Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਨਜਰਰੀਆ

ਜਦੋਂ ਕੱਟੜਵਾਦ ਹੋਇਆ ਕਲੀਨ ਬੋਲਡ

December 03, 2018 10:01 PM

-ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਨੀਂਹ ਪੱਥਰ ਰੱਖ ਕੇ ਜੋ ਪੁੰਨ ਖੱਟਿਆ ਹੈ, ਉਸ ਨਾਲ ਉਨ੍ਹਾਂ ਦਾ ਨਾਂ ਇਤਿਹਾਸ ਦੇ ਪੰਨਿਆਂ 'ਤੇ ਲਿਖਿਆ ਜਾਵੇਗਾ। ਮੈਂ ਇਹ ਸਤਰਾਂ ਲਿਖਣ ਵੇਲੇ ਭਾਵੁਕ ਹਾਂ। ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਜਿਵੇਂ ਜ਼ਿੰਦਗੀ ਦੀ ਵੱਡੀ ਖੁਸ਼ੀ ਮਿਲ ਗਈ ਹੋਵੇ। ਦੂਜੇ ਪਲ ਭਾਰਤੀ ਨੇਤਾਵਾਂ ਦੀ ਬੇਥੱਵ੍ਹੀ ਕੱਟੜ ਤੇ ਨਫਰਤ ਭਰੀ ਬਿਆਨਬਾਜ਼ੀ ਕਾਰਨ ਉਦਾਸ ਤੇ ਪਰੇਸ਼ਾਨ ਵੀ ਹਾਂ। ਸੋਚ ਰਿਹਾ ਹਾਂ ਕਿ 71 ਸਾਲ ਦੇ ਖੂਨ ਖਰਾਬ ਤੋਂ ਇਨ੍ਹਾਂ ਨੇ ਸਬਕ ਨਹੀਂ ਸਿੱਖਿਆ। ਪਤਾ ਨਹੀਂ ਅਜੇ ਹੋਰ ਕਿੰਨਾ ਕੁ ਖੂਨ ਖਰਾਬਾ ਕਰਾਉਣਾ ਚਾਹੁੰਦੇ ਹਨ।
ਇਹ ਵੀ ਸੋਚਦਾ ਹਾਂ ਕਿ ਕ੍ਰਿਕਟ ਦੇ ਦੋ ਵੱਡੇ ਖਿਡਾਰੀਆਂ ਦੇ ਸਿਆਸੀ ਚੌਕਿਆਂ ਛੱਕਿਆਂ ਨੇ ਭਾਰਤੀ ਸਿਆਸੀ ਲੀਡਰਾਂ ਦੀ ਫਿਰਕੂ ਨਫਰਤ ਫੈਲਾ ਕੇ ਸਿਆਸੀ ਰੋਟੀਆਂ ਸੇਕਣ ਵਾਲੀ ਗੰਦੀ ਸਿਆਸਤ ਦਾ ਭਾਂਡਾ ਚੌਰਾਹੇ ਭੰਨ ਦਿੱਤਾ ਹੈ, ਉਥੇ ਹੀ ਦੋਵਾਂ ਦੇਸ਼ਾਂ 'ਚ ਵਸਦੇ ਪੰਜਾਬੀਆਂ ਦਾ ਦਿਲ ਜਿੱਤ ਲਿਆ ਹੈ ਤੇ ਕੁਰਸੀ ਲਈ ਗੰਦੀ ਸਿਆਸਤ ਖੇਡਣ ਵਾਲਿਆਂ ਦੀਆਂ ਵਿਕਟਾਂ ਉਡਾ ਦਿੱਤੀਆਂ ਹਨ। ਕਰਤਾਰਪੁਰ ਵਿਖੇ ਰੱਖੇ ਸਮਾਗਮ ਦੌਰਾਨ ਮੰਚ ਸੰਚਾਲਕ ਬੜੇ ਖੁਸ਼ ਲਹਿਜ਼ੇ ਵਿੱਚ ਭਾਰਤ-ਪਾਕਿ ਦਰਮਿਆਨ ਖੇਡੇ ਮੈਚਾਂ ਦਾ ਜ਼ਿਕਰ ਕਰ ਰਿਹਾ ਸੀ। ਉਹ ਕਹਿ ਰਿਹਾ ਸੀ ਕਿ ਸਿੱਧੂ ਨੇ ਪਾਕਿਸਤਾਨ ਖਿਲਾਫ ਕਈ ਚੌਕੇ ਛੱਕੇ ਲਾਏ, ਜਿਸ ਕਾਰਨ ਉਨ੍ਹਾਂ ਦਾ ਨਾਂ ‘ਸਿਕਸਰ ਸਿੱਧੂ' ਪੈ ਗਿਆ। ਪਾਕਿਸਤਾਨ ਦੀ ਕ੍ਰਿਕਟ ਟੀਮ ਨੇ ਵੀ ਬੜੇ ‘ਪਿਆਰ' ਨਾਲ ਚੌਕਿਆਂ ਛੱਕਿਆਂ ਦਾ ਜਵਾਬ ਦਿੱਤਾ। 26 ਨਵੰਬਰ ਨੂੰ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਕੋਰੀਡੋਰ ਦੇ ਉਦਘਾਟਨ ਵੇਲੇ ਭਾਰਤੀ ਸਿਆਸਤਦਾਨਾਂ ਨੇ ਕੁੱਕੜ ਖੇਹ ਉਡਾ ਕੇ ਸਭ ਨੂੰ ਸ਼ਰਮਸਾਰ ਕੀਤਾ, ਉਥੇ ਪਾਕਿਸਤਾਨ ਸਰਕਾਰ ਨੇ ਇਸ ਸਬੰਧੀ ਸਮਾਰੋਹ ਕਰਵਾ ਕੇ ਅਮਨ ਤੇ ਸ਼ਾਂਤੀ ਦਾ ਸੁਨੇਹਾ ਦਿੱਤਾ ਹੈ।
ਇਮਰਾਨ ਖਾਨ ਦੀ ਨੀਤ ਅਤੇ ਇਰਾਦਾ ਸਾਫ ਅਤੇ ਉਹ ਜ਼ਿੰਦਾਦਿਲ ਇਨਸਾਨ ਦਿੱਸਦਾ ਹੈ। ਉਸ ਦੇ ਤਕਰੀਰੀ ਬੋਲ ਸੁਣ ਕੇ ਉਨ੍ਹਾਂ ਦੀ ਜ਼ਿੰਦਾਦਿਲੀ ਮਹਿਸੂਸ ਕੀਤੀ ਜਾ ਸਕਦੀ ਹੈ। ਏਦਾਂ ਜਾਪਿਆ ਜਿਵੇਂ 1947 ਤੋਂ ਬਾਅਦ ਪਹਿਲੀ ਵਾਰ ਕਿਸੇ ਨੇ ਨਾਸੂਰ ਬਣ ਚੁੱਕੇ ਜ਼ਖਮਾਂ 'ਤੇ ਸਹੀ ਤਰ੍ਹਾਂ ਮੱਲ੍ਹਮ ਪੱਟੀ ਕਰਨ ਵਾਸਤੇ ਰੂੰ ਦਾ ਫੰਬਾ ਲਾਇਆ ਹੋਵੇ। ਸਾਰੇ ਘਟਨਾ ਚੱਕਰ ਤੋਂ ਇਹ ਗੱਲ ਨਿੱਖੜ ਕੇ ਸਾਹਮਣੇ ਆਈ ਕਿ ਦੋਵਾਂ ਦੇਸ਼ਾਂ ਦੇ ਲੋਕਾਂ 'ਚ ਕੋਈ ਦੁਸ਼ਮਣੀ ਨਹੀਂ। ਸਰਹੱਦ ਦੇ ਆਰ ਪਾਰ ਦੋਵੇਂ ਪਾਸੇ ਲੋਕਾਂ ਅੰਦਰ ਪਿਆਰ, ਸਤਿਕਾਰ ਤੇ ਭਾਈਚਾਰੇ ਦਾ ਸਮੁੰਦਰ ਠਾਠਾਂ ਮਾਰਦਾ ਹੈ। ਦੁਸ਼ਮਣੀ ਸਿਰਫ ਸਿਆਸੀ ਲੀਡਰਾਂ ਵੱਲੋਂ ਸੌੜੇ ਹਿਤਾਂ ਵਾਸਤੇ ਪੈਦਾ ਕੀਤੀ ਜਾਂਦੀ ਹੈ। ਨਵਜੋਤ ਸਿੰਘ ਸਿੱਧੂ ਦਾ ਭਾਸ਼ਣ ਜਿਥੇ ਬਹੁਤ ਮਹੀਨ ਤੇ ਭਾਵ ਪੂਰਨ ਸੀ, ਉਥੇ ਉਸ ਦੇ ਬੋਲ ਵੀ ਭਾਵੁਕਤਾ ਵਾਲੇ ਸਨ। ਹਰਸਿਮਰਤ ਕੌਰ ਬਾਦਲ ਨੇ ਵੀ ਕਾਫੀ ਅੱਛਾ ਬੋਲਿਆ। ਪਾਕਿਸਤਾਨੀ ਪੱਤਰਕਾਰਾਂ ਨੇ ਉਸ ਨੂੰ ਬੜੇ ਤਿੱਖੇ ਸਵਾਲ ਕੀਤੇ ਤੇ ਉਹ ਸਵਾਲਾਂ ਨੂੰ ਮੁਸਕਰਾ ਕੇ ਟਾਲਦੀ ਨਜ਼ਰ ਆਈ। ਹੋ ਸਕਦਾ ਹੈ ਕਿ ਉਸ ਨੂੰ ਅਹਿਸਾਸ ਹੋ ਗਿਆ ਹੋਵੇ ਕਿ ਬਿਨਾ ਸੋਚੇ ਸਮਝੇ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ।
ਰਹੀ ਗੱਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਾਂ ਕਰਤਾਰਪੁਰ ਸਾਹਿਬ ਵਾਲੇ ਲਾਂਘੇ ਵਾਸਤੇ ਕੀਤੀ ਗਈ ਉਨ੍ਹਾਂ ਦੀ ਬਿਆਨਬਾਜ਼ੀ ਤੋਂ ਇਹੋ ਸਮਝਿਆ ਜਾ ਸਕਦਾ ਹੈ ਕਿ ਉਨ੍ਹਾਂ ਨੂੰ ਪੰਜਾਬ ਅਤੇ ਪੰਜਾਬੀਆਂ ਦੀਆਂ ਭਾਵਨਾਵਾਂ ਦੀ ਬਹੁਤੀ ਪਰਵਾਹ ਨਹੀਂ। ਇਹ ਕੰਧ 'ਤੇ ਉਕਰਿਆ ਸੱਚ ਹੈ ਕਿ ਦੋਵਾਂ ਦੇਸ਼ਾਂ ਨੂੰ ਆਪਸੀ ਸਬੰਧ ਸੁਧਾਰਨ ਵਾਸਤੇ ਗੱਲਬਾਤ ਦਾ ਰਸਤਾ ਅਪਣਾਉਣਾ ਪਵੇਗਾ ਤੇ ਪਾਕਿਸਤਾਨ ਅਜਿਹਾ ਰਸਤਾ ਅਪਣਾਉਣ ਵਾਸਤੇ ਵਾਰ-ਵਾਰ ਕਹਿ ਰਿਹਾ ਹੈ। ਭਾਰਤੀ ਸਿਆਸਤਦਾਨ ਗੱਲਬਾਤ ਕਰਨ ਵਾਸਤੇ ਸ਼ਰਤਾਂ ਤੈਅ ਕਰ ਰਹੇ ਹਨ। ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਦਾ ਇਹ ਇਕ ਬਹੁਤ ਸੁਨਹਿਰੀ ਮੌਕਾ ਹੈ, ਜਿਸ ਨੂੰ ਹੱਥੋਂ ਨਹੀਂ ਜਾਣ ਦੇਣਾ ਚਾਹੀਦਾ। ਬਾਬੇ ਨਾਨਕ ਨੇ ਦੇਸ਼ ਦੇਸ਼ਾਂਤਰ 'ਚ ਕੀਤੀਆਂ ਚਾਰ ਉਦਾਸੀਆਂ ਦੌਰਾਨ ਵੱਖਰੀ ਵਿਚਾਰਧਾਰਾ ਰੱਖਣ ਵਾਲਿਆਂ ਨਾਲ ਗੋਸ਼ਟੀ ਕੀਤੀ ਤੇ ਸੰਵਾਦ ਰਚਾਇਆ। ਗੁਰੂ ਨਾਨਕ ਫੁਰਮਾਉਂਦੇ ਹਨ, ‘ਜਬ ਲਗੁ ਦੁਨੀਆ ਰਹੀਐ ਨਾਨਕ, ਕਿਛੁ ਸੁਣੀਐ ਕਿਛੁ ਕਹੀਐ॥'
ਕਰਤਾਰਪੁਰ ਸਾਹਿਬ ਦੇ ਲਾਂਘੇ ਵਾਲਾ ਵਾਅਦਾ ਸਿਰੇ ਚੜ੍ਹਾ ਕੇ ਪਾਕਿਸਤਾਨ ਸਰਕਾਰ ਨੇ ਗੇਂਦ ਭਾਰਤ ਦੇ ਪਾਲੇ 'ਚ ਸੁੱਟ ਦਿੱਤੀ ਹੈ। ਇਹ ਭਾਰਤ ਸਰਕਾਰ 'ਤੇ ਨਿਰਭਰ ਹੈ ਕਿ ਕੀ ਰੁਖ਼ ਅਖਤਿਆਰ ਕਰਦੀ ਹੈ। ਇਮਰਾਨ ਵੱਲੋਂ ਭਾਈਚਾਰਕ ਸਾਂਝ ਤੇ ਏਕੇ ਵਾਸਤੇ ਕਦਮ ਪੁੱਟਿਆ ਗਿਆ। ਇਮਰਾਨ ਖਾਨ ਪਹਿਲਾਂ ਪਾਕਿਸਤਾਨੀ ਕ੍ਰਿਕਟ ਟੀਮ ਦੇ ਦਮਦਾਰ ਕੈਪਟਨ ਸਨ। ਹੁਣ ਆਹਲਾ ਦਰਜੇ ਦੇ ਸਿਆਸਤਦਾਨ ਹਨ। ਸਮੁੱਚਾ ਪੰਜਾਬੀ ਜਗਤ ਇਸ ਜ਼ਿੰਦਾਦਿਲੀ ਦਾ ਕਾਇਲ ਹੋ ਚੁੱਕਾ ਹੈ।
ਆਪਣੀ ਸੋਚ ਨਾਲ ਕੱਟੜਤਾ ਨੂੰ ਕਲੀਨ ਬੋਲਡ ਕਰਨ ਵਾਲੇ ਇਸ ਇਨਸਾਨ ਨੇ ਸੁਥਰੀ ਸਿਆਸੀ ਪਾਰੀ ਸ਼ੁਰੂ ਕਰ ਕੇ ਜਿਸ ਨਵੇਂ ਅਧਿਆਇ ਦੀ ਸ਼ੁਰੂਆਤ ਕੀਤੀ ਹੈ, ਉਸ ਦੀ ਗੂੰਜ ਦੁਨੀਆ 'ਚ ਪਈ ਹੈ। ਕੇਂਦਰ ਦੀ ਮੋਦੀ ਸਰਕਾਰ ਨੇ ਦੋ ਦਿਨ ਪਹਿਲਾਂ 26 ਨਵੰਬਰ ਨੂੰ ਡੇਰਾ ਬਾਬਾ ਨਾਨਕ ਵਿਖੇ ਲਾਂਘੇ ਦਾ ਨੀਂਹ ਪੱਥਰ ਰੱਖ ਕੇ ਪਹਿਲ ਕੀਤੀ ਹੈ। ਦੋ ਦਿਨ ਬਾਅਦ ਕਰਤਾਰਪੁਰ ਸਾਹਿਬ ਵਿਖੇ ਰੱਖੇ ਨੀਂਹ ਪੱਥਰ ਸਮਾਗਮ 'ਚ ਮੋਦੀ ਸਰਕਾਰ ਦੇ ਦੋ ਮੰਤਰੀ ਹਾਜ਼ਰ ਹੋਏ, ਜਿਸ ਤੋਂ ਭਾਰਤ ਦੇ ਨਰਮ ਰੁਖ਼ ਦੀ ਝਲਕ ਪਈ ਸੀ, ਪਰ ਇਮਰਾਨ ਦੇ ਬਿਆਨ ਮਗਰੋਂ ਭਾਰਤ ਦੇ ਬਿਆਨ ਤੋਂ ਸਾਫ ਹੋ ਗਿਆ ਕਿ ਸਬੰਧਾਂ 'ਚ ਕੁੜੱਤਣ ਹਾਲੇ ਰਹੇਗੀ। ਸ਼ਾਲਾ! ਦੋਵੇਂ ਮੁਲਕ ਘੁੱਗ ਵਸਣ, ਅਮਨ ਦੀ ਘੁੱਗੀ ਹਰ ਪਾਸੇ ਬੇਖੌਫ ਗੁਟਕੇ, ਮਾਵਾਂ ਦੇ ਪੁੱਤ, ਸੁਹਾਗਣਾਂ ਦੇ ਸੁਹਾਗ ਤੇ ਭੈਣਾਂ ਦੇ ਵੀਰਾਂ ਦਾ ਖੂਨ ਖਰਾਬਾ ਬੰਦ ਹੋਵੇ, ਭਾਈਚਾਰਾ ਵਧੇ ਫੁੱਲੇ, ਸਰਹੱਦਾਂ ਦੀਆਂ ਦੀਵਾਰਾਂ ਢਹਿਣ ਤੇ ਹਮਸਾਇਆਂ ਦੀਆਂ ਗਲਵੱਕੜੀਆਂ ਪੈਣ, ਚਾਰੇ ਪਾਸੇ ਖੁਸ਼ਹਾਲੀ ਦੇ ਢੋਲ ਨਗਾਰੇ ਵੱਜਣ। ਬਾਬੇ ਨਾਨਕ ਦੀ ਸਭ 'ਤੇ ਮਿਹਰ ਹੋਵੇ ਤੇ ਸਾਰਾ ਕੁਝ ਜਲਦੀ ਸਾਕਾਰ ਰੂਪ 'ਚ ਦੇਖਣ ਨੂੰ ਮਿਲੇ। ਗੰਦੀ ਤੇ ਕੱਟੜ ਸਿਆਸਤ ਦਾ ਦੋਵਾਂ ਮੁਲਕਾਂ 'ਚੋਂ ਸਫਾਇਆ ਹੋਵੇ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’