Welcome to Canadian Punjabi Post
Follow us on

18

August 2019
ਬ੍ਰੈਕਿੰਗ ਖ਼ਬਰਾਂ :
ਨਜਰਰੀਆ

ਪਰੀ ਕਹਾਣੀਆਂ ਤੇ ਜੀਵਨ ਜੁਗਤਾਂ

January 15, 2019 08:40 AM

-ਡਾ. ਹਰਨੇਕ ਸਿੰਘ ਕਲੇਰ
ਲੋਕ ਸਾਹਿਤ ਦੀਆਂ ਕਹਾਣੀਆਂ ਕਈ ਵੰਨਗੀਆਂ ਵਿੱਚ ਵੰਡੀਆਂ ਹੋਈਆਂ ਹਨ। ਸਾਡੇ ਵੱਡੇ ਵਡੇਰਿਆਂ ਨੇ ਇਨ੍ਹਾਂ ਕਹਾਣੀਆਂ ਨੂੰ ਆਪਣੇ ਬਾਲ ਬੱਚਿਆਂ ਨੂੰ ਸੁਣਾਉਣ ਵੇਲੇ ਬਾਤਾਂ ਦਾ ਨਾਂ ਦਿੱਤਾ। ਰਾਤ ਦੀ ਰੋਟੀ ਖਾਣ ਤੋਂ ਬਾਅਦ ਗਰਮੀਆਂ ਦੀਆਂ ਚੰਨ ਚਾਨਣੀਆਂ ਰਾਤਾਂ ਵਿੱਚ ਕੋਠਿਆਂ 'ਤੇ ਮੰਜੀਆਂ ਡਾਹ ਕੇ ਸੌਣ ਵੇਲੇ ਜਾਂ ਸਿਆਲ ਦੀਆਂ ਰਾਤਾਂ ਵਿੱਚ ਰਜਾਈ ਦਾ ਨਿੱਘ ਮਾਣਦਿਆਂ ਹੋਇਆਂ ਦਾਦੀਆਂ, ਨਾਨੀਆਂ, ਭੂਆ, ਭੈਣਾਂ ਜਾਂ ਦਾਦਿਆਂ, ਨਾਨਿਆਂ ਕੋਲੋਂ ਬਾਤਾਂ ਸੁਣਦਿਆਂ ਗੁਜ਼ਾਰੀਆਂ ਰਾਤਾਂ ਨੂੰ ਕੌਣ ਭੁਲਾ ਸਕਦਾ ਹੈ। ਇਹ ਬਾਤਾਂ ਏਨੀਆਂ ਮਨੋਰੰਜਨ ਭਰਪੂਰ ਹੁੰਦੀਆਂ ਸਨ ਕਿ ਨੀਂਦ ਉਡਾ ਦਿੰਦੀਆਂ ਸਨ। ‘ਅੱਗੇ ਕੀ ਹੋਇਆ?', ‘ਫੇਰ ਕੀ ਹੋਇਆ?' ਜਾਣਨ ਦੀ ਇੱਛਾ ਵਿੱਚ ਬਾਤ ਦਾ ਹੁੰਗਾਰਾ ਭਰਨ ਵਾਲੇ ਵੱਲੋਂ ‘ਹੋਰ ਸੁਣਾਓ, ਇਕ ਹੋਰ ਸੁਣਾਓ।' ਕਹਿੰਦੇ ਰਹਿਣਾ ਤੇ ਬਾਤਾਂ ਸੁਣਦਿਆਂ ਬਾਤ ਵਿਚਾਲੇ ਪਾਤਰਾਂ ਦੇ ਨਾਲ-ਨਾਲ ਤੁਰੇ ਰਹਿਣਾ। ਇਉਂ ਬਾਲ ਬੱਚੇ ਇਕ ਰਾਤ ਵਿੱਚ ਕਈ-ਕਈ ਬਾਤਾਂ ਸੁਣ ਕੇ ਨੀਂਦ ਰਾਣੀ ਦੀ ਗੋਦ ਦਾ ਨਿੱਘ ਮਾਣਦੇ ਸਨ। ਰਾਤਾਂ ਨੂੰ ਬਾਤਾਂ ਪਾਉਣ ਦਾ ਇਹ ਸਭ ਕਾਰਜ ਹਰ ਰਾਤ ਨਵੀਂ ਬਾਤ ਦਾ ਸਬੱਬ ਬਣ ਜਾਂਦਾ। ਕਦੇ ਘਰ ਵਿੱਚ ਭੂਆ ਆਈ ਹੁੰਦੀ, ਕਦੇ ਭੈਣ। ਇਸ ਤਰ੍ਹਾਂ ਬਾਤਾਂ ਦੀ ਲੜੀ ਹਰ ਰਾਤ ਚੱਲਦੀ ਰਹਿੰਦੀ, ਜਿਸ ਨਾਲ ਬੱਚਿਆਂ ਤੇ ਵੱਡਿਆਂ ਦਾ ਮਨ ਪ੍ਰਚਾਵਾ ਹੁੰਦਾ ਰਹਿੰਦਾ।
ਪ੍ਰਾਚੀਨ ਸਮੇਂ ਵਿੱਚ ਹਰ ਰਾਤ ਬਾਤਾਂ ਪਾਉਣ ਦਾ ਰਿਵਾਜ ਸੀ। ਸਾਰਾ ਦਿਨ ਕੰਮ ਕਰਕੇ ਥੱਕੇਵੇਂ ਦੇ ਬਾਵਜੂਦ ਬਾਤਾਂ ਵਿਚਲੇ ਰੌਚਿਕ ਪਾਤਰ ਹਰ ਕਿਸੇ ਦੇ ਮਨ ਨੂੰ ਲੁਭਾਉਂਦੇ ਸਨ। ਬਾਤਾਂ ਸਰੋਤੇ ਨੂੰ ਆਪਣੇ ਰੰਗਲੇ ਸੰਸਾਰ ਵਿੱਚ ਘੁੰਮਾਉਂਦੇ ਹੋਏ ਆਪਣੇ ਨਾਲ ਜੋੜੀ ਰੱਖਦੀਆਂ। ਬਾਤਾਂ ਦੇ ਏਨਾ ਰੌਚਿਕ ਹੋਣ ਕਾਰਨ ਹੀ ਬਾਤਾਂ ਨੂੰ ਦਿਨੇ ਨਾ ਪਾਉਣ ਬਾਰੇ ਧਾਰਨਾ ਸਥਾਪਤ ਹੋ ਗਈ। ਸਿਆਣਿਆਂ ਨੇ ਕਥਨ ਕੀਤਾ ਕਿ ‘ਦਿਨ ਵਿੱਚ ਬਾਤਾਂ ਪਾਉਣ ਨਾਲ ਮਾਮਾ ਰਾਹ ਭੁੱਲ ਜਾਂਦਾ ਹੈ।' ਅਸਲ ਤੱਥ ਇਹ ਹੈ ਕਿ ਜੇ ਰਾਹ ਤੁਰਦੇ ਰਾਹੀ ਪਾਂਧੀ ਬਾਤਾਂ ਪਾਉਣਗੇ ਤਾਂ ਬਾਤ ਵਿਚਲੀ ਰੌਚਿਕਤਾ ਨਾਲ ਬਾਤ ਪਾਉਣ ਵਾਲੇ ਨਾਲ ਅੱਗੇ ਤੋਂ ਅੱਗੇ ਤੁਰਦੇ ਆਪਣੀ ਮਿੱਥੀ ਮੰਜ਼ਿਲ ਤੋਂ ਭਟਕ ਸਕਦੇ ਹਨ। ਇਸ ਕਾਰਨ ਹੀ ਸਿਆਣੇ ਲੋਕਾਂ ਨੇ ਦਿਨ ਵਿੱਚ ਬਾਤਾਂ ਪਾਉਣ ਤੋਂ ਰੋਕਣ ਲਈ ਰਾਹ ਭੁੱਲ ਜਾਣ ਦਾ ਵਿਚਾਰ ਸਥਾਪਤ ਕੀਤਾ ਹੋਇਆ ਹੈ ਜੋ ਅਖੌਤ ਦਾ ਰੂਪ ਧਾਰਨ ਕਰ ਗਿਆ। ਮੂਲ ਰੂਪ ਵਿੱਚ ਇਹ ਤੱਥ ਬਾਤਾਂ ਵਿਚਲੀ ਰੌਚਿਕਤਾ ਨੂੰ ਪ੍ਰਮਾਣਿਕ ਕਰਨ ਦਾ ਵਧੀਆ ਪ੍ਰਮਾਣ ਪੇਸ਼ ਕਰਦਾ ਹੈ।
ਸੱਚਮੁੱਚ ਬਾਤਾਂ ਏਨੀਆਂ ਰੌਚਿਕ ਹੁੰਦੀਆਂ ਹਨ, ਕਿਉਂਕਿ ਬਾਤਾਂ ਦੇ ਅਜੀਬ ਪਾਤਰ ਅਸੰਭਵ ਨੂੰ ਸੰਭਵ ਬਣਾ ਦਿੰਦੇ ਹਨ। ਮਿਸਾਲ ਵਜੋਂ ਰਾਜਕੁਮਾਰ ਦਾ ਰਾਜਕੁਮਾਰੀ ਨੂੰ ਕਠਿਨ ਪ੍ਰਸਥਿਤੀਆਂ ਵਿੱਚੋਂ ਲੰਘ ਕੇ ਦਿਓ ਤੋਂ ਛੁਡਵਾ ਕੇ ਵਾਪਸ ਲੈ ਆਉਣਾ ਜਾਂ ਪਲਾਂ ਵਿੱਚ ਹੀ ਪੌਣਾਹਾਰੀ ਉਡਣੇ ਘੋੜੇ 'ਤੇ ਬੈਠ ਕੇ ਤਪਦੇ ਮਾਰੂਥਲ ਅਤੇ ਸਮੁੰਦਰ ਉਲੰਘ ਮੰਜ਼ਿਲ 'ਤੇ ਪਹੁੰਚ ਜਾਣਾ। ਇਹ ਅਦਭੁੱਤ ਸੰਰਚਨਾ ਹੀ ਬਾਤ ਨੂੰ ਵਿਲੱਖਣ ਰੂਪ ਦੇਂਦੀ ਹੈ। ਬਾਤਾਂ ਦੇ ਪਾਤਰ ਸੱਪ, ਸ਼ੇਰ, ਸ਼ੀਂਹ, ਪੀਰ, ਫਕੀਰ, ਦਰਿਆ ਆਦਿ ਹਰ ਸਥਿਤੀ ਵਿੱਚ ਨਾਇਕ ਦੀ ਮਦਦ ਕਰਦੇ ਹਨ। ਹਰ ਬਾਤ ਦਾ ਮੰਤਵ ਨਾਇਕ ਦੀ ਕਾਮਯਾਬੀ ਨਾਲ ਜੁੜਿਆ ਹੋਇਆ ਹੁੰਦਾ ਹੈ। ਇਸ ਤਰ੍ਹਾਂ ਬਾਤਾਂ ਸਰੋਤਿਆਂ ਦੀ ਮਾਨਸਿਕਤਾ ਨੂੰ ਮਜ਼ਬੂਤ ਕਰਕੇ ਜੀਵਨ ਵਿੱਚ ਮੁਸ਼ਕਿਲਾਂ ਨਾਲ ਨਜਿੱਠਣ ਦਾ ਹੌਸਲਾ ਦੇਂਦੀਆਂ ਹਨ। ਬਾਤਾਂ ਦਾ ਇਹ ਉਸਾਰੂ ਪੱਖ ਬਾਤਾਂ ਪਾਉਣ, ਸੁਣਨ ਅਤੇ ਬਾਤਾਂ ਦੀ ਮਹੱਤਤਾ ਨੂੰ ਦਰਸਾਉਂਦਾ ਹੈ। ਇਸ ਸਦਕਾ ਬਾਤਾਂ ਨੂੰ ਜੀਵਨ-ਗੁੰਝਲਾਂ ਨੂੰ ਖੋਲ੍ਹਣ ਵਾਲਾ ਵਿਰਾਸਤੀ ਖਜ਼ਾਨਾ ਮੰਨਿਆ ਜਾਂਦਾ ਹੈ।
ਬਾਤਾਂ ਵਿੱਚ ਪਾਤਰਾਂ ਦਾ ਸੰਸਾਰ ਬਿਲਕੁਲ ਨਿਰਾਲਾ ਹੁੰਦਾ ਹੈ। ਬਾਤਾਂ ਵਿੱਚ ਹਰ ਚੀਜ਼ ਗੱਲਾਂ ਕਰਦੀ ਹੈ। ਇਨ੍ਹਾਂ ਦੇ ਪਾਤਰ ਪੰਛੀ, ਪਸ਼ੂ, ਬਨਸਪਤੀ ਤੇ ਇਨਸਾਨ ਤੁਰਦ ਫਿਰਦੇ ਬੋਲਦੇ ਹਰ ਤਰ੍ਹਾਂ ਕਾਰਜਸ਼ੀਲ ਇਕ ਦੂਜੇ ਦੀ ਮਦਦ ਕਰਦੇ ਜਾਪਦੇ ਹਨ। ਬਾਤਾਂ ਦੇ ਇਹ ਤੱਥ ਅਦਭੁੱਤ ਹੀ ਨਹੀਂ, ਸਗੋਂ ਉਪਦੇਸ਼ਾਤਮਕ ਅਤੇ ਮਨੋਰੰਜਨ ਨਾਲ ਭਰਪਰ ਵੀ ਹੁੰਦੇ ਹਨ।
ਪਰੀ ਕਹਾਣੀ ਵਿੱਚ ਸਿਰਫ ਪਰੀਆਂ ਨਾਲ ਸਬੰਧਤ ਬਾਤਾਂ ਨਹੀਂ ਹੁੰਦੀਆਂ, ਸਗੋਂ ਇਨ੍ਹਾਂ ਦੇ ਖੇਤਰ ਵਿੱਚ ਅਦਭੁੱਤ ਤੇ ਉਤਸ਼ਾਹ ਵੀ ਸ਼ਾਮਲ ਹਨ। ਇਨ੍ਹਾਂ ਬਾਤਾਂ ਦੇ ਪਾਤਰਾਂ ਵਿੱਚ ਭੂਤ, ਪ੍ਰੇਤ, ਚੁੜੇਲਾਂ, ਉਡਣੇ ਘੋੜੇ, ਉਡਣੇ ਪਊਏ, ਜਾਦੂ ਦੀ ਕੜਾਹੀ, ਜਾਦੂ ਦਾ ਡੰਡਾ, ਖੌਲਦਾ ਸਾਗਰ, ਤੁਰਦੇ ਜਾਂ ਫਿਰ ਭਿੜਦੇ ਪੱਥਰ, ਅੱਖਾਂ ਵਿੱਚ ਪਾਉਣ ਵਾਲਾ ਚਮਤਕਾਰੀ ਸੁਰਮਾ। ਇਹ ਸਾਰੇ ਨਾਇਕ ਦੇ ਮਦਦਗਾਰ ਬਣ ਕੇ ਮਨੋਰੰਜਨ ਵਾਤਾਵਰਨ ਸਿਰਜਦੇ ਹਨ।
ਇਹ ਸਹੀ ਹੈ ਕਿ ਬਾਤਾਂ ਆਦਰਸ਼ਕ ਤੇ ਚਮਤਕਾਰੀ ਅੰਸ਼ ਨਾਲ ਭਰਪੂਰ ਹੁੰਦੀਆਂ ਹਨ, ਪਰ ਇਹ ਬਾਤਾਂ ਮਨੁੱਖ ਦੇ ਮਨ ਵਿੱਚ ਨਵਾਂ ਉਤਸ਼ਾਹ ਭਰਦੀਆਂ ਹਨ। ਮਨੁੱਖ ਨੂੰ ਪ੍ਰੇਰਨਾ ਤੇ ਸਥਿਤੀਆਂ ਨਾਲ ਲੜਨ ਦੀ ਜੁਗਤ ਦੱਸਦੀਆਂ ਹਨ। ਬਾਤ ਸੁਣਾਉਣ ਵਾਲਾ ਬਾਤ ਦੀ ਕਹਾਣੀ ਨੂੰ ਰਹੱਸਮਈ ਲਹਿਜੇ ਵਿੱਚ ਸੁਣਾਉਂਦਾ ਕਹਾਣੀ ਨੂੰ ਅੱਗੇ ਤੋਰਦਾ ਹੋਇਆ ਸੁਣਨ ਵਾਲੇ ਦੀ ਜਗਿਆਸਾ ਟੁੰਬਦਾ ਹੈ। ਇਉਂ ਹਰ ਪਰਵਾਰ ਵਿੱਚ ਬਾਤਾਂ ਦੇ ਸੁਣਨ ਤੇ ਸੁਣਾਉਣ ਦਾ ਸਿਲਸਿਲਾ ਚੱਲਦਾ ਰਹਿੰਦਾ ਸੀ।
ਅਜੋਕੇ ਸਮੇਂ ਵਿੱਚ ਮਨੋਰੰਜਨ ਦੇ ਨਵੇਂ ਤੋਂ ਨਵੇਂ ਸਾਧਨ ਹਨ। ਉਦਯੋਗਿਕ ਵਿਕਾਸ ਸਮੇਂ ਸਿਨਮਾ ਆ ਗਿਆ ਜਿਸ ਨੇ ਅੱਜ ਤੱਕ ਆਪਣੀ ਥਾਂ ਬਣਾਈ ਹੋਈ ਹੈ। ਹਰ ਘਰ ਵਿੱਚ ਟੀ ਵੀ ਅਤੇ ਹੋਰ ਨਵੀਨ ਮਨੋਰੰਜਨ ਦੇ ਸਾਧਨ ਆ ਜਾਣ ਨਾਲ ਵਧੇਰੇ ਲੋਕ ਬਾਤਾਂ ਦੀ ਥਾਂ ਲੜੀਵਾਰਾਂ ਨਾਲ ਜੁੜ ਗਏ। ਇਸ ਕਾਰਨ ਬੱਚਿਆਂ ਅਤੇ ਵੱਡਿਆਂ ਦੇ ਮਨ ਮੰਦਰ ਵਿੱਚੋਂ ਬਾਤਾਂ ਵਿਸਰ ਗਈਆਂ। ਕੰਪਿਊਟਰ ਤੇ ਮੋਬਾਈਲ ਦੇ ਆਉਣ ਨਾਲ ਬੱਚਾ, ਨੌਜਵਾਨ, ਬਜ਼ੁਰਗ, ਔਰਤ ਅਤੇ ਮਰਦ ਹਰ ਕੋਈ ਇਨ੍ਹਾਂ ਸਾਧਨਾਂ ਨੂੰ ਮਨੋਰੰਜਨ ਦਾ ਸਾਧਨ ਮੰਨਦੇ ਹਨ। ਅੱਜ ਦਾ ਦੁਖਾਂਤ ਇਹ ਵੀ ਹੈ ਕਿ ਬਾਤਾਂ ਸੁਣਾਉਣ ਵਾਲੀ ਪੀੜ੍ਹੀ ਦਿਨੋਂ-ਦਿਨ ਘਟਦੀ ਜਾ ਰਹੀ ਹੈ। ਭਾਸ਼ਾ ਤੇ ਸੱਭਿਆਚਾਰ ਬਾਰੇ ਕਾਰਜ ਕਰਨ ਵਾਲੀਆਂ ਸੰਸਥਾਵਾਂ ਨੂੰ ਬਾਤਾਂ ਇਕੱਠੀਆਂ ਕਰਨ ਅਤੇ ਸੰਪਾਦਿਤ ਕਰਨ ਦੇ ਕੰਮ ਵੱਲ ਧਿਆਨ ਦੇਣਾ ਚਾਹੀਦਾ ਹੈ।

Have something to say? Post your comment