Welcome to Canadian Punjabi Post
Follow us on

18

June 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਨਜਰਰੀਆ

ਉਲਟੇ ਹੋਰ ਜ਼ਮਾਨੇ ਆਏ

January 10, 2019 08:21 AM

-ਲੋਕਨਾਥ ਸ਼ਰਮਾ
ਜੀਵਨ ਪੜਾਵਾਂ ਭਰਪੂਰ ਹੈ ਪਰ ਦਾਈ, ਨਾਈ ਤੇ ਚਾਰ ਭਾਈ (ਜਨਮ, ਵਿਆਹ ਤੇ ਮੌਤ) ਵਾਲੇ ਤਿੰਨ ਘਟਨਾਕ੍ਰਮ ਬੜੇ ਅਹਿਮ ਤੇ ਜੱਗ ਜ਼ਾਹਿਰ ਹਨ। ਬਚਪਨ, ਜਵਾਨੀ ਤੇ ਬੁਢਾਪੇ ਵਿੱਚੋਂ ਗੁਜ਼ਰਦਾ ਹੋਇਆ ਮਨੁੱਖ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਜਾਂਦਾ ਹੈ। ਸਾਰੇ ਤਾਂ ਨਹੀਂ ਪਰ ਬਹੁਤ ਸਾਰੇ ਲੋਕ ਆਪਣੇ ਮਾਪਿਆਂ ਦੀ ਕਦਰ ਨਹੀਂ ਕਰਦੇ। ਜਿਊਂਦੇ ਜੀਅ ਕਦੇ ਬਾਤ ਵੀ ਨਹੀਂ ਪੁੱਛਦੇ, ਮਰਨ ਉਪਰੰਤ ਲੋਕ ਦਿਖਾਵਾ, ਵੱਡੇ-ਵੱਡੇ ਅਡੰਬਰ ਅਤੇ ਅਣਲੋੜੀਂਦੇ ਭੋਜਨ ਆਦਿ ਦੇ ਫਜ਼ੂਲ ਖਰਚੇ ਕਰਦੇ ਹਨ। ਮੁੱਢ ਕਦੀਮ ਤੋਂ ਹੀ ਦਸਤੂਰ ਹੈ ਕਿ ਨਵੇਂ ਜੀਵ ਦੇ ਜਨਮ 'ਤੇ ਖੁਸ਼ੀ ਅਤੇ ਮਰਨ 'ਤੇ ਗਮ ਦਾ ਇਜ਼ਹਾਰ ਕੀਤਾ ਜਾਂਦਾ ਹੈ। ਜੀਵ ਦੀ ਆਮਦ 'ਤੇ ਅਨੇਕਾਂ ਜ਼ਸ਼ਨ ਮਨਾਏ ਜਾਂਦੇ ਹਨ। ਮਰਨ ਉਪਰੰਤ ਗਮ ਦੀ ਲਹਿਰ ਦੌੜ ਜਾਂਦੀ ਹੈ ਅਤੇ ਪਹਿਲਾਂ ਤਾਂ ਕਈ-ਕਈ ਦਿਨ ਚੁੱਲੇ੍ਹ ਅੱਗ ਨਹੀਂ ਸੀ ਪਾਈ ਜਾਂਦੀ।
ਅੱਜ ਜ਼ਮਾਨਾ ਤੇਜ਼ੀ ਨਾਲ ਬਦਲ ਰਿਹਾ ਹੈ। ਉਲਟੇ ਹੋਰ ਜ਼ਮਾਨੇ ਆਏ। ਸਿਰ ਦੇ ਤਾਜਾਂ ਨੂੰ ਪੈਰਾਂ ਵਿੱਚ ਰੋਲਿਆ ਜਾ ਰਿਹਾ ਹੈ। ਬਜ਼ੁਰਗ ਬੁਰੇ ਲੱਗਣ ਲੱਗ ਪਏ ਹਨ। ‘ਓਲਡ ਇਜ਼ ਗੋਲਡ' ਦਾ ਜ਼ਮਾਨਾ ਸ਼ਾਇਦ ‘ਓਲਡ ਇਜ਼ ਕੋਲਡ' ਵਿੱਚ ਤਬਦੀਲ ਹੋ ਗਿਆ ਹੈ। ਕਚਹਿਰੀ ਵਿੱਚ ਟਾਈਪ ਕਰਨ ਵਾਲੇ ਰਿਟਾਇਰਡ ਪੈਨਸ਼ਨਰ ਨੇ ਆਪਣੀ ਦੁੱਖ ਭਰੀ ਦਾਸਤਾਨ ਸੁਣਾਈ। ਚਾਰ ਪੁੱਤਾਂ ਦੇ ਇਸ ਪਿਓ ਦੀ ਪਤਨੀ ਸੰਸਾਰ ਨੂੰ ਅਲਵਿਦਾ ਕਹਿ ਚੁੱਕੀ ਹੈ। ਆਪਣੀ ਔਲਾਦ ਨੂੰ ਪੜ੍ਹਾ ਲਿਖਾ ਕੇ ਚੰਗੇ ਅਹੁਦਿਆਂ 'ਤੇ ਕੰਮ ਕਰਨ ਯੋਗ ਬਣਾਉਣ ਵਾਲੇ ਪਿਤਾ ਨੂੰ ਸਾਰੇ ਪਰਵਾਰ ਵਾਲੇ ਖੁਸ਼ੀ-ਖੁਸ਼ੀ, ਸਤਿਕਾਰ ਪੂਰਵਕ ਰੋਟੀ ਦੇਣ ਨੂੰ ਤਿਆਰ ਨਹੀਂ। ਉਸ ਨੇ ਭਰੇ ਮਨ ਨਾਲ ਮੈਨੂੰ ਟਾਈਮ ਪਾਸ ਕਰਨ ਲਈ ਕਚਹਿਰੀ ਆਉਣ ਦੀ ਗੱਲ ਦੱਸੀ। ਉਸ ਦੀ ਗੱਲ ਸੁਣ ਕੇ ਮੇਰਾ ਦਿਲ ਵੀ ਦਿਲਗੀਰੀ ਖਾ ਗਿਆ।
ਆਖਰ ਪਰਵਾਰ ਦੀ ਬਦਸਲੂਕੀ ਤੋਂ ਤੰਗ ਆ ਕੇ ਭੋਜਨ ਖਾਤਰ ਉਸ ਨੇ ਟਿਫਨ ਦਾ ਪ੍ਰਬੰਧ ਕਰ ਲਿਆ। ਖੁਸ਼ਕਿਸਮਤੀ ਨੂੰ ਪਹਿਲੇ ਦਿਨ ਹੀ ਟਿਫਨ ਵਾਲਾ ਭਾਈ ਪੁੱਛਦਾ ਹੋਇਆ, ਉਸੇ ਗਲੀ ਵਿੱਚ ਆਣ ਪਹੁੰਚਿਆ ਜਿਥੇ ਕੁਝ ਔਰਤਾਂ ਕਿਸੇ ਫੇਰੀ ਵਾਲੇ ਤੋਂ ਸਬਜ਼ੀ ਖਰੀਦ ਰਹੀਆਂ ਸਨ। ਜਦੋਂ ਟਿਫਨ ਮੰਗਵਾਉਣ ਵਾਲੇ ਦਾ ਨਾਂ ਪੁੱਛਿਆ ਤਾਂ ਉਸ ਵਕਤ ਸਾਰੀਆਂ ਔਰਤਾਂ ਉਨ੍ਹਾਂ ਵਿੱਚ ਖਲੋਤੀ, ਉਸ ਦੀ ਨੂੰਹ ਵੱਲ ਦੇਖਣ ਲੱਗੀਆਂ ਅਤੇ ਨਾਲ ਉਨ੍ਹਾਂ ਟਿਫਨ ਮੰਗਵਾਉਣ ਦਾ ਕਾਰਨ ਜਾਚ ਵਾਚ ਲਿਆ। ਇਸ ਦਿ੍ਰਸ਼ ਵਿੱਚ ਵਿਦਮਾਨ ਸਾਰੀਆਂ ਔਰਤਾਂ ਨੇ ਇਕ ਆਵਾਜ਼ ਵਿੱਚ ਉਸ ਨੂੰਹ ਨੂੰ ਸ਼ਰਮਿੰਦਾ ਕੀਤਾ ਤੇ ਉਸ ਨੂੰ ਬਜ਼ੁਰਗੀ ਦਾ ਮਹੱਤਵ ਸਮਝਾਉਂਦੇ ਹੋਏ, ਭਵਿੱਖ ਵਿੱਚ ਅਜਿਹੀ ਲਾਪਰਵਾਹੀ ਤੋਂ ਤੌਬਾ ਵੀ ਕਰਵਾਈ।
ਪਿਛਲੇ ਹਫਤੇ ਜਾਣ ਪਛਾਣ ਵਾਲੇ ਸੱਜਣ ਦੀ ਮਰਗਤ ਦੇ ਭੋਗ 'ਤੇ ਜਾਣ ਦਾ ਇਤਫਾਕ ਹੋਇਆ। ਮੈਰਿਜ ਪੈਲੇਸ ਵਿੱਚ ਦਾਖਲ ਹੁੰਦੇ ਸਾਰ ਵਿਆਹ ਦੀ ਤਰਜ਼ 'ਤੇ ਮੇਜ਼ਾਂ ਉਤੇ ਸਜਾਏ ਭੋਜ ਪਦਾਰਥਾਂ ਦੇ ਦਰਸ਼ਨ ਹੋਏ। ਭੋਜਨ ਪਰੋਸਣ ਲਈ ਬਹਿਰੇ ਅੱਗੇ ਪਿੱਛੇ ਘੁੰਮ ਰਹੇ ਸਨ। ਕਈ ਕਿਸਮ ਦੀਆਂ ਰੋਟੀਆਂ ਅਤੇ ਭਾਂਤ-ਸੁਭਾਂਤ ਦੀਆਂ ਸਬਜ਼ੀਆਂ ਦਾਲਾਂ ਨਜ਼ਰ ਆ ਰਹੀਆਂ ਸਨ। ਹਾਜ਼ਰ ਲੋਕਾਂ ਦੇ ਚਿਹਰਿਆਂ ਤੋਂ ਜਾਣ ਵਾਲੇ ਪ੍ਰਤੀ ਮੋਹ ਤੇ ਅਫਸੋਸ ਗੈਰਹਾਜ਼ਰ ਸੀ। ਮੌਕੇ ਦਾ ਉਲਟ ਵਿਹਾਰ ਦੇਖ ਕੇ ਮਨ ਬੜਾ ਦੁਖੀ ਹੋਇਆ। ਗੱਲ ਕੁਝ ਜਚੀ ਨਹੀਂ। ਜਾਣ ਵਾਲੇ ਬਾਬਤ ਗੱਲਾਂ ਕਰਨ ਦੀ ਬਜਾਏ, ਹਾਸੇ ਠੱਠੇ ਤੇ ਅਠਖੇਲੀਆਂ ਵਿੱਚ ਰੁੱਝਿਆ ਦੇਖ ਕੇ ਮਨ ਬੜਾ ਬੇਚੈਨ ਤੇ ਉਦਾਸ ਹੋ ਗਿਆ। ਦੁੱਖ ਸਾਂਝਾ ਕਰਨ ਆਏ ਅਨੇਕਾਂ ਪਤਵੰਤਿਆਂ ਨੇ ਮੱਥਾ ਟੇਕਿਆ, ਮੂੰਹ ਦਿਖਾਈ ਪਾਈ ਅਤੇ ਰੋਟੀ ਖਾ ਕੇ ਟੁਰਦੇ ਬਣੇ। ਕੀ ਫਾਇਦਾ ਅਜਿਹੇ ਤਕੱਲਫ ਕਰਨ ਦਾ, ਜੇ ਚੰਦ ਮਿੰਟ ਹਾਜ਼ਰੀ ਵੀ ਨਾ ਭਰੀ!
ਸੋਗ ਸਮਾਗਮ ਨੂੰ ਵਿਆਹ ਦੀ ਰਸਮ ਵਿੱਚ ਤਬਦੀਲ ਹੁੰਦਾ ਦੇਖ ਕੇ ਮਨ ਨੂੰ ਠੇਸ ਜਿਹੀ ਲੱਗੀ। ਇਹ ਕਿਹੜੇ ਕਿਸਮ ਦੀ ਆਧੁਨਿਕਤਾ ਜਾਂ ਨਵੀਨਤਾ ਹੈ! ਜਿਸ ਪ੍ਰਕਾਰ ਦੇ ਸਮਾਗਮ ਵਿੱਚ ਸ਼ਾਮਲ ਹੋਣਾ ਹੋਵੇ, ਉਸ ਪ੍ਰਕਾਰ ਦਾ ਪਹਿਰਾਵਾ, ਢੁਕਵੀਂ ਸ਼ਬਦਾਵਲੀ ਅਤੇ ਮਾਹੌਲ ਮੁਤਾਬਕ ਚਿਹਰਾ ਮੋਹਰਾ ਮੌਕੇ ਦੀ ਮੰਗ ਹੈ। ਅਢੁਕਵਾਂ ਵਿਹਾਰ, ਬੇਵਕਤੀ ਬਾਤਚੀਤ ਅਤੇ ਉਚੇਚਾ ਖਾਣ ਪੀਣ ਸੋਭਾ ਨਹੀਂ ਦਿੰਦਾ। ਮਾਪਿਆਂ ਦੀ ਸਾਂਭ ਸੰਭਾਲ ਕਰਨ ਨਾਲ ਰੱਬ ਆਪੇ ਹੀ ਮਿਲ ਜਾਂਦਾ ਹੈ। ਦੁੱਖ ਸਾਂਝਾ ਕਰਨ ਨਾਲ ਦੁੱਖ ਘੱਟ ਜਾਂਦਾ ਹੈ। ਜਾਣ ਵਾਲੇ ਦੇ ਹਮੇਸ਼ਾ ਲਈ ਤੁਰ ਜਾਣ ਉਪਰੰਤ ਮਿੱਤਰਾਂ ਦੋਸਤਾਂ ਅਤੇ ਸਕੇ ਸਬੰਧੀਆਂ ਨਾਲ ਦਰਦ ਘਟਾਓ, ਦਰਦ ਵੰਡਾਓ। ਭੋਗ ਸਮਾਗਮਾਂ ਵਿੱਚ ਵੱਡੇ ਅਡੰਬਰ, ਕੀਮਤੀ ਭੋਜਨ ਤੇ ਚਮਕ ਦਮਕ, ਗਰੀਬਾਂ ਦੇ ਭਵਿੱਖ ਵਿੱਚ ਕੰਡੇ ਬੀਜਣ ਸਮਾਨ ਹੈ।

 

Have something to say? Post your comment