Welcome to Canadian Punjabi Post
Follow us on

18

March 2024
 
ਨਜਰਰੀਆ

ਜਦੋਂ ਪ੍ਰੀਜ਼ਾਈਡਿੰਗ ਅਫਸਰ ਬਣਿਆ

December 14, 2018 09:08 AM


-ਪ੍ਰਿੰ. ਸੁਖਦੇਵ ਸਿੰਘ ਰਾਣਾ
ਸੰਨ 1991 ਵਿੱਚ ਪੰਜਾਬ ਵਿੱਚ ਚੋਣਾਂ ਦਾ ਐਲਾਨ ਹੋ ਗਿਆ। ਨਾਮਜ਼ਦਗੀਆਂ ਦੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਉਮੀਦਵਾਰਾਂ ਨੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਉਧਰ ਕੁਝ ਜਥੇਬੰਦੀਆਂ ਨੇ ਵੋਟਾਂ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ। ਉਨ੍ਹਾਂ ਉਮੀਦਵਾਰਾਂ ਤੇ ਵੋਟਰਾਂ ਨੂੰ ਧਮਕੀ ਦਿੱਤੀ ਕਿ ਜੇ ਕਿਸੇ ਨੇ ਵੋਟਾਂ 'ਚ ਹਿੱਸਾ ਲਿਆ ਤਾਂ ਸੋਧ ਦਿੱਤਾ ਜਾਵੇਗਾ। ਪੂਰੇ ਪੰਜਾਬ ਵਿੱਚ ਸਹਿਮ ਦਾ ਮਾਹੌਲ ਸੀ। ਕਈ ਇਲਾਕਿਆਂ ਵਿੱਚ ਹੋਏ ਹਮਲਿਆਂ ਵਿੱਚ ਕਈ ਉਮੀਦਵਾਰ ਤੇ ਉਨ੍ਹਾਂ ਦੇ ਕੁਝ ਸਮੱਰਥਕ ਵੀ ਮਾਰੇ ਗਏ। ਨਤੀਜੇ ਵਜੋਂ ਪੰਜਾਬ ਵਿੱਚ ਹਰ ਵਿਅਕਤੀ ਡਰਿਆ ਪਿਆ ਸੀ। ਮੇਰੀ ਤੇ ਸਾਥੀਆਂ ਦੀ ਡਿਊਟੀ ਵੋਟਾਂ ਵਿੱਚ ਪ੍ਰੀਜ਼ਾਈਡਿੰਗ ਤੇ ਪੋਲਿੰਗ ਅਫਸਰ ਵਜੋਂ ਲੱਗੀ ਹੋਈ ਸੀ। ਸਾਡੇ ਸਾਰਿਆਂ ਦੇ ਪਰਵਾਰਕ ਮੈਂਬਰ ਤੇ ਰਿਸ਼ਤੇਦਾਰ ਡਰੇ ਹੋਏ ਸਨ। ਸਰਕਾਰੀ ਹੁਕਮਾਂ ਦੇ ਅਨੁਸਾਰ ਚੋਣ ਡਿਊਟੀ ਤੋਂ ਕੋਈ ਜਵਾਬ ਨਹੀਂ ਸੀ ਦੇ ਸਕਦਾ। ਵੋਟਾਂ ਪੈਣ ਤੋਂ ਇਕ ਦਿਨ ਪਹਿਲਾਂ ਚੋਣ ਪਾਰਟੀਆਂ ਨੇ ਚੋਣਾਂ ਦਾ ਸਾਮਾਨ, ਵੋਟ ਪਰਚੀਆਂ, ਵੋਟਾਂ ਦੇ ਡੱਬੇ ਆਦਿ ਲੈ ਕੇ ਆਪੋ ਆਪਣੇ ਬੂਥਾਂ ਉੱਤੇ ਪਹੁੰਚਣਾ ਹੁੰਦੈ, ਪਰ ਪੰਜਾਬ ਵਿੱਚ ਚੋਣ ਵਿਰੋਧੀ ਧਿਰਾਂ ਨੇ ਦੋ ਦਿਨ ਪੰਜਾਬ ਬੰਦ ਦਾ ਐਲਾਨ ਕਰ ਦਿੱਤਾ।
ਅੱਗੋਂ ਸਮੱਸਿਆ ਇਹ ਸੀ ਕਿ ਜੇ ਬੱਸਾਂ ਗੱਡੀਆਂ ਨਾ ਚੱਲੀਆਂ ਤਾਂ ਡਿਊਟੀ ਉੱਤੇ ਕਿਵੇਂ ਪਹੁੰਚਿਆ ਜਾਊ। ਉਨ੍ਹਾਂ ਦਾ ਐਲਾਨ ਸੀ ਕਿ ਕਿਸੇ ਨੇ ਵੋਟਾਂ ਨਾ ਪਾਉਣੀਆਂ ਤੇ ਨਾ ਪਵਾਉਣੀਆਂ ਹਨ। ਸਰਕਾਰ ਦਾ ਹੁਕਮ ਸੀ ਕਿ ਜਿਹੜਾ ਡਿਊਟੀ ਨਾ ਦੲਊ, ਪੁਲਸ ਉਸ ਉੱਤੇ ਪਰਚਾ ਦਰਜ ਕਰਕੇ ਗ੍ਰਿਫਤਾਰ ਕਰੂਗੀ। ਮਰਦਾ ਕੀ ਨਾ ਕਰਦਾ। ਡਿਊਟੀ ਦੇਣੀ ਪੈਣੀ ਸੀ। ਮੇਰੇ ਮਾਨੂੰਪੁਰ ਸਕੂਲ ਦੇ ਦੋ ਸਾਥੀ, ਜਿਨ੍ਹਾਂ ਦੀ ਡਿਊਟੀ ਖੰਨੇ ਸੀ, ਆਪਣੇ ਘਰੋਂ ਪਹਿਲੀ ਰਾਤ ਮੇਰੇ ਕੋਲ ਆ ਗਏ। ਉਹ ਅੱਧੀ ਰਾਤ ਤੱਕ ਨਾ ਸੁੱਤੇ ਤੇ ਨਾ ਸੌਣ ਦਿੱਤਾ। ਕਹਿਣ ਲੱਗੇ, ‘ਅਸੀਂ ਘਰ ਦਿਆਂ ਨੂੰ ਆਖਰੀ ਸਲਾਮ ਕਹਿ ਆਏ ਹਾਂ।' ਉਸ ਸਮੇਂ ਸਾਡੀਆਂ ਸ਼ਕਲਾਂ ਦੇਖਣ ਵਾਲੀਆਂ ਸਨ। ਅਗਲੇ ਦਿਨ ਜਦੋਂ ਸਵੇਰੇ ਅਸੀਂ ਬੈਗ ਲੈ ਕੇ ਖੰਨੇ ਪਹੁੰਚੇ ਤਾਂ ਪਤਾ ਲੱਗਾ ਕਿ ਵੋਟਾਂ ਕੇਂਦਰ ਸਰਕਾਰ ਨੇ ਰੱਦ ਕਰ ਦਿੱਤੀਆਂ ਹਨ। ਸਾਡੀ ਖੁਸ਼ੀ ਦਾ ਟਿਕਾਣਾ ਨਹੀਂ ਸੀ। ਇੰਜ ਲੱਗਦਾ ਸੀ, ਜਿਵੇਂ ਦੂਜਾ ਜਨਮ ਹੋਇਆ ਹੋਵੇ, ਪਰ ਇਹ ਖੁਸ਼ੀ ਬਹੁਤਾ ਚਿਰ ਨਹੀਂ ਸੀ ਰਹਿਣੀ, ਕਿਉਂਕਿ ਇਕ ਨਾ ਇਕ ਦਿਨ ਵੋਟਾਂ ਪੈਣੀਆਂ ਹੀ ਸਨ।
ਉਹ ਹੀ ਗੱਲ ਹੋਈ। ਪੀ ਵੀ ਨਰਸਿਮਹਾ ਰਾਓ ਪ੍ਰਧਾਨ ਮੰਤਰੀ ਬਣੇ ਤਾਂ 1992 ਵਿੱਚ ਉਨ੍ਹਾਂ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ। ਫਰਵਰੀ ਮਹੀਨੇ ਚੋਣਾਂ ਹੋਣੀਆਂ ਸਨ। ਪੰਜਾਬ ਵਿੱਚ ਗਬਬੜ ਸਿਖਰ ਉੱਤੇ ਸੀ। ਉਸ ਦੌਰ ਵਿੱਚ ਸ਼ਾਮ ਪੰਜ ਵਜੇ ਤੋਂ ਬਾਅਦ ਕਰਫਿਊ ਵਾਲਾ ਮਾਹੌਲ ਹੁੰਦਾ ਸੀ। ਇਸ ਵਾਰ ਸਰਕਾਰ ਨੇ ਤਹਿਸੀਲ ਪੱਧਰ 'ਤੇ ਨੋਡਲ ਕੇਂਦਰ ਬਣਾ ਦਿੱਤੇ, ਜਿਥੇ ਵੋਟਾਂ ਤੋਂ ਦੋ ਦਿਨ ਪਹਿਲਾਂ ਉਸ ਵਿਧਾਨ ਸਭਾ ਹਲਕੇ ਦੀਆਂ ਸਾਰੀਆਂ ਪੋਲਿੰਗ ਪਾਰਟੀਆਂ ਇਕੱਠੀਆਂ ਹੋਣੀਆਂ ਸਨ। ਇਸ ਲਈ ਸਕੂਲ ਕਾਲਜ ਬੰਦ ਕਰ ਦਿੱਤੇ ਗਏ। ਚੋਣਾਂ ਤੋਂ ਦੋ ਦਿਨ ਪਹਿਲਾਂ ਅਸੀਂ ਸਮਰਾਲੇ ਤਹਿਸੀਲ ਜਾ ਪਹੁੰਚੇ, ਜਿਥੇ ਸਾਡੀ ਹਾਜ਼ਰੀ ਲੱਗੀ। ਬੂਥ ਅਨੁਸਾਰ ਪੋਲਿੰਗ ਪਾਰਟੀਆਂ ਇਕੱਠੀਆਂ ਕਰ ਦਿੱਤੀਆਂ ਗਈਆਂ। ਹਰੇਕ ਨੂੰ ਪਤਾ ਸੀ ਕਿ ਮੇਰੇ ਨਾਲ ਡਿਊਟੀ 'ਤੇ ਕੌਣ-ਕੌਣ ਹੈ। ਸਾਨੂੰ ਸਭ ਨੂੰ ਬਾਅਦ ਦੁਪਹਿਰ ਮਾਲਵਾ ਕਾਲਜ ਬੌਂਦਲੀ (ਸਮਰਾਲਾ) ਭੇਜ ਦਿੱਤਾ ਗਿਆ। ਉਥੇ ਸਮਰਾਲਾ ਵਿਧਾਨ ਸਭਾ ਹਲਕੇ ਦੀਆਂ ਪੋਲਿੰਗ ਪਾਰਟੀਆਂ ਨੇ ਰਾਤ ਰਹਿਣਾ ਸੀ। ਜਦ ਅਸੀਂ ਕਾਲਜ ਦੇ ਗੇਟ 'ਤੇ ਪਹੁੰਚੇ ਤਾਂ ਉਥੇ ਪੰਜਾਬ ਪੁਲਸ ਦੇ ਚਾਰ ਜਵਾਨ ਖੜੇ ਗੰਨੇ ਚੂਪ ਰਹੇ ਸੀ। ਉਨ੍ਹਾਂ ਕੋਲ ਅਸਲਾ ਤਾਂ ਕੀ, ਡੰਡਾ ਵੀ ਨਹੀਂ ਸੀ। ਜਦੋਂ ਉਨ੍ਹਾਂ ਨਾਲ ਗੱਲਬਾਤ ਕੀਤੀ ਤਾਂ ਕਹਿਣ ਲੱਗੇ, ‘ਸਵੇਰ ਦੇ ਭੁੱਖੇ ਖੜੇ ਹਾਂ। ਟਰਾਲੀਆਂ ਵਿੱਚੋਂ ਗੰਨੇ ਲੈ ਕੇ ਭੁੱਖ ਮਿਟਾ ਰਹੇ ਹਾਂ। ਇਥੇ ਨਾ ਚਾਹ ਤੇ ਨਾ ਪਾਣੀ ਏ।’ ਅਸੀਂ ਸਾਰੇ ਕਮਰਿਆਂ ਵਿੱਚ ਜਾ ਵੜੇ। ਸ਼ਾਮ ਹੋ ਗਈ। ਸੈਂਕੜਿਆਂ ਦੀ ਗਿਣਤੀ 'ਚ ਮੁਲਾਜ਼ਮ। ਖੇਤਾਂ ਵਿੱਚ ਕਾਲਜ ਤੇ ਸੁਰੱਖਿਆ ਦੇ ਨਾਂ ਉੱਤੇ ਬੇਹਥਿਆਰੇ ਚਾਰ ਸਿਪਾਹੀ।
ਸਾਰਿਆਂ ਨੇ ਆਪੋ ਵਿੱਚ ਵਿਚਾਰ ਵਟਾਂਦਰਾ ਕੀਤਾ ਕਿ ਰਾਤ ਰਾਖੀ ਕੌਣ ਕਰੂ। ਮੇਰਾ ਦੋਸਤ ਅਧਿਆਪਕ ਜਥੇਬੰਦੀ ਦਾ ਨੇਤਾ ਦਲਜੀਤ ਸਿੰਘ ਮੈਨੂੰ ਕਹਿਣ ਲੱਗਾ ਕਿ ਇਥੇ ਕੋਈ ਸੁਰੱਖਿਆ ਨਹੀਂ। ਸੁਰੱਖਿਆ ਬਿਨਾਂ ਰਾਤ ਕਿਵੇਂ ਲੰਘੂ? ਕਿਉਂ ਨਾ ਸੜਕ ਜਾਮ ਕਰ ਦੇਈਏ। ਇਸ ਤਰ੍ਹਾਂ ਅਸੀਂ ਹੋਰ ਮੁਲਾਜ਼ਮਾਂ ਨਾਲ ਸਲਾਹ ਕਰਕੇ ਜਾਮ ਲਾ ਦਿੱਤਾ। ਕਈ ਮਿਲਟਰੀ ਦੀਆਂ ਗੱਡੀਆਂ ਰੁਕ ਗਈਆਂ। ਇਕ ਫੌਜੀ ਗੱਡੀ ਉਤੇ ਮਸ਼ੀਨਗੰਨ ਲਈ ਖੜਾ ਸੀ। ਉਸ ਨੇ ਧਮਕੀ ਦਿੱਤੀ, ‘ਰਸਤਾ ਖਾਲੀ ਕਰੋ, ਨਹੀਂ ਤਾਂ ਮੈਂ ਮਸ਼ੀਨਗੰਨ ਚਲਾਉਣ ਲੱਗਿਆਂ।' ਉਹ ਸ਼ਾਇਦ ਦੱਖਣੀ ਭਾਰਤ ਦਾ ਸੀ। ਅਸੀਂ ਉਸ ਦੇ ਨਾਲ ਦੇ ਹੋਰ ਫੌਜੀਆਂ ਨੂੰ ਬੇਨਤੀ ਕੀਤੀ ਕਿ ਅਸੀਂ ਸਿਰਫ ਪ੍ਰਸ਼ਾਸਨ ਦਾ ਧਿਆਨ ਖਿੱਚਣ ਲਈ ਜਾਮ ਲਾਇਆ। ਉਨ੍ਹਾਂ ਮਸ਼ੀਨਗੰਨ ਵਾਲੇ ਨੂੰ ਆਪਣੀ ਭਾਸ਼ਾ ਵਿੱਚ ਸਮਝਾ ਕੇ ਸ਼ਾਂਤ ਕੀਤਾ। ਥੋੜ੍ਹੇ ਚਿਰ ਬਾਅਦ ਸਮਰਾਲੇ ਦਾ ਥਾਣਾ ਇੰਚਾਰਜ ਅਤੇ ਐਸ ਡੀ ਐਮ ਆ ਗਏ। ਉਨ੍ਹਾਂ ਸਾਡੀ ਗੱਲ ਸੁਣ ਕੇ ਸੁਰੱਖਿਆ ਦਾ ਇੰਤਜ਼ਾਮ ਕੀਤਾ ਤੇ ਸਾਡੀ ਬੇਨਤੀ ਉਤੇ ਸਾਰੇ ਕਾਲਜ ਦੀ ਤਲਾਸ਼ੀ ਲਈ।
ਦੂਜੇ ਦਿਨ ਸਾਨੂੰ ਸਮਰਾਲੇ ਤਹਿਸੀਲ ਦਫਤਰੋਂ ਚੋਣ ਸਮੱਗਰੀ ਦਿੱਤੀ ਗਈ ਅਤੇ ਟਰੱਕਾਂ ਵਿੱਚ ਲੱਦ ਕੇ ਮਾਛੀਵਾੜੇ ਮੁੰਡਿਆਂ ਦੇ ਸਕੂਲ ਛੱਡ ਗਏ। ਸਾਡੀ ਡਿਊਟੀ ਬਲਾਕ ਸੰਮਤੀ ਮਾਛੀਵਾੜਾ ਦੇ ਦਫਤਰ ਵਿੱਚ ਸੀ। ਜਿਹੜੇ ਸਾਡੇ ਨਾਲ ਦੋ ਰੰਗਰੂਟ ਸੀ, ਉਨ੍ਹਾਂ ਕੋਲ ਪੁਰਾਣੀਆਂ ਥਰੀ-ਨਟ-ਥਰੀ ਦੀਆਂ ਬੰਦੂਕਾਂ। ਉਹ ਸਾਨੂੰ ਪੁੱਛਣ, ‘ਅਸੀਂ ਕੀ ਕਰੀਏ, ਜੇ ਖਾੜਕੂ ਆ ਗਏ ਤਾਂ ਅਸੀਂ ਦੋ ਜਣੇ ਕੀ ਕਰਾਂਗੇ?' ਅਸੀਂ ਸੁਝਾਅ ਦਿੱਤਾ ਕਿ ਇਕ ਜਣਾ ਅੱਧੀ ਰਾਤ ਤੱਕ ਹਾਲ ਉਤੇ ਹਨੇਰੇ ਵਿੱਚ ਬੈਠ ਜਾਉ। ਜੇ ਕੋਈ ਗੜਬੜ ਲੱਗੀ ਤਾਂ ਰੌਲਾ ਪਾ ਕੇ ਭੱਜ ਜਾਇਓ। ਰੌਲੇ ਨਾਲ ਸੁੱਤੇ ਪਏ ਆਪੇ ਉਠ ਜਾਣਗੇ। ਅੱਧੀ ਰਾਤ ਤੋਂ ਬਾਅਦ ਸਕੂਲ ਵਿੱਚ ਹੋਰ ਰਾਜਾਂ ਦੀਆਂ ਫੋਰਸਾਂ ਪਹੁੰਚਣੀਆਂ ਸ਼ੁਰੂ ਹੋ ਗਈਆਂ ਤਾਂ ਸਾਨੂੰ ਕੁਝ ਹੌਸਲਾ ਹੋਇਆ।
ਇਸ ਮਾਹੌਲ ਵਿੱਚ ਕਦੋਂ ਨੀਂਦ ਆ ਗਈ, ਸਵੇਰੇ ਪਤਾ ਲੱਗਾ। ਹਾਲ ਦੇ ਬਾਹਰ ਲੱਗੇ ਨਲਕੇ ਉੱਤੇ ਮੁਲਾਜ਼ਮਾਂ ਦੇ ਨਹਾਉਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਨਾਸ਼ਤੇ ਵਜੋਂ ਸਾਰਿਆਂ ਨੇ ਬਰੈਡ ਅਤੇ ਬਿਸਕੁਟ ਖਾ ਕੇ ਅਤੇ ਪਾਣੀ ਪੀ ਕੇ ਟਰੱਕਾਂ ਵਿੱਚ ਬੈਠ ਕੇ ਬੂਥਾਂ ਉੱਤੇ ਡਿਊਟੀਆਂ ਸੰਭਾਲ ਲਈਆਂ। ਦੋ ਤਿੰਨ ਘੰਟੇ ਕੋਈ ਵੋਟਰ ਆਇਆ ਨਹੀਂ। ਚਾਹ ਤਾਂ ਕੀ ਕੋਈ ਪਾਣੀ ਪਿਆਉਣ ਨੂੰ ਤਿਆਰ ਨਹੀਂ ਸੀ। ਨਾਲ ਦੇ ਅਧਿਆਪਕ ਸਾਥੀ ਦੀ ਨੇੜੇ ਦੇ ਪਿੰਡ ਰਿਸ਼ਤੇਦਾਰੀ ਸੀ। ਉਥੋਂ ਚਾਹ ਤੇ ਪਰੌਂਠੇ ਆਉਣ ਉੱਤੇ ਭੁੱਖ ਤੋਂ ਧਰਵਾਸ ਮਿਲਿਆ। ਏਨੇ ਨੂੰ ਬੂਥ ਨੇੜੇ ਇਕ ਚਾਹ ਵਾਲਾ ਭਾਂਡੇ ਰੱਖ ਕੇ ਚਾਹ ਬਣਾਉਣ ਲੱਗ ਪਿਆ। ਦਿਹਾੜੀਦਾਰ ਸੁਰੱਖਿਆ ਮੁਲਾਜ਼ਮਾਂ ਦੀ ਡਿਊਟੀ ਚਾਹ ਲਿਆ ਕੇ ਦੇਣ ਦੀ ਸੀ। ਦੁਪਹਿਰੇ ਲੋਕਲ ਸਿਆਸੀ ਨੇਤਾ ਪਤਾ ਨਹੀਂ ਕਿੱਥੋਂ ਵੋਟਰਾਂ ਦਾ ਟਰੱਕ ਭਰ ਲਿਆਏ। ਸਾਡੀ ਡਿਊਟੀ ਵੋਟਾਂ ਪਵਾਉਣ ਦੀ ਸੀ। ਰੱਬ-ਰੱਬ ਕਰਦੇ ਸਮਾਂ ਪੂਰਾ ਹੋਇਆ। ਫੇਰ ਸਾਨੂੰ ਲਿਜਾਣ ਵਾਲਾ ਟਰੱਕ ਪਹੁੰਚ ਗਿਆ। ਅਸੀਂ ਚੋਣ ਸਮੱਗਰੀ ਟਰੱਕ 'ਚ ਰੱਖ ਕੇ ਮਸਾਂ ਸਮਰਾਲੇ ਪਹੁੰਚੇ। ਉਥੇ ਸਾਮਾਨ ਜਮ੍ਹਾਂ ਕਰਵਾ ਕੇ ਆਪੋ ਆਪਣੇ ਟਿਕਾਣਿਆਂ 'ਤੇ ਪਹੁੰਚਣ ਲਈ ਖੜੀਆਂ ਬੱਸਾਂ 'ਚ ਬੈਠ ਗਏ। ਬੱਸਾਂ ਦੇ ਅੱਗੇ ਤੇ ਪਿੱਛੇ ਮਿਲਟਰੀ ਦੀਆਂ ਗੱਡੀਆਂ ਸਨ। ਰੱਬ-ਰੱਬ ਕਰਦੇ ਘਰ ਪਹੁੰਚੇ। ਸਾਨੂੰ ਸਹੀ ਸਲਾਮਤ ਦੇਖ ਕੇ ਘਰਦਿਆਂ ਨੇ ਸੁੱਖ ਦਾ ਸਾਹ ਲਿਆ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ