Welcome to Canadian Punjabi Post
Follow us on

18

January 2019
ਬ੍ਰੈਕਿੰਗ ਖ਼ਬਰਾਂ :
ਪੱਤਰਕਾਰ ਛਤਰਪਤੀ ਕਤਲ ਕੇਸ `ਚ ਰਾਮ ਰਹੀਮ ਅਤੇ 3 ਹੋਰ ਦੋਸ਼ੀਆਂ ਨੂੰ ਉਮਰਕੈਦ ਸੁਖਪਾਲ ਖਹਿਰਾ ਵਲੋਂ ਆਪ ਦੀ ਮੁਢਲੀ ਮੈਂਬਰੀ ਤੋਂ ਅਸਤੀਫਾਯੂਨੀਫੌਰ ਤੇ ਓਪੀਐਸਈਯੂ ਨੇ ਫੋਰਡ ਦੇ ਤਬਾਹਕੁੰਨ ਏਜੰਡੇ ਖਿਲਾਫ ਹੱਥ ਮਿਲਾਏਨਿਰੰਕਾਰੀ ਭਵਨ ਉੱਤੇ ਗ੍ਰਨੇਡ ਹਮਲੇ ਦਾ ਇੱਕ ਦੋਸ਼ੀ ਗ੍ਰਿਫਤਾਰ, ਦੂਜੇ ਦੀ ਪਛਾਣਅੰਮ੍ਰਿਤਸਰ ਗ੍ਰਨੇਡ ਅਟੈਕ: ਕੈਪਟਨ ਅਮਰਿੰਦਰ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ, ਪੁਲੀਸ ਦੇ ਚੋਟੀ ਦੇ ਅਫਸਰਾਂ ਨੂੰ ਤੁਰੰਤ ਪਿੰਡ ਅਦਲੀਵਾਲ ਪਹੁੰਚਣ ਦੇ ਹੁਕਮਅੰਮ੍ਰਿਤਸਰ `ਚ ਨਿਰੰਕਾਰੀ ਭਵਨ ਉੱਤੇ ਹਮਲਾ, ਡੀ.ਜੀ.ਪੀ. ਨੇ ਅੱਤਵਾਦੀ ਹਮਲਾ ਕਿਹਾਵੈਨਕੂਵਰ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਤਿੰਨ ਝਟਕੇ ਅੰਮ੍ਰਿਤਸਰ ਸ਼ਹਿਰ `ਚ ਵੱਡਾ ਰੇਲ ਹਾਦਸਾ, ਦੁਸਹਿਰਾ ਦੇਖਣ ਆਏ ਲੋਕਾਂ ਉੱਤੇ ਚੜ੍ਹੀ ਟ੍ਰੇਨ , ਕਰੀਬ 50 ਦੀ ਮੌਤ ਦਾ ਸ਼ੱਕ
ਨਜਰਰੀਆ

ਹਨੇਰੀ ਨਾਲ ਰੁੱਖ ਪੁੱਟੇ ਜਾਂਦੇ, ਪਰ ਝਿੜੀ ਕਦੇ ਨਹੀਂ ਪੁੱਟੀ ਜਾਂਦੀ

December 10, 2018 08:42 AM

-ਜਤਿੰਦਰ ਪਨੂੰ
ਭਾਰਤ ਉਸ ਚੌਰਾਹੇ ਵਿੱਚ ਦਾਖਲ ਹੋ ਚੁੱਕਾ ਹੈ, ਜਿੱਥੇ ਇਸ ਨੇ ਆਪਣੇ ਅਗਲੇ ਦੌਰ ਲਈ ਇੱਕ ਰਾਹ ਚੁਣਨਾ ਹੈ ਤੇ ਇਹ ਚੋਣ ਇਸ ਦੇਸ਼ ਦੇ ਲੋਕਾਂ ਨੇ ਵੋਟਾਂ ਪਾ ਕੇ ਕਰਨੀ ਹੈ, ਜਿਸ ਨੂੰ ਲੋਕਾਂ ਦਾ ਫਤਵਾ ਕਿਹਾ ਜਾਂਦਾ ਹੈ। ਬੀਤੇ ਨਵੰਬਰ ਦੀ ਛੱਬੀ ਤਾਰੀਖ ਨੂੰ ਇਸ ਦੀ ਮੌਜੂਦਾ ਸਰਕਾਰ ਦੇ ਸਾਢੇ ਚਾਰ ਸਾਲ ਪੂਰੇ ਹੋ ਜਾਣ ਪਿੱਛੋਂ ਆਖਰੀ ਛਿਮਾਹੀ ਚੱਲ ਪਈ ਹੈ ਤਾਂ ਹਰ ਕਿਸੇ ਦਾ ਧਿਆਨ ਅਗਲੀ ਚੋਣ ਵੱਲ ਲੱਗਾ ਪਿਆ ਹੈ। ਸਿਆਸੀ ਗੱਠਜੋੜ ਬਣਦੇ ਫਿਰਦੇ ਹਨ। ਇਸ ਦੌਰਾਨ ਹਾਲਾਤ ਦੇ ਉਤਲੇ ਵਹਿਣ ਹੇਠ ਭਾਰਤੀ ਸਮਾਜ ਵਿੱਚ ਜਿਹੜੀ ਦੱਬੀ ਜਿਹੀ ਲਹਿਰ ਚੱਲ ਰਹੀ ਹੈ, ਉਹ ਬਹੁਤੇ ਲੋਕਾਂ ਨੂੰ ਅਜੇ ਦਿੱਸ ਨਹੀਂ ਰਹੀ। ਇਸ ਹਫਤੇ ਭਾਰਤ ਦੇ ਸਭ ਤੋਂ ਵੱਡੇ ਰਾਜ ਉੱਤਰ ਪ੍ਰਦੇਸ਼ ਵਿੱਚ ਇੱਕ ਪੁਲਸ ਇੰਸਪੈਕਟਰ ਦੇ ਕਤਲ ਨੇ ਉਸ ਨੂੰ ਮਹਿਸੂਸ ਕਰਨ ਦਾ ਮੌਕਾ ਦਿੱਤਾ ਹੈ, ਪਰ ਉਸ ਨੂੰ ਅਣਗੌਲਿਆ ਕਰ ਕੇ ਭਾਰਤ ਦੀ ਰਾਜਨੀਤੀ ਤੇ ਸਮਾਜ ਦੇ ਰਹਿਬਰ ਆਪਣੀ ਪੱਕੀ ਲੀਹ ਉੱਤੇ ਤੁਰੇ ਜਾਣ ਨੂੰ ਪਹਿਲ ਦੇ ਰਹੇ ਹਨ। ਅਣਗੌਲਿਆ ਕਰਨਾ ਹੀ ਤਾਂ ਖਤਰਨਾਕ ਹੈ।
ਜਦੋਂ ਅਪਰੇਸ਼ਨ ਬਲਿਊ ਸਟਾਰ ਦੀ ਮੰਦ-ਭਾਗੀ ਘਟਨਾ ਹੋਈ ਤਾਂ ਇਸ ਦਾ ਪਹਿਲਾ ਤੇ ਸਭ ਤੋਂ ਦੁਖਦਾਈ ਅਸਰ ਸਾਡੇ ਪੰਜਾਬ ਵਿੱਚ ਪਿਆ ਸੀ ਤੇ ਬਹੁਤਾ ਕਰ ਕੇ ਪੰਜਾਬੀਆਂ ਨੇ ਭੁਗਤਿਆ ਸੀ। ਉਸ ਦੇ ਬਾਅਦ ਇੰਦਰਾ ਗਾਂਧੀ ਦੇ ਕਤਲ ਦੀ ਘਟਨਾ ਵਾਪਰੀ ਤੇ ਉਸ ਪਿੱਛੋਂ ਦਿੱਲੀ ਅਤੇ ਹੋਰ ਥਾਂਈਂ ਸਿੱਖ ਵਿਰੋਧੀ ਹਿੰਸਾ ਹੁੰਦੀ ਵੇਖੀ ਗਈ ਤਾਂ ਉਸ ਦਾ ਅਸਰ ਵੀ ਬਹੁਤਾ ਕਰ ਕੇ ਓਦੋਂ ਪੰਜਾਬ ਤੇ ਸਿੱਖਾਂ ਉੱਤੇ ਪਿਆ ਹੋਣ ਦੇ ਨਾਲ ਬਾਕੀ ਭਾਰਤ ਦੇ ਸਮਾਜ ਅਤੇ ਰਾਜਨੀਤੀ ਉੱਤੇ ਉਸ ਦਾ ਜਿੱਦਾਂ ਦਾ ਅਸਰ ਪਿਆ ਸੀ, ਉਸ ਨੂੰ ਵੇਲੇ ਸਿਰ ਨੋਟ ਨਹੀਂ ਕੀਤਾ ਗਿਆ। ਹਕੀਕਤ ਇਹ ਸੀ ਕਿ ਉਨ੍ਹਾਂ ਦੋ ਘਟਨਾਵਾਂ ਦਾ ਅਸਰ ਪੈ ਕੇ ਇਸ ਦੇਸ਼ ਦੀ ਬਹੁ-ਗਿਣਤੀ ਨੂੰ ਉਕਸਾਉਣ ਦੀ ਰਾਜਨੀਤਕ ਲਹਿਰ ਚੱਲ ਪਈ ਅਤੇ ਹੌਲੀ-ਹੌਲੀ ਇਸ ਹੱਦ ਤੱਕ ਚਲੀ ਗਈ ਕਿ ਅੱਜ ਦੇ ਸਮੇਂ ਵਿੱਚ ਜਦੋਂ ਚੋਣਾਂ ਦਾ ਦੌਰ ਆਉਂਦਾ ਹੈ, ਸੁੱਖ ਮੰਗਣ ਨੂੰ ਜੀਅ ਕਰਦਾ ਹੈ। ਓਦੋਂ ਪ੍ਰਧਾਨ ਮੰਤਰੀ ਬਣੇ ਰਾਜੀਵ ਗਾਂਧੀ ਨੇ ਇਨ੍ਹਾਂ ਘਟਨਾਵਾਂ, ਖਾਸ ਕਰ ਕੇ ਆਪਣੀ ਮਾਂ ਦੇ ਕਤਲ ਦੇ ਬਾਅਦ ਹਿੰਦੂ ਫਿਰਕਾ ਪ੍ਰਸਤੀ ਨੂੰ ਵਰਤਣ ਦਾ ਦਾਅ ਖੇਡਿਆ ਸੀ, ਜਿਸ ਨਾਲ ਉਹ ਲੋਕ ਸਭਾ ਵਿੱਚ ਚਾਰ ਸੌ ਤੋਂ ਵੱਧ ਸੀਟਾਂ ਲੈ ਗਿਆ ਤੇ ਹਿੰਦੂਤੱਵ ਮਾਰਕੇ ਦੀ ਰਾਜਨੀਤੀ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਵਾਲਿਆਂ ਦੇ ਪੱਲੇ ਸਿਰਫ ਦੋ ਸੀਟਾਂ ਪਈਆਂ ਸਨ। ਰਾਜੀਵ ਇਸ ਤੋਂ ਖੁਸ਼ ਸੀ, ਪਰ ਬਾਕੀ ਲੋਕ ਇਸ ਗੱਲੋਂ ਅਵੇਸਲੇ ਸਨ ਕਿ ਇਸ ਵਿੱਚੋਂ ਹਿੰਦੂ ਭਾਈਚਾਰੇ ਨੂੰ ਉਕਸਾਉਣ ਦੀ ਮੁਕਾਬਲੇਬਾਜ਼ੀ ਹੋਵੇਗੀ ਤੇ ਉਹ ਉਕਸਾਊਪੁਣਾ ਇਸ ਦੇਸ਼ ਨੂੰ ਲੀਹੋ ਤੋਂ ਲਾਹ ਦੇਵੇਗਾ। ਅੱਜ ਇਹ ਕੁਝ ਹੁੰਦਾ ਸਾਫ ਦਿੱਸਦਾ ਹੈ।
ਉਸ ਵਕਤ ਇਹ ਗੱਲ ਭੁਲਾ ਦਿੱਤੀ ਗਈ ਸੀ ਕਿ ਜੇ ਸਿੱਖਾਂ ਨੂੰ ਉਕਸਾਉਣ ਦਾ ਮੁਕਾਬਲਾ ਹੋਵੇ ਤਾਂ ਅਕਾਲੀ ਦਲ ਦੇ ਆਗੂਆਂ ਨਾਲ ਮੁਕਾਬਲੇ ਵਿੱਚ ਕਾਂਗਰਸ ਕਦੇ ਵੀ ਕਾਮਯਾਬ ਨਹੀਂ ਹੋ ਸਕਦੀ ਤੇ ਏਦਾਂ ਹੀ ਹਿੰਦੂ ਫਿਰਕਾ ਪ੍ਰਸਤੀ ਵਾਲੇ ਮੋਰਚੇ ਉੱਤੇ ਨਿਰੋਲ ਹਿੰਦੂਤੱਵ ਦੀ ਹਮਾਇਤੀ ਭਾਜਪਾ ਨਾਲ ਕਾਂਗਰਸ ਬਰਾਬਰ ਨਹੀਂ ਭਿੜ ਸਕਦੀ। ਕਾਂਗਰਸੀ ਆਗੂ ਤਾਂ ਸਿਰਫ ਚੋਭਾਂ ਲਾ ਕੇ ਸੀਮਤ ਜਿਹੀ ਫਿਰਕਾ ਪ੍ਰਸਤੀ ਦਾ ਦਾਅ ਖੇਡਦੇ ਅਤੇ ਇਸ ਦਾ ਲਾਹਾ ਖੱਟਣ ਦਾ ਕੰਮ ਹੀ ਕਰ ਸਕਦੇ ਹਨ, ਉਹ ਇਹ ਗੱਲ ਨਹੀਂ ਜਾਣਦੇ ਕਿ ਜਿਹੜੀ ਚੁਆਤੀ ਉਹ ਲਾਉਂਦੇ ਹਨ, ਉਸ ਨੂੰ ਉਨ੍ਹਾਂ ਦੇ ਵਿਰੋਧੀ ਵਰਤਦੇ ਰਹੇ ਹਨ ਅਤੇ ਅੱਜ ਵੀ ਵਰਤ ਰਹੇ ਹਨ। ਬਾਬਰੀ ਮਸਜਿਦ ਅਤੇ ਰਾਮ ਮੰਦਰ ਵਾਲੇ ਵਿਵਾਦ ਵਿੱਚ ਜਿਸ ਅਹਾਤੇ ਨੂੰ ਤਾਲਾ ਲੱਗਾ ਕਾਂਗਰਸ ਦੇ ਪ੍ਰਧਾਨ ਮੰਤਰੀ ਹੁੰਦਿਆਂ ਰਾਜੀਵ ਗਾਂਧੀ ਨੇ ਖੁੱਲ੍ਹਵਾਇਆ ਸੀ, ਉਸ ਥਾਂ ਮਸਜਿਦ ਨੂੰ ਢਾਹੁਣ ਅਤੇ ਫਿਰ ਮੰਦਰ ਬਣਾਉਣ ਦੀ ਮੁਹਿੰਮ ਦੀ ਕਮਾਂਡ ਭਾਜਪਾ ਨੇ ਖੋਹ ਲਈ ਸੀ। ਕਾਂਗਰਸੀ ਆਗੂ ਆਪਣੇ ਹੱਥਾਂ ਨਾਲ ਗੰਢਾਂ ਦੇਣ ਪਿੱਛੋਂ ਦੰਦਾਂ ਨਾਲ ਵੀ ਖੋਲ੍ਹਣ ਵਿੱਚ ਕਾਮਯਾਬ ਨਹੀਂ ਹੋ ਰਹੇ ਤੇ ਭੁਗਤਣ ਲਈ ਮਜਬੂਰ ਹਨ। ਹੋਇਆ ਸਗੋਂ ਇਹ ਹੈ ਕਿ ਹਿੰਦੂ ਫਿਰਕਾ ਪ੍ਰਸਤੀ ਏਨੀ ਖੁੱਲ੍ਹਾ ਖੇਡਣ ਲੱਗ ਪਈ ਹੈ ਕਿ ਉਸ ਨੂੰ ਕੋਈ ਝਿਜਕ ਵੀ ਨਹੀਂ ਰਹੀ।
ਪੈਂਤੀ ਸਾਲ ਪਹਿਲਾਂ ਤੱਕ ਦੰਗੇ ਤਾਂ ਹੋ ਜਾਂਦੇ ਸਨ, ਪਰ ਕਦੇ ਇਹ ਨਹੀਂ ਸੀ ਸੁਣਿਆ ਕਿ ਫਿਰਕਾ ਪ੍ਰਸਤਾਂ ਨੇ ਕਿਸੇ ਬੁੱਧੀਜੀਵੀ ਜਾਂ ਤਰਕਸ਼ੀਲ ਨੂੰ ਇਸ ਕਰ ਕੇ ਮਾਰ ਦਿੱਤਾ ਹੈ ਕਿ ਉਹ ਉਨ੍ਹਾਂ ਦੀ ਸੋਚ ਦਾ ਵਿਰੋਧ ਕਰਦਾ ਸੀ। ਪਿਛਲੇ ਸਾਲਾਂ ਵਿੱਚ ਜਿਹੜੀ ਕਾਂਗ ਆਈ ਸੀ, ਉਸ ਵਿੱਚ ਖੱਬੇ-ਪੱਖੀ ਆਗੂ ਗੋਵਿੰਦ ਪੰਸਾਰੇ, ਤਰਕਸ਼ੀਲ ਨਰਿੰਦਰ ਡਾਭੋਲਕਰ ਤੇ ਇੱਕ ਸਾਬਕਾ ਵਾਈਸ ਚਾਂਸਲਰ ਕਲਬੁਰਗੀ ਦੇ ਕਤਲ ਪਿੱਛੋਂ ਦਲੀਲ ਨਾਲ ਲਿਖਣ ਵਾਲੀ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਦੀ ਨੌਬਤ ਵੀ ਆ ਚੁੱਕੀ ਹੈ। ਜਿਹੜੇ ਲੋਕ ਗੌਰੀ ਲੰਕੇਸ਼ ਅਤੇ ਹੋਰ ਕਤਲਾਂ ਲਈ ਫੜੇ ਗਏ ਹਨ, ਉਨ੍ਹਾਂ ਦੀ ਹਿੱਟ ਲਿਸਟ ਵਿੱਚ ਏਦਾਂ ਦੇ ਬੁੱਧੀਜੀਵੀ ਹੋਰ ਵੀ ਲਿਖੇ ਨਿਕਲੇ ਹਨ ਤੇ ਇਨ੍ਹਾਂ ਵਿੱਚ ਦੋ ਪੰਜਾਬੀ ਹਨ। ਇਹ ਕਦੋਂ ਤੱਕ ਜਿੰਦਾ ਰਹਿਣਗੇ, ਅੱਜ ਵਾਲੇ ਮਾਹੌਲ ਵਿੱਚ ਕੋਈ ਗਾਰੰਟੀ ਨਹੀਂ ਮਿਲ ਸਕਦੀ। ਰਾਜ-ਸ਼ਕਤੀ ਦੇ ਆਸ਼ੀਰਵਾਦ ਨਾਲ ਉੱਤਰ ਪ੍ਰਦੇਸ਼ ਵਿੱਚ ਕਾਤਲਾਂ ਨੇ ਉਹ ਪੁਲਸ ਇੰਸਪੈਕਟਰ ਮਾਰ ਦਿੱਤਾ ਹੈ, ਜਿਸ ਨੇ ਮੌਜੂਦਾ ਸਰਕਾਰ ਬਣਨ ਤੋਂ ਕੁਝ ਦਿਨ ਪਿੱਛੋਂ ਉਸ ਰਾਜ ਦੇ ਇੱਕ ਪਿੰਡ ਵਿੱਚ ਮਾਰੇ ਗਏ ਅਖਲਾਕ ਖਾਨ ਦੇ ਕੇਸ ਦੀ ਜਾਂਚ ਕੀਤੀ ਸੀ। ਇੰਸਪੈਕਟਰ ਦੇ ਘਰ ਵਾਲੇ ਦੱਸਦੇ ਹਨ ਕਿ ਉਸ ਨੂੰ ਉਸ ਕੇਸ ਦੀ ਜਾਂਚ ਉੱਤੇ ਗਵਾਹੀ ਦੇਣ ਤੋਂ ਰੋਕਣ ਲਈ ਧਮਕੀਆਂ ਮਿਲ ਰਹੀਆਂ ਸਨ ਤੇ ਜਦੋਂ ਇਸ ਹਫਤੇ ਵਿੱਚ ਬੁਲੰਦ ਸ਼ਹਿਰ ਵਿੱਚ ਗਊ ਹੱਤਿਆ ਦੇ ਰੌਲੇ ਦੌਰਾਨ ਉਸ ਦੀ ਹੱਤਿਆ ਹੋਈ ਤਾਂ ਭੀੜ ਹੱਥੋਂ ਮਾਰਿਆ ਗਿਆ ਦੱਸ ਕੇ ਉਸ ਨੂੰ ਮਾਰ ਮੁਕਾਇਆ ਗਿਆ ਹੈ। ਜ਼ਾਹਰਾ ਤੌਰ ਉੱਤੇ ਕਿਹਾ ਗਿਆ ਕਿ ਭੜਕੀ ਹੋਈ ਭੀੜ ਨੇ ਕੁੱਟ-ਕੁੱਟ ਮਾਰ ਦਿੱਤਾ ਹੈ, ਪਰ ਬਾਅਦ ਵਿੱਚ ਗੱਲ ਸਾਹਮਣੇ ਆਈ ਕਿ ਮੌਤ ਗੋਲੀ ਨਾਲ ਹੋਈ ਹੈ, ਭੀੜ ਤਾਂ ਐਵੇਂ ਉਸ ਦੀ ਲਾਸ਼ ਨੂੰ ਹੀ ਡਾਂਗਾਂ ਨਾਲ ਕੁੱਟਦੀ ਰਹੀ ਸੀ। ਗੁੰਡਿਆਂ ਨਾਲ ਮੁਕਾਬਲਾ ਕਰਦਿਆਂ ਮਾਰੇ ਗਏ ਗਏ ਪੁਲਸ ਅਫਸਰ ਦਾ ਪੁੱਤਰ ਉਹ ਇੰਸਪੈਕਟਰ ਆਪਣੇ ਬਾਪ ਦੇ ਵਾਂਗ ਆਪਣੇ ਫਰਜ਼ ਤੋਂ ਕੁਰਬਾਨ ਹੋ ਗਿਆ, ਪਰ ਸਮਾਜ ਨੂੰ ਉਸ ਦੀ ਕੋਈ ਪ੍ਰਵਾਹ ਹੀ ਨਹੀਂ। ਪ੍ਰਵਾਹ ਇਸ ਕਰ ਕੇ ਨਹੀਂ ਕਿ ਇਸ ਸਮਾਜ ਅਤੇ ਰਾਜਨੀਤੀ ਦੇ ਵਹਿਣ ਦੇ ਹੇਠਾਂ ਇੱਕ ਵਹਿਣ ਹੋਰ ਵਗਦਾ ਪਿਆ ਹੈ।
ਵਿਸ਼ਵ ਹਿੰਦੂ ਪ੍ਰੀਸ਼ਦ ਦਾ ਇੱਕ ਆਗੂ ਅਸ਼ੋਕ ਸਿੰਘਲ ਇਸ ਵੇਲੇ ਦੁਨੀਆ ਵਿੱਚ ਨਹੀਂ। ਉਹ ਕਿਹਾ ਕਰਦਾ ਸੀ ਕਿ ਨਰਿੰਦਰ ਮੋਦੀ ਸਰਕਾਰ ਆਈ ਤਾਂ ਸਾਡੀ ਅੱਠ ਸੌ ਸਾਲਾਂ ਦੀ ਗੁਲਾਮੀ ਕੱਟੀ ਗਈ ਹੈ। ਇਸ ਦਾ ਅਰਥ ਇਹ ਸੀ ਕਿ ਉਹ ਕੁਤਬ-ਉਦ-ਦੀਨ ਐਬਕ ਅਤੇ ਉਸ ਤੋਂ ਬਾਅਦ ਦੇ ਸਾਰੇ ਭਾਰਤੀ ਹਾਕਮਾਂ ਦੇ ਰਾਜ ਨੂੰ ਗੁਲਾਮੀ ਮੰਨਦਾ ਸੀ। ਅੱਗੋਂ ਇਸ ਦਾ ਭਾਵ ਇਹ ਹੈ ਕਿ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਇੰਦਰ ਕੁਮਾਰ ਗੁਜਰਾਲ ਤੱਕ ਦੇ ਸਾਰੇ ਪ੍ਰਧਾਨ ਮੰਤਰੀਆਂ ਦੇ ਸਮੇਂ ਨੂੰ ਵੀ ਉਹ ਹਿੰਦੂਆਂ ਦੀ ਗੁਲਾਮੀ ਸਮਝਦਾ ਸੀ ਤੇ ਜਦੋਂ ਉਹ ਨਰਿੰਦਰ ਮੋਦੀ ਰਾਜ ਵੇਲੇ ਇਸ ਗੁਲਾਮੀ ਦਾ ਖਾਤਮਾ ਕਹਿ ਰਿਹਾ ਸੀ ਤਾਂ ਇਸ ਦਾ ਭਾਵ ਹੈ ਕਿ ਵਾਜਪਾਈ ਸਰਕਾਰ ਨੂੰ ਵੀ ਉਹ ਏਸੇ ਖਾਤੇ ਵਿੱਚ ਰੱਖਦਾ ਸੀ। ਓਦੋਂ ਅਸ਼ੋਕ ਸਿੰਘਲ ਇੱਕੋ ਬੰਦਾ ਇਹੋ ਜਿਹੇ ਭਾਸ਼ਣ ਕਰਦਾ ਹੁੰਦਾ ਸੀ, ਅੱਜ ਉਹੋ ਜਿਹੀ ਬੋਲੀ ਵਰਤਣ ਵਾਲੇ ਹੋਰ ਕਈ ਏਦਾਂ ਦੇ ਲੋਕ ਨਿਕਲ ਆਏ ਹਨ, ਜਿਨ੍ਹਾਂ ਬਾਰੇ ਕਦੇ ਕਿਸੇ ਨੇ ਸੋਚਿਆ ਨਹੀਂ ਸੀ ਕਿ ਇਹ ਵੀ ਏਦਾਂ ਦੇ ਹੋ ਸਕਦੇ ਹਨ।
ਮੌਕਾ ਬਹੁਤ ਨਾਜ਼ਕ ਹੈ। ਫਿਰਕੂ ਕਾਂਗ ਚੜ੍ਹਦੀ ਅਤੇ ਹੋਰ ਚੜ੍ਹਦੀ ਜਾ ਰਹੀ ਹੈ। ਇਸ ਦਾ ਰਾਹ ਰੋਕਣ ਵਾਲੇ ਲੋਕਾਂ ਦੇ ਮੱਤਭੇਦ ਏਨੇ ਜਿ਼ਆਦਾ ਹਨ ਕਿ ਲੋਕਾਂ ਦੇ ਦਰਦ ਵਾਲੀ ਜਿਸ ਕਮੇਟੀ ਵਿੱਚ ਪੰਜ ਜਣੇ ਬਾਕੀ ਹਨ, ਉਨ੍ਹਾਂ ਨੇ ਹੋਰ ਕੋਈ ਕਾਰਵਾਈ ਕੀ ਕਰਨੀ, ਪਹਿਲਾਂ ਮੀਟਿੰਗ ਦੀ ਪ੍ਰਧਾਨਗੀ ਦੇ ਮੁੱਦੇ ਤੋਂ ਸਿੰਗ ਫਸਾਉਣ ਤੱਕ ਚਲੇ ਜਾਂਦੇ ਹਨ। ਹਨੇਰੀ ਵੱਡੀ ਆਵੇ ਤਾਂ ਚੁਗੱਤਿਆਂ ਵੇਲੇ ਲਾਏ ਹੋਏ ਰੁੱਖ ਵੀ ਪੁੱਟੇ ਜਾਂਦੇ ਹੁੰਦੇ ਹਨ। ਰੁੱਖਾਂ ਦੀ ਝਿੜੀ ਨਹੀਂ ਪੁੱਟੀ ਜਾਂਦੀ। ਕਾਰਨ ਇਹ ਹੈ ਕਿ ਝਿੜੀ ਵਾਲੇ ਇੱਕ ਦੂਜੇ ਨਾਲ ਪੱਕੇ ਯਾਰਾਂ ਦੇ ਕੜੰਘੜੀ ਪਾਉਣ ਵਾਂਗ ਫਸੇ ਹੁੰਦੇ ਹਨ। ਆਹ ਵਕਤ ਆਪਸੀ ਮੱਤਭੇਦਾਂ ਦੇ ਫੁੰਕਾਰੇ ਛੱਡਣ ਦਾ ਨਹੀਂ, ਭਾਰਤ ਦੇ ਭਵਿੱਖ ਲਈ ਸੈਕੂਲਰ ਤਾਕਤਾਂ ਦੇ ਰੁੱਖਾਂ ਦੀ ਝਿੜੀ ਵਾਂਗ ਜੁੜਨ ਦਾ ਹੈ। ਜੇ ਵਕਤ ਗੁਆ ਬੈਠੇ ਤਾਂ ਸਾਰਿਆਂ ਨੂੰ ਭੁਗਤਣਾ ਪਵੇਗਾ। ਪੂਰੇ ਦੇਸ਼ ਨੂੰ ਭੁਗਤਣਾ ਪਵੇਗਾ। ‘ਮੈਂ ਹੀ ਮੈਂ’ ਕਰਨ ਵਾਲਿਆਂ ਨੂੰ ਸਮਝਣਾ ਚਾਹੀਦਾ ਹੈ ਕਿ ‘ਡੂਬੇਗੀ ਕਿਸ਼ਤੀ ਤੋਂ ਡੂਬੇਂਗੇ ਸਾਰੇ, ਨਾ ਤੁਮ ਹੀ ਬਚੋਗੇ, ਨਾ ਸਾਥੀ ਤੁਮਾਰੇ।’

Have something to say? Post your comment