Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਨਜਰਰੀਆ

ਕਹਾਣੀ: ਵਿਰਾਸਤ

June 09, 2021 02:12 AM

-ਕੁਲਵਿੰਦਰ ਸਿੰਘ ਬਿੱਟੂ
ਪੋਹ ਦੀ ਆਖਰੀ ਸ਼ਾਮ। ਧੁੰਦ ਨੇ ਆਲੇ ਦੁਆਲੇ ਪਸਰਨਾ ਸ਼ੁਰੂ ਕਰ ਦਿੱਤਾ। ਸ਼ਹਿਰ ਦੇ ਪ੍ਰਾਈਵੇਟ ਹਸਪਤਾਲ ਦਾ ਵੇਟਿੰਗ ਹਾਲ। ਕਾਲੀਆਂ ਤਿੰਨ ਜੁੜੀਆਂ ਕੁਰਸੀਆਂ ਉੱਤੇ ਠੋਡੀ ਨੂੰ ਹੱਥਾਂ ਦਾ ਸਹਾਰਾ ਲਾਈ ਝੁਕਿਆ ਬੈਠਾ ਮੈਂ ਫਰਸ਼ ਵੱਲ ਦੇਖ ਰਿਹਾ ਹਾਂ। ਮੇਰੇ ਸਾਹਮਣੇ ਕੁਰਸੀਆਂ ਉੱਤੇ ਇੱਕ ਅਧੇੜ ਉਮਰ ਦਾ ਜੋੜਾ ਬੈਠਾ, ਮੇਰੇ ਵਾਂਗ ਹੀ ਚੁੱਪ ਤੇ ਸਹਿਮਿਆ ਹੋਇਆ। ਡਾਕਟਰ ਦੇ ਬੋਲ ਜ਼ਿਹਨ ਵਿੱਚ ਆਉਂਦਿਆਂ ਮੇਰੀ ਭੁੱਬ ਨਿਕਲਦੀ ਹੈ। ਮੈਂ ਉਠ ਕੇ ਖਿੜਕੀ ਕੋਲ ਚਲਿਆ ਜਾਂਦਾ ਹਾਂ। ਬੈਠੇ ਜੋੜੇ ਵੱਲ ਪਿੱਠ ਕਰ ਕੇ ਅੱਖਾਂ ਨੂੰ ਜ਼ੋਰ ਨਾਲ ਬੰਦ ਕਰ ਸਾਰੇ ਹੰਝੂ ਬਾਹਰ ਕੱਢਦਾ ਹਾਂ। ਇੱਕ ਵੱਡਾ ਹਟਕੋਰਾ ਸਾਰੇ ਕਮਰੇ ਵਿੱਚ ਗੂੰਜਦਾ ਹੈ। ਮੈਂ ਰੁਮਾਲ ਕੱਢ ਕੇ ਅੱਖਾਂ ਤੇ ਨੱਕ ਸਾਫ ਕਰ ਕੇ ਤੇਜ਼ੀ ਨਾਲ ਵੇਟਿੰਗ ਹਾਲ ਤੋਂ ਬਾਹਰ ਜਾਂਦਾ ਹਾਂ।
ਆਈ ਸੀ ਯੂ ਵਾਰਡ ਦੇ ਬਾਹਰ ਮੇਰਾ ਭਰਾ, ਭੈਣ ਜੀਜਾ ਤੇ ਪਤਨੀ ਆਪਸੀ ਗੁਫਤਗੂ ਵਿੱਚ ਲੱਗੇ ਹੋਏ ਹਨ। ਆਈ ਸੀ ਯੂ ਹਾਲ ਦਾ ਦਰਵਾਜ਼ਾ ਖੋਲ੍ਹ ਮੈਂ ਭਾਪਾ ਜੀ ਦੇ ਬੈੱਡ ਕੋਲ ਜਾ ਖੜ੍ਹਦਾ ਹਾਂ। ਭਾਪਾ ਜੀ ਅੱਖਾਂ ਬੰਦ ਕਰੀ ਲੰਮੇ ਪਏ ਹਨ। ਮੈਂ ਉਨ੍ਹਾਂ ਦੇ ਸਿਰ ਦਾ ਲੱਥਾ ਪਰਨਾ ਠੀਕ ਕਰਦਾ ਹਾਂ, ਉਨ੍ਹਾਂ ਦੀ ਅੱਖ ਖੁੱਲ੍ਹਦੀ ਹੈ। ‘ਮੈਂ ਹੁਣ ਠੀਕ ਹਾਂ। ਮੈਨੂੰ ਘਰ ਲੈ ਚੱਲੋ।’ ਭਾਪਾ ਜੀ ਦਾ ਤਰਲਾ ਸੀ।
‘ਕੋਈ ਨਾ ਭਾਪਾ ਜੀ, ਥੋੜ੍ਹਾ ਹੋਰ ਠੀਕ ਹੋ ਜਾਓ। ਫੇਰ ਚਲਦੇ ਹਾਂ ਘਰ।’ ਭਾਪਾ ਜੀ ਦੀ ਸਿਹਤਯਾਬੀ ਬਾਰੇ ਡਾਕਟਰ ਦੇ ਅਸਮਰੱਥਾ ਭਰੇ ਕੁਰੱਖਥ ਬੋਲ ਫਿਰ ਮੇਰੇ ਜ਼ਿਹਨ ਵਿੱਚ ਆਉਂਦੇ ਹਨ। ਮੇਰਾ ਗੱਚ ਭਰਨ ਲੱਗਦਾ ਹੈ। ਮੈਂ ਆਈ ਸੀ ਯੂ ਵਾਰਡ ਵਿੱਚੋਂ ਤੇਜ਼ੀ ਨਾਲ ਬਾਹਰ ਨਿਕਲ ਐਮਰਜੈਂਸੀ ਨੂੰ ਉਤਰਦੀਆਂ ਪੌੜੀਆਂ ਉੱਤੇ ਲੱਤਾਂ ਨਿਸਾਲ ਬੈਠ ਜਾਂਦਾ ਹਾਂ।
ਦੋ ਕੁ ਮਹੀਨੇ ਪਹਿਲਾਂ ਆਪਣੇ ਜੱਦੀ ਪਿੰਡ ਇੱਕ ਮਰਗਤ ਉੱਤੇ ਗਿਆ ਸੀ। ਉਥੇ ਭਾਪਾ ਜੀ ਦੇ ਹਾਣੀ ਨੇ ਭਾਪਾ ਜੀ ਦਾ ਹਾਲ ਪੁੱਛਿਆ। ਮੈਂ ਕਿਹਾ, ‘ਠੀਕ ਐ ਤਾਇਆ ਜੀ। ਥੋੜ੍ਹੀ ਗੋਡਿਆਂ ਦੀ ਸਮੱਸਿਆ ਆ ਰਹੀ ਹੈ।’
‘ਧਿਆਨ ਰੱਖਿਓ ਬਈ ਆਪਣੇ ਭਾਪੇ ਦਾ। ਬੜੇ ਲਾਡਾਂ ਚਾਵਾਂ ਨਾਲ ਪਾਲਣ ਪੋਸ਼ਣ ਹੋਇਆ ਉਹਦਾ। ਆਂਚ ਨੀ ਤੇ ਆਉਣ ਦਿੰਦੇ ਉਹਨੂੰ ਤੇਰਾ ਬਾਬਾ ਤੇ ਪੜਦਾਦਾ ਦੋਵੇਂ ਜਣੇ। ਜਦ ਸ਼ਹਿਰ ਪੜ੍ਹਨ ਲੱਗੇ ਤਾਂ ਸਾਡੇ ਸਾਰਿਆਂ ਵਿੱਚੋਂ ਤੇਰੇ 'ਕੱਲੇ ਭਾਪੇ ਨੂੰ ਸਾਇਕਲ ਮਿਲਿਆ ਤਾ। ਛੁੱਟੀ ਤੋਂ ਬਾਅਦ ਥੋੜ੍ਹੀ ਦੇਰ ਹੋਣ ਉੱਤੇ ਹੀ ਨਦੀ ਤੱਕ ਦੇਖਣ ਆ ਜਾਂਦੇ ਤੇ ਉਹਨੂੰ ਉਹ ਦੋਵੇਂ ਜਣੇ। ਤੇਰੇ ਭਾਪੇ ਨੇ ਵੀ ਕਦੇ ਕੋਈ ਉਲਾਂਭਾ ਨਹੀਂ ਆਉਣ ਦਿੱਤਾ ਘਰੇ।’
ਹੋਰ ਬੈਠੇ ਬੰਦਿਆਂ ਨੇ ਤਾਇਆ ਜੀ ਦੀ ਗੱਲ ਦਾ ਹਾਂ ਵਿੱਚ ਹੁੰਗਾਰਾ ਦਿੱਤਾ। ਆਪਣੀ ਜ਼ਿੰਦਗੀ ਦੇ ਅਠਵੰਜਾ ਵਰ੍ਹੇ ਪਿੰਡ ਵਿੱਚ ਗੁਜ਼ਾਰਦਿਆਂ ਭਾਪਾ ਜੀ ਨੇ ਆਪਸੀ ਭਾਈਚਾਰਕ ਸਾਂਝ ਨੂੰ ਹਮੇਸ਼ਾ ਕਾਇਮ ਰੱਖਿਆ। ਸਹਿਣਸ਼ੀਲਤਾ ਉਨ੍ਹਾਂ ਦੇ ਸੁਭਾਅ ਦਾ ਮੁੱਖ ਗਹਿਣਾ ਸੀ। ਪਿੰਡ ਦੀ ਸਿਆਸਤ ਵਿੱਚ ਕਦੇ ਦਖਲ ਨਹੀਂ ਦਿੱਤਾ। ਸਭ ਨਾਲ ਪਿਆਰ ਤੇ ਹਲੀਮੀ ਨਾਲ ਪੇਸ਼ ਆਉਂਦੇ ਰਹੇ। ਸਾਡੇ ਦੋ ਭਰਾਵਾਂ ਤੇ ਤਿੰਨ ਭੈਣਾਂ ਦੇ ਪਾਲਣ ਪੋਸ਼ਣ ਦੌਰਾਨ ਭਾਪਾ ਜੀ ਤੇ ਬੀਬੀ ਨੇ ਬਹੁਤ ਮਿਹਨਤ ਕੀਤੀ। ਬੀਬੀ ਦਿਨ ਵੇਲੇ ਚਰਖੇ ਦੇ ਤੱਕਲੇ ਉੱਤੇ ਨਲੀਆਂ `ਤੇ ਸੂਤ ਚੜ੍ਹਾਉਂਦੀ ਰਹਿੰਦੀ। ਰਾਤ ਨੂੰ ਦੋਵੇਂ ਵਾਰੋ ਵਾਰੀ ਖੱਡੀ ਤੇ ਸਿਟਲਾਂ ਨੂੰ ਨਲੀਆਂ ਨਾਲ ਭਰ ਭਰ ਖਾਲੀ ਕਰ ਥਾਨ ਬੁਣਦੇ। ਇਸ ਖੱਡੀ ਦੇ ਖੜਾਕ ਵਿੱਚ ਹੀ ਸਾਨੂੰ ਭੈਣ ਭਰਾਵਾਂ ਨੂੰ ਪੜ੍ਹਨ ਤੇ ਸੌਣ ਦੀ ਆਦਤ ਪੈ ਗਈ ਸੀ। ਭਾਪਾ ਜੀ ਇਨ੍ਹਾਂ ਬੁਣੇ ਥਾਨਾਂ ਨੂੰ ਦਫਤਰੋਂ ਛੁੱਟੀ ਵਾਲੇ ਦਿਨ ਸਾਇਕਲ ਉੱਤੇ ਲੱਦ ਪਿੰਡਾਂ ਵਿੱਚ ਵੇਚਣ ਜਾਂਦੇ। ਵਾਪਸੀ ਵੇਲੇ ਇੱਕ ਖਾਕੀ ਲਿਫਾਫੇ ਵਿੱਚ ਖੋਏ ਦੀ ਬਰਫੀ ਲੈ ਕੇ ਆਉਂਦੇ। ਬੀਬੀ ਆਪ ਸਭ ਨੂੰ ਬਰਾਬਰ ਬਰਾਬਰ ਵੰਡਦੀ।
‘ਬਿੱਟੂ, ਭਾਪਾ ਜੀ ਨੂੰ ਪੀ ਜੀ ਆਈ ਲੈ ਚਲਦੇ ਹਾਂ। ਇਹ ਕੋਈ ਸਿੱਧੀ ਲਾ ਨਹੀਂ ਰਹੇ।’ ਮੇਰੀ ਵੱਡੀ ਭੈਣ ਦਾ ਮੇਰੇ ਮੋਢਿਆਂ ਉੱਤੇ ਹੱਥ ਸੀ। ਮੇਰੀਆਂ ਅੱਖਾਂ ਖੁੱਲ੍ਹੀਆਂ। ਇੱਕ ਨਵੀਂ ਆਸ ਨਾਲ ਮੈਂ ਉਠਿਆ ਤੇ ਸਿੱਧਾ ਡਾਕਟਰ ਦੇ ਕਮਰੇ ਵਿੱਚ ਜਾ ਪਹੁੰਚਿਆ। ਡਾਕਟਰ ਦੇ ਅਸਪੱਸ਼ਟ ਬੋਲਾਂ ਵਿੱਚੋਂ ਲਾਲਚ ਦੀ ਬਦਬੂ ਆ ਰਹੀ ਸੀ। ਜਿਵੇਂ ਡਾਕਟਰ ਮੁਤਾਬਕ ਮੁਰਗੀ ਵਿੱਚ ਅਜੇ ਸਾਹ ਸੱਤ ਕਾਇਮ ਸੀ। ਉਨ੍ਹਾਂ ਦੁਆਰਾ ਸਾਨੂੰ ਹਲਾਲ ਕਰਨ ਦੀ ਨੀਤ ਨੂੰ ਮੈਂ ਤਾੜ ਗਿਆ ਤੇ ਛੇਤੀ ਹੀ ਭਾਪਾ ਜੀ ਨੂੰ ਰੈਫਰ ਕਰਵਾ ਕੇ ਅਸੀਂ ਪੀ ਜੀ ਆਈ ਨੂੰ ਤੁਰ ਪਏ।
ਮੇਰਾ ਭਰਾ ਤੇ ਪਤਨੀ, ਭਾਪਾ ਜੀ ਨਾਲ ਐਂਬੂਲੈਂਸ ਵਿੱਚ ਬੈਠ ਗਏ। ਮੈਂ ਤੇ ਭੈਣ ਐਂਬੂਲੈਂਸ ਦੇ ਪਿੱਛੇ-ਪਿੱਛੇ ਜਾ ਰਹੇ ਸਾਂ। ‘ਭਾਪਾ ਜੀ ਦੀ ਹਾਲਤ ਖਾਸੀ ਖਰਾਬ ਹੋ ਗਈ।’ ਭੈਣ ਦੇ ਬੋਲ ਸਨ।
‘ਹਾਂ ਭੈਣ ਇਨਫੈਕਸ਼ਨ ਕਾਫੀ ਵਧੀ ਹੋਈ ਆ। ਡਾਕਟਰ ਕਹਿੰਦੇ ਸੀ, ਕੁਸ਼ ਵੀ ਹੋ ਸਕਦਾ।’ ਕਹਿ ਕੇ ਮੈਂ ਚੁੱਪ ਕਰ ਗਿਆ।
‘ਕੁਸ਼ ਵੀ ਮਤਲਬ?’ ਮੈਂ ਚੁੱਪ ਚਾਪ ਕਾਰ ਚਲਾਈ ਗਿਆ।
‘ਭਾਪਾ ਜੀ ਨੇ ਤਾਂ ਸਾਰੀ ਜ਼ਿੰਦਗੀ ਕਿਸੇ ਦਾ ਮਾੜਾ ਨਹੀਂ ਕੀਤਾ।’ ਭੈਣ ਨੇ ਅੱਖਾਂ ਸਾਫ ਕੀਤੀਆਂ।
‘ਮੈਂ ਆਪਣੀ 45 ਸਾਲ ਦੀ ਉਮਰ ਦੌਰਾਨ ਕਦੇ ਉਨ੍ਹਾਂ ਨੂੰ ਕਿਸੇ ਨਾਲ ਲੜਦੇ ਨਹੀਂ ਦੇਖਿਆ। ਕਦੇ ਉਨ੍ਹਾਂ ਮੂੰਹੋਂ ਕਿਸੇ ਨੂੰ ਗਾਲ੍ਹ ਨਹੀਂ ਸੁਣੀ।’ ਭੈਣ ਵੱਲੋਂ ਭਾਪਾ ਜੀ ਦੀ ਸ਼ਰਾਫਤ ਭਰੀ ਜ਼ਿੰਦਗੀ ਬਾਰੇ ਬੋਲਾਂ ਉੱਤੇ ਮੋਹਰ ਲਾਉਂਦਿਆਂ ਮੈਂ ਕਿਹਾ।
‘ਭੈਣ ਇੱਕ ਵਾਕਿਆ ਸੁਣ, ਭਾਪਾ ਜੀ ਦੇ ਸਾਫ ਦਿਲ ਤੇ ਭੋਲੇਪਣ ਦਾ, ਵਿਧਾਨ ਸਭਾ ਦੀਆਂ ਪਿਛਲੀਆਂ ਚੋਣਾਂ ਵਿੱਚ ਭਾਪਾ ਜੀ ਨੇ ਅਕਾਲੀਆਂ ਨੂੰ ਵੋਟ ਪਾਈ ਤੇ ਵਾਪਸੀ ਤੇ ਉਹ ਕਾਂਗਰਸ ਵਾਲਿਆਂ ਦੀ ਕਾਰ ਵਿੱਚ ਬੈਠ ਕੇ ਘਰ ਨੂੰ ਆ ਰਹੇ ਸਨ। ਕਾਂਗਰਸੀ ਕਹਿੰਦੇ, ਬਾਬਾ ਜੀ ਪਾ ਦਿੱਤੀ ਫੇਰ ਵੋਟ। ਭਾਪਾ ਜੀ ਕਹਿੰਦੇ ਹਾਂ ਭਾਈ ਮੈਂ ਤਾਂ ਅਕਾਲੀਆਂ ਨੂੰ ਵੋਟ ਪਾਈ ਆ। ਭਤੀਜਾ ਪਾਰਸ ਕਹਿੰਦਾ ਕਾਂਗਰਸੀ ਵਿਚਾਰੇ ਚੁੱਪ ਕਰ ਗਏ।’
‘ਅੱਛਿਆ।’ ਭੈਣ ਬਨਾਊਟੀ ਹਾਸਾ ਹੱਸਦਿਆਂ ਬੋਲੀ। ‘ਭਾਪਾ ਜੀ ਵਰਗੇ ਸਿੱਧੇ ਸਾਦੇ, ਭੋਲੇ, ਸਾਊ, ਉੱਚੇ ਤੇ ਸੁੱਚੇ ਕਿਰਦਾਰ ਵਾਲੇ ਬੰਦੇ ਕਿੱਥੇ ਲੱਭਣੇ।’ ਭੈਣ ਨਾਲ ਹੀ ਬੋਲੀ।
‘ਹਾਂ ਭੈਣ ਸਾਰੀ ਜ਼ਿੰਦਗੀ ਇਨ੍ਹਾਂ ਨੇ ਕਿਸੇ ਪ੍ਰਤੀ ਦਿਲ ਵਿੱਚ ਖੋਟ ਨਹੀਂ ਰੱਖੀ। ਹਮੇਸ਼ਾ ਸਭ ਦਾ ਭਲਾ ਚਾਹਿਆ। ਜੋ ਦਿਲ ਵਿੱਚ ਆਉਂਦਾ, ਮੂੰਹ ਉੱਤੇ ਬੋਲ ਦਿੰਦੇ। ਰਿਟਾਇਰ ਹੋਣ ਤੋਂ ਬਾਅਦ ਭਾਪਾ ਜੀ ਜ਼ਿਆਦਾਤਰ ਗੁਰਦੁਆਰੇ ਵਿੱਚ ਹੀ ਰਹਿੰਦੇ। ਅਕਸਰ ਜੂਠੇ ਬਰਤਨਾਂ ਦੀ ਸੇਵਾ ਕਰਦੇ। ਕਦੇ ਪੰਗਤ ਨੂੰ ਲੰਗਰ ਛਕਾਉਂਦੇ। ਘਰ ਵੀ ਸੁਖਮਨੀ ਸਾਹਿਬ ਦਾ ਪਾਠ ਕਰਦੇ ਰਹਿੰਦੇ। ਪੈਨਸ਼ਨ ਮਿਲਣ ਉੱਤੇ ਦਸਵੰਧ ਦੇਣਾ ਨਾ ਭੁੱਲਦੇ। ਭੈਣ ਪਹਿਰਾਵਾ ਵੀ ਬਿਲਕੁਲ ਸਾਦਾ ਹੋ ਗਿਆ ਭਾਪਾ ਜੀ ਦਾ।’ ਮੈਂ ਭੈਣ ਨੂੰ ਦੱਸ ਰਿਹਾ ਸੀ, ਕਿਉਂਕਿ ਦੂਰ ਰਹਿਣ ਕਾਰਨ ਭੈਣ ਦਾ ਚੱਕਰ ਦੇਰ ਬਾਅਦ ਹੀ ਲੱਗਦਾ ਸੀ।
‘ਭਾਪਾ ਜੀ ਕੋਠੇ ਤੋਂ ਡਿੱਗ ਕਿਵੇਂ ਗਏ? ਚੱਕਰ ਆਇਆ ਜਾਂ ਪੈਰ ਫਿਸਲਿਆ?’ ਥੋੜ੍ਹੀ ਦੇਰ ਬਾਅਦ ਭੈਣ ਬੋਲੀ।
‘ਪਤਾ ਨਹੀਂ ਭੈਣ ਚੱਕਰ ਆਇਆ ਕਿ ਉਨ੍ਹਾਂ ਦਾ ਪੈਰਾਂ ਦਾ ਬੈਲੇਂਸ ਨਹੀਂ ਬਣਿਆ। ਪੌੜੀਆਂ ਦੀ ਰੇਲਿੰਗ ਦੇ ਉਪਰੋਂ ਟੱਪ ਕੇ ਸਿੱਧਾ ਫਰਸ਼ ਉੱਤੇ ਜਾ ਡਿੱਗੇ। ਰੀੜ੍ਹ ਦੀ ਮੇਨ ਹੱਡੀ ਵਿੱਚ ਫਰੈਕਚਰ ਬਲੈਡਰ ਦੇ ਬਿਲਕੁਲ ਕੋਲ ਆਇਆ। ਜਿਸ ਕਾਰਨ ਪਿਸ਼ਾਬ ਰੁਕ ਗਿਆ ਤੇ ਇਨਫੈਕਸ਼ਨ ਬਣਨ ਲੱਗ ਗਈ।’ ਮੈਂ ਭੈਣ ਨੂੰ ਦੱਸਿਆ।
‘ਪਹਿਲਾਂ ਮੈਂ ਵੀ ਭਾਪਾ ਜੀ ਨੂੰ ਕਿਹਾ ਸੀ ਕਿ ਤੁਸੀਂ ਪੌੜੀਆਂ ਨਾ ਚੜ੍ਹਿਆ ਕਰੋ। ਰੋਟੀ ਹੇਠਾਂ ਮੰਗਵਾ ਲਿਆ ਕਰੋ।’ ਭੈਣ ਨੇ ਫਿਰ ਅੱਖਾਂ ਸਾਫ ਕੀਤੀਆਂ।
‘ਅਸਲ ਵਿੱਚ ਭੈਣ ਭਾਪਾ ਜੀ ਕਿਸੇ ਨੂੰ ਥੋੜ੍ਹੀ ਜਹੀ ਤਕਲੀਫ ਵੀ ਨਹੀਂ ਦੇਣਾ ਚਾਹੁੰਦੇ ਸਨ। ਉਹ ਸਾਡੇ ਕੋਲ ਦਿਨ ਵਿੱਚ ਕਈ-ਕਈ ਚੱਕਰ ਲਾ ਜਾਂਦੇ। ਕਹਿੰਦੇ ਲੱਤਾਂ ਚੱਲਦੀਆਂ ਰਹਿਣੀਆਂ ਚਾਹੀਦੀਆਂ ਹਨ। ਰੁਕ ਗਈਆਂ ਤਾਂ ਤੁਹਾਡੇ ਵੱਸ ਹੋਜੂੰ।’ ਭਾਪਾ ਜੀ ਦੇ ਦਿਲ ਦੀ ਬੋਲੀ ਮੈਂ ਭੈਣ ਨੂੰ ਦੱਸੀ।
ਪੀ ਜੀ ਆਈ ਐਮਰਜੈਂਸੀ ਦੇ ਨੱਕੋ-ਨੱਕ ਭਰੇ ਬਲਾਕ ਏ ਦੇ ਹਾਲ ਵਿੱਚ ਭਾਪਾ ਜੀ ਇੱਕ ਨੁਕਰੇ ਲੱਗੇ ਪਏ ਹਨ। ਹਾਅ ਕਲਾਪ ਅਤੇ ਰੋਣ ਧੋਣ ਦੇ ਦੇ ਮਾਹੌਲ ਵਿੱਚ ਪਤਾ ਈ ਨਹੀਂ ਲੱਗਦਾ ਕਿ ਕੌਣ ਆ ਰਿਹਾ ਤੇ ਕੌਣ ਜਾ ਰਿਹਾ ਹੈ। ਕਦੋਂ ਰਾਤ ਹੋਈ ਤੇ ਕਦੋਂ ਦਿਨ ਚੜ੍ਹ ਗਿਆ। ਸਭ ਦੁਖੀ ਅਤੇ ਮੁਰਝਾਏ ਚਿਹਰਿਆਂ ਨਾਲ ਇਧਰ ਉਧਰ ਭਟਕ ਰਹੇ ਹਨ। ਭੈਣ ਭਾਪਾ ਜੀ ਕੋਲ ਖੜ੍ਹੇ ਹਨ। ਮੈਂ ਭਰਾ ਤੇ ਮੇਰੀ ਪਤਨੀ ਭਾਪਾ ਜੀ ਦੇ ਖੂਨ ਤੇ ਪਿਸ਼ਾਬ ਦੇ ਸੈਂਪਲਾਂ ਨੂੰ ਵੱਖ-ਵੱਖ ਲੈਬਾਰਟਰੀਆਂ ਵਿੱਚ ਭੱਜ ਭੱਜ ਕੇ ਪੁਚਾ ਰਹੇ ਹਾਂ। ਕੈਮਿਸਟ ਤੋਂ ਦਵਾਈਆਂ ਢੋਅ ਰਹੇ ਹਾਂ। ਹਰ ਪਾਸੇ ਭੀੜ ਹੀ ਭੀੜ। ਜਿਵੇਂ ਸਾਰੀ ਦੁਨੀਆ ਇੱਥੇ ਹੀ ਇਕੱਠੀ ਹੋ ਗਈ ਹੋਵੇ।
‘ਬਿੱਟੂ, ਭਾਪਾ ਜੀ ਬੱਚਿਆਂ ਨਾਲ ਗੱਲ ਕਰਨ ਨੂੰ ਕਹਿ ਰਹੇ ਹਨ।’ ਭੈਣ ਨੇ ਕਿਹਾ। ਮੈਂ ਤੁਰੰਤ ਵੀਡੀਓ ਕਾਲ ਰਾਹੀਂ ਘਰ ਬੈਠੇ ਚਾਰੋਂ ਬੱਚਿਆਂ ਨਾਲ ਭਾਪਾ ਜੀ ਦੀ ਮੁਲਾਕਾਤ ਕਰਾਈ। ਉਹੀ ਪਹਿਲਾਂ ਵਾਲੀ ਮੁਸਕੁਰਾਹਟ ਭਾਪਾ ਜੀ ਦੇ ਚਿਹਰੇ ਉੱਤੇ ਆਈ, ਜੋ ਅਕਸਰ ਬੱਚਿਆਂ ਵਿੱਚ ਬੈਠ ਕੇ ਉਨ੍ਹਾਂ ਦੇ ਚਹਿਰੇ ਉੱਤੇ ਰਹਿੰਦੀ ਸੀ। ‘ਭੈਣ ਪਿਛਲੇ ਨਵੇਂ ਸਾਲ ਨੂੰ ਬੱਚੇ ਕਹਿੰਦੇ, ਭਾਪਾ ਜੀ ਪੰਜ ਸੌ ਰੁਪਏ ਦਿਓ। ਅਸੀਂ ਨਵੇਂ ਸਾਲ ਦੀ ਪਾਰਟੀ ਕਰਨੀ ਐ। ਭਾਪਾ ਜੀ ਕਹਿੰਦੇ, ਪੰਜ ਸੌ ਨਹੀਂ, ਤੁਸੀਂ ਦੋ ਹਜ਼ਾਰ ਲੈ ਲਓ, ਪਰ ਪਾਰਟੀ ਵਿੱਚ ਦੋਵੇਂ ਪਰਵਾਰਾਂ ਦੇ ਸਾਰੇ ਮੈਂਬਰਾਂ ਨੂੰ ਇਕੱਠੇ ਕਰੋ। ਅਸੀਂ ਭਾਪਾ ਜੀ ਦਾ ਸਾਰਾ ਪਰਵਾਰ ਇਕੱਠਾ ਹੋਇਆ। ਉਸ ਦਿਨ ਭਾਪਾ ਜੀ ਬਹੁਤ ਖੁਸ਼ ਸਨ। ਅਸਲ ਵਿੱਚ ਭਾਪਾ ਜੀ ਦੀ ਦਿਲੀ ਇੱਛਾ ਸੀ ਕਿ ਸਾਡੇ ਦੋਵਾਂ ਭਰਾਵਾਂ ਦੇ ਪਰਵਾਰ ਵਿੱਚ ਆਪਸੀ ਪਿਆਰ ਤੇ ਇਤਫਾਕ ਬਣਿਆ ਰਿਹਾ।’ ਮੈਂ ਭੈਣ ਨੂੰ ਹੌਲੀ ਆਵਾਜ਼ ਵਿੱਚ ਕਿਹਾ।
ਫੇਰ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਦੇ ਕਥਾ ਵਾਚਕ ਨਾਲ ਗੱਲ ਕਰਨੀ ਚਾਹੀ, ਜਿਨ੍ਹਾਂ ਨਾਲ ਗੁਰਦੁਆਰਾ ਸਾਹਿਬ ਵਿਖੇ ਉਹ ਗੁਰਮਤਿ ਦੀਆਂ ਵਿਚਾਰਾਂ ਕਰਿਆ ਕਰਦੇ ਸਨ। ਸਾਖੀਆਂ ਸੁਣ ਕੇ ਘਰ ਆ ਕੇ ਸਾਨੂੰ ਸੁਣਾਇਆ ਕਰਦੇ ਸਨ। ਕਥਾ ਵਾਚਕ ਦੀ ਫੋਨ ਉੱਤੇ ਤਸਵੀਰ ਦੇਖਦੇ ਹੀ ਭਾਪਾ ਜੀ ਨੇ ਹੱਥ ਜੋੜ ਲਏ ਤੇ ਕੰਬਦਿਆਂ ਬੋਲਾਂ ਨਾਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਉਚਾਰਿਆ ਤੇ ਤਸੱਲੀ ਨਾਲ ਅੱਖਾਂ ਬੰਦ ਕਰ ਲਈਆਂ। ਭਾਪਾ ਜੀ ਦਾ ਸਕੂਨ ਭਰਿਆ ਚਿਹਰਾ ਦੇਖ ਸਾਨੂੰ ਤਸੱਲੀ ਹੋਈ। ਭੈਣ ਕਹਿੰਦੇ, ਕੋਈ ਵਿਚਾਰ ਤਾਂ ਕਰ ਲੈਂਦੇ ਭਾਪਾ ਜੀ ਆਪਣੇ ਕਥਾ ਵਾਚਕ ਦੋਸਤ ਨਾਲ। ਭਾਪਾ ਜੀ ਕੁਝ ਨਾ ਬੋਲੇ। ਫੇਰ ਕੰਬਦੇ ਹੱਥਾਂ ਨਾਲ ਆਕਸੀਜਨ ਮਾਸਕ ਉਤਾਰਦਿਆਂ ਉਨ੍ਹਾਂ ਸਾਨੂੰ ਕੁਝ ਕਿਹਾ, ਪਰ ਉਨ੍ਹਾਂ ਦਾ ਕੋਈ ਵੀ ਬੋਲ ਸਾਡੇ ਸਮਝ ਨਹੀਂ ਆਇਆ। ਨਿਸ਼ਚੇ ਹੀ ਇਨਫੈਕਸ਼ਨ ਨੇ ਉਨ੍ਹਾਂ ਦੀ ਆਵਾਜ਼ ਉੱਤੇ ਹਮਲਾ ਬੋਲਿਆ ਹੋਣੈ। ‘ਇਨ੍ਹਾਂ ਦਾ ਸਾਹ ਰੁਕ ਗਿਆ।’ ਆਕਸੀਜਨ ਪੰਪ ਕਰਦੀ ਮੇਰੀ ਪਤਨੀ ਚੀਕੀ। ਅਸੀਂ ਦੋਵੇਂ ਭਰਾ ਡਾਕਟਰ ਵੱਲ ਦੌੜੇ। ਡਾਕਟਰ ਦੇ ਬੋਲਾਂ ਨੇ ਸਾਨੁੂੰ ਸੁੰਨ ਕਰ ਦਿੱਤਾ। ਮੈਂ ਕੋਲ ਪਏ ਸਟੂਲ ਉੱਤੇ ਬੈਠ ਗਿਆ। ਮੇਰੀ ਦੁਬਾਰਾ ਭਾਪਾ ਜੀ ਕੋਲ ਜਾਣ ਦੀ ਹਿੰਮਤ ਨਹੀਂ ਹੋ ਰਹੀ ਸੀ। ਇਨਫੈਕਸ਼ਨ ਭਾਪਾ ਜੀ ਦੇ ਸਰੀਰ ਨੂੰ ਗ੍ਰਿਫਤ ਵਿੱਚ ਲੈ ਚੁੱਕੀ ਸੀ। ਗੁਰਦੇ ਫੇਫੜਿਆਂ ਨੂੰ ਪੂਰੀ ਤਰ੍ਹਾਂ ਮਾਤ ਦੇ ਕੇ ਉਹ ਭਾਪਾ ਜੀ ਦੀ ਸੰਘੀ ਤੱਕ ਪਹੁੰਚ ਚੁੱਕੀ ਸੀ। ਭਾਣਾ ਕਿਸੇ ਵੀ ਸਮੇਂ ਵਾਪਰ ਸਕਦਾ ਸੀ।
ਅਸੀਂ ਚਾਰੇ ਪਰਵਾਰਕ ਮੈਂਬਰ ਭਾਪਾ ਜੀ ਦੇ ਬੈੱਡ ਦੇ ਦੁਆਲੇ ਹੱਥ ਜੋੜੀ ਖੜ੍ਹੇ ਹਾਂ। ਇੱਕ ਦਰਵੇਸ਼ ਇਨਸਾਨ, ਸਾਡੇ ਸਿਰ ਦਾ ਤਾਜ, ਘਰ ਦੀ ਸ਼ਾਨ, ਘਰ ਦੀ ਰੌਣਕ, ਇੱਕ ਰੱਬੀ ਰੂਹ, ਇੱਕ ਭੋਲਾ ਪੰਛੀ ਸਾਡੇ ਘਰ ਵਿੱਚੋਂ ਸਦਾ ਲਈ ਉਡਾਰੀ ਮਾਰ ਗਿਆ ਹੈ। ਅੱਖਾਂ ਵਿੱਚੋਂ ਨੀਰ ਵਹਾਉਣ ਤੇ ਇੱਕ ਦੂਜੇ ਨੂੰ ਦਿਲਾਸਾ ਦੇਣੋਂ ਬਿਨਾਂ ਸਾਡੇ ਕੋਲ ਕੁਝ ਨਹੀਂ ਹੈ। ਭਰਾ ਭਾਪਾ ਜੀ ਦੇ ਮੂੰਹ ਨੂੰ ਕੰਬਲ ਨਾਲ ਢਕ ਦੇਂਦਾ ਹੈ। ਮੈਂ ਸਿੱਲੀਆਂ ਅੱਖਾਂ ਤੇ ਕੰਬਦੇ ਬੋਲਾਂ ਨਾਲ ਭੈਣ ਤੇ ਆਪਣੀ ਪਤਨੀ ਨੂੰ ਹੌਸਲਾ ਰੱਖਣ ਦੀ ਨਸੀਹਤ ਦੇਂਦਾ ਹਾਂ। ਅਸੀਂ ਸਾਰੇ ਰਲ ਕੇ ਭਾਪਾ ਜੀ ਨੂੰ ਬਲਾਕ ਏ ਵਿੱਚੋਂ ਬਾਹਰ ਕੱਢ ਲਿਆਉਂਦੇ ਹਾਂ।
ਭਾਪਾ ਜੀ ਨੂੰ ਚੰਗੀ ਤਰ੍ਹਾਂ ਨਹਾ, ਚਿੱਟੇ ਕੱਪੜੇ ਪਵਾ, ਸਿਰ ਉੱਤੇ ਦਸਤਾਰ ਸਜਾ ਕਕਾਰਾਂ ਸਮੇਤ ਗਲ ਵਿੱਚ ਪੀਲੇ ਰੰਗ ਦਾ ਸਿਰਪਾਉ ਪਾ ਅਸੀਂ ਉਨ੍ਹਾਂ ਨੂੰ ਘਰੋਂ ਸਦਾ ਲਈ ਵਿਦਾ ਕਰਨ ਲੈ ਤੁਰਦੇ ਹਾਂ। ਮੈਂ ਅਤੇ ਭਰਾ ਅਰਥੀ ਦੇ ਅਲੱਗ-ਅਲੱਗ ਪਾਸੇ ਸਭ ਤੋਂ ਅੱਗੇ ਲੱਗੇ ਹੋਏ ਹਾਂ। ਨੰਗੇ ਪੈਰੀਂ ਤੁਰ ਰਹੇ ਮੇਰੇ ਖੱਬੇ ਮੋਢੇ ਨੂੰ ਜ਼ਿਆਦਾ ਵਜ਼ਨ ਮਹਿਸੂਸ ਹੋ ਰਿਹਾ ਹੈ। ਨਿਸ਼ਚੇ ਹੀ ਦੂਜੇ ਪਾਸੇ ਭਰਾ ਨੂੰ ਵੀ ਬਰਾਬਰ ਵਜ਼ਨ ਮਹਿਸੂਸ ਹੋ ਰਿਹਾ ਹੋਵੇਗਾ। ਮੈਂ ਪਿੱਛੇ ਦੇਖਿਆ। ਮੇਰਾ ਭਤੀਜਾ ਤੇ ਭਾਣਜਾ ਅਰਥੀ ਨੂੰ ਲੱਗੇ ਹੋਏ ਹਨ। ਕੱਦ ਵਿੱਚੋਂ ਦੋਵੇਂ ਮੇਰੇ ਤੋਂ ਛੋਟੇ ਹੋਣ ਕਾਰਨ ਉਨ੍ਹਾਂ ਨੂੰ ਅਰਥੀ ਨੂੰ ਸਿਰਫ ਹੱਥ ਹੀ ਲਾਇਆ ਹੋਇਆ ਹੈ। ਮੈਨੂੰ ਮਹਿਸੂਸ ਹੋਇਆ ਕਿ ਭਾਪਾ ਜੀ ਜਾਂਦੇ ਆਪਣੀ ਅਮੀਰ ਵਿਰਾਸਤ ਦਾ ਭਾਰ ਮੇਰੇ ਮੋਢਿਆਂ ਉੱਤੇ ਛੱਡਦੇ ਜਾ ਰਹੇ ਹਨ। ਜਿਵੇਂ ਕਹਿ ਰਹੇ ਹੋਣ ਕਿ ਮੈਂ ਆਪਣੇ ਬਜ਼ੁਰਗਾਂ ਦੇ ਸੰਸਕਾਰਾਂ ਨੂੰ ਸਾਰੀ ਜ਼ਿੰਦਗੀ ਸੰਭਾਲ ਕੇ ਰੱਖਿਆ। ਉਨ੍ਹਾਂ ਦੇ ਜੀਵਨ ਵਰਗਾ ਉੱਚਾ ਤੇ ਸੁੱਚਾ ਜੀਵਨ ਜਿਊਣ ਲਈ ਪੂਰੀ ਵਾਹ ਲਾ ਦਿੱਤੀ। ਤੁਸੀਂ ਇਨ੍ਹਾਂ ਸੰਸਕਾਰਾਂ ਨੂੰ ਸੰਭਾਲਣਾ ਹੈ। ਮੈਂ ਸੋਚ ਰਿਹਾ ਸੀ ਕਿ ਹਮੇਸ਼ਾ ਕਿਸੇ ਨੂੰ ਮਾੜਾ ਨਾ ਬੋਲਣ, ਸਦਾ ਸੰਗਤ ਤੇ ਪੰਗਤ ਦੀ ਸੇਵਾ ਕਰਨ, ਸਾਦਾ ਖਾਣ-ਪੀਣ ਤੇ ਸਾਦਾ ਰਹਿਣ ਸਹਿਣ ਰੱਖਣ, ਗੁਰਮਤਿ ਦੀਆਂ ਵਿਚਾਰਾਂ ਦੱਸਣ, ਸਹਿਣਸ਼ੀਲਤਾ ਦਾ ਖਜ਼ਾਨਾ ਰੱਖਣ ਵਾਲੇ ਹਮੇਸ਼ਾ ਸਭ ਦਾ ਭਲਾ ਚਾਹੁਣ ਵਾਲੇ ਦਿਲੋਂ ਅਮੀਰ ਪੁਰਖ ਦੀ ਮਹਾਨ ਵਿਰਾਸਤ ਨੂੰ ਜਿਊਂਦਾ ਰੱਖਣਾ। ਕੋਈ ਖਾਲਾ ਜੀ ਦਾ ਵਾੜਾ ਥੋੜ੍ਹੀ ਆ। ਮੇਰਾ ਦਿਲ ਭਾਪਾ ਜੀ ਨਾਲ ਵਾਅਦਾ ਕਰ ਰਿਹਾ ਹੈ ਕਿ ਤੁਹਾਡੀ ਮਹਾਨ ਸ਼ਖਸੀਅਤ ਕਦਮ ਕਦਮ ਉੱਤੇ ਮੇਰੀ ਹੀ ਨਹੀਂ, ਸਾਰੇ ਪਰਵਾਰ ਦੀ ਅਗਵਾਈ ਕਰੇਗੀ। ਤੁਹਾਡੀ ਮਹਾਨ ਵਿਰਾਸਤ ਕਾਇਮ ਰਹੇਗੀ ਤੇ ਅੱਗੇ ਤੁਰੇਗੀ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’