Welcome to Canadian Punjabi Post
Follow us on

19

March 2024
 
ਨਜਰਰੀਆ

ਬਹਾਨਾ ਹੋਰ, ਨਿਸ਼ਾਨਾ ਹੋਰ..

December 14, 2018 09:07 AM

-ਲਾਲ ਚੰਦ ਸਿਰਸੀਵਾਲਾ
ਤਕਰੀਬਨ 15-16 ਸਾਲ ਪਹਿਲਾਂ ਰਾਤ ਦੇ ਅੱਠ ਕੁ ਵਜੇ ਸ਼ਹਿਰ ਦੇ ਕੁਝ ਨਾਮਵਰ ਲੋਕ ਚਿੱਟੇ ਕੁੜਤੇ ਪਜਾਮੇ ਅਤੇ ਗਲ ਪਰਨੇ ਪਾਏ, ਮੇਰੇ ਘਰ ਆ ਗਏ। ਉਨ੍ਹਾਂ ਨਾਲ ਉਹ ਸਕੂਲ ਅਧਿਆਪਕ ਵੀ ਸਨ, ਜਿੱਥੇ ਮੇਰੇ ਬੱਚੇ ਪੜ੍ਹਦੇ ਸੀ। ਘਰ ਆਏ ਲੋਕ ਇਕੋ ਪਾਰਟੀ ਨਾਲ ਸਬੰਧਤ ਸਨ ਅਤੇ ਅਧਿਆਪਕ ਵੀ ਸਕੂਲ ਚਲਾਉਣ ਵਾਲੀ ਸੰਸਥਾ ਦੇ ਮੈਂਬਰ ਸਨ, ਜੋ ਇਸ ਪਾਰਟੀ ਦੀ ਰੀੜ੍ਹ ਦੀ ਹੱਡੀ ਸੀ।
ਗੱਲਬਾਤ ਦੌਰਾਨ ਉਨ੍ਹਾਂ ਤੰਦਰੁਸਤ ਜੀਵਨ ਵਾਸਤੇ ਸ਼ੁੱਧ ਦੁੱਧ ਨੂੰ ਬਹੁਤ ਲਾਹੇਵੰਦ ਦੱਸਿਆ। ਦੇਸੀ ਗਾਵਾਂ ਦੇ ਦੁੱਧ ਦੀ ਗੁਣਵੱਤਾ, ਇਤਿਹਾਸਕ ਮਹੱਤਤਾ, ਮੂਤਰ, ਗੋਬਰ ਨੂੰ ਬਹੁਤ ਗੁਣਕਾਰੀ ਦੱਸ ਕੇ ਇਨ੍ਹਾਂ ਨਸਲਾਂ ਨੂੰ ਪਾਲਣ ਅਤੇ ਹੋਰ ਲੋਕਾਂ ਨੂੰ ਇਸ ਲਾਭਦਾਇਕ ਕਿੱਤੇ ਬਾਰੇ ਉਤਸ਼ਾਹਿਤ ਕਰਨ ਲਈ ਕਿਹਾ। ਉਨ੍ਹਾਂ ਇਸ ਮਕਸਦ ਵਾਸਤੇ ਗਊ ਯਾਤਰਾ ਵੀ ਸ਼ੁਰੂ ਕੀਤੀ ਹੋਈ ਸੀ। ਪਸ਼ੂ ਪਾਲਣ ਧੰਦੇ ਨਾਲ ਸਬੰਧਤ ਹੋਣ ਕਾਰਨ ਉਹ ਮੈਨੂੰ ਪ੍ਰੇਰਨ ਲਈ ਆਏ ਸਨ।
ਪਿਛਲੇ ਸਮਿਆਂ 'ਚ ਵੀ ਚੋਣਾਂ ਤੋਂ ਪਹਿਲਾਂ ਵੱਖ-ਵੱਖ ਨਾਵਾਂ ਹੇਠ ਯਾਤਰਾਵਾਂ ਕੀਤੀਆਂ ਗਈਆਂ ਜਿਨ੍ਹਾਂ ਦਾ ਮਕਸਦ ਨਿਰੋਲ ਵੋਟਾਂ ਦੀ ਫਸਲ ਤਿਆਰ ਕਰਨਾ ਹੁੰਦਾ ਸੀ। ਇਕੋ ਪਾਰਟੀ ਦੇ ਲੋਕਾਂ ਦਾ ਅਜਿਹਾ ਹੀ ਤਰੀਕਾ ਕੁਝ ਸ਼ੰਕੇ ਪੈਦਾ ਕਰ ਗਿਆ। ਤੇਰਵੇਂ ਰਤਨ ਦੁੱਧ ਦੀ ਪਾਣੀ ਤੋਂ ਵੀ ਮਾੜੀ ਹਾਲਤ ਇਸ ਲਾਭਦਾਇਕ ਧੰਦੇ ਦਾ ਮੂੰਹ ਚਿੜਾ ਰਹੀ ਸੀ। ਮੈਂ ਇਹ ਜਾਣਨ ਲਈ ਉਤਾਵਲਾ ਸੀ ਕਿ ਇਹ ਸੱਚੀਂ ਗਊ ਭਗਤ ਨੇ ਜਾਂ ਵੋਟ ਭਗਤ?
ਮੇਰੀ ਸੋਚ ਉਡਾਰੀ 'ਚੋਂ ਇਕ ਅਧਿਆਪਕ ਦੇ ਕਿਸੇ ਵੇਲੇ ਆਖੇ ਇਹ ਸ਼ਬਦ ‘ਕਹਿਣੀ ਤੇ ਕਰਨੀ 'ਚ ਫਰਕ ਨਹੀਂ ਹੋਣਾ ਚਾਹੀਦਾ, ਭਲੇ ਦੇ ਕੰਮ ਆਪਣੇ ਤੋਂ ਸ਼ੁਰੂ ਕਰੋ ਤਾਂ ਤੁਹਾਨੂੰ ਵੇਖ ਕੇ ਹੋਰ ਲੋਕ ਇੰਜ ਕਰਨਗੇ' ਯਾਦ ਆ ਗਏ ਤੇ ਉਨ੍ਹਾਂ ਨੂੰ ਮੁਖਾਤਬ ਹੁੰਦਿਆਂ ਮੈਂ ਕਿਹਾ, ‘ਗੱਲ ਤੁਹਾਡੀ ਠੀਕ ਐ, ਤੰਦਰੁਸਤੀ ਤੋਂ ਵਧ ਕੇ ਕੁਝ ਹੋਰ ਨਹੀਂ। ਗਊ ਪਾਲਣ ਦਾ ਪੁੰਨ ਆਪਣੇ ਤੋਂ ਸ਼ੁਰੂ ਕਰਨਾ ਚਾਹੀਦਾ ਹੈ। ਯਾਤਰਾ ਤੋਂ ਪਹਿਲਾ ਆਪਾਂ ਵੀ ਦੋ ਗਾਵਾਂ ਰੱਖੀਏ ਤਾਂ ਲੋਕਾਂ ਨੂੰ ਕੁਝ ਕਹਿ ਸਕਾਂਗੇ।'
ਅਚਨਚੇਤ ਉਭਰੇ ਸਵਾਲ ਕਰਕੇ ਇਕ ਦੂਜੇ ਦੇ ਮੂੰਹ ਵੱਖ ਵੇਖਦਿਆਂ ਉਨ੍ਹਾਂ ਚੱਲਵਾਂ ਜਿਹਾ ਜੁਆਬ ਦਿੱਤਾ, ‘ਹੈ ਤਾਂ ਠੀਕ, ਪਰ ਸ਼ਹਿਰ 'ਚ ਥਾਂ ਦੀ ਘਾਟ ਕਰਕੇ ਗਊਆਂ ਰੱਖਣਾ ਮੁਸ਼ਕਿਲ ਹੈ, ਨਹੀਂ ਤਾਂ ਅਜਿਹਾ ਪੁੰਨ ਦਾ ਕੰਮ ਕਰਦੇ ਦੇਰ ਨਾ ਲਾਉਂਦੇ, ਤੇ ਨਾਲੇ ਤਾਜ਼ਾ ਦੁੱਧ ਪੀਂਦੇ' ਕਹਿ ਕੇ ਉਹ ਖਚਰੀ ਜਿਹੀ ਹਾਸੀ ਹੱਸੇ।
ਮੈਂ ਉਨ੍ਹਾਂ ਦੇ ਬਹਾਨੇ ਨੂੰ ਸਮਝਦਿਆਂ ਠਰੰਮੇ ਨਾਲ ਕਿਹਾ, ‘ਸ਼ੈਲਰ, ਕਾਰਖਾਨੇ, ਮੈਰਿਜ ਪੈਲੇਸ ਵਾਸਤੇ ਤਾਂ ਅਸੀਂ ਦੋ ਚਾਰ ਏਕੜ ਜ਼ਮੀਨ ਝੱਟ ਖਰੀਦ ਲੈਂਦੇ ਹਾਂ, ਫਿਰ ਗਊ ਮਾਤਾ ਵਾਸਤੇ ਥਾਂ ਕਿਉਂ ਨਹੀਂ?'
ਕੁਝ ਚਿਰ ਚੁੱਪ ਰਹੀ, ਉਨ੍ਹਾਂ ਕੋਲ ਠੋਸ ਜੁਆਬ ਨਾ ਹੋਣ ਕਾਰਨ ਗੱਲ ਬਦਲ ਕੇ ਆਖਣ ਲੱਗੇ, ‘ਵਾਪਰਕ ਕੰਮ ਨੇ, ਅੰਦਰ ਬਾਹਰ ਜਾਣਾ ਹੁੰਦੈ, ਦੇਰ ਸਵੇਰ ਹੋ ਜਾਂਦੀ ਐ। ਘਰੋਂ ਬਾਹਰ ਰਹਿਣਾ ਪੈਂਦੈ। ਕੌਣ ਪੱਠੇ ਪਾਊ ਤੇ ਕੌਣ ਧਾਰਾਂ ਕੱਢੂ।'
ਉਨ੍ਹਾਂ ਦੇ ਗੱਲ ਪੂਰੀ ਹੁੰਦਿਆਂ ਮੈਂ ਤੁਰੰਤ ਬੋਲ ਪਿਆ, ‘ਸ੍ਰੀਮਾਨ ਜੀ, ਬਹਾਨਾ ਆਪਣੀ ਪਛਾਣ ਖੁਦ ਕਰਵਾ ਦਿੰਦਾ ਹੈ। ਜੇ ਇਰਾਦਾ ਹੋਵੇ ਤਾਂ ਕੋਈ ਕੰਮ ਮੁਸ਼ਕਿਲ ਨਹੀਂ। ਸਾਡੀਆਂ ਔਰਤਾਂ ਕੁਝ ਖਾਸ ਦਿਨਾਂ 'ਤੇ ਆਪਣਾ ਜੀਵਨ ਸਫਲਾ ਕਰਨ ਲਈ ਗਊਸ਼ਾਲਾਵਾਂ 'ਚ ਤਸਲਾ ਚੁੱਕ ਕੇ ਪੱਠੇ ਪਾ ਰਹੀਆਂ ਹੁੰਦੀਆਂ ਹਨ। ਘਰ ਬੰਨ੍ਹੀ ਗਾਂ ਨੂੰ ਕਿਉਂ ਨਾ ਪਾਉਣਗੀਆਂ। ਲੋੜਵੰਦ ਲੋਕ ਦੁੱਧ ਦੀ ਗੜਵੀ ਵਾਸਤੇ ਧਾਰਾਂ ਵੀ ਕੱਢ ਜਾਂਦੇ ਹਨ।' ਇੰਨੇ ਨੂੰ ਮੇਰੀ ਪਤਨੀ ਦੁੱਧ ਦੇ ਗਲਾਸ ਅਤੇ ਬਿਸਕੁਟ ਰੱਖ ਗਈ। ਮੈਂ ਆਪਣੀ ਗੱਲ ਜਾਰੀ ਰੱਖੀ, ‘ਪਸ਼ੂ ਪਾਲਣ ਘਾਟੇ ਦਾ ਸੌਦਾ ਹੈ, ਤੁਸੀਂ ਸਿਆਸੀ ਲੋਕ ਅਜਿਹਾ ਨਹੀਂ ਕਰ ਸਕਦੇ। ਇਹ ਗੱਲ ਤੁਹਾਡੀ ਨੀਅਤ 'ਤੇ ਹੂ-ਬ-ਹੂ ਢੁੱਕਦੀ ਹੈ। ਬਹਾਨਾ ਹੋਰ ਤੇ ਨਿਸ਼ਾਨਾ ਹੋਰ। ਤੁਸੀਂ ਲੋਕਾਂ ਦੀ ਗਊ ਪ੍ਰਤੀ ਆਸਥਾ ਨੂੰ ਆਪਣੇ ਮਕਸਦ ਲਈ ਵਰਤਣਾ ਚਾਹੁੰਦੇ ਹੋ। ਆਸਥਾ ਨੂੰ ਸਿਆਸਤ ਲਈ ਵਰਤਣਾ ਖਤਰਨਾਕ ਰੁਝਾਨ ਹੈ। ਇਸ ਨਾਲ ਲੱਕਾਂ ਲੋਕ ਆਪਣੀਆਂ ਜਾਨਾਂ ਤੋਂ ਹੱਥ ਧੋ ਬੈਠੇ ਹਨ ਅਤੇ ਘਰੋਂ ਬੇਘਰ ਹੋਏ ਫਿਰਦੇ ਨੇ। ਲੋਕਾਂ ਨੂੰ ਗੁੰਮਰਾਹ ਕਰਨ ਲਈ ਮੈਂ ਤੁਹਾਡਾ ਸਾਥ ਨਹੀਂ ਦੇ ਸਕਦਾ।
ਦੁੱਧ ਨੂੰ ਅੰਮ੍ਰਿਤ ਕਹਿਣ ਵਾਲੇ ਉਹ ਲੋਕ ਭਰੇ ਭਰਾਏ ਗਲਾਸ ਛੱਡ ਕੇ ਤੁਰਦੇ ਬਣੇ, ਜਿਵੇਂ ਉਨ੍ਹਾਂ ਦੀ ਵੋਟਾਂ ਵਾਲੀ ਫਸਲ 'ਤੇ ਗੜੇਮਾਰੀ ਹੋ ਗਈ ਹੋਵੇ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ