Welcome to Canadian Punjabi Post
Follow us on

23

February 2020
ਬ੍ਰੈਕਿੰਗ ਖ਼ਬਰਾਂ :
ਨਜਰਰੀਆ

ਚੀਨ ਵਿਚ ਧਰਮ ਅਤੇ ਘੱਟ-ਗਿਣਤੀਆਂ ਦੇ ਹਾਲਾਤ

February 08, 2019 09:13 AM

-ਜੀ. ਪਾਰਥਾਸਾਰਥੀ
ਲੋਕਾਂ ਦੀ ਜ਼ਿੰਦਗੀ ਵਿਚ ਧਰਮ ਦੀ ਭੂਮਿਕਾ ਦੀ ਨੁਕਤਾਚੀਨੀ ਕਰਦੇ ਵਕਤ ਕਾਰਲ ਮਾਰਕਸ ਐਲਾਨ ਕਰਦਾ ਹੈ: ‘ਧਰਮ ਪੀੜਤ ਪ੍ਰਾਣੀ ਦਾ ਚਿੰਨ੍ਹ ਹੈ, ਕਿਸੇ ਪੱਥਰ-ਦਿਲ ਜੀਵ ਦਾ ਦਿਲ ਹੈ, ਰੂਹ ਵਿਛੁੰਨੇ ਹਾਲਾਤ ਦੀ ਰੂਹ ਹੈ, ਇਹ ਲੋਕਾਂ ਲਈ ਅਫ਼ੀਮ ਹੈ।’ ਮਾਰਕਸ ਦੀ ਤਾਈਦ ਵਿੱਚ ਵਲਾਦੀਮੀਰ ਲੈਨਿਨ ਨੇ ਦਾਅਵਾ ਕੀਤਾ ਕਿ ਧਰਮ ਦੀ ਵਰਤੋਂ ‘ਮਜ਼ਦੂਰ ਜਮਾਤ ਦੇ ਸ਼ੋਸ਼ਣ ਦੀ ਰਾਖੀ ਤੇ ਉਸ ਨੂੰ ਜਕੜੀ ਰੱਖਣ` ਲਈ ਕੀਤੀ ਜਾਂਦੀ ਹੈ। ਲੈਨਿਨ ਨੇ ਸੋਵੀਅਤ ਯੂਨੀਅਨ ਵਿਚ ਰਾਜ ਦਾ ਜਿਹੜਾ ਢਾਂਚਾ ਸਿਰਜਿਆ, ਉਹ ਬੁਨਿਆਦੀ ਤੌਰ ਉੱਤੇ ਰੂਸੀ ਦਬਦਬੇ ਦਾ ਘੱਟ ਗਿਣਤੀ ਤੰਤਰ ਸੀ ਤੇ ਇਹ ਆਪਣੇ ਹੀ ਵਿਰੋਧਾਂ ਦੇ ਬੋਝ ਕਾਰਨ ਢਹਿ-ਢੇਰੀ ਹੋ ਗਿਆ। ਜਿਥੇ ਲੈਨਿਨ ਅਤੇ ਸਟਾਲਿਨ ਤੋਂ ਬ੍ਰੈਜ਼ਨੇਵ ਅਤੇ ਗੋਰਬਾਚੇਵ ਤੱਕ ਦੇ ਸੋਵੀਅਤ ਆਗੂਆਂ ਨੇ ਧਾਰਮਿਕ ਅਕੀਦਿਆਂ ਤੇ ਕਰਮ ਕਾਂਡ ਨੂੰ ਨਾਮਨਜ਼ੂਰ ਕਰ ਕੇ ਇਨ੍ਹਾਂ ਦਾ ਵਿਰੋਧ ਕੀਤਾ, ਉਥੇ ਪੂਤਿਨ ਦੀ ਸਰਪ੍ਰਸਤੀ ਹੇਠ ਰੂਸੀ ਆਰਥੋਡੌਕਸ ਚਰਚ ਅੱਜ ਦੇ ਰੂਸ ਦੀ ਕੌਮੀ ਜ਼ਿੰਦਗੀ ਵਿਚ ਅਹਿਮ ਕਿਰਦਾਰ ਨਿਭਾ ਰਹੀ ਹੈ। ਇਸੇ ਤਰ੍ਹਾਂ ਮੁਸਲਮਾਨਾਂ ਦੀ ਬਹੁ-ਗਿਣਤੀ ਵਾਲੇ ਸੋਵੀਅਤ ਕੇਂਦਰੀ ਏਸ਼ੀਅਨ ਦੇਸ਼ ਇਸ ਵੇਲੇ ਆਰਗੇਨਾਈਜ਼ੇਸ਼ਨ ਆਫ਼ ਇਸਲਾਮਿਕ ਕਾਨਫਰੰਸ (ਓ ਆਈ ਸੀ) ਦੇ ਮੈਂਬਰ ਹਨ ਤੇ ਇਨ੍ਹਾਂ ਵਿਚੋਂ ਹਰ ਇਕ ਦੀ ਨਿਵੇਕਲੀ ਮੁਸਲਿਮ ਪਛਾਣ ਹੈ।
ਪੇਈਚਿੰਗ ਦਾ ਸਿਆਸੀ ਵਿਕਾਸ ਮਾਓ ਦੇ ਕਮਿਊਨਿਸਟ ਇਨਕਲਾਬ ਦੇ ਦੌਰ ਤੋਂ ਮਾਸਕੋ ਨਾਲੋਂ ਵੱਖਰਾ ਰਿਹਾ ਹੈ। ਮਾਓ ਦੇ ‘ਪ੍ਰੋਲਤਾਰੀ ਕੌਮਾਂਤਰੀਵਾਦ` ਅਤੇ ਕਮਿਊਨਿਸਟ ਦੇਸ਼ਾਂ ਦੇ ਭਾਈਚਾਰੇ ਦੀ ਸੋਚ ਨੂੰ ਉਦੋਂ ਝਟਕਾ ਲੱਗਾ ਸੀ, ਜਦੋਂ ਸਟਾਲਿਨ ਨੇ ਉਸ ਨਾਲ ਰੁੱਖਾ ਵਿਹਾਰ ਕੀਤਾ ਸੀ। ਸਟਾਲਿਨ ਨੇ ਦਸੰਬਰ 1949 ਵਿਚ ਉਸ ਵਕਤ ਭਾਰਤੀ ਰਾਜਦੂਤ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਨਾਲ ਮੁਲਾਕਾਤ ਕੀਤੀ, ਜਦੋਂ ਲੈਨਿਨਗ੍ਰਾਦ ਵਿਚ ਮਾਓ ਇਸ ਸੋਵੀਅਤ ਸੁਪਰੀਮੋ ਨੂੰ ਮਿਲਣ ਦੀ ਇੰਤਜ਼ਾਰ ਵਿਚ ਬੈਠਾ ਸੀ। ਇਸ ਪਿੱਛੋਂ ਇਨ੍ਹਾਂ ਦੋ ਵਿਸ਼ਾਲ ਕਮਿਊਨਿਸਟ ‘ਭਾਈਬੰਦ` ਦੇਸ਼ਾਂ ਦੇ ਗੰਭੀਰ ਮਤਭੇਦ ਪੈਦਾ ਹੋ ਗਏ। ਇਸ ਦਾ ਸਿੱਟਾ ਸਰਹੱਦੀ ਵਿਵਾਦ ਅਤੇ ਆਪਸੀ ਝੜਪਾਂ ਵਜੋਂ ਨਿਕਲਿਆ। ਫਿਰ ਅਮਰੀਕੀ ਰਾਸ਼ਟਰਪਤੀ ਰਿਚਰਡ ਨਿਕਸਨ, ਉਸ ਦੇ ਵਿਦੇਸ਼ ਮੰਤਰੀ ਹੈਨਰੀ ਕਿਸਿੰਗਰ ਤੇ ਹੋਰਨਾਂ ਨੇ ਮਤਭੇਦਾਂ ਦਾ ਲਾਭ ਲਿਆ। ਇਥੋਂ ਤੱਕ ਕਿ ਵੀਅਤਨਾਮ ਤੇ ਕੰਬੋਡੀਆ ਵਰਗੇ ਕਮਿਊਨਿਸਟ ਦੇਸ਼ ਵੀ ਚੀਨੀ-ਸੋਵੀਅਤ ਵੰਡ ਵਿੱਚ ਇਕ-ਦੂਜੇ ਦੀ ਵਿਰੋਧੀ ਧਿਰ ਨਾਲ ਖੜ੍ਹੇ ਸਨ।
ਚੀਨ ਨੇ ਇਕ ਪਾਸੇ ਉਨ੍ਹਾਂ ਲੋਕਾਂ ਖ਼ਿਲਾਫ਼ ਪੂਰੀ ਸਖ਼ਤੀ ਵਰਤੀ, ਜਿਨ੍ਹਾਂ ਨੂੰ ਉਹ ਤਿੱਬਤ ਦੇ ਵੱਖਵਾਦੀ ਸਮਝਦਾ ਸੀ, ਦੂਜੇ ਪਾਸੇ ਇਸ ਨੇ ਧਾਰਮਿਕ ਅਕੀਦਿਆਂ ਦੇ ਬਾਰੇ ਸੋਵੀਅਤ ਯੂਨੀਅਨ ਦੇ ਮੁਕਾਬਲੇ ਵਧੇਰੇ ਸੰਵੇਦਨਸ਼ੀਲ ਤੇ ਸੂਖਮ ਰੁਖ ਅਪਣਾਇਆ, ਖ਼ਾਸ ਕਰ 1960ਵਿਆਂ ਵਿਚ ਮਾਓ ਦੇ ‘ਸੱਭਿਆਚਾਰਕ ਇਨਕਲਾਬ` ਤੋਂ ਬਾਅਦ। ਇਸ ਤੋਂ ਅਹਿਮ, ਚੀਨ ਦਾ ਜੇ ਕਾਰੋਬਾਰ, ਵਪਾਰ ਤੇ ਸਨਅਤ ਵਿਚ ਅਜਾਰੇਦਾਰੀ ਕਰਦੇ ਕਮਿਊਨਿਸਟ ਦੇਸ਼ ਵਜੋਂ ਕੋਈ ਭਰੋਸੇਯੋਗ ਦਾਅਵਾ ਸੀ ਤਾਂ ਉਦੋਂ ਖ਼ਤਮ ਹੋ ਗਿਆ, ਜਦੋਂ ਡੇਂਗ ਸਿਆਓ ਪਿੰਗ ਨੇ ਮਾਰਕਸਵਾਦੀ ਹੋਣ ਦੇ ਦਿਖਾਵੇ ਤੋਂ ਕਿਨਾਰਾ ਕਰ ਲਿਆ। ਡੇਂਗ ਨੇ ਕਾਰੋਬਾਰ ਤੇ ਸਨਅਤਾਂ ਵਿਚ ਦੋਵੇਂ ਤਰ੍ਹਾਂ ਦੇ, ਭਾਵ ਪ੍ਰਾਈਵੇਟ ਤੇ ਵਿਦੇਸ਼ੀ ਨਿਵੇਸ਼ ਲਈ ਚੀਨ ਦੇ ਦਰ ਖੋਲ੍ਹ ਦਿੱਤੇ। ਉਸ ਨੇ ਮਾਓਵਾਦੀ ਕੱਟੜਤਾ ਦੇ ਦੌਰ ਖਤਮ ਕਰ ਕੇ ਆਪਣੇ ਸਰਮਾਏਦਾਰ ਸਾਥੀਆਂ ਰਾਹੀਂ ਕਮਿਊਨਿਸਟ ਪਾਰਟੀ ਦੇ ਨਵੇਂ ਕੁਲੀਨ ਵਰਗ ਨੂੰ ਪੱਕੇ ਕੀਤਾ। ਉਸ ਦੇ ਸੁਧਾਰਾਂ ਨੇ ਚੀਨ ਨੂੰ ਚਾਰ ਦਹਾਕਿਆਂ ਦੇ ਲਾਸਾਨੀ ਆਰਥਿਕ ਵਿਕਾਸ ਦੇ ਰਾਹ ਪਾਇਆ, ਜਿਸ ਦੀ ਇਤਿਹਾਸ ਵਿਚ ਮਿਸਾਲ ਨਹੀਂ ਮਿਲਦੀ, ਹਾਲਾਂਕਿ ਨਾਲ ਹੀ ਦੇਸ਼ ਇਕ ਪਾਰਟੀ ਦੇ ਰਾਜ ਵਾਲਾ ਬਣਿਆ ਰਿਹਾ, ਜਿਥੇ ਵਿਰੋਧ ਨੂੰ ਸਖ਼ਤੀ ਨਾਲ ਦਬਾ ਦਿੱਤਾ ਜਾਂਦਾ ਹੈ।
ਚੀਨ ਵੱਲੋਂ ਧਾਰਮਿਕ ਸਰਗਰਮੀ ਉਤੇ ਸਖ਼ਤੀ ਨਾਲ ਕਾਬੂ ਰੱਖਿਆ ਜਾਂਦਾ ਹੈ ਤੇ ਹਰ ਤਰ੍ਹਾਂ ਦੇ ਵੱਖਵਾਦੀ ਪ੍ਰਗਟਾਵੇ ਨੂੰ ਬੇਰਹਿਮੀ ਨਾਲ ਕੁਚਲ ਦਿੱਤਾ ਜਾਂਦਾ ਹੈ। ਇਸ ਦੌਰਾਨ ਬੁੱਧ ਮਤ ਤੇ ਤਾਓਵਾਦ ਨਾਲ ਸਬੰਧਤ ਉਨ੍ਹਾਂ ਸਥਾਨਾਂ ਦੀ ਮੁੜ ਉਸਾਰੀ ਲਈ ਜ਼ੋਰਦਾਰ ਕੋਸ਼ਿਸ਼ਾਂ ਕੀਤੀਆਂ ਗਈਆਂ, ਜਿਨ੍ਹਾਂ ਨੂੰ 1960ਵਿਆਂ ਵਿਚ ਮਾਓ ਦੇ ‘ਸੱਭਿਆਚਾਰਕ ਇਨਕਲਾਬ` ਵੇਲੇ ਢਾਹ ਦਿੱਤਾ ਗਿਆ ਸੀ, ਪਰ ਇਹ ਪਹੁੰਚ ਉਦੋਂ ਗ਼ਾਇਬ ਸੀ, ਜਦੋਂ ਇਸ ਨੇ ਸੈਮਿਟਿਕ ਅਕੀਦਿਆਂ, ਇਸਲਾਮ ਅਤੇ ਈਸਾਈ ਧਰਮਾਂ ਦੇ ਪੈਰੋਕਾਰਾਂ ਦੇ ਹੱਕਾਂ ਨੂੰ ਬੇਰਹਿਮੀ ਤੇ ਬੇਦਰਦੀ ਨਾਲ ਕੁਚਲ ਦਿੱਤਾ। ਚੀਨ ਵਿਚ ਸੁੰਨੀ ਭਾਈਚਾਰੇ ਦੀ ਬਹੁ-ਗਿਣਤੀ ਵਾਲੀ ਮੁਸਲਿਮ ਆਬਾਦੀ ਕਰੀਬ 2.20 ਕਰੋੜ ਹੈ। ਇਹ ਭਾਵੇਂ ਸਾਰੇ ਦੇਸ਼ ਵਿਚ ਫੈਲੀ ਹੈ, ਪਰ ਮੁੱਖ ਤੌਰ ਉੱਤੇ ਕੇਂਦਰੀ ਏਸ਼ੀਆ ਨਾਲ ਦੇ ਪੱਛਮੀ ਰਾਜਾਂ ਜਿਵੇਂ ਸਿਨਜਿਆਂਗ ਵਿਚ ਹੈ। ਚੀਨ ਦੇ ਮੁਸਲਮਾਨਾਂ ਪ੍ਰਤੀ ਦਿਖਾਏ ਜਾ ਰਹੇ ਅਸਹਿਣਸ਼ੀਲ ਤੇ ਜ਼ਾਲਮ ਵਿਹਾਰ ਦਾ ਕੌਮਾਂਤਰੀ ਪੱਧਰ ਉੱਤੇ ਵਿਰੋਧ ਉਠਿਆ ਹੈ। ਚੀਨ ਦੀ ‘ਇੰਤਹਾਪਸੰਦਾਂ` ਦੇ ਖ਼ਾਤਮੇ ਦੀ ਨੀਤੀ ਹੇਠ ਦਸ ਲੱਖ ਤੋਂ ਵੱਧ ਉਈਗਰ ਮੁਸਲਿਮ ਮਰਦਾਂ, ਔਰਤਾਂ ਤੇ ਬੱਚਿਆਂ ਨੂੰ ਬੰਦੀ ਬਣਾ ਕੇ ਰੱਖਿਆ ਜਾ ਰਿਹਾ ਹੈ। ਇਹ ਕਾਰਵਾਈ ਕੱਟੜ ਉਈਗਰ ਵੱਖਵਾਦੀਆਂ ਵੱਲੋਂ 2014 ਵਿਚ ਲੜੀਵਾਰ ਦਹਿਸ਼ਤੀ ਹਮਲਿਆਂ ਦੀ ਸ਼ੁਰੂਆਤ ਤੋਂ ਬਾਅਦ ਅਮਲ ਵਿਚ ਲਿਆਂਦੀ ਗਈ ਹੈ।
ਇਹ ਵੀ ਠੋਸ ਰਿਪੋਰਟਾਂ ਹਨ ਕਿ ਚੀਨ ਨੇ ਆਪਣੀ ਉਈਗਰ ਆਬਾਦੀ ਦੇ ਗ਼ੈਰ-ਇਸਲਾਮੀਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ। ਮੁਸਲਿਮ ਔਰਤਾਂ ਦੇ ਹਿਜਾਬ ਪਹਿਨਣ, ਬੱਚਿਆਂ ਦੇ ਮੁਸਲਿਮ ਨਾਂ ਰੱਖਣ ਤੇ ਮਰਦਾਂ ਦੇ ਦਾੜ੍ਹੀ ਰੱਖਣ ਉਤੇ ਪਾਬੰਦੀ ਦੇ ਕਦਮ ਇਸ ਦਾ ਹਿੱਸਾ ਹਨ। ਲੋਕਾਂ ਨੂੰ ਸਰਕਾਰੀ ਟੈਲੀਵਿਜ਼ਨ ਚੈਨਲ ਦੇਖਣ ਨੂੰ ਮਜਬੂਰ ਕੀਤਾ ਜਾਂਦਾ ਹੈ। ਬੰਦੀ ਬਣਾਏ ਮੁਸਲਮਾਨਾਂ ਨੂੰ ਸੂਰ ਦਾ ਮਾਸ ਖਾਣ ਤੇ ਸ਼ਰਾਬ ਪੀਣ ਲਈ ਮਜਬੂਰ ਕਰਨ ਦੀਆਂ ਰਿਪੋਰਟਾਂ ਹਨ। ਇਹ ਰਿਪੋਰਟਾਂ ਕੇਂਦਰੀ ਏਸ਼ੀਅਨ ਦੇਸ਼ਾਂ, ਜਿਵੇਂ ਕਿਰਗਿਜ਼ਸਤਾਨ ਤੇ ਕਜ਼ਾਖ਼ਸਤਾਨ ਆਦਿ ਰਾਹੀਂ ਬਾਹਰਲੀ ਦੁਨੀਆ ਨੂੰ ਪੁੱਜ ਰਹੀਆਂ ਹਨ। ਸਿਨਜਿਆਂਗ ਵਿਚ ਰਹਿੰਦੇ ਵੱਡੀ ਗਿਣਤੀ ਕਜ਼ਾਖ਼ਾਂ ਤੇ ਕਿਰਗੀਜ਼ਾਂ ਨੂੰ ਕੱਢ ਦਿੱਤਾ ਗਿਆ ਹੈ, ਜਿਨ੍ਹਾਂ ਸਿਨਜਿਆਂਗ ਵਿਚ ਮੁਸਲਮਾਨਾਂ ਦਮਨ ਦੇ ਇਹ ਵੇਰਵੇ ਬਾਕੀ ਦੁਨੀਆਂ ਤੱਕ ਪੁਚਾਏ ਹਨ।
ਇਸ ਬਾਰੇ ਓ ਆਈ ਸੀ ਦੇ 53 ਮੈਂਬਰ ਦੇਸ਼ਾਂ ਦੀ ਖ਼ਾਮੋਸ਼ੀ ਦਾ ਸੰਸਾਰ ਪੱਧਰ ਉਤੇ ਨੋਟਿਸ ਲਿਆ ਗਿਆ ਹੈ, ਇਹ ਸੰਸਥਾ ਤੇ ਦੇਸ਼ ਆਮ ਹੀ ਦੁਨੀਆਂ ਵਿਚ ਮੁਸਲਮਾਨਾਂ ਦੇ ਕਥਿਤ ਦਮਨ ਦੇ ਕੇਸ ਜ਼ੋਰ ਨਾਲ ਉਠਾਉਂਦੇ ਹਨ। ਇਹ ਖ਼ਾਮੋਸ਼ੀ ਕੋਈ ਹੈਰਾਨੀ ਵਾਲੀ ਗੱਲ ਨਹੀਂ। ਅਜਿਹੀਆਂ ਘਟਨਾਵਾਂ ਉੱਤੇ ਸਾਊਦੀ ਅਰਬ, ਇਰਾਨ, ਤੁਰਕੀ ਅਤੇ ਪਾਕਿਸਤਾਨ ਵਰਗੇ ਮੁਸਲਮਾਨਾਂ ਦੇ ਖ਼ੈਰ-ਖ਼ਵਾਹ ਦੇਸ਼ ਆਸੇ-ਪਾਸੇ ਝਾਕਣ ਲੱਗਦੇ ਹਨ, ਕਿਉਂਕਿ ਚੀਨ ਦੇ ਗੁੱਸੇ ਦਾ ਡਰ ਹੈ। ਅਮਰੀਕਾ ਦੀ ਕਾਂਗਰਸ ਤੇ ਕੁਝ ਯੂਰੋਪੀਅਨ ਤਾਕਤਾਂ ਨੇ ਜਿਥੇ ਇਨ੍ਹਾਂ ਘਟਨਾਵਾਂ ਉੱਤੇ ਚਿੰਤਾ ਪ੍ਰਗਟਾਈ, ਉਥੇ ਓ ਈ ਸੀ ਡੀ (ਆਰਥਿਕ ਸਹਿਯੋਗ ਅਤੇ ਵਿਕਾਸ ਸੰਸਥਾ) ਦੇ ਇਕ ਵੀ ਮੈਂਬਰ ਨੇ ਇਸ ਮਾਮਲੇ ਵਿਚ ਕਿਸੇ ਕਾਰਵਾਈ ਲਈ ਆਵਾਜ਼ ਨਹੀਂ ਚੁੱਕੀ। ਇਕ ਪਾਸੇ ਸਿਨਜਿਆਂਗ ਦੇ ਹਾਲਾਤ ਉੱਤੇ ਇਹ ਖ਼ਾਮੋਸ਼ੀ ਤੇ ਦੂਜੇ ਪਾਸੇ ਮਿਆਂਮਾਰ ਵਿਚ ਰੋਹਿੰਗੀਆ ਮੁਲਮਾਨਾਂ ਦੀ ਤਰਸ ਯੋਗ ਹਾਲਤ ਉਤੇ ਭਾਰੀ ਸ਼ੋਰ-ਸ਼ਰਾਬੇ ਦੇ ਇਸ ਜ਼ੋਰਦਾਰ ਫ਼ਰਕ ਨੂੰ ਕੋਈ ਚਾਹ ਕੇ ਵੀ ਅਣਡਿੱਠ ਨਹੀਂ ਕਰ ਸਕਦਾ।
ਚੀਨ ਵਿਚ ਈਸਾਈਆਂ ਦੇ ਹਾਲਾਤ ਵੱਖਰੇ ਹਨ। ਓਥੇ ਈਸਾਈ ਆਬਾਦੀ ਕਰੀਬ 6.50 ਕਰੋੜ ਹੈ, ਮੁਸਲਿਮ ਆਬਾਦੀ 2.167 ਕਰੋੜ। ਦਿਲਚਸਪ ਗੱਲ ਹੈ ਕਿ ਚੀਨ ਵਿਚ ਮਾਓ ਦੇ ਜ਼ਮਾਨੇ ਤੇ 1982 ਦਾ ਸੰਵਿਧਾਨ ਲਾਗੂ ਕੀਤੇ ਜਾਣ ਤੋਂ ਬਾਅਦ ਈਸਾਈ ਆਬਾਦੀ ਦਾ ਨਿੱਗਰ ਵਾਧਾ ਹੋਇਆ ਹੈ। ਦੇਸ਼ ਵਿਚ ਚਰਚ ਦੀਆਂ ਸਰਗਰਮੀਆਂ ਨਿਗਰਾਨੀ ਹੇਠ ਚੱਲਦੀਆਂ ਹਨ ਤੇ ਪੋਪ ਨੂੰ ਚਰਚ ਨਿਯੁਕਤੀਆਂ, ਰਸਮਾਂ-ਰੀਤਾਂ ਤੇ ਸੇਵਾਵਾਂ ਬਾਰੇ ਸੀਮਤ ਅਧਿਕਾਰ ਹਨ। ਚੀਨੀ ਸੰਵਿਧਾਨ ਕਹਿੰਦਾ ਹੈ: “ਲੋਕ ਗਣਰਾਜ ਚੀਨ ਦੇ ਲੋਕਾਂ ਨੂੰ ਧਾਰਮਿਕ ਅਕੀਦੇ ਦੀ ਆਜ਼ਾਦੀ ਹਾਸਲ ਹੈ।” ਇਸ ਤਰ੍ਹਾਂ ਸੰਵਿਧਾਨ ਭਾਵੇਂ ‘ਧਾਰਮਿਕ ਆਜ਼ਾਦੀ` ਦਾ ਯਕੀਨ ਦੇਂਦਾ ਹੈ, ਪਰ ਅਸਲ ਵਿਚ ਆਜ਼ਾਦੀ ਨੂੰ ਸਰਕਾਰ ਦੀਆਂ ਜਾਬਰ ਕਾਰਵਾਈਆਂ ਨਾਲ ਬੁਰੀ ਤਰ੍ਹਾਂ ਦਬਾਇਆ ਜਾਂਦਾ ਹੈ। ਚੀਨ ਵਿਚ ਕਰੋੜਾਂ ਲੋਕ ਇਤਿਹਾਸਕ ਤਾਓਵਾਦੀ ਰੀਤਾਂ ਅਤੇ ਕਨਫਿਊਸ਼ਿਅਸ ਉਪਦੇਸ਼ਾਂ ਦਾ ਪਾਲਣ ਤੇ ਸਤਿਕਾਰ ਕਰਦੇ ਹਨ, ਉਥੇ ਦੇਸ਼ ਵਿਚ ਬੋਧੀ ਭਾਈਚਾਰੇ ਦੀ ਵੀ ਵੱਡੀ ਆਬਾਦੀ (ਕਰੀਬ 26 ਕਰੋੜ) ਹੈ। ਹਕੀਕਤ ਇਹ ਹੈ ਕਿ ਜਿਹੜਾ ਬੁੱਧ ਮੱਤ ਭਾਰਤ ਵਿਚ ਪੈਦਾ ਹੋਇਆ, ਇਹ ਉਸ ਵਰਗਾ ਨਹੀਂ ਹੈ। ਸਮਾਂ ਬੀਤਣ ਦੇ ਨਾਲ ਚੀਨ ਵਿਚ ਧਾਰਮਿਕ ਆਜ਼ਾਦੀ ਦਾ ਗਲ਼ ਘੁੱਟਣਾ ਔਖਾ ਹੁੰਦਾ ਜਾਂਦਾ ਹੈ, ਕਿਉਂਕਿ ਇਸ ਵੇਲੇ ਵੀ ਸਾਲਾਨਾ ਅੰਦਾਜ਼ਨ 13 ਕਰੋੜ ਚੀਨੀ ਲੋਕ ਸੈਲਾਨੀਆਂ ਵਜੋਂ ਵਿਦੇਸ਼ ਜਾਂਦੇ ਹਨ।
ਬੋਧੀਆਂ ਦੀ ਸੰਸਾਰ ਭਰ ਵਿਚ ਕੁੱਲ ਆਬਾਦੀ ਕਰੀਬ 54 ਕਰੋੜ ਹੈ। ਦੁਨੀਆ ਦੀ ਕੁੱਲ ਬੋਧੀ ਆਬਾਦੀ ਦਾ ਬੜਾ ਵੱਡਾ ਹਿੱਸਾ ਪੂਰਬੀ, ਦੱਖਣ-ਪੂਰਬੀ ਤੇ ਦੱਖਣੀ ਏਸ਼ੀਆ ਵਿਚ ਹੈ। ਪੂਰਬੀ ਅਤੇ ਦੱਖਣ-ਪੂਰਬੀ ਏਸ਼ੀਆ ਨਾਲ ਸਬੰਧਤ ਸੈਲਾਨੀਆਂ ਨੂੰ ਅੱਜਕੱਲ੍ਹ ਖੁੱਲ੍ਹ ਕੇ ਖ਼ਰਚ ਕਰਨ ਵਾਲੇ ਸੈਲਾਨੀਆਂ ਵਜੋਂ ਦੇਖਿਆ ਜਾਂਦਾ ਹੈ। ਅੱਜ ਵਕਤ ਆ ਗਿਆ ਹੈ ਜਦੋਂ ਭਾਰਤ ਨੂੰ ਗੌਤਮ ਬੁੱਧ ਦੀ ਧਰਤੀ ਹੋਣ ਦੇ ਨਾਤੇ ਸਿਆਸੀ, ਅਧਿਆਤਮਕ, ਸੱਭਿਆਚਾਰਕ ਤੇ ਆਰਥਿਕ ਲਾਹਾ ਲੈਣ ਦੇ ਰਾਹ ਪੈਣਾ ਚਾਹੀਦਾ ਹੈ, ਕਿਉਂਕਿ ਭਾਰਤ ਵਿਚ ਹੀ ਬੁੱਧ ਨੇ ਜਨਮ ਲਿਆ, ਜ਼ਿੰਦਗੀ ਜੀਵੀ ਅਤੇ ਨਿਰਵਾਣ ਪ੍ਰਾਪਤ ਕੀਤਾ।
ਅਫ਼ਸੋਸਨਾਕ ਪਹਿਲੂ ਇਹ ਹੈ ਕਿ ਸਾਡੇ ਬਹੁਤੇ ਪੂਰਬੀ ਗੁਆਂਢੀ ਦੇਸ਼ਾਂ ਵਿਚ ਸਾਡੀਆਂ ਸੈਰ-ਸਪਾਟਾ ਸਹੂਲਤਾਂ (ਜਿਨ੍ਹਾਂ ਵਿਚ ਸੰਚਾਰ, ਟਰਾਂਸਪੋਰਟ ਤੋਂ ਲੈ ਕੇ ਪਾਖ਼ਾਨੇ, ਸੁਰੱਖਿਆ ਦੇ ਨਾਲ ਬੋਧੀ ਧਰਮ ਸਥਾਨ ਸ਼ਾਮਿਲ ਹਨ) ਨੂੰ ਗ਼ੈਰ-ਤਸੱਲੀ ਬਖ਼ਸ਼ ਸਮਝਿਆ ਜਾਂਦਾ ਹੈ। ਕੀ ਸਾਡੇ ਲਈ ਇਹ ਮੌਕਾ ਨਹੀਂ ਕਿ ਅਸੀਂ ਇਸ ਖੇਤਰ ਵਿਚ ਰੁਚੀ ਰੱਖਦੇ ਦੇਸ਼ਾਂ ਜਿਵੇਂ ਚੀਨ, ਜਪਾਨ ਆਦਿ ਨਾਲ ਮਿਲ ਕੇ ਗੌਤਮ ਬੁੱਧ ਦੀ ਧਰਤੀ ਉਤੇ ਜ਼ੋਰਦਾਰ ਨਿਵੇਸ਼ ਨਾਲ ਬਿਹਤਰ ਸੈਲਾਨੀ ਸਹੂਲਤਾਂ ਵਿਕਸਿਤ ਕਰੀਏ, ਤਾਂ ਕਿ ਇਹ ਸੈਲਾਨੀ ਪੂਰੀਆਂ ਸੁੱਖ-ਸਹੂਲਤਾਂ, ਸੁਰੱਖਿਆ ਤੇ ਅਮਨ-ਚੈਨ ਨਾਲ ਉਹੋ ਅਧਿਆਤਮਕ ਤ੍ਰਿਪਤੀ ਹਾਸਲ ਕਰ ਸਕਣ, ਜਿਵੇਂ ਦੀ ਉਨ੍ਹਾਂ ਨੂੰ ਥਾਈਲੈਂਡ, ਚੀਨ ਤੇ ਜਪਾਨ ਆਦਿ ਵਿਚ ਮਿਲਦੀ ਹੈ?

 

Have something to say? Post your comment