Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਨਜਰਰੀਆ

ਕੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਪਾਰਲੀਮੈਂਟ ਹੈ

January 15, 2019 08:42 AM

-ਤਰਲੋਚਨ ਸਿੰਘ, ਸਾਬਕਾ ਐੱਮ ਪੀ
ਹਰ ਕੋਈ ਮੰਨਦਾ ਹੈ ਕਿ ਸ਼੍ਰੋਮਣੀ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਿਰਮੌਰ ਜਥੇਬੰਦੀ ਹੈ। 100 ਸਾਲ ਤੋਂ ਵੱਧ ਸਮੇਂ ਤੋਂ ਇਸ ਨੂੰ ਸੰਸਾਰ ਭਰ ਵਿੱਚ ਧਾਰਮਿਕ ਪੱਖੋਂ ਸਿੱਖ ਕੌਮ ਦੀ ਨੁਮਾਇੰਦਗੀ ਕਰਨ ਦਾ ਮਾਣ ਪ੍ਰਾਪਤ ਹੈ। ਭਾਰਤ ਸਰਕਾਰ, ਵਿਦੇਸ਼ੀ ਸਰਕਾਰਾਂ ਤੇ ਯੂ ਐੱਨ ਓ ਵੱਲੋਂ ਇਸ ਨੂੰ ਪੂਰਾ ਮਾਣ ਦਿੱਤਾ ਜਾਂਦਾ ਹੈ। ਇਸਾਈ ਮਤ, ਮੁਸਲਮਾਨ, ਹਿੰਦੂ ਧਰਮ, ਬੁੱਧ ਮਤ, ਜੈਨ ਮਤ ਵਿੱਚ ਧਾਰਮਿਕ ਅਸਥਾਨਾਂ ਵਿੱਚ ਆਮ ਲੋਕਾਂ ਵੱਲੋਂ ਵੋਟ ਪਾ ਕੇ ਪ੍ਰਬੰਧਕ ਚੁਣਨ ਦਾ ਕੋਈ ਰਿਵਾਜ ਨਹੀਂ ਹੈ। ਸਿਰਫ ਸਿੱਖ ਧਰਮ ਵਿੱਚ ਲੋਕਤੰਤਰ ਪ੍ਰਣਾਲੀ ਰੱਖੀ ਗਈ ਹੈ। ਗੁਰਦੁਆਰਿਆਂ ਦਾ ਪ੍ਰਬੰਧ ਕਰਨ ਲਈ ਵੋਟਾਂ ਨਾਲ ਮੈਂਬਰ ਚੁਣੇ ਜਾਂਦੇ ਹਨ, ਹਰ ਪੰਜ ਸਾਲਾਂ ਪਿੱਛੋਂ ਪੰਜਾਬ, ਹਰਿਆਣਾ ਤੇ ਹਿਮਾਚਲ ਦੇ ਸਿੱਖ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੋਟਾਂ ਪਾ ਕੇ ਚੁਣਦੇ ਹਨ। ਅੱਜ ਕੱਲ੍ਹ ਹਰ ਸ਼ਹਿਰ ਵਿੱਚ ਸਿੰਘ ਸਭਾਵਾਂ ਦੀਆਂ ਕਮੇਟੀਆਂ ਵੀ ਵੋਟਾਂ ਨਾਲ ਚੱਲਦੀਆਂ ਹਨ।
ਵਿਦੇਸ਼ਾਂ ਵਿੱਚ ਗੁਰਦੁਆਰੇ ਧੜਾਧੜ ਬਣ ਰਹੇ ਹਨ। ਪਹਿਲਾਂ ਸਿਰਫ ਇੱਕ ਜਾਂ ਦੋ ਹੋਇਆ ਕਰਦੇ ਸਨ, ਅੱਜ ਕੱਲ੍ਹ ਹਰ ਕਲੋਨੀ ਵਿੱਚ ਗੁਰਦੁਆਰਾ ਹੈ। ਉਥੇ ਵੀ ਇਹੋ ਲੋਕ ਪਰੰਪਰਾ ਹੈ, ਵੋਟਾਂ ਨਾਲ ਮੁਕਾਬਲੇ ਹੁੰਦੇ ਹਨ। ਲੱਖਾਂ ਡਾਲਰ ਇਸ 'ਤੇ ਖਰਚ ਹੁੁੰਦੇ ਹਨ। ਚੋਣਾਂ ਪਿੱਛੋਂ ਹਾਰਿਆ ਗਰੁੱਪ ਕਚਹਿਰੀ ਪਹੁੰਚ ਜਾਂਦਾ ਹੈ, ਵਕੀਲਾਂ 'ਤੇ ਖਰਚ ਹੁੰਦੇ ਹਨ। ਸਿੱਖਾਂ ਵਿੱਚ ਗੁਰਦੁਆਰਿਆਂ ਦੀਆਂ ਚੋਣਾਂ ਨਾਲ ਫੁੱਟ ਵਧ ਰਹੀ ਹੈ। ਜਾਤ-ਪਾਤ ਉਭਰ ਆਈ ਹੈ। ਜਦੋਂ ਗੁਰਦੁਆਰੇ ਦੇ ਝਗੜੇ ਕਾਰਨ ਪੁਲਸ ਬੁਲਾਈ ਜਾਂਦੀ ਹੈ, ਤਾਂ ਵਿਦੇਸ਼ੀ ਹੱਸਦੇ ਹਨ,। ਆਮ ਕਰ ਕੇ ਗੋਲਕ-ਚੋਰੀ ਦੀ ਬਦਨਾਮੀ ਸਾਡੇ ਧਰਮ ਵਿੱਚ ਹੀ ਹੈ।
ਸ਼੍ਰੋਮਣੀ ਕਮੇਟੀ ਨੂੰ ਆਮ ਕਰ ਕੇ ਸਿੱਖਾਂ ਦੀ ਪਾਰਲੀਮੈਂਟ ਕਿਹਾ ਜਾਂਦਾ ਹੈ। ਪਾਰਲੀਮੈਂਟ ਅਤੇ ਅਸੈਂਬਲੀਆਂ ਵਾਂਗ ਇਸ ਦੇ ਹਲਕੇ ਐਲਾਨੇ ਜਾਂਦੇ ਹਨ। ਸਰਕਾਰ ਵੋਟਰ ਸੂਚੀ ਛਾਪਦੀ ਹੈ, ਚੋਣ ਵੀ ਫਾਰਮ ਭਰ ਕੇ ਸਰਕਾਰ ਵੱਲੋਂ ਬਣਾਏ ਅਫਸਰਾਂ ਰਾਹੀਂ ਕਰਵਾਈ ਜਾਂਦੀ ਹੈ। ਚੋਣ ਪ੍ਰਚਾਰ ਅਤੇ ਫਿਰ ਪੋਲਿੰਗ ਗੱਜ-ਵੱਜ ਕੇ ਕੀਤੀ ਜਾਂਦੀ ਹੈ।
ਇਸ ਲਈ ਸੁਭਾਵਿਕ ਹੈ ਕਿ ਇਹ ਸੰਸਥਾ ਇੱਕ ਪਾਰਲੀਮੈਂਟ ਵਾਂਗ ਕੰਮਕਾਜ ਕਰੇ। ਇਸ ਕਮੇਟੀ ਵਿੱਚ ਭਾਰਤ ਦੇ ਦੂਜੇ ਇਲਾਕਿਆਂ 'ਚੋਂ ਮੈਂਬਰ ਲਾਏ ਜਾਂਦੇ ਹਨ ਤਾਂ ਜੋ ਸਮੁੱਚੇ ਭਾਰਤ ਦੀ ਇਹ ਨੁਮਾਇੰਦਾ-ਜਥੇਬੰਦੀ ਵਜੋਂ ਕੰਮ ਕਰੇ। ਹਰ ਸਾਲ ਇਸ ਦੇ ਦੋ ਸੈਸ਼ਨ ਹੁੰਦੇ ਹਨ। ਨਵੰਬਰ ਦੇ ਮਹੀਨੇ ਸਿਰਫ ਪ੍ਰਧਾਨ ਤੇ ਕਾਰਜਕਾਰੀ ਕਮੇਟੀ ਦੇ ਮੈਂਬਰ ਚੁਣਨ ਲਈ ਮੀਟਿੰਗ ਹੁੰਦੀ ਹੈ ਤੇ ਮਾਰਚ ਵਿੱਚ ਬਜਟ ਇਜਲਾਸ ਹੁੰਦਾ ਹੈ। ਅੱਜਕੱਲ੍ਹ ਟੀ ਵੀ ਦਾ ਯੁੱਗ ਹੈ, ਸਾਰੀ ਕਾਰਵਾਈ ਹਰ ਕੋਈ ਵੇਖ ਸਕਦਾ ਹੈ। ਜੋ ਕੁਝ ਇਨ੍ਹਾਂ ਮੀਟਿੰਗਾਂ ਵਿੱਚ ਹੁੰਦਾ ਹੈ, ਉਸ ਦੇ ਵੱਲ ਵੇਖ ਕੇ ਸਵਾਲ ਉਠਦਾ ਹੈ ਕਿ ਸਭ ਤੋਂ ਸਿਰਮੌਰ ਸੰਸਥਾ ਕੀ ਪਾਰਲੀਮੈਂਟ ਦੇ ਨਿਯਮ ਨਿਭਾ ਰਹੀ ਹੈ?
ਮੈਂ ਭਾਰਤ ਦੀ ਪਾਰਲੀਮੈਂਟ ਦਾ ਮੈਂਬਰ ਰਿਹਾ ਹਾਂ। ਉਸ ਦੀ ਕਾਰਵਾਈ ਟੀ ਵੀ ਉਤੇ ਪੂਰੇ ਤੌਰ 'ਤੇ ਵਿਖਾਈ ਜਾਂਦੀ ਹੈ। ਇੱਕ ਘੰਟਾ ਸਵਾਲਾਂ ਲਈ ਹੁੰਦਾ ਹੈ, ਹਰ ਮੰਤਰੀ ਨੇ ਜਵਾਬ ਦੇਣਾ ਹੁੰਦਾ ਹੈ। ਫਿਰ ਹਰ ਮੈਂਬਰ ਨੂੰ ਤਿੰਨ-ਤਿੰਨ ਮਿੰਟ ਕਿਸੇ ਜ਼ਰੂਰੀ ਮਾਮਲੇ ਉਤੇ ਬੋਲਣ ਦਾ ਵਕਤ ਦਿੱਤਾ ਜਾਂਦਾ ਹੈ। ਸਰਕਾਰ ਦੇ ਹਰ ਮਹਿਕਮੇ ਬਾਰੇ ਦਿਨ ਮੁਕੱਰਰ ਹੁੰਦਾ ਹੈ, ਜਿਸ ਦੇ ਲਈ ਚਰਚਾ ਹੁੰਦੀ ਹੈ। ਵਿਰੋਧੀ ਪਾਰਟੀ ਦੀ ਹਰ ਗੱਲ ਸੁਣਨੀ ਪੈਂਦੀ ਹੈ, ਝਗੜੇ ਵੀ ਹੁੰਦੇ ਹਨ, ਪਰ ਪਾਰਲੀਮੈਂਟ ਦੀ ਮਰਿਆਦਾ ਕਾਇਮ ਰੱਖੀ ਜਾਂਦੀ ਹੈ।
ਸਾਡੀ ਸਿੱਖ ਪਾਰਲੀਮੈਂਟ ਵੱਲੋਂ ਸਾਲ ਵਿੱਚ ਸਿਰਫ ਦੋ ਵਾਰ ਇਕੱਠ ਹੁੰਦਾ ਹੈ। ਸਾਰੀ ਕਾਰਵਾਈ ਇੱਕ-ਦੋ ਘੰਟਿਆਂ ਵਿੱਚ ਖਤਮ ਹੋ ਜਾਂਦੀ ਹੈ। ਸਟੇਜ ਤੋਂ ਕੋਈ ਮਤਾ ਪੇਸ਼ ਕੀਤਾ ਜਾਂਦਾ ਤੇ ਜੈਕਾਰੇ ਬੁਲਾਏ ਜਾਂਦੇ ਹਨ। ਉਸ 'ਤੇ ਚਰਚਾ ਕਰਨ ਦਾ ਰਿਵਾਜ ਹੀ ਨਹੀਂ ਹੈ। ਸਿੱਖ ਮਸਲੇ ਸਾਡੇ ਸਾਹਮਣੇ ਹਨ, ਉਨ੍ਹਾਂ 'ਤੇ ਖੁੱਲ੍ਹ ਕੇ ਵਿਚਾਰ ਹੋਵੇ। ਇੰਨੇ ਸਕੂਲ-ਕਾਲਜ ਹਨ, ਸਿਖਿਆ ਬਾਰੇ ਰਾਏ ਲਈ ਜਾਵੇ। ਧਰਮ ਪ੍ਰਚਾਰ ਕਿੰਨਾ ਜ਼ਰੂਰੀ ਵਿਸ਼ਾ ਹੈ, ਇਸ ਉਤੇ ਹਰ ਮੈਂਬਰ ਬੋਲੇ, ਪਰ ਹਰ ਇੱਕ ਨੂੰ ਇਹ ਹੁਕਮ ਹੈ ਕਿ ਬੋਲਣਾ ਨਹੀਂ। ਜੇ ਪੰਥਕ ਵਿਚਾਰਾਂ ਸ਼੍ਰੋਮਣੀ ਕਮੇਟੀ ਦੀ ਆਮ ਮੀਟਿੰਗ ਵਿੱਚ ਨਹੀਂ ਹੋਣਗੀਆਂ ਤਾਂ ਫਿਰ ਕੌਣ ਕਰੇਗਾ? ਹਰ ਮੈਂਬਰ ਨੂੰ ਟੀ ਏ ਮਿਲਦਾ ਹੈ, ਰਹਿਣ ਨੂੰ ਕਮਰੇ ਮਿਲਦੇ ਹਨ। ਉਹ ਆ ਕੇ ਘੱਟੋ-ਘੱਟ ਇੱਕ ਹਫਤਾ ਰਹਿਣ, ਵਿਚਾਰਾਂ ਹੋਣ ਤੇ ਢੁੱਕਵੇਂ ਫੈਸਲੇ ਲਏ ਜਾਣ। ਇਹ ਪਰੰਪਰਾ ਅਸੀਂ ਕਦੋਂ ਸਿੱਖਾਂਗੇ?
ਅੱਜ ਸਿੱਖਾਂ ਵਿੱਚ ਪਤਿਤ ਹੋਣ ਦਾ ਹੜ੍ਹ ਆਇਆ ਹੋਇਆ ਹੈ? ਕਦੇ ਸੋਚੋਗੇ ਕਿ ਕੀ ਹੱਲ ਹੈ? ਹਰ ਖੇਡ ਦਾ ਮੈਡਲ ਜਿੱਤਣ ਵਾਲਾ ਸਿੱਖ ਨੌਜਵਾਨ ਆਮ ਕਰ ਕੇ ਕੇਸਾਂ ਤੋਂ ਬਿਨਾਂ ਹੈ। ਕਦੋਂ ਇਸ ਨੂੰ ਠੱਲ੍ਹ ਪਾਉਣ ਦੀ ਵਿਚਾਰ ਕਰੋਗੇ? ਤੁਹਾਡੇ ਕੋਲ 1000 ਕਰੋੜ ਰੁਪਏ ਦਾ ਬਜਟ ਹੈ, ਇਸ 'ਤੇ ਕਦੇ ਵਿਚਾਰ ਕਰੋ। ਪੰਜ ਮਿੰਟ ਵਿੱਚ ਬਜਟ ਪਾਸ ਕਰ ਦਿੱਤਾ ਜਾਂਦਾ ਹੈ। ਪਾਰਲੀਮੈਂਟ ਵਿੱਚ ਬਜਟ ਦਾ ਵੱਖਰਾ ਸੈਸ਼ਨ ਹੰੁਦਾ ਹੈ। ਹਰ ਗੱਲ ਪਾਸ ਕਰਾਉਣੀ ਪੈਂਦੀ ਹੈ। ਤੁਸੀਂ ਬਜਟ ਪਾਸ ਕਰਨ ਲਈ ਘੱਟੋ ਘੱਟ ਦੋ ਦਿਨ ਰੱਖੋ, ਹਰ ਮੈਂਬਰ ਨੂੰ ਪਤਾ ਹੋਵੇ ਕਿ ਕਿੰਨੀ ਆਮਦਨ ਹੈ ਤੇ ਕਿੱਥੇ ਖਰਚ ਕਰ ਰਹੇ ਹਾਂ। ਵਿਰੋਧੀ ਧਿਰ ਨੂੰ ਘੱਟੋ ਘੱਟ ਇਜਲਾਸ ਵਿੱਚ ਪੂਰਾ ਮਾਣ-ਸਤਿਕਾਰ ਦੇਵੋ। ਮੈਂਬਰ ਇਸ ਲਈ ਵਾਕ ਆਊਟ ਕਰਦੇ ਹਨ ਕਿ ਉਨ੍ਹਾਂ ਨੂੰ ਬੋਲਣ ਲਈ ਵਕਤ ਨਹੀਂ ਦਿੱਤਾ ਜਾਂਦਾ। ਸਿੱਖ ਧਰਮ ਸ਼ਖਸੀ ਆਜ਼ਾਦੀ ਦਾ ਪ੍ਰਚਾਰ ਕਰਦਾ ਹੈ, ਪਰ ਅਸੀਂ ਆਪ ਆਪਣਾ ਦਬਾਅ ਰੱਖਣ ਲਈ ਹਰ ਹੀਲਾ ਵਰਤਦੇ ਹਾਂ।
ਇਸ ਵਾਰ ਇੱਕ ਘਟਨਾ ਹਰ ਇੱਕ ਨੂੰ ਚੁੱਭੀ ਹੈ, ਜਦੋਂ ਟੀ ਵੀ ਉੱਤੇ ਵੇਖਿਆ ਗਿਆ ਕਿ ਬੀਬੀ ਕਿਰਨਜੋਤ ਕੌਰ ਨੂੰ ਬੋਲਣ ਤੋਂ ਰੋਕਿਆ ਗਿਆ ਤੇ ਉਸ ਤੋਂ ਮਾਈਕ ਖੋਹ ਲਿਆ ਗਿਆ। ਸਾਡਾ ਧਰਮ ਔਰਤਾਂ ਨੂੰ ਪੂਰਾ ਹੱਕ ਦਿੰਦਾ ਹੈ, ਪਰ ਕੀ ਇਨ੍ਹਾਂ ਨੂੰ ਬੋਲਣ ਦਾ ਹੱਕ ਨਹੀਂ ਹੈ? ਕਿਰਨਜੋਤ ਕੌਰ ਸ਼੍ਰੋਮਣੀ ਕਮੇਟੀ ਦੀ ਜਨਰਲ ਸਕੱਤਰ ਰਹੀ ਹੈ। ਮਾਸਟਰ ਤਾਰਾ ਸਿੰਘ ਜੀ ਦੀ ਦੋਹਤੀ ਹੈ, ਉਸ ਨਾਲ ਇਹ ਵਤੀਰਾ ਸਾਡੇ ਬਾਰੇ ਲੋਕਾਂ ਨੂੰ ਕੀ ਦਿਖਾ ਰਿਹਾ ਹੈ?
ਆਪਣੇ ਇਜਲਾਸ ਵਿੱਚ ਬੋਲਣ ਦਾ ਸਮਾਂ ਰੱਖੋ, ਚਾਹੇ ਕੁਝ ਮਿੰਟ ਹੋਵੇ। ਜਿੰਨੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਹਨ, ਉਹ ਸਤਿਕਾਰ ਯੋਗ ਹਨ। ਸਾਡੇ ਚੁਣੇ ਹੋਏ ਨੁਮਾਇੰਦੇ ਹਨ, ਜਦ ਉਹ ਅੰਮ੍ਰਿਤਸਰ ਆਉਂਦੇ ਹਨ ਤਾਂ ਇੱਕ ਕੈਂਪ ਲਾਓ ਤੇ ਉਨ੍ਹਾਂ ਨੂੰ ਪਾਰਲੀਮੈਂਟ ਸਿਸਟਮ ਦੀ ਜਾਣਕਾਰੀ ਦਿਓ, ਸਿੱਖ ਵਿਦਵਾਨ ਬੁਲਾ ਕੇ ਲੈਕਚਰ ਕਰਵਾਓ। ਸਿੱਖ ਧਰਮ ਦੇ ਪ੍ਰਚਾਰ ਦੀ ਕੋਈ ਫਿਲਮ ਦਿਖਾਓ, ਨੁਮਾਇਸ਼ ਲਾਓ, ਇਸ ਨਾਲ ਮੈਂਬਰ ਵਾਪਸ ਆਪਣੇ ਪਿੰਡ ਜਾ ਕੇ ਪੂਰੀ ਸੇਵਾ ਕਰ ਸਕਣਗੇ, ਉਨ੍ਹਾਂ ਦੇ ਗਿਆਨ ਵਿੱਚ ਵਾਧਾ ਹੋਵੇਗਾ।
ਸਿੱਖ ਅੱਜ ਦੁਨੀਆ ਭਰ ਵਿੱਚ ਪੁੱਜ ਗਿਆ ਹੈ, ਸਿੱਖਾਂ ਦੀ ਚੜ੍ਹਤ ਹੈ, ਉਨ੍ਹਾਂ ਦੀ ਰਾਏ ਲਓ, ਸਿੱਖਾਂ ਦੀ ਕੀਤੀ ਸੇਵਾ ਨੂੰ ਉਤਸ਼ਾਹ ਦਿਓ, ਸਿਰਫ ਤਨਖਾਹਾਂ ਨਾ ਲਓ। ਸਿੱਖਾਂ ਨੇ ਜੋ ਮੱਲਾਂ ਮਾਰੀਆਂ ਹਨ, ਉਸ ਦਾ ਪ੍ਰਚਾਰ ਵੀ ਕਰੋ। ਬੇਨਤੀ ਹੈ ਕਿ ਉਸਾਰੂ ਸੁਝਾਅ ਸੁਣਨ ਦੀ ਖੇਚਲ ਕਰੋ, ਇਸ ਨਾਲ ਤੁਹਾਡੀ ਉਸਤਤ ਵਧੇਗੀ ਤੇ ਕੌਮ ਨੂੰ ਫਾਇਦਾ ਹੋਵੇਗਾ।

 

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’