Welcome to Canadian Punjabi Post
Follow us on

18

January 2019
ਬ੍ਰੈਕਿੰਗ ਖ਼ਬਰਾਂ :
ਪੱਤਰਕਾਰ ਛੱਤਰਪਤੀ ਕਤਲ ਕੇਸ: ਡੇਰਾ ਮੁਖੀ ਰਾਮ ਰਹੀਮ ਨੂੰ ਸਾਰੀ ਉਮਰ ਦੀ ਕੈਦ ਦੀ ਸਜ਼ਾਸੁਖਪਾਲ ਖਹਿਰਾ ਵਲੋਂ ਆਪ ਦੀ ਮੁਢਲੀ ਮੈਂਬਰੀ ਤੋਂ ਅਸਤੀਫਾਯੂਨੀਫੌਰ ਤੇ ਓਪੀਐਸਈਯੂ ਨੇ ਫੋਰਡ ਦੇ ਤਬਾਹਕੁੰਨ ਏਜੰਡੇ ਖਿਲਾਫ ਹੱਥ ਮਿਲਾਏਨਿਰੰਕਾਰੀ ਭਵਨ ਉੱਤੇ ਗ੍ਰਨੇਡ ਹਮਲੇ ਦਾ ਇੱਕ ਦੋਸ਼ੀ ਗ੍ਰਿਫਤਾਰ, ਦੂਜੇ ਦੀ ਪਛਾਣਅੰਮ੍ਰਿਤਸਰ ਗ੍ਰਨੇਡ ਅਟੈਕ: ਕੈਪਟਨ ਅਮਰਿੰਦਰ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ, ਪੁਲੀਸ ਦੇ ਚੋਟੀ ਦੇ ਅਫਸਰਾਂ ਨੂੰ ਤੁਰੰਤ ਪਿੰਡ ਅਦਲੀਵਾਲ ਪਹੁੰਚਣ ਦੇ ਹੁਕਮਅੰਮ੍ਰਿਤਸਰ `ਚ ਨਿਰੰਕਾਰੀ ਭਵਨ ਉੱਤੇ ਹਮਲਾ, ਡੀ.ਜੀ.ਪੀ. ਨੇ ਅੱਤਵਾਦੀ ਹਮਲਾ ਕਿਹਾਵੈਨਕੂਵਰ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਤਿੰਨ ਝਟਕੇ ਅੰਮ੍ਰਿਤਸਰ ਸ਼ਹਿਰ `ਚ ਵੱਡਾ ਰੇਲ ਹਾਦਸਾ, ਦੁਸਹਿਰਾ ਦੇਖਣ ਆਏ ਲੋਕਾਂ ਉੱਤੇ ਚੜ੍ਹੀ ਟ੍ਰੇਨ , ਕਰੀਬ 50 ਦੀ ਮੌਤ ਦਾ ਸ਼ੱਕ
ਨਜਰਰੀਆ

ਸਿਆਸਤਦਾਨਾਂ ਵੱਲੋਂ ਲੋਕਾਂ ਨੂੰ ਬਹਿਲਾਉਣ-ਫੁਸਲਾਉਣ ਦਾ ਸਿਲਸਿਲਾ ਰੋਕਣਾ ਪਵੇਗਾ

December 11, 2018 09:06 AM

-ਪੂਰਨ ਚੰਦ ਸਰੀਨ
ਜਦੋਂ ਸਿਆਸਤ ਦੇ ਧੁਨੰਤਰ ਲੋਕਾਂ ਦੀ ਭਲਾਈ ਨਾਲ ਕੋਈ ਸਰੋਕਾਰ ਨਾ ਹੋਣ ਵਾਲੀਆਂ ਗੱਲਾਂ ਕਰਨ ਲੱਗ ਪੈਣ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਕੋਲ ਕੋਈ ਯੋਜਨਾ, ਕੋਈ ਬਦਲ ਜਾਂ ਭਵਿੱਖ ਦੀ ਰੂਪ ਰੇਖਾ ਨਹੀਂ ਹੈ। ਇਸ ਪ੍ਰਕਿਰਿਆ ਵਿੱਚ ਸੱਤਾ ਪੱਖ ਅਤੇ ਵਿਰੋਧੀ ਧਿਰ ਦੋਵਾਂ ਵੱਲੋਂ ਲੋਕਾਂ ਨੂੰ ਬਹਿਲਾਉਣ, ਫੁਸਲਾਉਣ ਲਈ ਇੱਕ ਦੂਜੇ 'ਤੇ ਦੋਸ਼ ਲਾਏ ਜਾਂਦੇ ਹਨ। ਵਿਰੋਧੀ ਧਿਰ ਦਾ ਮਿਆਰ ਇੰਨਾ ਡਿੱਗ ਜਾਂਦਾ ਹੈ ਕਿ ਪ੍ਰਧਾਨ ਮੰਤਰੀ ਨੂੰ ਚੋਰ, ਭਿ੍ਰਸ਼ਟਾਚਾਰੀ, ਕਮਿਸ਼ਨਖੋਰ, ਕੰਮ 'ਚ ਅੜਿੱਕੇ ਪਾਉਣ ਵਾਲਾ, ਅਨਪੜ੍ਹ ਤੇ ਹੋਰ ਪਤਾ ਨਹੀਂ ਕੀ-ਕੀ ਕਿਹਾ ਜਾਂਦਾ ਹੈ। ਇਧਰ ਸੱਤਾ ਪੱਖ ਆਪਣੇ ਪ੍ਰਧਾਨ ਮੰਤਰੀ, ਸਿਪਾਹ ਸਲਾਰਾਂ, ਸਲਾਹਕਾਰਾਂ ਦੇ ਮਸ਼ਵਰੇ ਉੱਤੇ ਆਪਣੀ ਸਰਕਾਰੀ ਤਾਕਤ ਦੀ ਵਰਤੋਂ ਕਰਦਿਆਂ ਕੌਮੀ ਅਤੇ ਕੌਮਾਂਤਰੀ ਮੰਚਾਂ 'ਤੇ ਆਪਣੇ ਅਕਸ ਨੂੰ ਚਮਕਾਉਣ 'ਚ ਲੱਗ ਜਾਂਦਾ ਹੈ, ਤਾਂ ਕਿ ਉਸ ਦੀ ਈਮਾਨਦਾਰੀ ਵੀ ਚਰਚਾ 'ਚ ਰਹੇ ਤੇ ਵਿਰੋਧੀ ਧਿਰ ਵੀ ਚਾਰੇ ਖਾਨੇ ਚਿੱਤ ਹੋ ਜਾਵੇ। ਇਸ ਦੇ ਨਾਲ ਸੱਤਾ ਪੱਖ ਪਿੰਡਾਂ, ਕਸਬਿਆਂ ਅਤੇ ਛੋਟੇ ਸ਼ਹਿਰਾਂ ਵਿੱਚ ਰਹਿਣ ਵਾਲੇ ਲੋਕਾਂ ਲਈ ਇੱਕ ਤੋਂ ਬਾਅਦ ਇੱਕ ਯੋਜਨਾਵਾਂ ਲਿਆਉਂਦਾ ਹੈ ਤਾਂ ਕਿ ਲੋਕਾਂ ਦਾ ਉਸ 'ਤੇ ਭਰੋਸਾ ਬਣਿਆ ਰਹੇ।
ਸੱਤਾ ਪੱਖ ਦੀ ਇਸ ਕਰਨੀ ਨੂੰ ਲੋਕ ਤਾੜ ਲੈਂਦੇ ਹਨ ਅਤੇ ਜੋ ਉਨ੍ਹਾਂ ਦੇ ਹਿੱਤ ਵਿੱਚ ਹੁੰਦਾ ਹੈ, ਉਸ ਨੂੰ ਮੰਨ ਲੈਂਦੇ ਹਨ। ਜਦੋਂ ਸੱਤਾ ਪੱਖ ਦੀਆਂ ਗਲਤੀਆਂ ਤਅੇ ਗੁੰਮਰਾਹਕੁੰਨ ਫੈਸਲਿਆਂ ਕਾਰਨ ਹੋਣ ਵਾਲੇ ਨੁਕਸਾਨ ਦਾ ਅੰਦਾਜ਼ਾ ਲੱਗਦਾ ਹੈ ਤਾਂ ਲੋਕ ਉਸ ਪ੍ਰਤੀ ਨਾਰਾਜ਼ਗੀ ਦਰਸਾਉਂਦੇ ਹੋਏ ਗੁੱਸੇ ਤੇ ਬਗਾਵਤ ਦੇ ਸੁਰ ਉਠਾਉਣ ਲੱਗਦੇ ਹਨ। ਇਹ ਦੇਖ ਕੇ ਸਥਿਤੀ ਨੂੰ ਕਾਬੂ ਵਿੱਚ ਰੱਖਣ ਲਈ ਸੱਤਾ ਪੱਖ ਬੇਸਿਰ-ਪੈਰ ਦੀਆਂ ਗੱਲਾਂ ਕਰਨ ਲੱਗਦਾ ਹੈ। ਇਸ ਵਿੱਚ ਅਜਿਹੇ ਮੁੱਦੇ ਇਸਤੇਮਾਲ ਕੀਤੇ ਜਾਂਦੇ ਹਨ, ਜਿਨ੍ਹਾਂ ਦਾ ਵਿਕਾਸ ਨਾਲ ਕੋਈ ਲੈਣਾ-ਦੇਣਾ ਨਹੀਂ ਹੁੰਦਾ, ਜਿਵੇਂ ਕਿ ਗਊ ਭਗਤੀ, ਰਾਮ ਭਗਤੀ, ਰਾਸ਼ਟਰ ਭਗਤੀ ਅਤੇ ਸ਼ਹਿਰਾਂ ਦੇ ਨਾਂਅ ਵਗੈਰਾ ਬਦਲਣਾ। ਇਸ ਦਾ ਮਤਲਬ ਇਹ ਹੈ ਕਿ ਕੀ ਇਸ ਦੇਸ਼ ਦੀ ਇਹੋ ਕਿਸਮਤ ਹੈ ਕਿ ਇਸ ਨੂੰ ਆਪਣੇ ਨੇਤਾਵਾਂ ਦੇ ਰੂਪ ਵਿੱਚ ਅਜਿਹੇ ਹੀ ਲੋਕ ਮਿਲਣਗੇ, ਜੋ ਚਾਹੇ ਕਿਸੇ ਵੀ ਸਿਆਸੀ ਪਾਰਟੀ ਦੇ ਹੋਣ, ਅਮਲੀ ਤੌਰ 'ਤੇ ਇੱਕੋ ਹੀ ਥਾਲੀ ਦੇ ਚੱਟੇ-ਬੱਟੇ ਹੋਣਗੇ।
ਭਾਰਤ ਵਿੱਚ ਵਿਦੇਸ਼ੀ ਸ਼ਾਸਨ ਦੀ ਲੰਮੀ ਪਾਰੀ ਹੋਣ ਦੇ ਬਾਵਜੂਦ ਸ਼ਰਧਾ, ਭਰੋਸੇ, ਧਰਮ, ਜਾਤ, ਗੋਤਰ ਦਾ ਸਥਾਨ ਸਾਡੀ ਜੀਵਨ ਸ਼ੈਲੀ ਦਾ ਅਟੁੱਟ ਅੰਗ ਰਿਹਾ ਹੈ। ਇੰਪੋਰਟਿਡ ਧਰਮ ਨਿਰਪੱਖਤਾ ਵੀ ਇਸ ਵਿੱਚ ਤਬਦੀਲੀ ਲਿਆਉਣ ਤੋਂ ਨਾਕਾਮ ਰਹੀ ਹੈ। ਸੈਕੁਲਰ ਹੋਣ ਦਾ ਇਹ ਮਤਲਬ ਨਹੀਂ ਕਿ ਸਾਡੇ ਧਰਮ ਅਤੇ ਉਸ ਨਾਲ ਜੁੜੇ ਰੀਤੀ-ਰਿਵਾਜ਼, ਰਸਮਾਂ, ਰਵਾਇਤਾਂ ਮਹੱਤਵਹੀਣ ਹਨ। ਇਸੇ ਕਾਰਨ ਅਕਸਰ ਧਰਮ ਨਿਰਪੱਖਤਾ ਦੀ ਪੋਲ ਖੁੱਲ੍ਹਦੀ ਹੈ ਤੇ ਕਥਿਤ ਸੈਕੁਲਰਰਿਸਟਾਂ ਨੂੰ ਧਰਮਾਂ ਦੀ ਨੁਮਾਇੰਦਗੀ ਕਰਦਿਆਂ ਮੰਦਰਾਂ, ਮਸਜਿਦ, ਗੁਰਦੁਆਰੇ, ਗਿਰਜਾਘਰ ਜਾਂ ਕਿਸੇ ਹੋਰ ਧਾਰਮਿਕ ਜਗ੍ਹਾ 'ਤੇ ਪੂਜਾ ਪਾਠ ਕਰਦਿਆਂ ਦੇਖਿਆ ਜਾ ਸਕਦਾ ਹੈ। ਇਹੋ ਹਕੀਕਤ ਹੈ।
ਇਸ ਸਥਿਤੀ ਵਿੱਚ ਇਸ ਗੱਲ 'ਤੇ ਹੈਰਾਨੀ ਹੁੰਦੀ ਹੈ ਕਿ ਸਿਆਸੀ ਪਾਰਟੀਆਂ ਆਪਣੇ ਸੁਆਰਥੀ ਆਚਰਣ ਕਾਰਨ ਜੋ ਤਸਵੀਰ ਸਾਨੂੰ ਦਿਖਾਉਂਦੀਆਂ ਹਨ, ਉਸ ਨੂੰ ਸਹੀ ਅਰਥਾਂ ਵਿੱਚ ਸਮਝਣ ਵਿੱਚ ਅਸੀਂ ਗਲਤੀ ਕਿਵੇਂ ਕਰ ਬੈਠਦੇ ਹਾਂ। ਵਿਕਾਸ ਦੀ ਥਾਂ ਸਾਨੂੰ ਧਰਮ, ਅਰਥ, ਕਾਮ, ਮੁਕਤੀ 'ਚ ਉਲਝਾਈ ਰੱਖਣ ਵਿੱਚ ਸਿਆਸੀ ਪਾਰਟੀਆਂ ਅਤੇ ਉਨ੍ਹਾਂ ਦੇ ਆਗੂ ਇਸੇ ਲਈ ਸਫਲ ਹੋ ਜਾਂਦੇ ਹਨ ਕਿ ਉਹ ਲੋਕਾਂ ਦੀ ਨਬਜ਼ ਪਛਾਣਨ ਦੇ ਮਾਹਿਰ ਹੁੰਦੇ ਹਨ ਤੇ ਲੋਕਾਂ ਨੂੰ ਗਰੀਬ, ਅਨਪੜ੍ਹ, ਅਗਿਆਨੀ ਅਤੇ ਸੰਸਕਾਰਹੀਣ ਬਣਾਈ ਰੱਖਣ ਵਿੱਚ ਹੀ ਆਪਣਾ ਭਵਿੱਖ ਦੇਖਦੇ ਹਨ।
ਪਿਛਲੇ ਦਿਨੀਂ ਅਯੁੱਧਿਆ 'ਚ ਰਾਮ ਮੰਦਰ ਲਈ ਬਹੁਤ ਵੱਡਾ ਆਯੋਜਨ ਹੋਇਆ, ਜਿਸ 'ਚ ਸਾਰਿਆਂ ਨੇ ਆਪੋ-ਆਪਣੀ ਡੱਫਲੀ ਵਜਾਈ ਤੇ ਆਪੋ-ਆਪਣਾ ਰਾਗ ਅਲਾਪਿਆ। ਇਸ ਦੌਰਾਨ ਅਯੁੱਧਿਆ ਜ਼ਿਲ੍ਹੇ ਦੇ ਆਸਪਾਸ ਵਾਲੇ ਖੇਤਰਾਂ ਵਿੱਚ ਦੇਖਿਆ ਕਿ ਉਥੇ ਸੜਕਾਂ ਦੀ ਹਾਲਤ 10-15 ਸਾਲ ਪਹਿਲਾਂ ਜਿਸ ਤਰ੍ਹਾਂ ਦੀ ਸੀ, ਅੱਜ ਵੀ ਉਸੇ ਤਰ੍ਹਾਂ ਦੀ ਹੈ, ਸਗੋਂ ਹੋਰ ਬਦ ਹੋ ਗਈ ਹੈ। ਹਾਈਵੇ ਨੂੰ ਛੱਡ ਕੇ ਆਸਪਾਸ ਦੇ ਨਗਰਾਂ, ਕਸਬਿਆਂ ਅਤੇ ਪਿੰਡਾਂ ਨੂੰ ਜਿੰਨੇ ਵੀ ਰਸਤੇ ਜਾਂਦੇ ਹਨ, ਉਹ ਟੁੱਟ-ਭੱਜੇ ਅਤੇ ਗੰਦਗੀ ਨਾਲ ਭਰਪੂਰ ਹਨ। ਸੜਕ ਕੰਢੇ 30-40 ਸਾਲ ਪਹਿਲਾਂ ਬਣੇ ਢਾਬਿਆਂ ਦੀ ਹਾਲਤ ਵੀ ਬਾਹਰਲੀ ਸਜਾਵਟ ਤੋਂ ਇਲਾਵਾ ਨਹੀਂ ਬਦਲੀ।
ਸਵੱਛਤਾ ਅੰਦੋਲਨ ਨੇ ਪਿਛਲੇ ਕੁਝ ਸਾਲਾਂ 'ਚ ਇਤਿਹਾਸ ਰਚਣ ਦਾ ਕੰਮ ਕੀਤਾ ਹੈ ਤੇ ਲੋਕਾਂ ਵਿੱਚ ਟਾਇਲੇਟਸ ਦੀ ਵਰਤੋਂ ਅਤੇ ਸਾਫ-ਸਫਾਈ ਨਾਲ ਰਹਿਣ ਪ੍ਰਤੀ ਥੋੜ੍ਹੀ-ਬਹੁਤ ਉਤਸੁਕਤਾ ਜਾਗੀ ਹੈ। ਇਹ ਤੁਰੰਤ ਖਤਮ ਵੀ ਹੋ ਜਾਂਦੀ ਹੈ, ਜਦੋਂ ਇਹ ਸੱਚ ਸਾਹਮਣੇ ਆਉਂਦਾ ਹੈ ਕਿ ਗੰਦਗੀ ਤੋਂ ਛੁਟਕਾਰਾ ਪਾਉਣ ਲਈ ਜੋ ਸਾਲਿਡ ਵੇਸਟ ਅਤੇ ਲਿਕੁਆਡ ਵੇਸਟ ਡਿਸਪੋਜ਼ਲ ਪਲਾਂਟ ਲੱਗਣੇ ਚਾਹੀਦੇ ਹਨ, ਉਹ ਬਿਲਕੁਲ ਗਾਇਬ ਹਨ। ਸਾਫ-ਸਫਾਈ ਦੀਆਂ ਗੱਲਾਂ ਕਰਨਾ ਸਿਰਫ ਫੈਸ਼ਨ ਬਣ ਗਿਆ ਹੈ। ਨੇੜੇ ਹੀ ਵਗਦੀ ਇੱਕ ਨਦੀ ਵਿੱਚ ਅੱਜ ਵੀ 90 ਫੀਸਦੀ ਸੀਵੇਜ ਉਸੇ ਤਰ੍ਹਾਂ ਡਿੱਗਦਾ ਹੈ, ਜਿਵੇਂ 50-60 ਸਾਲ ਪਹਿਲਾਂ ਡਿੱਗਦਾ ਸੀ। ਨਦੀਆਂ ਦੀ ਸਫਾਈ ਦੇ ਨਾਂਅ 'ਤੇ ਕੀਤੇ ਜਾਣ ਵਾਲੇ ਸਾਰੇ ਉਪਾਅ ਫਜ਼ੂਲ ਲੱਗਦੇ ਹਨ ਤੇ ਉਨ੍ਹਾਂ 'ਤੇ ਖਰਚ ਕੀਤੀ ਜਾਂਦੀ ਮੋਟੀ ਰਕਮ ਨਦੀਆਂ ਦੇ ਪਾਣੀ 'ਚ ਉਸੇ ਤਰ੍ਹਾਂ ਰੁੜ੍ਹ ਜਾਂਦੀ ਹੈ। ਜਿਵੇਂ ਉਨ੍ਹਾਂ 'ਚ ਗੰਦਗੀ।
ਕਲਪਨਾ 'ਤੇ ਆਧਾਰਤ ਇਹ ਬਿਆਨਬਾਜ਼ੀ ਬੜੀ ਹਾਸੋਹੀਣੀ ਹੈ ਕਿ ਫਰਵਰੀ 2019 ਤੱਕ ਸਾਡਾ ਟੀਚਾ ਦੇਸ਼ ਨੂੰ ਪੂਰੀ ਤਰ੍ਹਾਂ ਖੁੱਲ੍ਹੇ ਥਾਂ ਜੰਗਲ-ਪਾਣੀ ਅਤੇ ਗੰਦਗੀ ਤੋਂ ਮੁਕਤ ਕਰਨ ਦਾ ਹੈ। ਵਜ੍ਹਾ ਇਹ ਹੈ ਕਿ ਤਕਨੀਕ ਅਤੇ ਤਕਨਾਲੋਜੀ ਦੇ ਹੁੰਦੇ ਹੋਏ ਵੀ ਸਰਕਾਰ ਇਹ ਨਹੀਂ ਦੱਸਦੀ ਕਿ ਹੋਟਲਾਂ, ਹਸਪਤਾਲਾਂ, ਘਰਾਂ, ਦਫਤਰਾਂ, ਰੇਲਵੇ ਸਟੇਸ਼ਨਾਂ, ਹਵਾਈ ਅੱਡੇ ਤੋਂ ਲੈ ਕੇ ਧਾਰਮਿਕ ਅਸਥਾਨਾਂ ਤੱਕ 'ਚੋਂ ਨਿਕਲਣ ਵਾਲੇ ਕੂੜੇ ਦੇ ਨਿਪਟਾਰੇ ਲਈ ਉਸ ਕੋਲ ਕੀ ਯੋਜਨਾ ਹੈ ਅਤੇ ਇਸ ਦੀ ਸ਼ੁਰੂਆਤ ਕਦੋਂ, ਕਿੱਥੋਂ ਅਤੇ ਕਿਵੇਂ ਹੋਵੇਗੀ? ਇਹ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਅੱਜ ਵੀ ਦਿਹਾਤੀ ਖੇਤਰਾਂ ਵਿੱਚ ਅੱਧੇ ਤੋਂ ਜ਼ਿਆਦਾ ਸਕੂਲਾਂ ਦੇ ਜਿੰਦਰੇ ਉਦੋਂ ਖੁੱਲ੍ਹਦੇ ਹਨ ਤੇ ਉਨ੍ਹਾਂ 'ਚ ਸਿਰਫ ਰਸਮ ਵਜੋਂ ਵਿਦਿਆਰਥੀ ਦੀ ਹਾਜ਼ਰੀ ਦਿਖਾਉਣੀ ਹੁੰਦੀ ਹੈ, ਜਦੋਂ ਉਨ੍ਹਾਂ ਖੇਤਰਾਂ ਵਿੱਚ ਕੋਈ ਵਿਸ਼ੇਸ਼ ਮਹਿਮਾਨ ਆਵੇ, ਕੌਮੀ ਸਮਾਗਮ ਹੋਵੇ ਜਾਂ ਫਿਰ ਮੁਫਤ 'ਚ ਕੋਈ ਚੀਜ਼ ਵੰਡੇ ਜਾਣਦੀ ਕੋਈ ਜਾਣਕਾਰੀ ਹੋਵੇ। ਜਦ ਸਿਖਿਆ ਦੀ ਇਹ ਹਾਲਤ ਹੈ ਤਾਂ ਬੇਰੋਜ਼ਗਾਰੀ ਦਾ ਹਾਲ ਕੀ ਹੋਵੇਗਾ, ਅੰਦਾਜ਼ਾ ਲਾਉਣਾ ਔਖਾ ਨਹੀਂ। ਕਹਿਣ ਦਾ ਭਾਵ ਇਹ ਕਿ ਜਦ ਵਿਕਾਸ ਦੀਆਂ ਯੋਜਨਾਵਾਂ ਨਾ ਹੋਣ, ਵਾਅਦੇ ਪੂਰੇ ਹੋਣ ਦੀ ਸੰਭਾਵਨਾ ਘੱਟ ਹੋਵੇ ਤੇ ਵਿਰੋਧੀ ਧਿਰ ਕੋਲ ਵੀ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹੀ ਕਰਨ ਦੇ ਠੋਸ ਕਾਰਨ ਨਾ ਹੋਣ ਤਾਂ ਦੋਵੇਂ ਪਾਸਿਉਂ ਬੇਬੁਨਿਆਦ ਅਤੇ ਫਜ਼ੂਲ ਗੱਲਾਂ ਦਾ ਸਿਲਸਿਲਾ ਲੋਕਾਂ ਨੂੰ ਬਹਿਕਾਈ, ਫੁਸਲਾਈ ਰੱਖਣ ਲਈ ਸ਼ੁਰੂੁ ਕਰ ਦਿੱਤਾ ਜਾਂਦਾ ਹੈ।
ਇਹੋ ਹਾਲਾਤ ਦੇਸ਼ ਵਿੱਚ ਕਿਤੇ ਵੀ ਦੇਖਣ ਨੂੁੰ ਮਿਲੇਗੀ। ਸੜਕਾਂ ਦੀ ਉਸਾਰੀ ਦਾ ਮਾਮਲਾ ਹੋਵੇ, ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨਾ ਹੋਵੇ, ਰੋਜ਼ਗਾਰ ਦੇ ਮੌਕੇ ਪੈਦਾ ਕਰਨੇ ਹੋਣ, ਸਾਰੇ ਮਾਮਲਿਆਂ ਵਿੱਚ ਇੰਝ ਲੱਗਦਾ ਹੈ ਕਿ ਅਸੀਂ ਆਜ਼ਾਦੀ ਤੋਂ ਬਾਅਦ ਸਿਰਫ ਕੀੜੀ ਦੀ ਚਾਲ ਚੱਲੇ ਹਾਂ, ਜਦ ਕਿ ਆਬਾਦੀ ਹਾਥੀ ਦੇ ਆਕਾਰ ਵਾਂਗ ਵਧੀ ਹੈ। ਦੇਸ਼ ਅੰਦਰ ਆਜ਼ਾਦੀ ਤੋਂ ਬਾਅਦ ਗਰੀਬੀ ਦਾ ਢਾਂਚਾ ਖੜ੍ਹਾ ਕਰ ਦਿੱਤਾ ਗਿਆ, ਜਿਸ ਨੂੰ ਬਣਾਈ ਰੱਖਣ ਵਿੱਚ ਸਮਾਜਕ ਗੈਰ-ਬਰਾਬਰੀ ਨੂੰ ਨੀਂਹ ਵਾਂਗ ਵਰਤਿਆ ਗਿਆ ਅਤੇ ਉਹ ਨੀਂਹ ਇੰਨੀ ਡੂੰਘੀ ਕਰ ਦਿੱਤੀ ਗਈ ਕਿ ਉਸ ਦੇ ਉਖਾੜਨ ਦੀ ਦੂਰ-ਦੂਰ ਤੱਕ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ। ਇਸ ਵਿੱਚ ਕਿਸੇ ਸਿਆਸੀ ਪਾਰਟੀ ਜਾਂ ਸਿਆਸੀ ਆਗੂ ਦੀ ਦਿਲਚਸਪੀ ਇਸ ਲਈ ਨਹੀਂ ਕਿ ਸਮਾਜਕ ਨਾਇਨਸਾਫੀ ਅਤੇ ਆਪਸੀ ਫੁੱਟ ਦੇ ਦਮ 'ਤੇ ਹੀ ਉਨ੍ਹਾਂ ਦੀ ਸਿਆਸਤ ਤੇ ਸੱਤਾ ਟਿਕੀ ਹੁੰਦੀ ਹੈ।
ਇਸ ਸਥਿਤੀ ਵਿੱਚ ਆਮ ਨਾਗਰਿਕ ਕੋਲ ਸਿਰਫ ਇੱਕੋ ਬਦਲ ਰਹਿ ਜਾਂਦਾ ਹੈ ਕਿ ਉਹ ਆਪਣੇ ਇਨਸਾਨ ਦੀ ਹੋਣ ਦੀ ਪਛਾਣ ਕਰੇ, ਆਪਣਾ ਸਨਮਾਨ ਕਰਨ ਦੀ ਆਦਤ ਪਾਵੇ ਅਤੇ ਇਹ ਸਮਝਣ ਦੀ ਪ੍ਰਕਿਰਿਆ ਅਪਣਾਏ ਕਿ ਉਸ ਦੇ ਹਿੱਤ ਵਿੱਚ ਕੀ ਹੈ ਅਤੇ ਕੀ ਨਹੀਂ, ਭਾਵ ਕੋਈ ਕਿੰਨਾ ਵੀ ਬਹਿਕਾਵੇ, ਫੁਸਲਾਵੇ, ਜਦੋਂ ਤੱਕ ਉਸ ਦੀ ਕਸੌਟੀ 'ਤੇ ਖਰਾ ਨਾ ਉਤਰੇ, ਉਹ ਕੋਈ ਗੱਲ ਨਾ ਮੰਨੇ। ਲੋਕਾਂ ਨੂੰ ਆਪਣੀ ਸੋਚ ਬਦਲਣੀ ਪਵੇਗੀ, ਇਸ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ।

 

Have something to say? Post your comment