Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਨਜਰਰੀਆ

ਸਵਰਗ-ਨਰਕ

January 16, 2019 08:42 AM

-ਬਲਦੇਵ ਸਿੰਘ (ਸੜਕਨਾਮਾ)
ਕਲਕੱਤੇ (ਕੋਲਕਾਤਾ) ਦੀ ਵਿਕਟੋਰੀਆ ਯਾਦਗਾਰ ਦੇ ਮੇਨ ਗੇਟ ਲਾਗੇ ਮੈਂ ਟੈਕਸੀ ਪਾਰਕ ਕਰੀ ਖੜਾ ਸੀ। ਗਰਮੀ ਦਾ ਕਹਿਰ ਆਪਣੀ ਪ੍ਰਚੰਡ ਸੀਮਾ ਉਪਰ ਸੀ। ਪਰਿੰਦੇ ਬਦਾਮਾਂ ਦੇ ਬੂਟਿਆਂ ਦੀਆਂ ਟਹਿਣੀਆਂ ਵਿੱਚ ਲੁਕੇ ਹੌਂਕ ਰਹੇ ਸਨ। ਮੈਂ ਇਕ ਅੱਧ ਸੁੱਕੇ ਜਿਹੇ ਬਰੋਟੇ ਦੀ ਦੋ ਕੁ ਗਿੱਠ ਛਾਂ ਵਿੱਚ ਖੜਾ ਮੁੜ੍ਹਕਾ ਪੂੰਝਦਾ ਕਿਸੇ ਸਵਾਰੀ ਦੀ ਉਡੀਕ ਵਿੱਚ ਸਾਂ। ਕੁਝ ਦੇਰ ਬਾਅਦ ਇਕ ਬਜ਼ੁਰਗ ਆਦਮੀ ਤੇ ਭਰ ਮੁਟਿਆਰ ਗੋਰੀ ਚਿੱਟੀ ਲੜਕੀ ਟੈਕਸੀ ਕੋਲ ਆਣ ਖੜੇ। ਮੁਟਿਆਰ ਨੇ ਆਪਣੀ ਬਾਂਹ ਦੀ ਗੋਦ ਬਣਾ ਕੇ ਇਕ ਸਫੈਦ ਵਲਾਇਤੀ ਪਿਸਤਾ ਕੁੱਤਾ ਚੁੱਕਿਆ ਹੋਇਆ ਸੀ। ਦੂਸਰੇ ਹੱਥ ਨਾਲ ਉਸ ਨੇ ਆਪਣੇ ਉਪਰ ਇਕ ਗੁਲਾਬੀ ਫੁੱਲਾਂ ਵਾਲੀ ਛੱਤਰੀ ਤਾਣੀ ਹੋਈ ਸੀ।
ਮੈਂ ਕਾਹਲੀ ਨਾਲ ਟੈਕਸੀ ਕੋਲ ਗਿਆ। ਮੁਟਿਆਰ ਨੇ ਅੰਗਰੇਜ਼ੀ ਅੰਦਾਜ਼ ਨਾਲ ਹਿੰਦੀ ਵਿੱਚ ਪੁੱਛਿਆ, ‘ਮਿਸਟਰ ਸਿੰਘ, ਨਿਊ ਅਲੀਪੁਰ ਜਾਏਗਾ?' ਮੇਰੇ ‘ਹਾਂ' ਕਹਿਣ 'ਤੇ ਉਹ ਦੋਵੇਂ ਟੈਕਸੀ ਵਿੱਚ ਬੈਠ ਗਏ। ਸ਼ੀਸ਼ੇ ਵਿੱਚ ਦੀ ਪਿੱਛੇ ਤੱਕ ਕੇ ਮੈਂ ਟੈਕਸੀ ਸਟਾਰਟ ਕਰ ਲਈ।
‘ਓ ਮਾਈ ਗੌਡ।' ਆਪਣੇ ਹੱਥ ਨੂੰ ਪੱਖੀ ਵਾਂਗ ਝੱਲਦਿਆਂ ਲੜਕੀ ਨੇ ਗਰਮੀ ਵਧੇਰੇ ਹੋਣ 'ਤੇ ਔਖ ਮਹਿਸੂਸ ਕੀਤੀ।
ਅਜੇ ਬਿਰਲਾ ਤਾਰਾ ਮੰਡਲ ਦਾ ਮੋੜ ਮੁੜੇ ਹੀ ਸਾਂ ਕਿ ਮੁਟਿਆਰ ਨੇ ਕੁੱਤੇ ਨੂੰ ਝਿੜਕਿਆ, ‘ਵਿੱਕੀ ਮਾਈਂਡ ਯੂਅਰ ਬਿਜ਼ਨਸ।'
ਮੈਂ ਸ਼ੀਸ਼ੇ ਵਿੱਚੋਂ ਜ਼ਰਾ ਕੁ ਪਿੱਛੇ ਵੇਖਿਆ। ਵਿੱਕੀ (ਕੁੱਤਾ) ਵਾਰ-ਵਾਰ ਮੁਟਿਆਰ ਦਾ ਚਿਹਰਾ ਸੁੰਘਦਾ ਤੇ ਚੱਟਣ ਦੀ ਕੋਸ਼ਿਸ਼ ਕਰ ਰਿਹਾ ਸੀ। ਕਦੇ ਉਹ ਕੱਛਾਂ ਵਿੱਚ ਮੂੰਗ ਘੁਸੇੜਨ ਦੀ ਕੋਸ਼ਿਸ਼ ਕਰਦਾ ਤੇ ਮੁਟਿਆਰ ਉਸ ਨੂੰ ਵਰਜ ਰਹੀ ਸੀ।
‘ਵਿੱਕੀ!’ ਇਸ ਵਾਰ ਮੁਟਿਆਰ ਵਧੇਰੇ ਗੁੱਸੇ ਨਾਲ ਬੋਲੀ। ਵਿੱਕੀ ਦੇ ਮੂੰਹ ਉਤੇ ਇਕ ਪੋਲੀ ਜਿਹੀ ਚਪਤ ਵੀ ਮਾਰੀ ਅਤੇ ਬਜ਼ੁਰਗ ਦੀ ਗੋਦ ਵਿੱਚ ਕੁੱਤਾ ਦਿੰਦਿਆਂ ਕਿਹਾ, ‘ਡੀਅਰ ਫੜੋ ਨਾ, ਇਹ ਬੜਾ ਸ਼ਰਾਰਤੀ ਹੋ ਗਿਐ।'
‘ਵਿੱਕੀ ਇਜ਼ ਵੈਰੀ ਲੱਕੀ ਡਾਰਲਿੰਗ।' ਆਖਦਿਆਂ ਬਜ਼ੁਰਗ ਨੇ ਕੁੱਤਾ ਫੜ ਲਿਆ। ‘ਆ ਜਾ ਮੇਰੇ ਪਾਰਟਨਰ।' ਮੈਂ ਦੇਖਿਆ ਬਜ਼ੁਰਗ ਮੁਟਿਆਰ ਵੱਲ ਦੇਖ ਕੇ ਮੁਸਕਰਾਇਆ।
ਮੁਟਿਆਰ ਨੇ ਫਿਰ ਗਰਮੀ ਮਹਿਸੂਸ ਕਰਦਿਆਂ ਕਿਹਾ, ‘ਓ ਡੀਅਰ, ਅਪਨੀ ਗਾੜੀ ਕਬ ਠੀਕ ਹੋਗੀ, ਟੈਕਸੀ ਮੇਂ ਤੋ ਏ ਸੀ ਭੀ ਨਹੀਂ ਹੈ।'
ਬਜ਼ੁਰਗ ਨੇ ਕੋਈ ਜਵਾਬ ਨਾ ਦਿੱਤਾ। ਨੈਸ਼ਨਲ ਲਾਇਬਰੇਰੀ ਕੋਲੋਂ ਲੰਘਦਿਆਂ ਜਦੋਂ ਮੈਂ ਨਿਊ ਅਲੀਪੁਰ ਦੇ ਇਲਾਕੇ ਵਿੱਚ ਦਾਖਲ ਹੋਇਆ ਤਾਂ ਮੈਨੂੰ ਇਕ ਵਿਸ਼ਾਲ ਬੰਗਲੇ ਸਾਹਮਣੇ ਰੁਕਣ ਦਾ ਹੁਕਮ ਮਿਲਿਆ। ਮੈਂ ਗੱਡੀ ਸਾਈਡ ਕਰਕੇ ਰੋਕ ਲਈ। ਬਜ਼ੁਰਗ ਨੇ ਪੰਜ ਸੌ ਦਾ ਨੋਟ ਮੇਰੇ ਵੱਲ ਵਧਾਇਆ ਤੇ ਉਹ ਮੀਟਰ ਭਾੜੇ ਵੱਲ ਝਾਕਿਆ।
‘ਬੜੋ ਦਾ (ਵੱਡੇ ਭਰਾ) ਐਨੇ ਪੈਸੇ ਨਹੀਂ ਹੁੰਦੇ ਸਾਡੇ ਕੋਲ।' ਮੈਂ ਹੌਲੀ ਜਿਹੀ ਕਿਹਾ।
‘ਚੇਂਜ ਨਹੀਂ ਤਾਂ ਅੰਡਰ (ਅੰਦਰ) ਆ ਕਰ ਪੈਸਾ ਲੈ ਜਾਓ।' ਮੁਟਿਆਰ ਨੇ ਬਜ਼ੁਰਗ ਕੋਲੋਂ ਕੁੱਤਾ। ਨਹੀਂ ਸੱਚ ਵਿੱਕੀ ਫੜਦਿਆਂ ਕਿਹਾ ਤੇ ਉਹ ਬਜ਼ੁਰਗ ਦੇ ਨਾਲ-ਨਾਲ ਵਿੱਕੀ ਨਾਲ ਲਾਡੀਆਂ ਕਰਦੀ ਵੱਡਾ ਗੇਟ ਲੰਘ ਕੇ ਅੰਦਰ ਚਲੀ ਗਈ। ਮੈਂ ਝਿਜਕਦਾ-ਝਿਜਕਦਾ ਅੰਦਰ ਗਿਆ ਤੇ ਮਖਮਲੀ ਘਾਹ ਉਪਰੋਂ ਸਣੇ ਜੁੱਤੀਆਂ ਕਾਹਲੀ-ਕਾਹਲੀ ਉਨ੍ਹਾਂ ਦੇ ਮਗਰ ਭੱਜਣ ਵਾਂਗ ਤੁਰਿਆ, ਏਸ ਡਰ ਨਾਲ ਕਿ ਜੇ ਇੰਨੇ ਕਮਰਿਆਂ ਵਿੱਚ ਕਿਧਰੇ ਗੁਆਚ ਗਏ ਤਾਂ ਕਿਵੇਂ ਲੱਭਾਂਗਾ ਤੇ ਕਿਸ ਨੂੰ ਆਵਾਜ਼ ਮਾਰਾਂਗਾ? ਮੈਂ ਇਕ ਬਰਾਂਡੇ ਵਿੱਚ ਖੜ ਕੇ ਉਡੀਕਣ ਲੱਗਾ। ਬਜ਼ੁਰਗ ਨੇ ਜ਼ਰਾ ਕੁ ਬੂਹਾ ਖੋਲ੍ਹ ਕੇ ਕਿਹਾ, ‘ਅੰਦਰ ਆ ਜਾ।'
ਅੰਦਰ ਲੱਘ ਕੇ ਮੈਂ ਚਕਾਚੌਂਧ ਰਹਿ ਗਿਆ। ਅੰਦਰ ਏਨੀ ਠੰਢ। ਮੁੜ੍ਹਕੇ ਦਾ ਭਿੱਜਿਆ ਹੋਇਆ ਸਾਂ, ਠੰਢ ਹੋਰ ਵੀ ਵਧੇਰੇ ਮਹਿਸੂਸ ਹੋਈ। ਫਰਸ਼ ਉਪਰ ਵਿਛੇ ਗਲੀਚੇ ਵਿੱਚ ਮੇਰੇ ਪੈਰ ਖੁੱਭ ਰਹੇ ਸਨ। ਮੈਨੂੰ ਆਪਣੀਆਂ ਗੰਦੀਆਂ ਜੁੱਤੀਆਂ ਉਪਰ ਸ਼ਰਮ ਆਈ। ਬਜ਼ੁਰਗ ਕਿਸੇ ਹੋਰ ਅੰਦਰ ਚਲਿਆ ਗਿਆ ਤੇ ਮੈਂ ਕਦੇ ਛੱਤ ਵੱਲ ਤੇ ਕਦੇ ਕਮਰੇ ਦੀਆਂ ਕੰਧਾਂ ਵੱਲ ਤੱਕ ਰਿਹਾ ਸੀ। ਕੰਧਾਂ ਉਪਰ ਅਜੀਬ ਊਲ ਜਲੂਲ ਜਿਹੀਆਂ ਤਸਵੀਰਾਂ ਟੰਗੀਆਂ ਹੋਈਆਂ ਸਨ। ਕਮਰੇ ਦੀ ਇਕ ਨੁੱਕਰ ਵਿੱਚ ਇਕ ਮੇਜ਼ ਉਪਰ ਸਿਲਵਰ ਦਾ ਵੱਡਾ ਘੋੜਾ ਭੱਜਿਆ ਜਾ ਰਿਹਾ ਸੀ। ਇਕ ਹੋਰ ਪਾਸੇ ਸ਼ੀਸ਼ੇ ਦੇ ਬਕਸੇ ਵਿੱਚ ਰੰਗ ਬਿਰੰਗੀਆਂ ਮੱਛੀਆਂ ਤਰ ਰਹੀਆਂ ਸਨ। ਪੋਹ ਮਾਘ ਦੇ ਮਹੀਨੇ ਵਰਗੀ ਠੰਢ ਮਹਿਸੂਸ ਕਰਕੇ ਮੈਂ ਆਪਣੀਆਂ ਬਾਹਾਂ ਕੱਛਾਂ ਵਿੱਚ ਲੈ ਲਈਆਂ। ਸੋਫੇ, ਗੱਦੇ ਤੇ ਹੋਰ ਸਾਮਾਨ ਵੇਖ ਕੇ ਮੈਂ ਸੋਚਣ ਲੱਗਾ, ‘ਮੈਂ ਕਿਹੜੀ ਦੁਨੀਆ ਵਿੱਚ ਆ ਗਿਆ ਹਾਂ।'
ਮੈਨੂੰ ਆਪਣੇ ਕਮਰਾ ਚੇਤੇ ਆਇਆ। ਫਲਾਈ ਓਵਰ ਪੁਲਾਂ ਹੇਠਾਂ ਰਹਿੰਦੇ, ਭੁੱਖੇ ਨੰਗੇ ਲੋਕ ਯਾਦ ਆਏ। ਰੇਲਵੇ ਲਾਈਨਾਂ ਕੋਲ ਬਣੀਆਂ ਝੁੱਗੀਆਂ ਵਿੱਚੋਂ ਉਠਦਾ ਧੂੰਆਂ ਨਜ਼ਰ ਆਇਆ। ਮੈਂ ਸੋਚੀਂ ਪੈ ਗਿਆ, ਕੀ ਨਰਕ ਤੇ ਸਵਰਗ ਦੋਵੇਂ ਧਰਤੀ ਉਪਰ ਹੀ ਹਨ? ਏਡਾ ਵਿਸ਼ਾਲ ਬੰਗਲਾ, ਇਹ ਦੋਵੇਂ ਬਾਪ ਬੇਟੀ ਹਨ ਜਾਂ ਕੋਈ ਹੋਰ ਰਿਸ਼ਤਾ ਹੈ? ਬਜ਼ੁਰਗ ਉਸ ਨੂੰ ‘ਡਾਰਲਿੰਗ' ਆਖਦਾ ਹੈ, ਲੜਕੀ ਬਜ਼ੁਰਗ ਨੂੰ ‘ਡੀਅਰ' ਆਖਦੀ ਹੈ। ਬੰਗਲੇ ਵਿੱਚ ਸਿਰਫ ਦੋ ਜਣੇ, ਨੌਕਰ ਚਾਕਰ ਵੀ ਕਿਧਰੇ ਨਹੀਂ ਦਿੱਸਦੇ। ਮੈਂ ਅੱਠ ਬਾਈ ਅੱਠ ਦੇ ਕਮਰੇ ਵਿੱਚ ਛੇ-ਛੇ ਜਣੇ ਰਹਿੰਦੇ ਵੇਖੇ ਹਨ। ਜਿਵੇਂ ਮੁਰਗੀਆਂ ਖੁੱਡੇ ਵਿੱਚ ਤਾੜੀਆਂ ਹੁੰਦੀਆਂ ਹਨ। ਪਰ ਇਥੇ ਕਿੰਨੀ ਚੁੱਪ ਹੈ, ਜਿਵੇਂ ਮੈਂ ਸ਼ਮਸ਼ਾਨਘਾਟ 'ਚ ਖੜਾ ਹੋਵਾਂ।
ਮੈਂ ਤ੍ਰਭਕਿਆ। ਮੇਰੇ ਲਾਗੇ ਅਚਾਨਕ ਉਹ ਸਫੈਦ ਪਿਸਤਾ ਕੁੱਤਾ ਬੜੇ ਸਲੀਕੇ ਨਾਲ ਭੌਂਕਿਆ ਤੇ ਫਿਰ ਉਹੀ ਮਿੱਠੀ ਜਿਹੀ ਝਿੜਕ ‘ਵਿੱਕੀ ਗੋਅ ਇਨ ਸਾਈਡ।' ਮੇਰੇ ਸਾਹਮਣੇ ਉਹੀ ਮੁਟਿਆਰ ਹੱਥ ਵਿੱਚ ਪੈਸੇ ਲਈ ਖੜੀ ਸੀ। ਉਹ ਕੱਪੜੇ ਬਦਲ ਆਈ ਸੀ ਤੇ ਚਿੱਟੇ ਗਾਊਨ ਵਿੱਚ ਸੰਗਮਰਮਰ ਦਾ ਬੁੱਤ ਜਾਪ ਰਹੀ ਸੀ। ਅਮੀਰੀ ਦੇ ਇਸ ਵਿਲੱਖਣ ਜਲੌਅ ਥੱਲੇ ਮੈਂ ਠੱਗਿਆ ਜਿਹਾ ਖੜਾ ਉਸ ਨੂੰ ਵੇਂਹਦਾ ਰਹਿ ਗਿਆ।
ਵਿੱਕੀ ਫੇਰ ਭੌਂਕਿਆ, ਜਿਵੇਂ ਮੁਟਿਆਰ ਵੱਲ ਇਸ ਤਰ੍ਹਾਂ ਦੇਖਣ ਦਾ ਉਸ ਨੇ ਬੁਰਾ ਮਨਾਇਆ ਹੋਵੇ।
ਟੈਕਸੀ ਭਾੜਾ ਜੇਬ ਵਿੱਚ ਪਾ ਕੇ ਮਾਘ ਦੇ ਉਸ ਠੰਢੇ ਮੌਸਮ ਵਿੱਚੋਂ ਨਿਕਲ ਕੇ ਮੈਂ ਬਾਹਰ ਅੱਗ ਵਰਗੀ ਹੁੰਮ ਵਿੱਚੋਂ ਲੰਘ ਕੇ ਭੱਠੀ ਵਾਂਗ ਤਪਦੀ ਆਪਣੀ ਟੈਕਸੀ ਵਿੱਚ ਆ ਬੈਠਾ ਤਾਂ ਲੱਗਾ, ਜਿਵੇਂ ਮੈਂ ਸਵਰਗ ਵਿੱਚੋਂ ਨਿਕਲ ਕੇ ਨਰਕ ਵਿੱਚ ਆ ਗਿਆ ਹੋਵਾਂ। ਉਦੋਂ ਹੀ ਇਕ ਸਵਾਰੀ ਨੇ ਟੈਕਸੀ 'ਚ ਬੈਠਦਿਆਂ ਕਿਹਾ, ‘ਸ਼ੋਰਦਾਰ ਜੀ ਹਾਵੜਾ ਸਟੇਸ਼ਨ ਜਾਏਗਾ।'
ਗੱਡੀ ਮੋੜਦਿਆਂ ਮੈਂ ਸੋਚਿਆ, ਕਿਰਤ ਦੀ ਇਹੀ ਪਵਿੱਤਰ ਤਪਸ਼ ਮੈਨੂੰ ਰੋਟੀ ਰੋਜ਼ੀ ਦੇ ਰਹੀ ਹੈ। ਮੇਰੇ ਲਈ ਤਾਂ ਇਹ ਤਪਸ਼ ਸਵਰਗ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’