Welcome to Canadian Punjabi Post
Follow us on

18

January 2019
ਬ੍ਰੈਕਿੰਗ ਖ਼ਬਰਾਂ :
ਪੱਤਰਕਾਰ ਛਤਰਪਤੀ ਕਤਲ ਕੇਸ `ਚ ਰਾਮ ਰਹੀਮ ਅਤੇ 3 ਹੋਰ ਦੋਸ਼ੀਆਂ ਨੂੰ ਉਮਰਕੈਦ ਸੁਖਪਾਲ ਖਹਿਰਾ ਵਲੋਂ ਆਪ ਦੀ ਮੁਢਲੀ ਮੈਂਬਰੀ ਤੋਂ ਅਸਤੀਫਾਯੂਨੀਫੌਰ ਤੇ ਓਪੀਐਸਈਯੂ ਨੇ ਫੋਰਡ ਦੇ ਤਬਾਹਕੁੰਨ ਏਜੰਡੇ ਖਿਲਾਫ ਹੱਥ ਮਿਲਾਏਨਿਰੰਕਾਰੀ ਭਵਨ ਉੱਤੇ ਗ੍ਰਨੇਡ ਹਮਲੇ ਦਾ ਇੱਕ ਦੋਸ਼ੀ ਗ੍ਰਿਫਤਾਰ, ਦੂਜੇ ਦੀ ਪਛਾਣਅੰਮ੍ਰਿਤਸਰ ਗ੍ਰਨੇਡ ਅਟੈਕ: ਕੈਪਟਨ ਅਮਰਿੰਦਰ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ, ਪੁਲੀਸ ਦੇ ਚੋਟੀ ਦੇ ਅਫਸਰਾਂ ਨੂੰ ਤੁਰੰਤ ਪਿੰਡ ਅਦਲੀਵਾਲ ਪਹੁੰਚਣ ਦੇ ਹੁਕਮਅੰਮ੍ਰਿਤਸਰ `ਚ ਨਿਰੰਕਾਰੀ ਭਵਨ ਉੱਤੇ ਹਮਲਾ, ਡੀ.ਜੀ.ਪੀ. ਨੇ ਅੱਤਵਾਦੀ ਹਮਲਾ ਕਿਹਾਵੈਨਕੂਵਰ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਤਿੰਨ ਝਟਕੇ ਅੰਮ੍ਰਿਤਸਰ ਸ਼ਹਿਰ `ਚ ਵੱਡਾ ਰੇਲ ਹਾਦਸਾ, ਦੁਸਹਿਰਾ ਦੇਖਣ ਆਏ ਲੋਕਾਂ ਉੱਤੇ ਚੜ੍ਹੀ ਟ੍ਰੇਨ , ਕਰੀਬ 50 ਦੀ ਮੌਤ ਦਾ ਸ਼ੱਕ
ਨਜਰਰੀਆ

ਮੋਬਾਈਲ ਦੀ ਕਸ਼ਮਕਸ਼

December 18, 2018 08:58 AM

-ਸੁਖਮਿੰਦਰ ਸੇਖੋਂ
ਕਾਲੋਨੀ ਦੇ ਦੂਸਰੀ ਨੁੱਕਰੇ ਸਾਡੇ ਨੇੜਲੇ ਜਾਣਕਾਰ ਦੇ ਘਰ ਚੰਗਾ ਖਾਸਾ ਘਰੇਲੂ ਸਮਾਗਮ ਰਚਾਇਆ ਗਿਆ। ਮੈਂ ਤੇ ਮੇਰੀ ਪਤਨੀ ਹੋਰ ਪ੍ਰਾਹੁਣਿਆਂ ਵਾਂਗ ਕੁਰਸੀਆਂ 'ਤੇ ਬਿਰਾਜਮਾਨ ਸੀ। ਅਚਾਨਕ ਮੈਨੂੰ ਜਾਪਿਆ, ਜਿਵੇਂ ਮੇਰੇ ਪੈਰਾਂ ਨਾਲ ਕੋਈ ਸ਼ੈਅ ਟਕਰਾਈ ਹੋਵੇ। ਮੈਂ ਬਿਨਾਂ ਹੇਠਾਂ ਝਾਕੇ ਥੱਲੇ ਵੱਲ ਹੱਥ ਵਧਾਇਆ ਤਾਂ ਮੇਰਾ ਹੱਥ ਮੋਬਾਈਲ ਉਠਾ ਲਿਆਇਆ। ‘ਹੈਂ! ਇਹ ਕਿਸ ਦਾ ਡਿੱਗਿਆ ਹੋਵੇਗਾ?' ਮੈਂ ਪਤਨੀ ਦੀਆਂ ਅੱਖਾਂ ਵਿੱਚ ਝਾਕਦਿਆਂ ਆਪਣੇ ਆਲੇ ਦੁਆਲੇ ਕੁਰਸੀਆਂ 'ਤੇ ਬੈਠੇ ਜਾਣੂ ਤੇ ਕੁਝ ਘੱਟ ਜਾਣੂਆਂ ਵੱਲ ਸਵਾਲੀਆਂ ਨਿਗਾਹਾਂ ਨਾਲ ਤੱਕਿਆ, ਪਰ ਕਿਸੇ ਨੇ ਵੀ ਮੋਬਾਈਲ ਲਈ ਹਾਮੀ ਨਾ ਭਰੀ। ਉਠ ਕੇ ਘਰ ਦੇ ਇਕ ਬੰਦੇ ਨੂੰ ਮਿਲਿਆ, ਉਸ ਤਾਕੀਦ ਕੀਤੀ, ‘ਕੋਈ ਨ੍ਹੀਂ, ਅਸੀਂ ਅਨਾਊਂਸਮੈਂਟ ਕਰਵਾ ਦਿੰਨੇ ਆਂ, ਜਿਸ ਦਾ ਹੋਇਆ ਲੈ ਲਵੇਗਾ।' ਮਾਈਕ ਤੋਂ ਐਲਾਨੇ ਜਾਣ ਦੇ ਬਾਵਜੂਦ ਕੋਈ ਵੀ ਸ਼ਖਸ ਗੁਆਚਾ ਮੋਬਾਈਲ ਲੈਣ ਨਾ ਬਹੁੜਿਆ। ਉਨ੍ਹਾਂ ਨੇ ਮੈਨੂੰ ਉਹ ਮੋਬਾਈਲ ਆਪਣੇ ਕੋਲ ਰੱਖਣ ਦੀ ਤਾਕੀਦ ਕਰਦਿਆਂ ਕਿਹਾ, ‘ਸਵੇਰੇ ਦੇਖਾਂਗੇ, ਤੁਸੀਂ ਨਾਲ ਲੈ ਜਾਵੋ। ਜਿਸ ਦਾ ਵੀ ਹੋਇਆ ਪਤਾ ਲੱਗਣ 'ਤੇ ਥੋਨੂੰ ਦੱਸ ਦਿਆਂਗੇ।'
ਸਮਾਗਮ ਤੋਂ ਆਉਂਦਿਆਂ ਡਾਢੀ ਰਾਤ ਹੋ ਗਈ। ਘਰ ਆ ਕੇ ਮੋਬਾਈਲ ਵਿੱਚ ਫੀਡ ਹੋਏ ਤਿੰਨ ਚਾਰ ਨੰਬਰ ਵੀ ਮਿਲਾਏ, ਪਰ ਕੋਈ ਹੁੰਗਾਰਾ ਨਾ ਮਿਲਿਆ। ਪਤਨੀ ਨੂੰ ਸੌਣ ਲਈ ਗੁਜ਼ਾਰਿਸ਼ ਕੀਤੀ.. ‘ਸਵੇਰੇ ਦੇਖਾਂਗੇ, ਆਰਾਮ ਨਾਲ ਸੌਂ ਜਾਵੀਏ' ਪਰ ਪਤਨੀ ਅਜੇ ਵੀ ਨੰਬਰ ਮਿਲਾ ਰਹੀ ਸੀ। ਮੇਰੀ ਨੀਂਦ ਉਸ ਦੇ ਉਚੇ ਬੋਲਾਂ ਨਾਲ ਉਖੜ ਰਹੀ ਸੀ। ਅਖੀਰ ਇਕ ਨੰਬਰ ਅਜਿਹਾ ਮਿਲ ਗਿਆ ਕਿ ਬੋਲਣ ਵਾਲਾ ਹੀ ਮੋਬਾਈਲ ਦਾ ਮਾਲਕ ਨਿਕਲਿਆ। ਉਸ ਨੇ ਮੋਬਾਈਲ ਦੀ ਕੰਪਨੀ, ਮਾਡਲ ਆਦਿ ਦਾ ਪੂਰਾ ਵੇਰਵਾ ਹੀ ਦੱਸ ਦਿੱਤਾ। ਉਸ ਨੇ ਸਾਡੇ ਘਰ ਦਾ ਪਤਾ ਲੈ ਕੇ ਥੋੜ੍ਹੀ ਕੁ ਦੇਰ ਬਾਅਦ ਹੀ ਘੰਟੀ ਆਣ ਵਜਾਈ। ਉਹ ਕਿਸੇ ਆਮ ਜਿਹੇ ਕਾਰਖਾਨੇ ਵਿੱਚ ਮਜ਼ਦੂਰ ਸੀ ਤੇ ਉਸ ਦੀ ਪਤਨੀ ਸਮਾਗਮ ਵਾਲੇ ਘਰ ਬਰਤਨ, ਸਫਾਈ ਆਦਿ ਦਾ ਕੰਮ ਕਰਦੀ ਸੀ। ਉਸ ਨੇ ਦੱਸਿਆ ਕਿ ਉਹ ਉਥੇ ਬੱਸ ਕੁਝ ਖਾਣ ਪੀਣ ਲਈ ਹੀ ਆਇਆ ਸੀ। ਉਸ ਨੂੰ ਉਥੇ ਆਪਣਾ ਮੋਬਾਈਲ ਡਿੱਗਣ ਦੀ ਖਬਰ ਵੀ ਸਾਡੇ ਕੋਲੋਂ ਮਿਲੀ ਸੀ। ਉਸ ਵਿਚਾਰਗੀ ਜਿਹੀ ਨਾਲ ਮੋਬਾਈਲ ਫੜ ਕੇ ਆਪਣੀ ਪੈਂਟ ਦੀ ਜੇਬ ਵਿੱਚ ਪਾ ਲਿਆ ਅਤੇ ਸ਼ਾਹੀ ਅੰਦਾਜ਼ ਵਿੱਚ ਆਪਣੇ ਬਹੁਤ ਪੁਰਾਣੇ ਤੇ ਖਸਤਾਹਾਲ ਮੋਟਰ ਸਾਈਕਲ 'ਤੇ ਚੜ੍ਹ ਕੇ ਚਲਾ ਗਿਆ। ਧੰਨਵਦ ਦੇ ਦੋ ਸ਼ਬਦ ਕਹਿਣੇ ਵੀ ਉਸ ਨੂੰ ਸ਼ਾਇਦ ਯਾਦ ਨਹੀਂ ਸਨ ਰਹੇ।
ਸਾਨੂੰ ਇਸ ਗੱਲ ਦੀ ਤਸੱਲੀ ਸੀ ਕਿ ਜਿਸ ਦਾ ਮੋਬਾਈਲ ਸੀ, ਉਸ ਦੇ ਹੱਥਾਂ ਵਿੱਚ ਚਲਾ ਗਿਆ ਹੈ, ਮਨ 'ਤੇ ਕਿਸੇ ਕਿਸਮ ਦਾ ਬੋਝ ਨਹੀਂ ਸੀ। ਇਕ ਸਵੇਰ ਮੇਰੇ ਮੋਬਾਈਲ ਦੀ ਘੰਟੀ ਵੱਜੀ। ਮੇਰੇ ‘ਹੈਲੋ' ਕਹਿਣ ਦੀ ਦੇਰ ਸੀ ਕਿ ਸਮਾਗਮ ਵਾਲੇ ਘਰੋਂ ਬਹੁਤ ਮੱਧਮ ਜਿਹੀ ਆਵਾਜ਼ ਆਈ, ‘..ਉਹ ਤੁਸੀਂ ਜਿਸ ਨੂੰ ਉਸ ਦਾ ਗੁਆਚਿਆ ਮੋਬਾਈਲ ਦਿੱਤਾ ਸੀ, ਉਹ ਅੱਜ ਸਵੇਰੇ ਕਾਰਖਾਨੇ ਜਾਂਦਿਆਂ..।' ਮੇਰੇ ਹੱਥੋਂ ਆਪਣਾ ਮੋਬਾਈਲ ਕੰਬਿਆ ਅਤੇ ਮੇਰੇ ਹੋਂਠ ਥਰਥਰਾਉਣ ਲੱਗੇ, ਕੰਨਾਂ ਨੂੰ ਅਗਾਂਹ ਸੁਣਨਾ ਜਿਵੇਂ ਬੰਦ ਹੋ ਗਿਆ ਹੋਵੇ।
ਦਰਅਸਲ ਜਦੋਂ ਸਵੇਰੇ ਉਹ ਬੰਦਾ ਆਪਣੇ ਮੋਟਰ ਸਾਈਕਲ 'ਤੇ ਸਵਾਰ ਹੋ ਕੇ ਕਾਰਖਾਨੇ ਜਾ ਰਿਹਾ ਸੀ ਤਾਂ ਉਹ ਟਰੱਕ ਦੀ ਲਪੇਟ ਵਿੱਚ ਆ ਗਿਆ ਅਤੇ ਥਾਂ 'ਤੇ ਉਸ ਦੀ ਮੌਤ ਹੋ ਗਈ। ਮੈਂ ਤੇ ਮੇਰੀ ਪਤਨੀ ਨੇ ਉਸ ਦੇ ਘਰ ਦਾ ਪਤਾ ਲੈ ਕੇ ਉਥੇ ਪਹੁੰਚ ਕੀਤੀ। ਉਨ੍ਹਾਂ ਕਿਸੇ ਖਾਲੀ ਪਲਾਟ ਵਿੱਚ ਆਰਜ਼ੀ ਜਿਹਾ ਘਰ ਬਣਾ ਕੇ ਬਸੇਰਾ ਕੀਤਾ ਹੋਇਆ ਸੀ। ਪੰਜ ਛੇ ਬੰਦੇ ਉਥੇ ਪਹਿਲਾਂ ਮੌਜੂਦ ਸਨ। ਉਸ ਦੀ ਪਤਨੀ ਦਾ ਰੋਣ ਦੇਖਿਆ ਨਹੀਂ ਸੀ ਜਾਂਦਾ, ਇੰਝ ਜਾਪਦਾ ਸੀ ਕਿ ਉਹ ਪਤਲੀ ਤੇ ਕਮਜ਼ੋਰ ਜਿਹੀ ਔਰਤ ਜੇ ਹੋਰ ਰੋਂਦੀ ਕੁਰਲਾਂਦੀ ਰਹੀ ਤਾਂ ਬੇਹੋਸ਼ ਹੋ ਜਾਵੇਗੀ। ਉਨ੍ਹਾਂ ਦੇ ਦੋ ਬੱਚੇ ਘਰ ਵਿੱਚ ਪਏ ਪਿੱਟ ਸਿਆਪੇ ਨਾਲ ਡਰੇ, ਸਹਿਮੇ ਬੈਠੇ ਹੋਏ ਸਨ।
‘..ਇਹ ਬਚਾਰੀ ਕੱਲੀ ਰਹਿਗੀ, ਬੱਚਿਆਂ ਦਾ ਕੀ ਬਣੂ, ਇਕੋ ਇਕ ਸਹਾਰਾ ਸੀ..।' ਉਥੇ ਬੈਠੀ ਅੱਧਖੜ ਔਰਤ ਬੋਲੀ, ‘ਮੋਟਰ ਸੈਕਲ ਵੀ ਤਾਂ ਬੌ੍ਹਤ ਤੇਜ ਭਜੌਂਦਾ ਸੀ।' ਫਿਰ ਕਿਸੇ ਜਾਣਕਾਰ ਨੇ ਆਪਣੀ ਸਿਆਣਪ ਜ਼ਾਹਿਰ ਕੀਤੀ, ‘ਨਹੀਂ ਜੀ, ਇਹ ਤਾਂ ਮੋਬਾਈਲ ਨੇ ਉਸ ਦੀ ਜਾਨ ਲਈ ਐ, ਮੋਟਰ ਸੈਕਲ ਚਲੌਂਦੇ-ਚਲੌਂਦੇ ਕੰਨ ਨੂੰ ਲਾ ਕੇ ਸੁਣ ਰਿਹਾ ਸੀ, ਇਹ ਅੱਗ ਲੌਣਾ ਮੋਬਾਈਲ ਵੀ..।'
ਮੇਰੀ ਪਤਨੀ ਮੇਰੇ ਵੱਲ ਉਦਾਸ ਅੱਖਾਂ ਨਾਲ ਝਾਕੀ ਤੇ ਮੈਂ ਵੀ ਇਹ ਸੁਣ ਕੇ ਸੋਗਮਈ ਹੋ ਗਿਆ। ਮੇਰੇ ਹੱਥ ਮੇਰੀ ਜੇਬ ਵਿੱਚ ਚੰਦ ਦਮੜਿਆਂ ਦੀ ਭਾਲ ਕਰਨ ਲੱਗੇ। ਇੰਨੇ ਵਿੱਚ ਮੇਰੀ ਪਤਨੀ ਮ੍ਰਿਤਕ ਦੀ ਹਾਲ ਦੁਹਾਈ ਮਚਾ ਰਹੀ ਪਤਨੀ ਕੋਲ ਜਾ ਬੈਠੀ ਤੇ ਆਪਣੇ ਬੋਲਾਂ ਨਾਲ ਉਸ ਨੂੰ ਧਰਵਾਸਾ ਦੇਣ ਲੱਗੀ। ਮੈਂ ਤਾਂ ਅਜੇ ਕਸ਼ਮਕਸ਼ ਵਿੱਚੋਂ ਹੀ ਨਹੀਂ ਸੀ ਨਿਕਲ ਰਿਹਾ, ਇਸ ਸ਼ਖਸ਼ ਦੀ ਮੌਤ ਦਾ ਕਾਰਨ ਉਸ ਦਾ ਤੇਜ਼ ਮੋਟਰ ਸਾਈਕਲ ਚਲਾਉਣਾ ਸੀ, ਲਪੇਟ ਵਿੱਚ ਲੈਣ ਵਾਲਾ ਟਰੱਕ ਡਰਾਈਵਰ ਜਾਂ ਫਿਰ ..ਮੋਬਾਈਲ?

 

Have something to say? Post your comment