Welcome to Canadian Punjabi Post
Follow us on

16

June 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਨਜਰਰੀਆ

ਸੱਭਿਆਚਾਰ ਦੇ ਨਾਂ ਉੱਤੇ ਸਿਰਜਿਆ ਭਰਮ-ਜਾਲ

December 18, 2018 08:58 AM

-ਸੁਖਮਿੰਦਰ ਸਿੰਘ ਸਹਿੰਸਰਾ
ਸੱਭਿਆਚਾਰ ਸ਼ਬਦ ਦੋ ਸ਼ਬਦਾਂ ‘ਸਭਿਆ’ ਅਤੇ ‘ਆਚਾਰ' ਦੇ ਮੇਲ ਨਾਲ ਬਣਿਆ ਹੈ। ‘ਸਭਿਆ’ ਦਾ ਅਰਥ ਚੰਗਾ ਜਾਂ ਸਾਊ ਅਤੇ ‘ਆਚਾਰ' ਦਾ ਅਰਥ ਹੈ ਵਿਹਾਰ ਜਾਂ ਵਤੀਰਾ। ਸਾਡੇ ਜ਼ਿਆਦਾ ਲੋਕ ਪੰਜਾਬੀ ਗੀਤ, ਚਾਟੀਆਂ, ਮਧਾਣੀਆਂ ਤੇ ਚਰਖੇ ਆਦਿ ਨੂੰ ਹੀ ਪੰਜਾਬੀ ਸੱਭਿਆਚਾਰ ਸਮਝਦੇ ਹਨ। ਸੱਭਿਆਚਾਰ ਦੀ ਇਸ ਗਲਤ ਪੇਸ਼ਕਾਰੀ ਲਈ ਆਪਣੇ ਆਪ ਨੂੰ ਸੱਭਿਆਚਾਰ ਦੇ ਵਾਰਿਸ ਕਹਾਉਣ ਵਾਲੇ ਜ਼ਿੰਮੇਵਾਰ ਹਨ। ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਚੰਗਾ ਵਿਹਾਰ ਸਾਡਾ ਸੱਭਿਆਚਾਰ ਹੈ ਤੇ ਚਾਟੀਆਂ, ਮਧਾਣੀਆਂ ਤੇ ਚਰਖੇ ਆਦਿ ਵਸਤੂਆਂ ਤਾਂ ਪੰਜਾਬੀ ਸੱਭਿਅਤਾ ਦੀਆਂ ਨਿਸ਼ਾਨੀਆਂ ਜਾਂ ਯਾਦਾਂ ਹਨ। ਉਹ ਇਨ੍ਹਾਂ ਨਿਸ਼ਾਨੀਆਂ ਨੂੰ ਪੰਜਾਬੀ ਸੱਭਿਆਚਾਰ ਵਜੋਂ ਪੇਸ਼ ਕਰਕੇ ਆਪਣੀਆਂ ਦੁਕਾਨਾਂ ਚਲਾ ਕੇ ਪੰਜਾਬੀਅਤ ਨਾਲ ਮੋਹ ਰੱਖਣ ਵਾਲਿਆਂ ਦੀ ਮਾਨਸਿਕਤਾ ਨੂੰ ਗੁੰਮਰਾਹ ਕਰ ਰਹੇ ਹਨ।
ਸੱਭਿਅਤਾ ਤੇ ਸੱਭਿਆਚਾਰ ਦੋ ਵੱਖੋ-ਵੱਖ ਵਰਤਾਰੇ ਹਨ। ਕਿਸੇ ਦੇਸ਼ ਜਾਂ ਸਮਾਜ ਦੇ ਲੋਕਾਂ ਦਾ ਜਿਊਣ ਦਾ ਢੰਗ ਸੱਭਿਅਤਾ ਹੈ ਤੇ ਚੰਗਾ ਸਾਊ ਵਤੀਰਾ ਜਾਂ ਵਿਹਾਰ ਸੱਭਿਆਚਾਰ ਹੈ। ਸਮੇਂ ਨਾਲ ਸੱਭਿਅਤਾ ਬਦਲਦੀ ਹੈ, ਪਰ ਸੱਭਿਆਚਾਰ ਨਹੀਂ ਬਦਲਣਾ ਚਾਹੀਦਾ। ਜਦੋਂ ਚੰਗਾ ਆਚਾਰ ਮਾੜੇ ਵਿੱਚ ਬਦਲ ਜਾਵੇ ਤਾਂ ਇਸ ਨੂੰ ਸੱਭਿਆਚਾਰ ਨਹੀਂ, ਦੁਰ-ਆਚਾਰ ਜਾਂ ਅਸੱਭਿਆਚਾਰ ਕਹਿੰਦੇ ਹਨ। ਕਾੜ੍ਹਨੇ, ਘੜੇ, ਚਾਟੀਆਂ, ਘੜਵੰਜੀਆਂ, ਮਧਾਣੀਆਂ, ਛੱਜ, ਚਰਖੇ, ਫੁਲਕਾਰੀਆਂ, ਚੁੱਲ੍ਹੇ, ਲੋਹਾਂ, ਪਰਾਤਾਂ, ਪਾਥੀਆਂ, ਗਹੀਰੇ, ਮੂਸਲ, ਹਲ, ਪੰਜਾਲੀਆਂ ਆਦਿ ਪੰਜਾਬੀ ਸੱਭਿਅਤਾ ਨਾਲ ਜੁੜੀਆਂ ਵਸਤਾਂ ਹਨ। ਇਹ ਵਸਤਾਂ ਪੰਜਾਬੀਆਂ ਦੇ ਜੀਵਨ ਦਾ ਜ਼ਰੂਰੀ ਹਿੱਸਾ ਨਾ ਰਹਿਣ ਕਾਰਨ ਸੱਭਿਅਤਾ ਦੀਆਂ ਨਿਸ਼ਾਨੀਆਂ ਜਾਂ ਯਾਦਾਂ ਬਣ ਗਈਆਂ। ਇਨ੍ਹਾਂ ਨੂੰ ਸੱਭਿਆਚਾਰ ਵਜੋਂ ਪੇਸ਼ ਕਰਨਾ ਉਚਿਤ ਨਹੀਂ ਹੈ।
ਕੁਝ ਸ਼ਬਦਾਂ ਨਾਲ ਕਿਸੇ ਸਮਾਜ ਦੀ ਹਮਦਰਦੀ ਜਾਂ ਪਿਆਰ ਜੁੜ ਜਾਂਦਾ ਹੈ। ਸੱਭਿਆਚਾਰ ਸ਼ਬਦ ਨਾਲ ਵੀ ਹਰ ਪੰਜਾਬੀ ਨੂੰ ਪਿਆਰ ਹੈ। ਸੱਭਿਆਚਾਰ ਦੇ ਵਾਰਿਸ ਇਸ ਪਿਆਰ ਦਾ ਫਾਇਦਾ ਵਪਾਰ ਬਣਾ ਕੇ ਉਠਾ ਰਹੇ ਹਨ। ਸਾਰੇ ਸੱਭਿਆਚਾਰਕ ਮੰਚ/ ਸੁਸਾਇਟੀਆਂ/ ਸਭਾਵਾਂ/ ਸੰਸਥਾਵਾਂ/ ਪਿੜ/ ਗਰੁੱਪ ਤੇ ਪੰਜਾਬੀ ਗਾਇਕ, ਗੀਤਕਾਰ ਆਪਣੇ ਆਪ ਨੂੰ ਸੱਭਿਆਚਾਰ ਦੇ ਵਾਰਿਸ ਕਹਾਉਂਦੇ ਹਨ। ਠੀਕ ਹੈ, ਪਹਿਲਾਂ ਪਹਿਲ ਕੁਝ ਗੀਤਕਾਰ ਅਤੇ ਗਾਇਕ ਸੱਭਿਅਤਾ ਦੀਆਂ ਇਨ੍ਹਾਂ ਨਿਸ਼ਾਨੀਆਂ ਨੂੰ ਆਪਣੇ ਗੀਤਾਂ ਦਾ ਵਿਸ਼ਾ ਬਣਾਉਂਦੇ ਸਨ, ਪਰ ਅਜੋਕੇ ਗੀਤਕਾਰਾਂ ਅਤੇ ਗਾਇਕਾਂ ਦੇ ਗੀਤਾਂ ਵਿੱਚ ਇਨ੍ਹਾਂ ਨਿਸ਼ਾਨੀਆਂ ਦਾ ਭੋਰਾ ਵੀ ਜ਼ਿਕਰ ਨਹੀਂ, ਸਗੋਂ ਵਿਸ਼ੇ ਸਮਾਜ ਨੂੰ ਕੁਰਾਹੇ ਪਾਉਣ ਵਾਲੇ ਹਨ। ਕਾਰਪੋਰੇਟ ਜਗਤ ਦੇ ਵਪਾਰੀ ਵੱਡੇ-ਵੱਡੇ ਪੰਜਾਬੀ ਢਾਬੇ ਖੋਲ੍ਹ ਕੇ ਸੱਭਿਆਚਾਰ ਦੇ ਨਵੇਂ ਵਾਰਿਸ ਬਣ ਗਏ ਹਨ।
ਪੰਜਾਬ ਵਿੱਚ ਅਨੇਕਾਂ ਸੱਭਿਆਚਾਰਕ ਮੰਚ/ ਸਭਾ/ ਸੁਸਾਇਟੀਆਂ ਸੱਭਿਅਤਾ ਦੀਆਂ ਲੋਪ ਹੋ ਚੁੱਕੀਆਂ ਵਸਤੂਆਂ ਕਿਰਾਏ 'ਤੇ ਲੈ ਕੇ ਸਟੇਜ ਉਤੇ ਸਜਾ ਕੇ ਪੰਜਾਬੀ ਗੀਤਾਂ ਉੱਤੇ ਕੋਰੀਓਗ੍ਰਾਫੀ ਰਾਹੀਂ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਦੇ ਮੰਤਵ ਨਾਲ ਮੇਲੇ ਲਾਉਂਦੇ ਹਨ। ਕਿਸੇ ਨਾ ਕਿਸੇ ਰਾਜਨੀਤਕ ਆਗੂ ਨੂੰ ਮੁੱਖ ਮਹਿਮਾਨ ਵਜੋਂ ਬੁਲਾ ਲੈਂਦੇ ਹਨ। ਇਕੱਠ ਦੇਖ ਕੇ ਨੇਤਾਵਾਂ ਦੇ ਮੂੰਹ ਵਿੱਚ ਪਾਣੀ ਆ ਜਾਂਦਾ ਹੈ, ਕਿਉਂਕਿ ਉਨ੍ਹਾਂ ਨੂੰ ਗੱਲ ਕਰਨ ਨੂੰ ਮੰਚ ਮਿਲ ਜਾਂਦਾ ਹੈ। ਨੇਤਾ ਆਪਣੀ ਗੱਲ ਕਹਿ ਜਾਂਦੇ ਹਨ ਤੇ ਅਹੁਦੇਦਾਰਾਂ ਦੀ ਮਾਇਕ ਸਹਾਇਤਾ ਕਰ ਜਾਂਦੇ ਹਨ। ਵਾਰਿਸ ਨੇਤਾਵਾਂ ਤੋਂ ਕਈ ਨਿੱਜੀ ਕੰਮ ਵੀ ਲੈਂਦੇ ਹਨ। ਕਈ ਵਾਰਿਸਾਂ ਨੇ ਇਸ ਕੰਮ ਨੂੰ ਕਮਾਈ ਦਾ ਜ਼ਰੀਆ ਬਣਾ ਲਿਆ ਹੈ। ਆਪਣੀ ਮਿੱਟੀ ਨਾਲ ਮੋਹ ਰੱਖਣ ਵਾਲੇ ਕਈ ਪੰਜਾਬੀ ਵਿਦੇਸ਼ਾਂ ਵਿੱਚੋਂ ਇਨ੍ਹਾਂ ਵਾਰਿਸਾਂ ਨੂੰ ਸੱਭਿਆਚਾਰ ਦੀ ਸੇਵਾ ਲਈ ਪੈਸੇ ਭੇਜਦੇ ਹਨ। ਕਈਆਂ ਨੇ ਵਿਦੇਸ਼ ਉਡਾਰੀ ਮਾਰਨ ਲਈ ਇਸ ਨੂੰ ਕਾਰੋਬਾਰ ਬਣਾ ਲਿਆ ਹੈ। ਕਈ ਸੱਭਿਆਚਾਰ ਨੂੰ ਵਿਦੇਸ਼ਾਂ ਵਿੱਚ ਪ੍ਰਫੁੱਲਿਤ ਕਰਨ ਦੇ ਮੰਤਵ ਨਾਲ ਉਡਾਰੀ ਮਾਰ ਕੇ ਕਾਨੂੰਨੀ ਜਾਂ ਗੈਰ ਕਾਨੂੰਨੀ ਢੰਗ ਨਾਲ ਓਥੇ ਜਾ ਵਸੇ ਹਨ। ਜਾਣ ਮਗਰੋਂ ਇਨ੍ਹਾਂ ਮੁਦਈਆਂ ਨੇ ਚਾਟੀਆਂ, ਮਧਾਣੀਆਂ ਤੇ ਚਰਖਿਆਂ ਵੱਲ ਮੁੜ ਕੇ ਨਹੀਂ ਦੇਖਿਆ। ਵਿਆਹਾਂ ਜਾਂ ਹੋਰ ਖੁਸ਼ੀ ਦੇ ਮੌਕਿਆਂ 'ਤੇ ਰੰਗਾ ਰੰਗ ਪ੍ਰੋਗਰਾਮਾਂ ਲਈ ਕਈ ਸੱਭਿਆਚਾਰਕ ਗਰੁੱਪ ਬਣੇ ਹੋਏ ਹਨ। ਇਹ ਗਰੁੱਪ ਵੀ ਸੱਭਿਅਤਾ ਦੀਆਂ ਨਿਸ਼ਾਨੀਆਂ ਨੂੰ ਸਟੇਜ ਉਤੇ ਸੱਭਿਆਚਾਰ ਦੀ ਗਲਤ ਪੇਸ਼ਕਾਰੀ ਕਰ ਰਹੇ ਹਨ। ਇਨ੍ਹਾਂ ਸੱਭਿਆਚਾਰ ਦੇ ਵਾਰਿਸਾਂ ਨੇ ਅਸਲ ਵਾਰਿਸ ਗਾਇਕਾਂ ਨੂੰ ਨੁੱਕਰੇ ਲਾ ਦਿੱਤਾ ਹੈ। ਇਹ ਘੱਟ ਪੈਸਿਆਂ ਵਿੱਚ ਹੀ ਪ੍ਰਸਿੱਧ ਗਾਇਕਾਂ ਦੇ ਗੀਤਾਂ ਉਤੇ ਨੱਚ ਕੇ ਚੋਖਾ ਰੰਗ ਬੰਨ੍ਹ ਦਿੰਦੇ ਹਨ। ਗਾਇਕਾਂ ਦੇ ਲੱਖਾਂ ਰੁਪਏ ਐਲਬਮ ਨੂੰ ਤਿਆਰ ਕਰਨ ਅਤੇ ਪ੍ਰਚਾਰ ਉੱਤੇ ਲੱਗ ਜਾਂਦੇ ਹਨ। ਕੈਸੇਟ ਅਤੇ ਸੀ ਡੀ, ਯੁੱਗ ਪਹਿਲਾਂ ਹੀ ਖਤਮ ਹੋ ਚੁੱਕਾ ਹੈ। ਗਾਇਕਾਂ ਨੂੰ ਪ੍ਰੋਗਰਾਮਾਂ ਦੀ ਆਸ ਹੁੰਦੀ ਹੈ। ਇਹ ਪ੍ਰੋਗਰਾਮ ਸੱਭਿਆਚਾਰਕ ਗਰੁੱਪ ਲੈ ਜਾਂਦੇ ਹਨ। ਇਸ ਮਸਲੇ ਬਾਰੇ ਗਾਇਕਾਂ ਤੇ ਗਰੁੱਪਾਂ ਵਿਚਾਲੇ ਕਈ ਵਾਰ ਝੜਪਾਂ ਵੀ ਹੋਈਆਂ। ਜੇ ਦੋਵਾਂ ਦਾ ਮੰਤਵ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨਾ ਹੁੰਦਾ ਤਾਂ ਇਹ ਝੜਪਾਂ ਨਾ ਹੁੰਦੀਆਂ। ਰਲ ਮਿਲ ਕੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਦੇ, ਪਰ ਮੰਤਵ ਤਾਂ ਸੱਭਿਆਚਾਰ ਦੇ ਨਾਂ 'ਤੇ ਆਪੋ ਆਪਣੀ ਦੁਕਾਨਦਾਰੀ ਚਲਾਉਣ ਦਾ ਹੈ।
ਸੱਭਿਆਚਾਰ ਦੇ ਨਵੇਂ ਵਾਰਿਸ ਬਣੇ ਕਾਰਪੋਰੇਟ ਜਗਤ ਦੇ ਵਪਾਰੀਆਂ ਨੇ ਕਈ ਸ਼ਹਿਰਾਂ ਵਿੱਚ ਮੁੱਖ ਮਾਰਗਾਂ ਉੱਤੇ ਵੱਡੇ ਵਿਰਾਸਤੀ ਢਾਬੇ, ਪਿੰਡ ਅਤੇ ਹਵੇਲੀਆਂ ਖੋਲ੍ਹ ਲਈਆਂ ਹਨ। ਇਹ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਦੇ ਮੰਤਵ ਨਾਲ ਸੱਭਿਅਤਾ ਨਾਲ ਜੁੜੀਆਂ ਵਸਤਾਂ ਸਜਾ ਕੇ ਭੰਗੜੇ, ਗਿੱਧੇ, ਪੰਜਾਬੀ ਗੀਤਾਂ ਦੀ ਪੇਸ਼ਕਾਰੀ ਨਾਲ ਗਾਹਕ ਸੱਦ ਕੇ ਵਪਾਰ ਕਰ ਰਹੇ ਹਨ। ਖਾਣੇ ਸਮੇਤ ਵਿਰਾਸਤੀ ਚੀਜ਼ਾਂ ਦੇਖਣ ਅਤੇ ਮਨੋਰੰਜਨ ਲਈ ਮਹਿੰਗੀਆਂ ਟਿਕਟਾਂ ਰੱਖੀਆਂ ਹੋਈਆਂ ਹਨ। ਇਹ ਵਾਰਿਸ ਵੀ ਸੱਭਿਆਚਾਰ ਪ੍ਰਫੁੱਲਿਤ ਕਰਨ ਬਹਾਨੇ ਆਪਣੀ ਦੁਕਾਨਦਾਰੀ ਚਲਾ ਰਹੇ ਹਨ। ਅਸੀਂ ਇਨ੍ਹਾਂ ਦੇ ਵਿਰੋਧੀ ਨਹੀਂ ਹਾਂ, ਪਰ ਆਪਣੇ ਸੱਭਿਆਚਾਰ ਦੀ ਗਲਤ ਪੇਸ਼ਕਾਰੀ ਦੇ ਵਿਰੋਧੀ ਜ਼ਰੂਰ ਹਾਂ। ਇਹ ਵਾਰਿਸ ਨਾ ਸੱਭਿਆਚਾਰ ਦੇ ਮਾਅਨੇ ਨੂੰ ਆਪ ਸਮਝ ਸਕੇ ਤੇ ਨਾ ਇਸ ਦੀ ਸਹੀ ਪੇਸ਼ਕਾਰੀ ਕਰ ਸਕੇ। ਸਮਝਣ ਦੇ ਇਛੁੱਕ ਪੰਜਾਬੀਆਂ ਦੀ ਅਕਲ ਨੂੰ ਵੀ ਗਲਤ ਪੇਸ਼ਕਾਰੀ ਨਾਲ ਜਿੰਦਰਾ ਮਾਰ ਦਿੱਤਾ। ਅੱਜ ਹਰ ਪੰਜਾਬੀ ਨੂੰ ਸੱਭਿਆਚਾਰ ਦੇ ਮਾਅਨਿਆਂ ਨੂੰ ਖੁਦ ਸਮਝ ਕੇ ਗੁਆਚ ਚੁੱਕੇ ਪੰਜਾਬੀ ਸੱਭਿਆਚਾਰ ਨੂੰ ਮੁੜ ਬਹਾਲ ਕਰਨ ਲਈ ਯਤਨ ਕਰਨ ਦੀ ਲੋੜ ਹੈ।

Have something to say? Post your comment