Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਨਜਰਰੀਆ

ਮਖਮਲੀ ਆਵਾਜ਼ ਦੀ ਮੱਲਿਕਾ ਪ੍ਰਕਾਸ਼ ਕੌਰ

June 09, 2021 02:06 AM

-ਅੰਗਰੇਜ ਸਿੰਘ ਵਿਰਦੀ
ਪ੍ਰਕਾਸ਼ ਕੌਰ ਪੰਜਾਬੀ ਲੋਕ ਗਾਇਕੀ ਦਾ ਅਜਿਹਾ ਚਿਹਰਾ ਸਨ, ਜਿਨ੍ਹਾਂ ਨੇ ਕਰੀਬ 40 ਸਾਲ ਤੱਕ ਆਪਣੀ ਸੁਰੀਲੀ ਆਵਾਜ਼ ਨਾਲ ਪੰਜਾਬੀ ਸੰਗੀਤ ਦੀ ਭਰਪੂਰ ਸੇਵਾ ਕੀਤੀ ਅਤੇ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਅਦਬ ਨੂੰ ਸੰਗੀਤ ਦੇ ਮਾਧਿਅਮ ਰਾਹੀਂ ਘਰ-ਘਰ ਪੁਚਾਉਣ ਦਾ ਸ਼ਲਾਘ ਯੋਗ ਕੰਮ ਕੀਤਾ। ਬੇਸ਼ੱਕ ਪ੍ਰਕਾਸ਼ ਕੌਰ ਨਾ ਕਿਸੇ ਸੰਗੀਤਕ ਘਰਾਣੇ ਨਾਲ ਸਬੰਧਿਤ ਸੀ ਅਤੇ ਨਾ ਉਨ੍ਹਾਂ ਨੇ ਬਾਕਾਇਦਾ ਸੰਗੀਤ ਦੀ ਤਾਲੀਮ ਹਾਸਲ ਕੀਤੀ ਸੀ, ਪਰ ਉਨ੍ਹਾਂ ਦੀ ਆਵਾਜ਼ ਵਿੱਚ ਇੰਨੀ ਕਸ਼ਿਸ਼ ਤੇ ਸੁਰੀਲਾਪਣ ਸੀ ਕਿ ਉਹ ਕਿਸੇ ਵੀ ਔਖੀ ਤਰਜ਼ ਨੂੰ ਤੇ ਹਰ ਤਰ੍ਹਾਂ ਦੇ ਗੀਤ ਨੂੰ ਬੜੇ ਸੌਖਿਆਂ ਬੇਹੱਦ ਖ਼ੂਬਸੂਰਤੀ ਨਾਲ ਨਿਭਾ ਲੈਂਦੇ ਸਨ। ਉਨ੍ਹਾਂ ਵੱਲੋਂ ਗਾਏ ਅਣਗਿਣਤ ਗੀਤ ਅੱਜ ਵੀ ਸੰਗੀਤ ਪ੍ਰੇਮੀਆਂ ਦੇ ਕੰਨਾਂ ਵਿੱਚ ਰਸ ਘੋਲਦੇ ਹਨ। ਆਪਣੀ ਛੋਟੀ ਭੈਣ ‘ਪੰਜਾਬ ਦੀ ਕੋਇਲ’ ਕਰਕੇ ਜਾਣੀ ਜਾਣ ਵਾਲੀ ਮਹਾਨ ਗਾਇਕਾ ਸੁਰਿੰਦਰ ਕੌਰ ਨਾਲ ਇਕੱਠਿਆਂ ਰਲ ਕੇ ਪ੍ਰਕਾਸ਼ ਕੌਰ ਨੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੇ ਬੇਸ਼ੁਮਾਰ ਖ਼ੂਬਸੂਰਤ ਗੀਤ ਗਾਏ ਜਿਨ੍ਹਾਂ ਵਿੱਚ ਵਿਆਹਾਂ ਦੇ ਗੀਤ, ਸੁਹਾਗ, ਘੋੜੀਆਂ, ਸਿੱਠਣੀਆਂ, ਟੱਪੇ, ਮਾਹੀਏ, ਢੋਲੇ, ਲੋਕ ਬੋਲੀਆਂ ਆਦਿ ਦੀ ਮਕਬੂਲੀਅਤ ਅੱਜ ਵੀ ਕਾਇਮ ਹੈ।
ਵੰਡ ਤੋਂ ਪਹਿਲਾਂ ਸਾਂਝੇ ਪੰਜਾਬ ਵਿੱਚ 19 ਸਤੰਬਰ 1919 ਨੂੰ ਲਾਹੌਰ ਦੇ ਅੰਦਰੂਨੀ ਸ਼ਹਿਰ ਵਿੱਚ ਭੱਟੀ ਗੇਟ ਰਹਿਣ ਵਾਲੇ ਸਹਿਜਧਾਰੀ ਸਿੱਖ ਪਿਤਾ ਬਿਸ਼ਨ ਦਾਸ ਤੇ ਮਾਤਾ ਮਾਇਆ ਦੇਵੀ ਦੇ ਘਰ ਇੱਕ ਬੱਚੀ ਨੇ ਜਨਮ ਲਿਆ, ਜਿਸ ਦਾ ਨਾਂ ਮਾਪਿਆਂ ਨੇ ਪ੍ਰਕਾਸ਼ ਕੌਰ ਰੱਖਿਆ। ਕੌਣ ਜਾਣਦਾ ਸੀ ਕਿ ਇਹ ਨੰਨ੍ਹੀ ਪ੍ਰਕਾਸ਼ ਵੱਡੀ ਹੋ ਕੇ ਸੰਗੀਤ ਦੀ ਦੁਨੀਆ ਦਾ ਅਜਿਹਾ ਮਾਰਕਾ ਮਾਰੇਗੀ, ਜਿਸ ਨੂੰ ਰਹਿੰਦੀ ਦੁਨੀਆ ਤੱਕ ਜਾਣਿਆ ਜਾਂਦਾ ਰਹੇਗਾ। ਚਾਰ ਭੈਣਾਂ ਤੇ ਛੇ ਭਰਾਵਾਂ ਵਿੱਚ ਸਭ ਤੋਂ ਵੱਡੀ ਪ੍ਰਕਾਸ਼ ਨੂੰ ਨਿੱਕੇ ਹੁੰਦੇ ਤੋਂ ਸੰਗੀਤ ਨਾਲ ਲਗਾਅ ਸੀ। ਘਰ ਦਿਆਂ ਤੋਂ ਛੁਪ-ਛੁਪ ਕੇ ਉਸ ਨੂੰ ਗਲੀ ਗੁਆਂਢ ਵਿੱਚ ਹੋਣ ਵਾਲੇ ਵਿਆਹਾਂ ਮੌਕੇ ਘਰ ਵਿੱਚ ਔਰਤਾਂ ਵੱਲੋਂ ਬੈਠਾਏ ਜਾਂਦੇ ਗਾਉਣ ਵਿੱਚ ਸ਼ਾਮਲ ਹੋਣਾ ਚੰਗਾ ਲੱਗਦਾ ਸੀ। ਉਥੇ ਉਹ ਰਬਾਬੀ ਔਰਤਾਂ ਨੂੰ ਗੀਤ ਗਾਉਂਦੇ ਸੁਣਦੀ, ਜੋ ਉਸ ਦੇ ਮਨ ਨੂੰ ਟੁੰਬਦੇ। ਉਹ ਗੀਤਾਂ ਸੁਣ ਕੇ ਹੌਲੀ-ਹੌਲੀ ਪ੍ਰਕਾਸ਼ ਵੀ ਗੁਣਗੁਣਾਉਣ ਲੱਗੀ। ਫਿਰ ਉਹ ਵਿਆਹਾਂ ਵਿੱਚ ਔਰਤਾਂ ਨਾਲ ਰਲ ਕੇ ਐਸੇ ਗੀਤ ਗਾਉਣ ਲੱਗੀ ਕਿ ਉਥੇ ਮੌਜੂਦ ਸਭ ਔਰਤਾਂ, ਕੁੜੀਆਂ ਚਿੜੀਆਂ ਤੇ ਬਜ਼ੁਰਗ ਮਾਵਾਂ ਉਸ ਦੀ ਟੁਣਕਵੀਂ ਆਵਾਜ਼ ਦੇ ਜਾਦੂ ਨਾਲ ਕੀਲੀਆਂ ਜਾਂਦੀਆਂ। ਇਸ ਤਰ੍ਹਾਂ ਗਲੀ ਗੁਆਂਢ ਦੇ ਵਿਆਹ ਸ਼ਾਦੀਆਂ ਮੌਕੇ ਉੱਤੇ ਪ੍ਰਕਾਸ਼ ਕੌਰ ਦੀ ਹਾਜ਼ਰੀ ਜ਼ਰੂਰੀ ਸਮਝੀ ਜਾਣ ਲੱਗੀ ਅਤੇ ਸੰਗੀਤ ਵਿੱਚ ਪ੍ਰਕਾਸ਼ ਵਿੱਚ ਇਹ ਹੁਨਰ ਸੀ ਕਿ ਉਹ ਬਹੁਤ ਛੋਟੀ ਉਮਰ ਤੋਂ ਨਾਮੀ ਗਾਇਕਾਂ ਦੇ ਗਾਏ ਗੀਤਾਂ ਨੂੰ ਇੱਕ ਵਾਰ ਕੰਨੀ ਸੁਣ ਕੇ ਉਨ੍ਹਾਂ ਨੂੰ ਹੂਬਹੂ ਗਾ ਲੈਂਦੀ ਸੀ। ਉਸ ਨੇ ਸੰਗੀਤ ਦੀ ਸਿੱਖਿਆ ਭਾਵੇਂ ਪ੍ਰਾਪਤ ਨਹੀਂ ਕੀਤੀ ਸੀ, ਫਿਰ ਵੀ ਸੁਰ ਤਾਲ ਦੀ ਬਹੁਤ ਪੱਕੀ ਸੀ। ਸ਼ੁਰੂ ਸ਼ੁਰੂ ਵਿੱਚ ਉਸ ਨੂੰ ਗਾਉਣ ਲਈ ਆਪਣੇ ਘਰ ਦਿਆਂ ਦੇ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਉਸ ਜ਼ਮਾਨੇ ਵਿੱਚ ਧੀਆਂ ਭੈਣਾਂ ਦਾ ਇੰਜ ਗਾਉਣਾ ਚੰਗਾ ਨਹੀਂ ਸਮਝਿਆ ਜਾਂਦਾ ਸੀ। ਇਸੇ ਕਰ ਕੇ ਪ੍ਰਕਾਸ਼ ਕੌਰ ਦਾ 15 ਸਾਲ ਦੀ ਛੋਟੀ ਉਮਰ ਵਿੱਚ ਵਿਆਹ ਕਰ ਦਿੱਤਾ। ਇੰਡੀਅਨ ਰੇਲਵੇ ਵਿੱਚ ਇਲੈਕਟ੍ਰੀਕਲ ਇੰਜਨੀਅਰ ਹਰਬੰਸ ਸਿੰਘ ਸੂਰੀ, ਜੋ ਲਾਹੌਰ ਦੇ ਵਾਸੀ ਸਨ ਤੇ ਲਾਹੌਰ ਹੀ ਇਨ੍ਹਾਂ ਦੀ ਪੋਸਟਿੰਗ ਸੀ, ਨਾਲ ਪ੍ਰਕਾਸ਼ ਕੌਰ ਦਾ ਵਿਆਹ ਹੋਇਆ। ਹਰਬੰਸ ਸਿੰਘ ਸੂਰੀ ਨੇ ਪ੍ਰਕਾਸ਼ ਕੌਰ ਨੂੰ ਗਾਇਕੀ ਦਾ ਸ਼ੌਕ ਕਾਇਮ ਰੱਖਣ ਵਿੱਚ ਭਰਪੂਰ ਸਾਥ ਦਿੱਤਾ ਅਤੇ ਹਮੇਸ਼ਾਂ ਉਤਸ਼ਾਹਿਤ ਕੀਤਾ। ਉਨ੍ਹਾਂ ਦਿਨਾਂ ਵਿੱਚ ਲੋਕ ਗਾਉਣ ਵਾਲੀਆਂ ਕੁੜੀਆਂ ਨੂੰ ਇੱਜ਼ਤ ਭਰੀ ਨਜ਼ਰ ਨਾਲ ਨਹੀਂ ਦੇਖਦੇ ਸਨ, ਪਰ ਪ੍ਰਕਾਸ਼ ਕੌਰ ਦੀ ਦਲੇਰੀ ਸਦਕਾ ਅਤੇ ਪਤੀ ਹਰਸੰਬ ਸਿੰਘ ਸੂਰੀ ਵੱਲੋਂ ਮਿਲੇ ਸਹਿਯੋਗ ਕਰਕੇ ਉਸ ਨੇ ਇਹ ਮਿੱਥ ਵੀ ਤੋੜ ਦਿੱਤੀ।
ਸਾਲ 1940 ਵਿੱਚ ਪ੍ਰਕਾਸ਼ ਕੌਰ ਨੇ ਆਲ ਇੰਡੀਆ ਰੇਡੀਏ ਲਾਹੌਰ ਉੱਤੇ ਆਪਣੇ ਗਾਇਕੀ ਦਾ ਸਫ਼ਰ ਸ਼ੁਰੂ ਕਰਨ ਲਈ ਆਡੀਸ਼ਨ ਪਾਸ ਕੀਤਾ। 1941 ਵਿੱਚ ਉਸ ਨੇ ਪਿਸ਼ਾਵਰ ਰੇਡੀਓ ਤੋਂ ਆਪਣਾ ਪਹਿਲਾਂ ਗੀਤ ਗਾਇਆ। ਉਨ੍ਹੀਂ ਦਿਨੀਂ ਰੇਡੀਓ ਤੋਂ ਸਿੱਧੇ ਗੀਤ ਪ੍ਰਸਾਰਿਤ ਕੀਤੇ ਜਾਂਦੇ ਸਨ। ਪ੍ਰਕਾਸ਼ ਕੌਰ ਨੇ ਰੇਡੀਓ ਉੱਤੇ ਆਪਣੇ ਖ਼ੂਬਸੂਰਤ ਗੀਤਾਂ ਨਾਲ ਆਪਣੀ ਮਿੱਠੀ ਤੇ ਸੁਰੀਲੀ ਆਵਾਜ਼ ਦਾ ਜਾਦੂ ਬਿਖੇਰਨਾ ਸ਼ੁੁਰੂ ਕੀਤਾ। ਦਿਨਾਂ ਵਿੱਚ ਹੀ ਉਸ ਦੀ ਗਾਇਕੀ ਦੇ ਚਰਚੇ ਹਰ ਪਾਸੇ ਹੋਣ ਲੱਗੇ। ਲੋਕਾਂ ਨੂੰ ਉਨ੍ਹਾਂ ਦੇ ਗਾਏ ਗੀਤ ਬਹੁਤ ਪਸੰਦ ਆਉਂਦੇ। ਪੰਜਾਬੀ ਸੱਭਿਆਚਾਰ ਦੀ ਤਰਜਮਾਨੀ ਕਰਦੇ ਉਸ ਦੇ ਗੀਤ ਘਰ ਘਰ ਗੁੂੰਜਣ ਲੱਗੇ। 1943 ਤੱਕ ਪੁੱਜਦੇ-ਪੁੱਜਦੇ ਉਹ ਰੇਡੀਓ ਦੀ ਖਾਸ ਦਰਜੇ ਦੀ ਪ੍ਰਵਾਨਿਤ ਗਾਇਕਾ ਬਣ ਚੁੱਕੀ ਸੀ। ਇੱਕ ਦਿਨ ਪ੍ਰਕਾਸ਼ ਕੌਰ ਆਪਣੇ ਤੋਂ 10 ਸਾਲ ਛੋਟੀ ਭੈਣ ਸੁਰਿੰਦਰ ਕੌਰ ਨੂੰ ਆਲ ਇੰਡੀਆ ਰੇਡੀਓ ਆਡੀਸ਼ਨ ਦਿਵਾਉਣ ਲੈ ਕੇ ਆਈ, ਜੋ ਸੁਰਿੰਦਰ ਕੌਰ ਨੇ ਬਗ਼ੈਰ ਕਿਸੇ ਮੁਸ਼ਕਿਲ ਤੋਂ ਪਾਸ ਕਰ ਲਿਆ। ਫਿਰ ਦੋਵੇਂ ਭੈਣਾਂ ਆਲ ਇੰਡੀਆ ਰੇਡੀਓ ਲਾਹੌਰ ਦੀਆਂ ਪ੍ਰਵਾਨਿਤ ਗਾਇਕਾ ਬਣ ਗਈਆਂ ਅਤੇ ਦੋਵਾਂ ਨੇ ਇਕੱਠਿਆਂ ਆਲ ਇੰਡੀਆ ਰੇਡੀਓ ਲਾਹੌਰ ਤੋਂ ਕਈ ਗੀਤ ਗਾਏ, ਜੋ ਬਹੁਤ ਮਸ਼ਹੂਰ ਹੋਏ। ਰੇਡੀਓ ਉੱਤੇ ਗਾਉਂਦਿਆਂ ਹੀ ਦੋਵਾਂ ਨੇ ਲਾਹੌਰ ਰੇਡੀਓ ਦੇ ਸੰਗੀਤ ਸੈਕਸ਼ਨ ਦੇ ਹੈਡ ਬੁੱਧ ਸਿੰਘ ਤਾਨ ਦੇ ਸਹਾਇਕ ਜੀਵਨ ਲਾਲ ਮੱਟੂ ਤੋਂ ਲਾਈਟ ਕਲਾਸੀਕਲ ਵਿੱਚ ਸੰਗੀਤ ਦੀ ਸਿਖਲਾਈ ਲੈਣੀ ਸ਼ੁਰੂ ਕਰ ਦਿੱਤੀ।
31 ਅਗਸਤ 1943 ਨੂੰ ਪ੍ਰਕਾਸ਼ ਕੌਰ ਅਤੇ ਸੁਰਿੰਦਰ ਕੌਰ ਦੀਆਂ ਆਵਾਜ਼ਾਂ ਵਿੱਚ ਰਿਕਾਰਡ ਕੀਤਾ ਪਹਿਲਾਂ ਐਲ ਪੀ ਰਿਕਾਰਡ ‘ਮਾਵਾਂ ਤੇ ਧੀਆਂ ਰਲ ਬੈਠੀਆਂ ਨੀਂ ਮਾਏਂ’ ਐਚ ਐਮ ਵੀ ਕੰਪਨੀ ਨੇ ਰਿਲੀਜ਼ ਕੀਤਾ। ਇਹ ਉਹ ਸਦਾਬਹਾਰ ਗੀਤ ਸੀ, ਜੋ ਲੋਕਾਂ ਵਿੱਚ ਅੱਜ ਵੀ ਪਸੰਦ ਕੀਤਾ ਜਾਂਦਾ ਹੈ। ਸੰਗੀਤ ਨਿਰਦੇਸ਼ਕ ਇਨਾਇਤ ਹੁਸੈਨ ਦੀ ਨਿਰਦੇਸ਼ਨਾ ਵਿੱਚ ਰਿਕਾਰਡ ਕੀਤੇ ਇਸ ਗੀਤ ਨੇ ਸਫਲਤਾ ਦੇ ਨਵੇਂ ਰਿਕਾਰਡ ਬਣਾਏ। ਪ੍ਰਕਾਸ਼ ਕੌਰ ਤੇ ਸੁਰਿੰਦਰ ਕੌਰ ਦੇ ਨਾਵਾਂ ਦੀ ਚਰਚਾ ਘਰ-ਘਰ ਹੋਣ ਲੱਗੀ ਅਤੇ ਨਾਲ ਦੋਵਾਂ ਭੈਣਾਂ ਦੀ ਪ੍ਰਸਿੱਧੀ ਵਿੱਚ ਅਥਾਹ ਵਾਧਾ ਹੋਇਆ। ਭਾਵੇਂ ਪ੍ਰਕਾਸ਼ ਕੌਰ ਨੂੰ ਅਕਸਰ ਸੁਰਿੰਦਰ ਕੌਰ ਦੇ ਨਾਲ ਜੋੜ ਕੇ ਹੀ ਦੇਖਿਆ ਜਾਂਦਾ ਹੈ, ਪਰ ਪੰਜਾਬੀ ਗਾਇਕੀ ਵਿੱਚ ਉਨ੍ਹਾਂ ਦੀ ਥਾਂ ਵਿਲੱਖਣ ਸੀ ਤੇ ਹਮੇਸ਼ਾਂ ਰਹੇਗੀ। ਸੰਗੀਤਕਾਰ ਇਨਾਇਤ ਹੁਸੈਨ ਨੇ ਹੋਰ ਵੀ ਬਹੁਤ ਸਾਰੇ ਗੀਤ ਪ੍ਰਕਾਸ਼ ਕੌਰ ਅਤੇ ਸੁਰਿੰਦਰ ਕੌਰ ਦੀ ਆਵਾਜ਼ ਵਿੱਚ ਰਿਕਾਰਡ ਕੀਤੇ। ਪ੍ਰਕਾਸ਼ ਕੌਰ ਨੇ ਫ਼ਿਲਮਾਂ ਲਈ ਵੀ ਗੀਤ ਗਾਏ।
ਦੇਸ਼ ਵੰਡ ਵੇਲੇ ਪ੍ਰਕਾਸ਼ ਕੌਰ ਦੀ ਪਰਵਾਰ ਨਾਲ ਫ਼ਿਰਕੂ ਜਨੂੰਨੀਆਂ ਤੋਂ ਬਚਦੇ ਬਚਾਉਂਦੇ ਲਾਹੌਰ ਵਿਚਲਾ ਆਪਣਾ ਭਰਿਆ ਭਰਾਇਆ ਘਰ ਬਾਰ ਛੱਡ ਕੇ ਜਾਨਾਂ ਬਚਾ ਕੇ ਅੰਮ੍ਰਿਤਸਰ ਦੇ ਰਫਿਊਜੀ ਕੈਂਪ ਵਿੱਚ ਆ ਸ਼ਾਮਲ ਹੋਏ। ਕੁਝ ਚਿਰ ਅੰਮ੍ਰਿਤਸਰ ਠਹਿਰਨ ਪਿੱਛੋਂ ਪ੍ਰਕਾਸ਼ ਕੌਰ ਪਰਵਾਰ ਨਾਲ ਦਿੱਲੀ ਜਾ ਵੱਸੇ। ਉਥੇ ਉਨ੍ਹਾਂ ਦੇ ਪਤੀ ਦੀ ਨੌਕਰੀ ਰੇਲਵੇ ਵਿਭਾਗ ਵਿੱਚ ਫਿਰ ਸ਼ੁਰੂ ਹੋ ਗਈ। ਪ੍ਰਕਾਸ਼ ਕੌਰ ਨੇ ਆਲ ਇੰਡੀਆ ਰੇਡੀਓ ਦਿੱਲੀ ਤੋਂ ਆਪਣੀ ਗਾਇਕੀ ਦਾ ਸਫ਼ਰ ਫਿਰ ਸ਼ੁਰੂ ਕਰ ਲਿਆ। ਉਨ੍ਹਾਂ ਦਿਨਾਂ ਵਿੱਚ ਦਿੱਲੀ ਰਫਿਊਜ਼ੀ ਕੈਂਪਾਂ ਵਿੱਚ ਸਭ ਤੋਂ ਵੱਧ ਗਿਣਤੀ ਪੰਜਾਬੀਆਂ ਦੀ ਸੀ, ਇਸ ਕਰ ਕੇ ਉਹ ਕੈਂਪ ਪੰਜਾਬੀ ਸੰਗੀਤ ਦੀ ਵੱਡੀ ਮੰਡੀ ਵਜੋਂ ਉਭਰੇ। ਪ੍ਰਕਾਸ਼ ਕੌਰ ਦੀ ਮੰਗ ਇਸ ਖਿੱਤੇ ਵਿੱਚ ਪਹਿਲੇ ਦਿਨੋਂ ਹੀ ਬਣ ਗਈ ਸੀ। 1948 ਤੋਂ 1958 ਤੱਕ ਉਸ ਦੇ ਸਭ ਤੋਂ ਵੱਧ ਹਿੱਟ ਗੀਤ ਬਣੇ।
ਪ੍ਰਕਾਸ਼ ਕੌਰ ਨੇ ਆਪਣੇ 40 ਸਾਲਾਂ ਦੇ ਗਾਇਕੀ ਦੇ ਸਫ਼ਰ ਦੌਰਾਨ ਅਣਗਿਣਤੀ ਹਿੱਟ ਗੀਤ ਗਾਏ। ਰੇਡੀਓ ਉੱਤੇ ਗਾਉਣ ਤੋਂ ਇਲਾਵਾ ਉਸ ਨੇ ਪੰਜਾਬੀ ਫ਼ਿਲਮਾਂ ਵਿੱਚ ਵੀ ਗੀਤ ਗਾਏ। 1964 ਵਿੱਚ ਨੈਸ਼ਨਲ ਐਵਾਰਡ ਜੇਤੂ ਬਲਰਾਜ ਸਾਹਨੀ ਦੀ ਫ਼ਿਲਮ ‘ਸਤਲੁਜ ਦੇ ਕੰਢੇ' ਵਿੱਚ ਪ੍ਰਕਾਸ਼ ਕੌਰ ਤੇ ਸੁਰਿੰਦਰ ਕੌਰ ਦਾ ਇਕੱਠਿਆ ਗਾਇਆ ਕੋਰਸ ਗੀਤ ‘ਕਾਲੇ ਰੰਗ ਦਾ ਪਰਾਂਦਾ ਮੇਰੇ ਸੱਜਣਾ ਲਿਆਂਦਾ' ਬੇਹੱਦ ਮਕਬੂਲ ਹੋਇਆ ਸੀ। ਅਣਗਿਣਤੀ ਗੀਤਾਂ ਦੇ ਐਲ ਪੀ ਗੀਤ ਰਿਕਾਰਡ ਮਾਰਕੀਟ ਵਿੱਚ ਉਤਾਰੇ ਗਏ, ਜਿਨ੍ਹਾਂ ਦੀ ਰਿਕਾਰਡ ਤੋੜ ਵਿਕਰੀ ਹੋਈ। ਪ੍ਰਕਾਸ਼ ਕੌਰ ਨੇ ਅਣਗਿਣਤ ਹਿੱਟ ਗੀਤ ਗਾਏ ਜਿਨ੍ਹਾਂ ਵਿੱਚ ‘ਮਾਵਾਂ ਤੇ ਧੀਆਂ ਰਲ ਬੈਠੀਆਂ ਨੀਂ ਮਾਏ', ‘ਡਾਚੀ ਵਾਲਿਆਂ ਮੋੜ ਮੁਹਾਰ ਵੇ', ‘ਬਾਜਰੇ ਦਾ ਸਿੱਟਾ', ‘ਬਣ ਮੋਰਨੀ ਬਾਗਾਂ ਦੇ ਵਿੱਚ', ‘ਬਾਰੀ ਬਰਸੀ ਖੱਟਣ ਗਿਆ ਸੀ', ‘ਚੰਨ ਕਿੱਥਾਂ ਗੁਜ਼ਾਰੀ ਐ ਰਾਤ', ‘ਇੱਕ ਮੇਰੀ ਅੱਖ ਕਾਸ਼ਨੀ', ‘ਟਾਂਡੇ ਚੂਪ ਨਾ ਚਰ੍ਹੀ ਦੇ ਹਾਣੀਆਂ ਵੇ ਘਰ `ਚ ਸੰਧੂਰੀ ਅੰਬੀਆਂ', ‘ਗਲੀਆਂ ਅਤੇ ਬਾਬੁਲ ਹੋਈਆਂ ਭੀੜੀਆਂ ਧੀ ਚੱਲੀ ਬੇਗਾਨੇ ਦੇਸ਼ ਬਾਬਲ', ‘ਸੁਹਾਗ', ‘ਘੋੜੀਆਂ', ‘ਟੋਪੇ', ‘ਮਾਹੀਆ' ਅਤੇ ‘ਲੋਕ ਬੋਲੀਆਂ' ਆਦਿ ਪ੍ਰਮੁੱਖ ਹਨ।
ਪ੍ਰਕਾਸ਼ ਕੌਰ ਨੇ ਨੰਦ ਲਾਲ ਨੂਰਪੁਰੀ, ਗਿਆਨ ਚੰਦ ਧਵਨ, ਪ੍ਰਕਾਸ਼ ਸਾਥੀ ਜਿਹੇ ਸ਼ਾਇਰਾਂ ਦੇ ਗੀਤ ਵੀ ਗਾਏ। ਨੰਦ ਲਾਲ ਨੂਰਪੁਰੀ ਦੇ ਲਿਖੇ ਗੀਤ ‘ਚੰਨ ਵੇ ਕੇ ਸ਼ੌਂਕਣ ਮੇਲੇ ਦੀ', ‘ਗੋਰੀ ਦੀਆਂ ਝਾਂਜਰਾਂ ਬੁਲਾਉਂਦੀਆਂ ਗਈਆਂ' ਅਤੇ ‘ਵੇ ਲੈ ਦੇ ਮੈਨੂੰ ਮਖਮਲ ਦੀ ਪੱਖੀ ਘੁੰਗਰੂਆਂ ਵਾਲੀ' ਗਾਏ। ਸੁਰਿੰਦਰ ਕੌਰ ਤੋਂ ਇਲਾਵਾ ਪ੍ਰਕਾਸ਼ ਕੌਰ ਨੇ ਹੋਰ ਆਪਣੇ ਸਮਕਾਲੀ ਗਾਇਕਾਂ ਨਾਲ ਅਣਗਿਣਤ ਗੀਤ ਗਾਏ ਜਿਨ੍ਹਾਂ ਵਿੱਚ ਆਸਾ ਸਿੰਘ ਮਸਤਾਨਾ, ਬਲਦੇਵ ਮੂੰਗਾ, ਸੁਰਿੰਦਰ ਕੋਹਲੀ, ਤ੍ਰਿਲੋਕ ਕਪੂਰ ਆਦਿ ਪ੍ਰਮੁੱਖ ਹਨ, ਪਰ ਉਸ ਨੇ ਬਹੁਤੇ ਗੀਤ ਹਜ਼ਾਰਾ ਸਿੰਘ ਰਮਤੇ ਨਾਲ ਗਾਏ ਤੇ ਸਟੇਜ ਉੱਤੇ ਜੋੜੀ ਵੀ ਹਜ਼ਾਰਾ ਸਿੰਘ ਰਮਤੇ ਨਾਲ ਹੀ ਰਹੀ। ਦੋਵੇਂ ਕਲਾਕਾਰਾਂ ਨੇ ਤਕਰੀਬਨ 11 ਸਾਲ ਇਕੱਠੇ ਮਿਲ ਕੇ ਗਾਇਆ।
ਪ੍ਰਕਾਸ਼ ਕੌਰ ਅਜੇ 62 ਵਰ੍ਹਿਆਂ ਦੀ ਹੀ ਸੀ ਜਦੋਂ ਉਨ੍ਹਾਂ ਨੂੰ ਗੁਰਦਿਆਂ ਦੇ ਰੋਗ ਕਾਰਨ ਤੇ ਕਾਰ ਹਾਦਸੇ ਕਾਰਨ ਪੈਦਾ ਹੋਈਆਂ ਸਿਹਤ ਸਬੰਧੀ ਸਮੱਸਿਆਵਾਂ ਨਾਲ ਦੋ ਚਾਰ ਹੋਣਾ ਪਿਆ। ਉਨ੍ਹਾਂ ਦੀ ਸਿਹਤ ਵਿੱਚ ਦਿਨੋਂ ਦਿਨ ਨਿਘਾਰ ਆਉਂਦਾ ਗਿਆ ਅਤੇ ਅਖ਼ੀਰ ਪੰਜਾਬ ਦੀ ਇਹ ਧੀ, ਬੁਲੰਦ ਆਵਾਜ਼ ਦੀ ਧਨੀ ਮਹਾਨ ਲੋਕ ਗਾਇਕਾ 2 ਨਵੰਬਰ 1982 ਨੂੰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਈ, ਪਰ ਉਨ੍ਹਾਂ ਦੀ ਆਵਾਜ਼ ਅਮਰ ਰਹੇਗੀ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’