Welcome to Canadian Punjabi Post
Follow us on

18

August 2019
ਬ੍ਰੈਕਿੰਗ ਖ਼ਬਰਾਂ :
ਨਜਰਰੀਆ

ਗੋਹੇ-ਕੂੜੇ ਦੀ ਮਹਿਕ

January 16, 2019 08:42 AM

-ਪਰਮਜੀਤ ਕੁਠਾਲਾ
ਗਲੀ ਵਿੱਚ ਰੌਲਾ ਸੁਣ ਕੇ ਮੈਂ ਬਾਹਰ ਦੇਖਿਆ। ਵੱਡੇ ਲਾਣੇ ਵਾਲਿਆਂ ਦੀ ਤਾਈ ਬਿਸ਼ਨ ਕੌਰ ਗੁਆਂਢੀਆਂ ਦੇ ਦਰਾਂ ਵਿੱਚ ਖੜੀ ਮੰਦਾ ਚੰਗਾ ਬੋਲ ਰਹੀ ਸੀ। ‘ਤਾਈ ਜੀ, ਭਲਾਂ ਐਵੇਂ ਗਰੀਬਾਂ ਨਾਲ ਕਿਉਂ ਲੜੀ ਜਾਨੀ ਐ? ਆ ਜੋ।' ਮੈਂ ਉਸ ਨੂੰ ਹਾਕ ਮਾਰ ਕੇ ਆਪਣੇ ਘਰ ਬੁਲਾ ਲਿਆ।
ਕਈ ਵਰ੍ਹਿਆਂ ਤੋਂ ਪਸ਼ੂਆਂ ਦਾ ਇਲਾਜ ਕਰਦਾ ਹੋਣ ਕਰਕੇ ਉਹ ਮੇਰੀ ਕਾਫੀ ਇੱਜ਼ਤ ਕਰਦੀ ਸੀ।
‘ਪੁੱਤ ਤੈਨੂੰ ਨ੍ਹੀਂ ਪਤਾ, ਮੁੰਡਾ ਫੌਜ ਵਿੱਚ ਕਾਹਦਾ ਭਰਤੀ ਹੋ ਗਿਆ, ਇਹਦਾ ਤਾਂ ਡਮਾਕ ਹੀ ਅਸਮਾਨੀ ਚੜ੍ਹ ਗਿਐ। ਅਖੇ, ਮੈਂ ਨ੍ਹੀਂ ਹੁਣ ਕੰਮ ਕਰਨਾ।' ਤਾਈ ਨੇ ਗਾਤਰੇ ਪਾਈ ਕ੍ਰਿਪਾਨ ਸੰਭਾਲਦਿਆਂ ਘਰਾਂ 'ਚੋਂ ਮੇਰੀ ਚਾਚੀ ਲੱਗਦੀ ਗੁਆਂਢਣ ਦਲੀਪੋ ਖਿਲਾਫ ਭੜਾਸ ਕੱਢੀ।
ਚਾਚੀ ਦਹਾਕਿਆਂ ਤੋਂ ਪਿੰਡ 'ਚ ਤੇਰ੍ਹਵੀਂ ਵਾਲਿਆਂ ਦੇ ਲਾਣੇ ਸਮੇਤ ਜ਼ਿਮੀਂਦਾੀਰਾਂ ਦੇ ਕਈ ਘਰੀਂ ਗੋਹਾ ਕੂੜਾ ਕਰਕੇ ਟੱਬਰ ਪਾਲ ਰਹੀ ਸੀ। ਸੀਰੀ ਰਲਦੇ ਉਸ ਦੇ ਘਰ ਵਾਲੇ ਚਾਚੇ ਜੈਲੇ ਦੀ ਦਸ ਪੰਦਰਾਂ ਸਾਲ ਪਹਿਲਾਂ ਮੋਟਰ ਦੀ ਖੂਹੀ ਵਿੱਚ ਗੈਸ ਚੜ੍ਹਨ ਨਾਲ ਮੌਤ ਹੋ ਗਈ ਸੀ। ਚਾਚੀ ਨੇ ਗੋਹਾ ਕੂੜਾ ਕਰਕੇ ਸਕੂਲ ਪੜ੍ਹਦੇ ਦੋਵੇਂ ਧੀਆਂ ਅਤੇ ਪੁੱਤ ਨੂੰ ਬਾਰਵੀਂ ਤੱਕ ਪੜ੍ਹਾਇਆ। ਸਕੂਲ ਜਾਣ ਤੋਂ ਪਹਿਲਾਂ ਧੀਆਂ ਆਪਣੀ ਮਾਂ ਨਾਲ ਇਕ ਦੋ ਘਰਾਂ ਦਾ ਕੰਮ ਕਰਵਾ ਜਾਂਦੀਆਂ। ਸਕੂਲੋਂ ਆ ਕੇ ਤਿੰਨੇ ਭੈਣ ਭਰਾ ਮਾਂ ਨਾਲ ਖੇਤਾਂ ਵਿੱਚੋਂ ਕੱਖ ਲੈਣ ਜਾਂਦੇ। ਇਉਂ ਚਾਚੀ ਹਰ ਸਾਲ ਇਕ ਦੋ ਮੱਝਾਂ ਪਾਲ ਕੇ ਵੇਚ ਦਿੰਦੀ। ਦਿਨ ਰਾਤ ਮਿਹਨਤ ਮੁਸ਼ੱਕਤ ਕਰਕੇ ਉਹਨੇ ਦੋਵੇਂ ਧੀਆਂ ਵਿਆਹ ਦਿੱਤੀਆਂ। ਬਾਰਾਂ ਜਮਾਤਾਂ ਪਾਸ ਮੁੰਡਾ ਕੁਝ ਮਹੀਨੇ ਪਹਿਲਾਂ ਫੌਜ ਵਿੱਚ ਭਰਤੀ ਹੋ ਗਿਆ। ਭਰਤੀ ਹੋ ਗਏ ਪੁੱਤ ਦਾ ਚਾਅ ਚਾਚੀ ਨੂੰ ਜਿਵੇਂ ਬੀਤੀ ਜ਼ਿੰਦਗੀ ਦੇ ਸਾਰੇ ਦੁੱਖ ਦਰਦ ਭੁਲਾ ਗਿਆ। ਉਸ ਨੇ ਅੱਜ ਸਾਰੇ ਘਰਾਂ ਨੂੰ ਗੋਹੇ ਕੂੜੇ ਤੋਂ ਜਵਾਬ ਦੇ ਦਿੱਤਾ ਸੀ।
ਭਰੀ ਪੀਤੀ ਬੈਠੀ ਤਾਈ ਬਿਸ਼ਨ ਕੌਰ ਨੂੰ ਸ਼ਾਂਤ ਕਰਦਿਆਂ ਮੈਂ ਬੈਠ ਕੇ ਗੱਲ ਕਰਨ ਦੀ ਸਲਾਹ ਦਿੱਤੀ ਤੇ ਚਾਚੀ ਨੂੰ ਵੀ ਬੁਲਾ ਲਿਆ। ਕੁਰਸੀ 'ਤੇ ਬੈਠੀ ਤਾਈ ਬਿਸ਼ਨ ਕੌਰ ਨੂੰ ਵੇਖ ਕੇ ਉਹ ਫਰਸ਼ 'ਤੇ ਭੁੰਜੇ ਬੈਠ ਗਈ। ਵਾਰ-ਵਾਰ ਕਹਿਣ ਦੇ ਬਾਵਜੂਦ ਉਹ ਭੁੰਜੇ ਹੀ ਬੈਠੀ ਰਹੀ।
‘ਨਾ ਪੁੱਤ, ਮੈਂ ਬੇਬੇ ਦੇ ਬਰਾਬਰ ਨ੍ਹੀਂ ਬਹਿਣਾ।' ਚਾਚੀ ਨੇ ਦੋਵੇਂ ਹੱਥਾਂ ਨਾਲ ਚੁੰਨੀ ਦਾ ਲੜ ਫੜ ਕੇ ਤਾਈ ਦੇ ਪੈਰੀਂ ਹੱਥ ਲਾਇਆ।
‘ਬੱਸ-ਬੱਸ ਰਹਿਣ ਦੇ ਖੇਖਣਾਂ ਨੂੰ।' ਤਾਈ ਬਿਸ਼ਨ ਕੌਰ ਦਾ ਪਾਰਾ ਹਾਲੇ ਵੀ ਚੜ੍ਹਿਆ ਹੋਇਆ ਸੀ।
‘ਦੇਖ ਬੇਬੇ, ਸਾਰੀ ਉਮਰ ਥੋਡੇ ਘਰ ਕੰਮ ਕਰਦਿਆਂ ਮੈਂ ਗਰੀਬਣੀ ਨੇ ਆਪਣੇ ਜੁਆਕ ਪਾਲ ਲਏ। ਹੁਣ ਮੁੰਡਾ ਨ੍ਹੀਂ ਮੰਨਦਾ, ਮੈਂ ਕਿਹੜੇ ਖੂਹ 'ਚ ਜਾਵਾਂ?' ਚਾਚੀ ਨੇ ਤਰਲਾ ਜਿਹਾ ਕਰਦਿਆਂ ਤਾਈ ਮੂਹਰੇ ਹੱਥ ਜੋੜੀ ਬੈਠੀ ਸੀ।
‘ਲੈ ਮੰਨਦਾ ਨ੍ਹੀਂ ਇਹਦਾ ਮੁੰਡਾ, ਵੱਡਾ ਠਾਣੇਦਾਰ ਲੱਗਿਐ। ਸਾਡੇ ਘਰੋਂ ਖਾ ਕੇ ਸਾਨੂੰ ਅੱਖਾਂ ਦਿਖਾਉਣ ਲੱਗ ਗਿਆ ਹੁਣ। ਚੱਲ ਨਹੀਂ ਮੰਨਦਾ ਨਾ ਮੰਨੇ, ਤੂੰ ਸਾਡਾ ਹਿਸਾਬ ਕਰਦੇ।' ਤਾਈ ਇਕ ਪਾਸਾ ਕਰਨ 'ਤੇ ਅੜੀ ਹੋਈ ਸੀ।
‘ਦੇਖ ਪੁੱਤ, ਇਹਨੂੰ ਮਹੀਨੇ ਦੇ 15 ਰੁਪਈਏ ਪਸ਼ੂ ਦੇ ਹਿਸਾਬ ਸਾਲ ਭਰ ਦੇ ਪੈਸੇ ਪਹਿਲਾਂ ਦਿੱਤੇ ਹੋਏ ਨੇ। ਰੋਜ਼ ਦਾ ਪਾਈਆ ਦੁੱਧ ਤੇ ਇਕ ਵੇਲੇ ਦੀ ਰੋਟੀ ਅੱਡ ਦਿੰਨੇ ਆਂ। ਵੇਲੇ ਕੁਵੇਲੇ ਹਰੇ ਚਾਰੇ ਤੂੜੀ ਤੱਪੇ ਤੋਂ ਇਹਨੂੰ ਕਦੇ ਜਵਾਬ ਨ੍ਹੀਂ ਦਿੱਤਾ।' ਤਾਈ ਨੇ ਹਿਸਾਬ ਕਿਤਾਬ ਸੁਣਾ ਦਿੱਤਾ।
‘ਦੇਖ ਬੇਬੇ, ਮੈਂ ਕਿਹੜਾ ਪੈਸੇ ਦੱਬੀ ਜਾਨੀ ਆਂ। ਸਾਲ ਦੇ ਦੋ ਮਹੀਨੇ ਲੰਘਗੇ, ਬਾਕੀ ਦਸਾਂ ਮਹੀਨਿਆਂ ਦੇ ਬਣਦੇ ਪੈਸੇ ਪਾਈ-ਪਾਈ ਮੋੜ ਦਿਆਂਗੀ। ਪੁੱਤ ਤੂੰ ਲਾ ਦੇ ਹਿਸਾਬ।' ਐਤਕੀਂ ਚਾਚੀ ਥੋੜ੍ਹੀ ਜੁਰਅਤ ਨਾਲ ਬੋਲੀ।
‘ਚੱਲ ਤਾਈ ਜੀ, ਜੇ ਚਾਚੀ ਦੀ ਬੇਵਸੀ ਹੈ ਤਾਂ ਤੁਸੀਂ ਗੋਹੇ ਕੂੜੇ ਦਾ ਕੋਈ ਹੋਰ ਹੱਲ ਕਰ ਲਓ। ਜਿਹੜਾ ਲੈਣ ਦੇਣਾ ਹੈ, ਉਹ ਬਹਿ ਕੇ ਨਿਬੇੜ ਲਓ।' ਮੈਂ ਹਿਸਾਬ ਕਿਤਾਬ ਲਾਉਣ ਲਈ ਪੈਨ ਕਾਗਜ਼ ਚੁੱਕਿਆ ਤੇ ਚਾਚੀ ਵੱਲ ਨਿਕਲਦੀ ਰਕਮ ਦੱਸ ਦਿੱਤੀ।
‘ਚੱਲ ਲਿਆ ਨੀ ਫੜਾ ਹੁਣੇ।' ਤਾਈ ਨੇ ਖੂੰਡੀ ਫਰਸ਼ ਨਾਲ ਖੜਕਾਉਂਦਿਆਂ ਚਾਚੀ ਨੂੰ ਘਰੋਂ ਜਾ ਕੇ ਪੈਸੇ ਲਿਆਉਣ ਦਾ ਇਸ਼ਾਰਾ ਕੀਤਾ। ਹੌਸਲਾ ਜਿਹਾ ਕਰਕੇ ਚਾਚੀ ਉਠ ਕੇ ਖੜੋ ਗਈ ਅਤੇ ਚੱਕਵੇਂ ਪੈਰੀਂ ਕਮਰੇ 'ਚੋਂ ਨਿਕਲ ਗਈ। ਮੈਨੂੰ ਉਸ ਉਪਰ ਤਰਸ ਆ ਰਿਹਾ ਸੀ। ਕੇਵਲ 15 ਰੁਪਏ ਮਹੀਨੇ ਦੇ ਹਿਸਾਬ 25-30 ਪਸ਼ੂਆਂ ਦਾ ਗੋਹਾ ਮੁਤਰਾਲ ਹੱਥਾਂ ਨਾਲ ਹੂੰਝ ਕੇ ਟੋਕਰੇ ਭਰ-ਭਰ ਰੂੜੀਆਂ 'ਤੇ ਸੁੱਟਣ ਦਾ ਕਠਿਨ ਕੰਮ ਉਹ ਮਾੜਕੂ ਜਿਹੀ ਔਰਤ ਇਕੱਲੀ ਕਿਵੇਂ ਕਰਦੀ ਹੋਵੇਗੀ!
‘ਵੇ ਦੇਖ ਤਾਂ ਪੁੱਤ, ਕਿੱਧਰ ਨੂੰ ਚਲੀ ਗਈ?' ਮੈਨੂੰ ਤਾਈ ਬਿਸ਼ਨ ਕੌਰ ਚਾਚੀ ਦਲੀਪੋ ਦੇ ਅਚਾਨਕ ਬਦਲੇ ਰਵੱਈਏ ਤੋਂ ਭੈਅ ਭੀਤ ਜਿਹੀ ਲੱਗੀ।
ਚਾਚੀ ਖੋਟੇ ਪੈਸੇ ਵਾਂਗ ਵਾਪਸ ਆਈ। ਉਹਨੇ ਦੋਵੇਂ ਹੱਥਾਂ ਨਾਲ ਪੰਜ-ਪੰਜ ਸੌ ਦੇ ਨੋਟ ਤਾਈ ਦੀ ਬੁੱਕਲ 'ਚ ਰੱਖ ਦਿੱਤੇ। ‘ਬੇਬੇ ਜੀ ਗੁੱਸੇ ਨਾ ਹੋਵੋ, ਆਹ ਚੱਕੋ ਥੋਡੀ ਅਮਾਨਤ। ਵੇਲੇ ਕੁਵੇਲੇ ਹੁਣ ਵੀ ਥੋਡੇ ਘਰ ਦਾ ਕੰਮ ਕਾਰ ਕਰਵਾਉਂਦੀ ਰਹੂੰਗੀ। ਸਾਰੀ ਉਮਰ ਉਸੇ ਘਰ 'ਚ ਲੰਘਾਈ ਆ, ਹੁਣ ਮਜਬੂਰੀ ਆ। ਮੁੰਡਾ ਰੋਜ਼ ਫੌਜ 'ਚੋਂ ਫੋਨ ਕਰਕੇ ਕਹਿੰਦਾ, ਬਈ ਮਾਂ, ਤੈਂ ਬਥੇਰਾ ਕੰਮ ਕਰ ਲਿਆ, ਹੁਣ ਗੋਹੇ ਕੂੜੇ ਨੂੰ ਨਾ ਜਾਈਂ।' ਚਾਚੀ ਨੇ ਅੱਖਾਂ ਭਰ ਲਈਆਂ। ਤਾਈ ਨੇ ਕੁਰਸੀ ਤੋਂ ਉਠ ਕੇ ਚਾਚੀ ਨੂੰ ਬੁੱਕਲ ਵਿੱਚ ਲੈ ਲਿਆ।
‘ਨਾ ਹੁਣ ਤੂੰ ਵੱਡੀ ਪੈਸਿਆਂ ਆਲੀ ਹੋਗੀ। ਆਹ ਚੱਕ ਰੁਪਈਏ, ਮੈਨੂੰ ਨ੍ਹੀਂ ਲੋੜ। ਬੱਸ ਤੂੰ ਘਰੇ ਆਉਂਦੀ ਜਾਂਦੀ ਰਹੀਂ। ਤੇਰੇ ਬਗੈਰ ਤਾਂ ਤਿੰਨੇ ਬਹੂਆਂ ਕੱਲ੍ਹ ਦੀਆਂ ਮੂੰਹ ਲਮਕਾਈ ਫਿਰਦੀਆਂ। ਆ ਜੀਂ, ਤੇਰਾ ਆਪਣਾ ਘਰ ਆ।' ਤਾਈ ਬਿਸ਼ਨ ਕੌਰ ਚਾਚੀ ਦਲੀਪੋ ਦੇ ਮੋਢੇ ਦਾ ਸਹਾਰਾ ਲੈਂਦੀ ਕਮਰੇ 'ਚੋਂ ਬਾਹਰ ਚਲੀ ਗਈ। ਦੋਵਾਂ ਵਿਚਾਲੇ ਗੋਹੇ ਕੂੜੇ ਦੀ ਸਾਂਝ ਦਾ ਰਿਸ਼ਤਾ ਐਨਾ ਭਾਵੁਕ ਹੋਵੇਗਾ, ਮੇਰੇ ਲਈ ਅੰਦਾਜ਼ਾ ਲਾਉਣਾ ਔਖਾ ਸੀ।

Have something to say? Post your comment