ਓਟਵਾ, 10 ਸਤੰਬਰ (ਪੋਸਟ ਬਿਊਰੋ) : ਅਗਸਤ ਮਹੀਨੇ ਕੈਨੇਡਾ ਦੇ ਅਰਥਚਾਰੇ ਵਿੱਚ 90,000 ਲੋਕਾਂ ਨੂੰ ਰੋਜ਼ਗਾਰ ਮਿਲਿਆ। ਸ਼ੁੱਕਰਵਾਰ ਨੂੰ ਸਟੈਟੇਸਟਿਕਸ ਕੈਨੇਡਾ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਵਿੱਚ ਇਹ ਖੁਲਾਸਾ ਕੀਤਾ ਗਿਆ।
ਅਗਸਤ ਦੇ ਮਹੀਨੇ ਹੀ ਬੇਰੋਜ਼ਗਾਰੀ ਦਰ 7·1 ਫੀ ਸਦੀ ਰਹਿ ਗਈ ਜਦਕਿ ਜੁਲਾਈ ਦੇ ਮਹੀਨੇ ਇਹ 7·5 ਫੀ ਸਦੀ ਸੀ। ਪਿਛਲੇ ਸਾਲ ਮਹਾਂਮਾਰੀ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਬੇਰੋਜ਼ਗਾਰੀ ਦਰ ਆਪਣੇ ਸੱਭ ਤੋਂ ਹੇਠਲੇ ਪੱਧਰ ਉੱਤੇ ਹੈ।ਦੇਸ਼ ਦੇ ਬਹੁਤੇ ਹਿੱਸਿਆਂ ਵਿੱਚ ਪਾਬੰਦੀਆਂ ਵਿੱਚ ਢਿੱਲ ਦਿੱਤੇ ਜਾਣ ਤੋਂ ਬਾਅਦ ਫੁੱਲ ਟਾਈਮ ਕੰਮ ਤੇ ਅਕਮੋਡੇਸ਼ਨ ਤੇ ਫੂਡ ਸਰਵਿਸਿਜ਼ ਵਿੱਚ ਰੋਜ਼ਗਾਰ ਦੇ ਜਿ਼ਆਦਾ ਮੌਕੇ ਪੈਦਾ ਹੋਏ। ਜਿ਼ਆਦਾਤਰ ਨੌਕਰੀਆਂ ਓਨਟਾਰੀਓ, ਅਲਬਰਟਾ, ਸਸਕੈਚਵਨ ਤੇ ਨੋਵਾ ਸਕੋਸ਼ੀਆ ਵਿੱਚ ਲੋਕਾਂ ਨੂੰ ਮਿਲੀਆਂ ਜਦਕਿ ਹੋਰਨਾਂ ਪ੍ਰੋਵਿੰਸਾਂ ਵਿੱਚ ਇਸ ਪਾਸੇ ਮਾਮੂਲੀ ਜਾਂ ਕੋਈ ਵੀ ਤਬਦੀਲੀ ਨਹੀਂ ਹੋਈ।
ਬ੍ਰਿਟਿਸ਼ ਕੋਲੰਬੀਆ ਅਜਿਹਾ ਪ੍ਰੋਵਿੰਸ ਹੈ ਜਿੱਥੇ ਇੰਪਲੌਇਮੈਂਟ ਮਹਾਂਮਾਰੀ ਦੇ ਪੱਧਰ ਤੋਂ ਵੀ ਜਿ਼ਆਦਾ ਹੈ। ਸਟੈਟੇਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਸਰਵਿਸ ਸੈਕਟਰ ਵਿੱਚ ਇਸ ਪਾਸੇ ਫਾਇਦਾ ਹੋਣ ਕਾਰਨ ਪਹਿਲੀ ਵਾਰੀ ਰੋਜ਼ਗਾਰ ਵਿੱਚ ਐਨਾ ਵਾਧਾ ਹੋਇਆ ਹੈ। ਰੀਟੇਲ ਤੇ ਫੂਡ ਸਰਵਿਸਿਜ਼ ਵਿੱਚ ਕੋਈ ਵਾਧਾ ਵੇਖਣ ਨੂੰ ਨਹੀਂ ਮਿਲਿਆ।