Welcome to Canadian Punjabi Post
Follow us on

22

April 2019
ਨਜਰਰੀਆ

ਰੁਲਦੂ ਰਿਕਸ਼ੇ ਵਾਲਾ

December 06, 2018 07:36 AM

-ਸ਼ਸ਼ੀ ਲਤਾ
ਸਵੇਰੇ ਉਠ ਕੇ ਗੇਟ ਖੋਲ੍ਹਦੀ ਹਾਂ ਤਾਂ ਥੋੜ੍ਹੀ ਦੂਰ ਉੱਤੇ ਨਗਰ ਪਾਲਿਕਾ ਦੀ ਟੂਟੀ ਤੋਂ ਰੁਲਦੂ ਪਾਣੀ ਦੀ ਬਾਲਟੀ ਭਰ ਰਿਹਾ ਹੁੰਦਾ ਹੈ। ਬਾਲਟੀ ਚੁੱਕ ਕੇ ਉਹ ਆਪਣੀ ਰਿਕਸ਼ਾ ਨੂੰ ਚੰਗੀ ਤਰ੍ਹਾਂ ਧੋ ਰਿਹਾ ਹੁੰਦਾ ਹੈ। ਧੋਣ ਤੋਂ ਬਾਅਦ ਸੁੱਕੇ ਕੱਪੜੇ ਨਾਲ ਗੱਦੀ ਅਤੇ ਬਾਕੀ ਰਿਕਸ਼ੇ ਨੂੰ ਸਾਫ ਕਰਦਾ ਹੈ। ਘਰ ਜਾ ਕੇ ਨਹਾ ਧੋ ਕੇ ਸਾਫ ਸੁਥਰੇ ਕੱਪੜੇ ਪਾ ਕੇ, ਮੋਢੇ ਉੱਤੇ ਪਰਨਾ ਰੱਖ ਉਹ ਜਾਣ ਲਈ ਤੁਰਦਾ ਹੈ ਤਾਂ ਰਿਕਸ਼ੇ ਉੱਤੇ ਉਸ ਦਾ ਪੋਤਰਾ ਬੈਠਾ ਝੂਟੇ ਲੈਣ ਦੀ ਜ਼ਿੱਦ ਕਰਦਾ ਹੈ। ਉਹ ਉਸ ਨੂੰ ਬੜੀ ਦੂਰ ਤੱਕ ਘੁਮਾ ਕੇ ਉਤਾਰ ਦਿੰਦਾ ਹੈ। ਪੋਤਰਾ ਉਸ ਨੂੰ ਬਾਏ-ਬਾਏ ਕਰਦਾ ਹੋਇਆ ਘਰ ਮੁੜ ਜਾਂਦਾ ਹੈ ਤੇ ਰੁਲਦੂ ਰਿਕਸ਼ਾ ਲੈ ਕੇ ਆਪਣੀ ਰੋਜ਼ੀ ਰੋਟੀ ਲਈ ਤੁਰ ਜਾਂਦਾ ਹੈ। ਇਹ ਉਸ ਦਾ ਨਿੱਤ ਦਾ ਵਰਤਾਰਾ ਹੈ।
ਮੈਂ ਆਪਣੀ ਨੌਕਰੀ ਦੌਰਾਨ ਦੋ ਢਾਈ ਸਾਲ ਉਸ ਦੇ ਰਿਕਸ਼ੇ 'ਤੇ ਸਕੂਲ ਜਾਂਦੀ ਰਹੀ ਹਾਂ। ਸਾਫ ਸੁਥਰੀ ਦਿੱਖ ਵਾਲਾ, ਸ਼ਾਂਤ ਸੁਭਾਅ ਦਾ ਮਾਲਕ, ਇਮਾਨਦਾਰ, ਮਿੱਠ ਬੋਲੜਾ ਸੀ। ਬੀਬੀ ਜੀ, ਬੀਬੀ ਜੀ, ਆਖਦਾ ਰਹਿੰਦਾ ਸੀ। ਰਾਹ ਵਿੱਚ ਕਦੇ ਚੜ੍ਹਾਈ ਆ ਜਾਣੀ ਤਾਂ ਮੈਂ ਕਹਿੰਦੀ, ‘‘ਥੋੜ੍ਹੀ ਦੂਰ ਉਤਰ ਕੇ ਤੁਰ ਲੈਂਦੀ ਹਾਂ।” ਇਸ ਉਤੇ ਉਸ ਨੇ ਕਹਿਣਾ ‘‘ਬੀਬੀ ਜੀ, ਆਰਾਮ ਨਾਲ ਬੈਠੋ, ਸਾਡਾ ਰੋਜ਼ ਦਾ ਕੰਮ ਹੈ।” ਜਦੋਂ ਕਿਸੇ ਬਜ਼ੁਰਗ ਨੇ ਅੱਗੇ ਆ ਜਾਣਾ ਤਾਂ ਕਹਿੰਦਾ, ‘‘ਕਿਉਂ ਬਜ਼ੁਰਗਾ ਅੱਕਿਆ ਪਿਐਂ, ਉਪਰ ਜਾਣ ਦੀ ਕਾਹਲੀ ਐ?” ਸਕੂਲ ਦੇ ਰਸਤੇ ਵਿੱਚ ਰੇਲਵੇ ਫਾਟਕ ਪੈਂਦਾ। ਕਦੇ-ਕਦਾਈਂ ਉਹ ਬੰਦ ਹੁੰਦਾ ਤਾਂ ਨਾਂਹ-ਨਾਂਹ ਕਰਦੇ ਰਿਕਸ਼ਾ ਹੇਠਾਂ ਦੀ ਲੰਘਾ ਲੈਣੀ ਤੇ ਕਹਿਣਾ ਸਕੂਲ ਸਮੇਂ ਸਿਰ ਪਹੁੰਚਾਉਣਾ ਮੇਰੀ ਡਿਊਟੀ ਹੈ।
ਇੱਕ ਵਾਰ ਫਾਟਕ ਦੇ ਦੋਵੇਂ ਪਾਸਿਉਂ ਸੜਕ ਦੀ ਮੁਰੰਮਤ ਹੋਣੀ ਸੀ। ਰਸਤਾ ਬੰਦ ਹੋਣ ਕਰ ਕੇ ਪੁਲ ਦੇ ਉਪਰੋਂ ਲੰਘਣਾ ਪਿਆ। ਅੱਧ ਤੱਕ ਚੜ੍ਹਾਈ ਤੇ ਫਿਰ ਉਤਰਾਈ ਸ਼ੁਰੂ ਹੋ ਜਾਂਦੀ ਸੀ। ਰੁਲਦੂ ਆਖਦਾ, ‘‘ਤੁਸੀਂ ਆਰਾਮ ਨਾਲ ਬੈਠੋ।” ਜਦੋਂ ਉਹ ਅੱਧ ਤੱਕ ਤੋਰ ਕੇ ਲੈ ਜਾਂਦਾ ਤਾਂ ਮੈਨੂੰ ਤਰਸ ਜਿਹਾ ਆਉਂਦਾ। ਫਿਰ ਉਤਰਾਈ ਵੇਲੇ ਬਰੇਕ ਉਤੇ ਹੱਥ ਰੱਖਦਾ, ਰਿਕਸ਼ਾ ਭੱਜੀ ਜਾਂਦਾ। ਉਨ੍ਹਾਂ ਦਿਨਾਂ ਵਿੱਚ ਮੈਂ ਉਸ ਦੀ ਉਜਰਤ ਵਿੱਚ ਚੋਖਾ ਵਾਧਾ ਕਰ ਦਿੰਦੀ ਸੀ। ਦੋ ਢਾਈ ਕਿਲੋਮੀਟਰ ਦੇ ਫਾਸਲੇ ਕਾਰਨ ਰਸਤੇ ਵਿੱਚ ਕਈ ਕਿਸਮ ਦੇ ਦਿ੍ਰਸ਼ ਦੇਖਣ ਨੂੰ ਮਿਲਦੇ। ਇੱਕ ਚੋਰ ਪਰਸ ਖੋਹ ਦੌੜਦਾ ਤਾਂ ਸ਼ੋਰ ਮਚ ਜਾਂਦਾ, ਫੜੋ ਉਏ! ਜਾਣ ਨਾ ਦਿਓ। ਫਿਰ ਕੀ ਸੀ, ਫੜ ਕੇ ਕੁਟਾਪਾ ਚੜ੍ਹਦਾ ਦਿਸਦਾ। ਇੱਕ ਵਾਰ ਦੋ ਮੋਟਰ ਸਾਈਕਲ ਸਵਾਰ ਆਪੋ ਵਿੱਚ ਭਿੜ ਪਏ, ਦੋਵੇਂ ਉਠੇ, ‘‘ਸੌਰੀ ਬਾਈ ਜੀ, ਕਹਿ ਕੇ ਆਪੋ ਆਪਣੇ ਰਾਹ ਪੈ ਗਏ, ਵਧੀਆ ਲੱਗਾ।”
ਕਈ ਦਿਨਾਂ ਤੋਂ ਰੁਲਦੂ ਵਿਖਾਈ ਨਹੀਂ ਸੀ ਦਿੱਤਾ। ਉਸ ਦੀ ਰਿਕਸ਼ਾ ਜ਼ਰੂਰ ਖੜ੍ਹੀ ਦਿਸਦੀ ਸੀ। ਹਨੇਰੀ, ਮੀਂਹ ਨਾਲ ਰਿਕਸ਼ਾ ਉਤੇ ਮਿੱਟੀ ਦੀ ਪਰਤ ਚੜ੍ਹੀ ਪਈ ਸੀ। ਬਾਹਰ ਜਾ ਕੇ ਪਤਾ ਕੀਤਾ ਕਿ ਬਈ ਉਹ ਰਿਕਸ਼ਾ ਵਾਲਾ ਰੁਲਦੂ ਕਈ ਦਿਨਾਂ ਤੋਂ ਨਹੀਂ ਦਿੱਸਿਆ। ਪਤਾ ਲੱਗਾ ਕਿ ਕੁਝ ਦਿਨ ਪਹਿਲਾਂ ਰਾਤ ਨੂੰ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਮਿੰਟਾਂ ਵਿੱਚ ਰੱਬ ਨੂੰ ਪਿਆਰਾ ਹੋ ਗਿਆ। ਸੁਣ ਕੇ ਇਕਦਮ ਝਟਕਾ ਜਿਹਾ ਲੱਗਿਆ। ਮੈਂ ਵੀ ਸੋਚਾਂ ਕਿ ਰਿਕਸ਼ੇ ਨੂੰ ਲਿਸ਼ਕਾ ਕੇ ਰੱਖਣ ਵਾਲੇ ਦੇ ਰਿਕਸ਼ੇ ਉਤੇ ਏਨੀ ਗਰਦ ਕਿਵੇਂ ਪਈ ਹੋਈ ਹੈ? ਰਿਕਸ਼ਾ ਖਾਮੋਸ਼ ਤੇ ਜਾਮ ਖੜੀ ਆਪਣੇ ਮਾਲਕ ਨੂੰ ਯਾਦ ਕਰਦੀ ਹੈ। ਇਹ ਤਾਂ ਕੁਦਰਤ ਦਾ ਵਿਧੀ ਵਿਧਾਨ ਹੈ ਕਿ ਜੋ ਆਇਆ ਹੈ, ਉਸ ਨੇ ਇੱਕ ਦਿਨ ਜਾਣਾ ਹੀ ਹੈ।

 

Have something to say? Post your comment