨੇ ਮੈਨੂੰ ਚੁੱਪ ਕਰਵਾ ਦਿੱਤਾ ਅਤੇ ਆਪਣੇ ਕੰਮ ਵਿੱਚ ਮਸਤੀ ਨਾਲ ਲੱਗਾ ਰਿਹਾ।
ਪਹਿਲੀਆਂ ਵਿੱਚ ਮਿਲੇ ਇਸ ਸ਼ਖਸ ਨੇ ਮੈਨੂੰ ਅੰਤਾਂ ਦਾ ਪ੍ਰਭਾਵਤ ਕੀਤਾ। ਮੈਨੂੰ ਆਪਣੇ ਆਪ 'ਤੇ ਸ਼ੱਕ ਹੋਇਆ। ਮੈਂ ਮਨ ਵਿੱਚ ਇਹ ਧਾਰਣਾ ਬਣਾਈ ਬੈਠਾ ਸਾਂ ਕਿ ਸ਼ਹਿਰਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਆਪਣੇ ਆਪ ਨੂੰ ਨਾਢੂ ਖਾਂ ਸਮਝਦੇ ਹਨ ਅਤੇ ਕੰਮ ਕਰਨ ਤੋਂ ਕੰਨੀ ਕਤਰਾਉਂਦੇ ਹਨ। ਮੈਂ ਇਸ ਤਸੱਲੀ ਜਿਹੀ ਨਾਲ ਭਰ ਗਿਆ ਕਿ ਜਿੱਥੇ ਸਫਾਈ ਕਰਮਚਾਰੀ ਕੰਮ ਨੂੰ ਸਮਰਪਿਤ ਹੈ ਉਥੇ ਬਾਕੀ ਸਟਾਫ ਵੀ ਕੰਮ ਨੂੰ ਸਮਰਪਿਤ ਹੋਵੇਗਾ। ਖੈਰ! ਹੌਲੀ-ਹੌਲੀ (ਓਮ ਪ੍ਰਕਾਸ਼ ਵਰਗੇ ਕੁਝ ਬੰਦਿਆਂ ਨੂੰ ਛੱਡ ਕੇ) ਮੇਰਾ ਇਹ ਭਰਮ ਰੇਤ ਦੀ ਢੇਰੀ ਵਾਂਗ ਕਿਰਦਾ ਗਿਆ। ਮੈਂ ਆਪਣੇ ਯਤਨ ਜਾਰੀ ਰੱਖੇ।
ਪੰਜ ਕੁ ਮਹੀਨਿਆਂ ਬਾਅਦ ਸਕੂਲ ਵਿੱਚ ਪਹਿਲੀ ਸੇਵਾਮੁਕਤੀ ਇੱਕ ਅਧਿਆਪਕਾ ਦੀ ਆ ਗਈ। ਘਰੋਂ ਸਰਦੀ ਪੁਜਦੀ ਇਸ ਅਧਿਆਪਕਾ ਨਾਲ ਕੰਮ ਤੋਂ ਜੀਅ ਚੁਰਾਉਣ ਅਤੇ ਜਾਅਲੀ ਹਾਜ਼ਰੀ ਲਾਉਣ ਦੇ ਮਸਲੇ 'ਤੇ ਪਹਿਲੀਆਂ ਵਿੱਚ ਹੀ ਮੇਰੇ ਮਤਭੇਦ ਹੋ ਗਏ ਸਨ, ਫਿਰ ਵੀ ਸੇਵਾਮੁਕਤੀ 'ਤੇ ਉਸ ਨੂੰ ਸ਼ਾਨਦਾਰ ਢੰਗ ਨਾਲ ਸਕੂਲ ਤੋਂ ਵਿਦਾ ਕੀਤਾ ਗਿਆ। ਨਾਲ ਦੇ ਅਧਿਆਪਕਾਂ ਨੇ ਸਕੂਲ ਵਾਲੇ ਤੋਹਫੇ ਤੋਂ ਇਲਾਵਾ ਨਿੱਜੀ ਤੌਰ 'ਤੇ ਉਸ ਨੂੰ ਤੋਹਫੇ ਦਿੱਤੇ ਤੇ ਉਸ ਦੀਆਂ ਤਾਰੀਫਾਂ ਦੇ ਪੁਲ ਬੰਨ੍ਹਦਿਆਂ ਉਸ ਦੀ ਸਿਆਸੀ ਤੇ ਅਫਸਰਸ਼ਾਹੀ ਤੱਕ ਪਹੁੰਚ ਦਾ ਖਾਸ ਜ਼ਿਕਰ ਕੀਤਾ। ਉਸ ਦੇ ਚੰਗੇਰੇ ਭਵਿੱਖ ਦੀ ਕਾਮਨਾ ਮੈਂ ਵੀ ਕੀਤੀ ਅਤੇ ਰਸਮੀ ਤੌਰ 'ਤੇ ਉਸ ਦੇ ਚੰਗੇ ਸੁਭਾਅ ਨੂੰ ਦਰਸਾਉਂਦੇ ਸ਼ਬਦ ਮੈਂ ਵੀ ਬੋਲੇ, ਪਰ ਵਿੱਚੇ-ਵਿੱਚ ਮੈਨੂੰ ਕੁਝ ਰੜਕਦਾ ਰਿਹਾ।
ਇਸੇ ਦੌਰਾਨ ਆਪਣੇ ਕੰਮ ਨੂੰ ਪੂਰੀ ਲਗਨ ਨਾਲ ਕਰਨ ਅਤੇ ਬਹੁਤ ਘੱਟ ਬੋਲਣ ਵਾਲੇ ਸੁਭਾਅ ਸਦਕਾ ਓਮ ਪ੍ਰਕਾਸ਼ ਪ੍ਰਤੀ ਮੇਰੀ ਖਿੱਚ ਵਧਦੀ ਗਈ। ਮੈਂ ਗਾਹੇ-ਬਗਾਹੇ ਉਸ ਨੂੰ ਬੁਲਾ ਲੈਣਾ। ਉਸ ਦੇ ਪਰਵਾਰ ਜਾਂ ਹੋਰ ਨਿੱਕੀਆਂ ਨਿੱਕੀਆਂ ਗੱਲਾਂ ਕਰਨ ਦੀ ਕੋਸ਼ਿਸ਼ ਕਰਨੀ। ਉਹ ਮੇਰੇ ਨਾਲ ਬੋਲਣ ਲੱਗ ਪਿਆ, ਪਰ ਬੋਲਦਾ ਸਿਰਫ ਵਿਹਲੇ ਸਮੇਂ ਵਿੱਚ ਤੇ ਮਤਲਬ ਦੀ ਗੱਲ ਹੀ ਕਰਦਾ। ਸਾਲ ਕੁ ਬਾਅਦ ਉਸ ਦੀ ਸੇਵਾਮੁਕਤੀ ਆਈ ਤਾਂ ਉਸ ਮੌਕੇ ਕਰਨ ਵਾਲੇ ਪ੍ਰੋਗਰਾਮ ਨੂੰ ਉਲੀਕਣ ਵਾਸਤੇ ਸਟਾਫ ਮੀਟਿੰਗ ਕੀਤੀ। ਸਟਾਫ ਦੇ ਬੋਲਣ ਤੋਂ ਪਹਿਲਾਂ ਮੈਂ ਕੀਤੇ ਜਾਣ ਵਾਲੇ ਪ੍ਰੋਗਰਾਮ ਦੀ ਰੂਪ ਰੇਖਾ ਪਹਿਲਾਂ ਕੀਤੇ ਪ੍ਰੋਗਰਾਮ ਵਾਂਗ ਦੱਸ ਦਿੱਤੀ। ਅਸਲ ਵਿੱਚ ਮੈਨੂੰ ਇੱਕ ਅਧਿਆਪਕਾ ਨੇ ਦੱਸ ਦਿੱਤਾ ਸੀ ਕਿ ਇਥੇ ਦਰਜਾ ਚਾਰ ਕਰਮਚਾਰੀ ਨੂੰ ਸਾਧਾਰਨ ਚਾਹ ਪਾਣੀ ਪਿਆ ਕੇ, ਸਾਧਾਰਨ ਤੋਹਫਾ ਦੇ ਕੇ ਵਿਦਾ ਕਰਨ ਦੀ ਰਵਾਇਤ ਹੈ। ਮੇਰੇ ਇਸ ਤਰ੍ਹਾਂ ਬੋਲਣ 'ਤੇ ਸਟਾਫ ਮੈਂਬਰਾਂ ਵਿੱਚ ਕਾਨਾਫੂਸੀ ਹੋਣ ਲੱਗੀ। ਜਦੋਂ ਮੈਂ ਸਟਾਫ ਮੈਂਬਰਾਂ ਨੂੰ ਬੋਲਣ ਲਈ ਕਿਹਾ ਤਾਂ ਇੱਕ ਅਧਿਆਪਕਾ ਨੇ ਸਵਾਲ ਕਰਨ ਵਾਲਿਆਂ ਵਾਂਗ ਕਹਿ ਦਿੱਤਾ, ‘‘ਸਰ ਅੱਗੇ ਤਾਂ ਅਸੀਂ ਦਰਜਾ ਚਾਰ ਦੀ ਪਾਰਟੀ ਅਤੇ ਅਧਿਆਪਕ ਦੀ ਪਾਰਟੀ ਦਾ ਫਰਕ ਰੱਖਿਆ ਕਰਦੇ ਹਾਂ।” ਮੇਰੇ ਦੁਆਰਾ ਇਸ ਨੂੰ ਪੂਰੀ ਤਰ੍ਹਾਂ ਰੱਦ ਕਰਨ ਤੇ ਹਰ ਇੱਕ ਨੂੰ ਮਨੁੱਖ ਸਮਝਦਿਆਂ ਇੱਕੋ ਜਿਹੀ ਪਾਰਟੀ ਕਰਨ ਵਾਲੀ ਗੱਲ ਠੋਸਣ 'ਤੇ ਮੀਟਿੰਗ ਸਮਾਪਤ ਹੋ ਗਈ।
ਓਮ ਪ੍ਰਕਾਸ਼ ਨੂੰ ਪਾਰਟੀ ਕੀਤੀ ਗਈ ਅਤੇ ਉਸ ਨੂੰ ਵੀ ਅਧਿਆਪਕਾਂ ਵਾਲਾ ਸਨਮਾਨ ਦਿੱਤਾ ਗਿਆ। ਸਾਰੇ ਸਟਾਫ ਨੇ ਇਸ ਵਿੱਚ ਸ਼ਮੂਲੀਅਤ ਕੀਤੀ। ਕੁਝ ਦੇ ਚਿਹਰਿਆਂ 'ਤੇ ਗੁੱਸੇ ਵਰਗੀ ਝਲਕ ਸੀ ਅਤੇ ਕੁਝ ਖੁਸ਼ੀ ਖੁਸ਼ੀ ਕੰਮ ਕਰ ਰਹੇ ਸਨ। ਨੌਜਵਾਨ ਅਧਿਆਪਕਾਂ ਨੇ ਪੂਰੇ ਉਤਸ਼ਾਹ ਨਾਲ ਕੰਮ ਨੂੰ ਸਿਰੇ ਚਾੜ੍ਹਿਆ। ਓਮ ਪ੍ਰਕਾਸ਼ ਨੂੰ ਲਿਖਤੀ ਮਾਣ ਪੱਤਰ ਦਿੱਤਾ ਗਿਆ ਤੇ ਮੇਰੇ ਦੁਆਰਾ ਉਸ ਦੇ ਮਾਣ ਪੱਤਰ ਵਿੱਚ ਬੋਲਦਿਆਂ ਸ਼ਹੀਦੇ ਆਜ਼ਮ ਭਗਤ ਸਿੰਘ ਦੁਆਰਾ ਜੇਲ੍ਹ ਵਿੱਚ ਉਥੋਂ ਦੇ ਸਫਾਈ ਸੇਵਕ ਵਾਸਤੇ ਆਖੇ ਗਏ ਸ਼ਬਦ ਅਤੇ ਹੋਰ ਸਤਿਕਾਰ ਵਾਲੇ ਸ਼ਬਦ ਬੋਲੇ ਗਏ ਤਾਂ ਉਹ ਭਾਵੁਕ ਹੋ ਕੇ ਰੋਣ ਲੱਗ ਪਿਆ। ਜਦੋਂ ਉਸ ਨੂੰ ਬੋਲਣ ਲਈ ਕਿਹਾ ਤਾਂ ਉਸ ਨੇ ਭਰੇ ਗਲੇ ਨਾਲ ਆਖਿਆ, ‘‘ਸ਼ੁਕਰ ਹੈ ਮੈਨੂੰ ਏਨਾ ਮਾਣ ਸਤਿਕਾਰ ਮਿਲਿਆ ਹੈ। ਹਰ ਬੰਦੇ ਨੂੰ ਬੰਦਾ ਸਮਝਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਕਦੇ ਏਦਾਂ ਨਹੀਂ ਹੋਇਆ।” ਤੇ ਰੋਂਦਾ ਰੋਂਦਾ ਉਹ ਸਟੇਜ ਤੋਂ ਤੁਰਦਾ ਤੁਰਦਾ ਮੇਰੇ ਪੈਰੀਂ ਹੱਥ ਲਾਉਣ ਲਈ ਝੁਕਿਆ। ਮੈਂ ਉਸ ਨੂੰ ਫੜ ਕੇ ਜੱਫੀ ਵਿੱਚ ਲੈ ਲਿਆ।

 

Have something to say? Post your comment