ਓਟਵਾ, 4 ਮਈ (ਪੋਸਟ ਬਿਊਰੋ) : ਪਬਲਿਕ ਹੈਲਥ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਦਾ ਵਿਰੋਧ ਕਰ ਰਹੇ ਗਰੁੱਪਜ਼ ਵਿੱਚ ਸ਼ਾਮਲ ਲੋਕਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਅਜਿਹੇ ਮੁਜ਼ਾਹਰੇ ਕਰਨ ਨਾਲ ਉਲਟ ਅਸਰ ਪਵੇਗਾ।
ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੂਡੋ ਨੇ ਆਖਿਆ ਕਿ ਇਨ੍ਹਾਂ ਮੁਜ਼ਾਹਰਾਕਾਰੀਆਂ ਦਾ ਮਕਸਦ ਆਮ ਵਰਗੇ ਹਾਲਾਤ ਵਾਪਿਸ ਲਿਆਉਣਾ ਹੈ ਪਰ ਇਸ ਤਰ੍ਹਾਂ ਇੱਕਠੇ ਹੋਣ ਨਾਲ ਇੱਕ ਤਾਂ ਵਾਇਰਸ ਹੋਰ ਫੈਲੇਗਾ ਤੇ ਅਜਿਹਾ ਹੋਣ ਦੀ ਸੂਰਤ ਵਿੱਚ ਲਾਕਡਾਊਨ ਵਿੱਚ ਹੋਰ ਵਾਧਾ ਹੋਵੇਗਾ। ਟਰੂਡੋ ਨੇ ਉਨ੍ਹਾਂ ਸਾਰੇ ਕੈਨੇਡੀਅਨਾਂ ਦਾ ਧੰਨਵਾਦ ਕੀਤਾ ਜਿਹੜੇ ਨਿਯਮਾਂ ਦਾ ਪਾਲਣ ਕਰ ਰਹੇ ਹਨ ਤੇ ਆਖਿਆ ਕਿ ਉਹ ਸੱਭ ਜਾਣਦੇ ਹਨ ਕਿ ਨਿਯਮਾਂ ਤੇ ਪਾਬੰਦੀਆਂ ਦਾ ਪਾਲਣ ਕਰਨ ਨਾਲ ਹਾਲਾਤ ਜਲਦ ਆਮ ਵਰਗੇ ਹੋਣਗੇ।
ਟਰੂਡੋ ਨੇ ਇਹ ਵੀ ਆਖਿਆ ਕਿ ਐਨੇ ਕੈਨੇਡੀਅਨ ਇਸ ਲਈ ਪਬਲਿਕ ਹੈਲਥ ਮਾਪਦੰਡਾਂ ਦਾ ਪਾਲਣ ਕਰ ਰਹੇ ਹਨ ਕਿਉਂਕਿ ਉਹ ਸਿਰਫ ਆਮ ਵਰਗੇ ਹਾਲਾਤ ਹੀ ਵਾਪਿਸ ਨਹੀਂ ਚਾਹੁੰਦੇ ਸਗੋਂ ਉਹ ਆਪਣੇ ਗੁਆਂਢੀਆਂ ਤੇ ਫਰੰਟਲਾਈਨ ਵਰਕਰਜ਼ ਦੀ ਕੇਅਰ ਕਰਦੇ ਹਨ। ਟਰੂਡੋ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਅਜਿਹਾ ਆਪਣੇ ਸਾਥੀ ਕੈਨੇਡੀਅਨਾਂ ਦੇ ਸਨਮਾਨ ਸਦਕਾ ਹੀ ਕਰ ਲੈਣਾ ਚਾਹੀਦਾ ਹੈ।
ਜਿ਼ਕਰਯੋਗ ਹੈ ਕਿ ਬਾਓਡਨ, ਅਲਬਰਟਾ ਵਿੱਚ ਦੋ ਦਿਨਾਂ ਲਈ ਵੀਕੈਂਡ ਉੱਤੇ “ਨੋ ਮੋਰ ਲਾਕਡਾਊਨਜ਼” ਦੇ ਨਾਂ ਉੱਤੇ ਕੀਤੇ ਗਏ ਮੁਜ਼ਾਹਰਿਆਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇੱਕਠੇ ਹੋਏ। ਅਲਬਰਟਾ ਦੇ ਪ੍ਰੀਮੀਅਰ ਜੇਸਨ ਕੇਨੀ ਵੱਲੋਂ ਇਸ ਈਵੈਂਟ ਦੀ ਨਿਖੇਧੀ ਕੀਤੀ ਗਈ ਤੇ ਉਨ੍ਹਾਂ ਆਖਿਆ ਕਿ ਇਹ ਸੱਭ ਨਿਯਮ ਮੰਨਣ ਵਾਲਿਆਂ ਦੇ ਮੂੰਹ ਉੱਤੇ ਚਪੇੜ ਮਾਰਨ ਦੇ ਤੁਲ ਹੈ। ਇਸ ਸਮੇਂ ਕੈਨੇਡਾ ਤੇ ਅਮਰੀਕਾ ਦੇ ਮੁਕਾਬਲੇ ਅਲਬਰਟਾ ਵਿੱਚ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਕੋਵਿਡ-19 ਦੇ ਸੱਭ ਤੋਂ ਵੱਧ ਮਾਮਲੇ ਪਾਏ ਜਾ ਰਹੇ ਹਨ।
ਟਰੂਡੋ ਨੇ ਆਖਿਆ ਕਿ ਤੀਜੀ ਵੇਵ ਦਾ ਸਾਹਮਣਾ ਕਰ ਰਹੇ ਹੋਰਨਾਂ ਪ੍ਰੋਵਿੰਸਾਂ ਵਾਂਗ ਹੀ ਫੈਡਰਲ ਸਰਕਾਰ ਅਲਬਰਟਾ ਦੀ ਮਦਦ ਕਰਨਾ ਜਾਰੀ ਰੱਖੇਗੀ।