Welcome to Canadian Punjabi Post
Follow us on

05

August 2021
 
ਨਜਰਰੀਆ

1965 ਦੀ ਭਾਰਤ-ਪਾਕਿ ਜੰਗ ਦੀ ਰੌਚਕ ਤੇ ਰਹੱਸਮਈ ਜਾਣਕਾਰੀ

September 16, 2020 09:07 AM

-ਪ੍ਰੋਫੈਸਰ ਦਰਬਾਰੀ ਲਾਲ
(ਸਾਬਕਾ ਡਿਪਟੀ ਸਪੀਕਰ, ਪੰਜਾਬ ਵਿਧਾਨ ਸਭਾ)
1965 ਦੀ ਭਾਰਤ-ਪਾਕਿ ਜੰਗ ਦੀ ਬੜੀ ਦਿਲਚਸਪ, ਰਹੱਸਮਈ ਤੇ ਹੈਰਾਨ ਕਰਨ ਵਾਲੀ ਜਾਣਕਾਰੀ ਮੈਨੂੰ ਉਦੋਂ ਮਿਲੀ, ਜਦੋਂ 2005 ਵਿੱਚ ਪਾਕਿਸਤਾਨ ਤੋਂ ਇੱਕ ਵਫਦ ਗੌਹਰ ਆਯੂਬ ਖਾਨ ਦੀ ਅਗਵਾਈ ਵਿੱਚ ਪੰਜਾਬ ਵਿਧਾਨ ਸਭਾ ਦੀਆਂ ਕਮੇਟੀਆਂ ਦੇ ਅਧਿਕਾਰਾਂ ਤੇ ਕਾਰਜ ਪ੍ਰਣਾਲੀ ਦੀ ਜਾਣਕਾਰੀ ਲੈਣ ਲਈ ਚੰਡੀਗੜ੍ਹ ਆਇਆ। ਪੰਜਾਬ ਸਰਕਾਰ ਵੱਲੋਂ ਵਫਦ ਦੀ ਅਗਵਾਈ ਕਰਨ ਦਾ ਮੈਨੂੰ ਮੌਕਾ ਨਸੀਬ ਹੋਇਆ। ਮੀਟਿੰਗ ਤੋਂ ਬਾਅਦ ਮੈਂ ਗੌਹਰ ਨੂੰ ਬੜੇ ਸਨਮਾਨ ਸਹਿਤ ਨਾਲ ਲੱਗਦੇ ਆਪਣੇ ਦਫਤਰ ਲੈ ਗਿਆ। ਇਥੇ ਬੈਠ ਕੇ ਅਸੀਂ ਦੋਵਾਂ ਨੇ ਭਾਰਤ-ਪਾਕਿਸਤਾਨ ਸੰਬੰਧਾਂ 'ਤੇ ਬੜੀ ਵਿਸਥਾਰ ਨਾਲ ਚਰਚਾ ਕੀਤੀ ਕਿ ਜੇ ਅਮਰੀਕਾ ਅਤੇ ਕੈਨੇਡਾ ਸ਼ਾਂਤੀ ਨਾਲ ਰਹਿ ਸਕਦੇ ਹਨ, ਫਰਾਂਸ ਅਤੇ ਇੰਗਲੈਂਡ 100 ਸਾਲ ਦੀ ਲੜਾਈ ਪਿੱਛੋਂ ਮਿੱਤਰ ਬਣ ਸਕਦੇ ਹਨ, ਸਰਹੱਦੀ ਝਗੜੇ ਦੇ ਬਾਵਜੂਦ ਰੂਸ ਅਤੇ ਚੀਨ ਰਲ ਕੇ ਚੱਲ ਪਏ ਹਨ ਤਾਂ ਭਾਰਤ ਤੇ ਪਾਕਿਸਤਾਨ ਕਿਉਂ ਨਹੀਂ? ਆਖਰ ਪਾਕਿਸਤਾਨ ਭਾਰਤ ਦੀ ਹੀ ਜ਼ਮੀਨ ਨੂੰ ਕੱਟ ਕੇ ਵੱਖਰਾ ਦੇਸ਼ ਬਣਾਇਆ ਗਿਆ ਹੈ।
ਇਸ ਮੌਕੇ ਮੈਂ 1965 'ਚ ਪਾਕਿਸਤਾਨ ਵੱਲੋਂ ਕਸ਼ਮੀਰ 'ਤੇ ਹਮਲਾ ਕਰਨ ਬਾਰੇ ਅਤੇ ਪੂਰੀ ਲੜਾਈ ਦੀ ਜਾਣਕਾਰੀ ਲੈਣ ਲਈ ਗੌਹਰ ਤੋਂ ਕੁਝ ਸਵਾਲ ਪੁੱਛੇ। ਇਸ ਦਾ ਜਵਾਬ ਉਨ੍ਹਾਂ ਨੇ ਬੜੇ ਝਿਜਕਦਿਆਂ ਤੇ ਗੁੰਝਲਦਾਰ ਕੂਟਨੀਤਕ ਸ਼ਬਦਾਂ ਵਿੱਚ ਦਿੱਤਾ। ਗੱਲਬਾਤ ਦਾ ਮਜ਼ਮੂਨ ਏਦਾਂ ਹੈ ਕਿ ਓਦੋਂ ਦੇ ਵਿਦੇਸ਼ ਮੰਤਰੀ ਜ਼ੁਲਿਫਕਾਰ ਅਲੀ ਭੱਟੋ ਬਹੁਤ ਇੱਛਾਵਾਦੀ ਵਿਅਕਤੀ ਸੀ। ਉਸ ਨੇ ਰਾਸ਼ਟਰਪਤੀ ਆਯੂਬ ਖਾਨ ਨੂੰ ਭਰੋਸਾ ਦਿੱਤਾ ਕਿ ਕਸ਼ਮੀਰ 'ਤੇ ਲੜਾਈ ਅਤਿ ਸੀਮਿਤ ਹੋਵੇਗੀ। ਭਾਰਤ ਖਰਾਬ ਸਥਿਤੀ ਕਾਰਨ ਕੋਈ ਦੂਸਰਾ ਮੋਰਚਾ ਨਹੀਂ ਖੋਲ੍ਹੇਗਾ ਤੇ ਪਾਕਿਸਤਾਨ ਆਸਾਨੀ ਨਾਲ ਕਸ਼ਮੀਰ ਭਾਰਤ ਕੋਲੋਂ ਖੋਹ ਲਵੇਗਾ, ਪਰ ਜਦੋਂ ਭਾਰਤ ਦੀ ਫੌਜ ਤੂਫਾਨੀ ਰਫਤਾਰ ਨਾਲ ਹਮਲਾ ਕਰਦੀ ਹੋਈ ਇੱਛੋਗਿਲ ਨਹਿਰ ਨੂੰ ਪਾਰ ਕਰ ਕੇ ਬਾਟਾਪੁਰ ਜਾ ਪੁੱਜੀ, ਜਿੱਥੋਂ ਲਾਹੌਰ ਦਾ ਕੌਮਾਂਤਰੀ ਹਵਾਈ ਅੱਡੇ ਕੁਝ ਮੀਲਾਂ 'ਤੇ ਸੀ ਤਾਂ ਸਮੁੱਚਾ ਪਾਕਿਸਤਾਨ ਕੰਬ ਗਿਆ। ਫਿਰ ਪਾਕਿਸਤਾਨ ਨੇ ਯੂ ਐਨ ਓ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਲਾਹੌਰ ਖਾਲੀ ਕਰਨ ਦਾ ਮੌਕਾ ਦਿੱਤਾ ਜਾਵੇ, ਪਰ ਜਲਦੀ ਹੀ ਹਾਲਾਤ ਬਦਲ ਗਏ ਅਤੇ ਆਯੂਬ ਖਾਨ ਇਸ 'ਤੇ ਬਹੁਤ ਪਛਤਾਇਆ। ਉਨ੍ਹਾਂ ਕਿਹਾ ਕਿ ਕਸ਼ਮੀਰ ਲੈਂਦੇ-ਲੈਂਦੇ ਲਾਹੌਰ ਵੀ ਸਾਡੇ ਹੱਥੋਂ ਜਾਂਦਾ ਨਜ਼ਰ ਆ ਰਿਹਾ ਹੈ। ਭੁੱਟੋ ਦਾ ਮਸ਼ਵਰਾ ਬੜਾ ਮਹਿੰਗਾ ਪੈ ਰਿਹਾ ਹੈ।
ਰਣ ਆਫ ਕੱਛ 'ਚ ਪਾਕਿਸਤਾਨ ਦੀ ਅਪ੍ਰੈਲ 1965 'ਚ ਭਾਰਤੀ ਫੌਜੀਆਂ ਨਾਲ ਝੜਪ ਹੋਈ। ਇਸ 'ਚ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਹੈਰੋਲਡ ਵਿਲਸਨ ਨੇ ਵਿਚੋਲਗੀ ਕਰ ਕੇ ਲੜਾਈ ਤੰ ਖਤਮ ਕਰਾ ਦਿੱਤੀ, ਪਰ ਟਿ੍ਰਬਿਊਨਲ ਨੇ ਪਾਕਿਸਤਾਨ 910 ਕਿਲੋਮੀਟਰ ਇਲਾਕਾ ਦੇ ਦਿੱਤਾ। ਇਸ ਨਾਲ ਪਾਕਿਸਤਾਨ ਦਾ ਹੌਸਲਾ ਵਧਿਆ। ਓਦੋਂ ਭਾਰਤ ਦੇ ਕਈ ਰਾਜਾਂ ਵਿੱਚ ਸਿਆਸੀ ਅੰਦੋਲਨ ਚੱਲ ਰਹੇ ਸਨ। ਪਾਕਿਸਤਾਨ ਨੇ ਕਸ਼ਮੀਰ ਹੜੱਪਣ ਲਈ ਆਪਰੇਸ਼ਨ ਜਿਬਰਾਲਟਰ ਸ਼ੁਰੂ ਕੀਤਾ। ਪੰਜ ਅਗਸਤ 1965 ਨੂੰ 33 ਹਜ਼ਾਰ ਪਾਕਿਸਤਾਨੀ ਫੌਜੀਆਂ ਨੂੰ ਕਸ਼ਮੀਰੀ ਲਿਬਾਸ ਵਿੱਚ ਘਾਟੀ ਵਿੱਚ ਦਾਖਲ ਕਰਵਾ ਦਿੱਤਾ ਤੇ 15 ਅਗਸਤ ਨੂੰ ਭਾਰਤ ਨੇ ਲਾਈਨ ਆਫ ਕੰਟਰੋਲ ਨੂੰ ਪਾਰ ਕਰ ਕੇ ਹਮਲਾ ਕਰ ਦਿੱਤਾ। ਭਾਰਤੀ ਫੌਜੀਆਂ ਨੇ ਪਾਕਿਸਤਾਨ ਦੇ ਅੱਠ ਕਿਲੋਮੀਟਰ ਅੰਦਰ ਹਾਜੀਪੁਰ ਦੌਰੇ 'ਤੇ ਕਬਜ਼ਾ ਕਰ ਲਿਆ। ਇਥੋਂ ਪਾਕਿਸਤਾਨ ਘੁਸਪੈਠੀਆਂ ਨੂੰ ਲੰਘਾਉਂਦਾ ਸੀ। ਭਾਰਤ ਨੇ ਕਾਰਗਿਲ 'ਤੇ ਕਬਜ਼ਾ ਕਰ ਲਿਆ। 15 ਦਿਨ ਵਿੱਚ ਪਾਕਿਸਤਾਨ ਦਾ ਆਪਰੇਸ਼ਨ ਜਿਬਰਾਲਟਰ ਬੁਰੀ ਤਰ੍ਹਾਂ ਫੇਲ੍ਹ ਹੋ ਗਿਆ ਤੇ ਉਸ ਦੀਆਂ ਕਸ਼ਮੀਰ ਜਿੱਤਣ ਦੀਆਂ ਆਸਾਂ 'ਤੇ ਪਾਣੀ ਫਿਰ ਗਿਆ। ਇੱਕ ਸਤੰਬਰ 1965 ਨੂੰ ਪਾਕਿਸਤਾਨ ਨੇ ਆਪਰੇਸ਼ਨ ਗ੍ਰੈਂਡ ਸਲੈਮ ਸ਼ੁਰੂ ਕੀਤਾ। ਆਯੂਬ ਖਾਨ ਦਾ ਕਹਿਣਾ ਸੀ ਕਿ ਭਾਰਤੀ ਆਧੁਨਿਕ ਹਥਿਆਰਾਂ, ਟੈਂਕਾਂ ਅਤੇ ਗੋਲਾ-ਬਾਰੂਦ ਦਾ ਮੁਕਾਬਲਾ ਨਹੀਂ ਕਰ ਸਕਣਗੇ ਅਤੇ ਪਾਕਿਸਤਾਨ ਅਖਨੂਰ 'ਤੇ ਕਬਜ਼ਾ ਕਰਨ ਵਿੱਚ ਸਫਲ ਹੋ ਜਾਵੇਗਾ। ਪਾਕਿਸਤਾਨ ਵੱਲੋਂ ਅਖਨੂਰ 'ਤੇ ਜ਼ੋਰਦਾਰ ਹਮਲੇ ਨੇ ਭਾਰਤ ਸਰਕਾਰ ਨੂੰ ਹੈਰਾਨੀ 'ਚ ਪਾ ਦਿੱਤਾ। ਭਾਰਤ ਦੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਏਅਰ ਮਾਰਸ਼ਲ ਅਰਜੁਨ ਸਿੰਘ ਨੂੰ ਆਪਣੇ ਘਰ ਸੱਦਿਆ ਤੇ ਪੁੱਛਿਆ ਕਿ ਅਸੀਂ ਕਿੰਨੇ ਸਮੇਂ ਵਿੱਚ ਪਾਕਿਸਤਾਨ 'ਤੇ ਹਵਾਈ ਹਮਲੇ ਕਰ ਸਕਦੇ ਹਾਂ। ਅਰਜੁਨ ਸਿੰਘ ਨੇ ਤੁਰੰਤ ਜਵਾਬ ਦਿੱਤਾ ਕਿ 15 ਮਿੰਟਾਂ ਦੇ ਅੰਦਰ। ਓਦੋਂ ਛੰਬ 'ਚ ਜ਼ੋਰਦਾਰ ਹਵਾਈ ਹਮਲੇ ਸ਼ੁਰੂ ਕੀੇ ਗਏ, ਜਿਸ ਨਾਲ ਅੱਗੇ ਵਧਦੇ ਪਾਕਿਸਤਾਨੀ ਫੌਜ ਨੂੰ ਰੋਕ ਲਿਆ।
ਦੂਸਰੇ ਪਾਸੇ ਛੇ ਸਤੰਬਰ 1965 ਨੂੰ ਭਾਰਤ ਨੇ ਪੰਜਾਬ ਅਤੇ ਰਾਜਸਥਾਨ ਦੀ ਕੌਮਾਂਤਰੀ ਸਰਹੱਦ ਨੂੰ ਪਾਰ ਕਰ ਕੇ ਜ਼ੋਰਦਾਰ ਹਮਲਾ ਕੀਤਾ। ਭਾਰਤ ਦੀ ਫੌਜ ਮੇਜਰ ਜਨਰਲ ਨਿਰੰਜਨ ਪ੍ਰਸਾਦ ਦੀ ਅਗਵਾਈ ਵਿੱਚ ਇੱਛੋਗਿਲ ਨਹਿਰ ਤੱਕ ਜਾਂ ਪਹੁੰਚੀ। ਪਾਕਿਸਤਾਨ ਇਹ ਸੋਚ ਨਹੀਂ ਸਕਦਾ ਸੀ ਕਿ ਭਾਰਤ ਕੌਮਾਂਤਰੀ ਸਰਹੱਦ ਤੋਂ ਹਮਲਾ ਕਰ ਦੇਵੇਗਾ। ਲਾਹੌਰ ਨੂੰ ਖਤਰੇ ਵਿੱਚ ਦੇਖ ਕੇ ਪਾਕਿਸਤਾਨ ਨੇ ਆਪਣੀ ਫੌਜ ਦਾ ਬਹੁਤ ਸਾਰਾ ਹਿੱਸਾ ਪੰਜਾਬ ਵੱਲ ਲਾ ਦਿੱਤਾ। ਇਸ ਨਾਲ ਉਨ੍ਹਾਂ ਦਾ ਕਸ਼ਮੀਰ ਵਿੱਚ ਦਬਾਅ ਘਟਣ ਲੱਗਾ। ਭਾਰਤ ਦੇ ਉਚ ਅਹੁਦਿਆਂ ਵਾਲੇ ਅਫਸਰਾਂ ਨੂੰ ਭਾਰਤੀ ਫੌਜ ਵੱਲੋਂ ਬਾਟਾਪੁਰ, ਬਰਫੀ ਦੇ ਕਬਜ਼ੇ ਦੀ ਪੂਰੀ ਜਾਣਕਰੀ ਨਹੀਂ ਸੀ ਅਤੇ ਉਨ੍ਹਾਂ ਨੂੰ ਅੱਗੇ ਵਧਣ ਦੀ ਬਜਾਏ ਪਿੱਛੇ ਸੱਦ ਲਿਆ ਗਿਆ। ਇਹ ਸਾਰਿਆਂ ਲਈ ਹੈਰਾਨੀ ਵਾਲਾ ਸੀ ਅਤੇ ਅਫਸੋਸਨਾਕ ਵੀ, ਕਿਉਂਕਿ ਨੌਂ ਸਤੰਬਰ ਨੂੰ ਫੌਜ ਨੂੰ ਹੁਕਮ ਦਿੱਤਾ ਗਿਆ ਕਿ ਬਾਟਾਪੁਰ ਅਤੇ ਡੋਗਰਾਈ ਤੋਂ ਪਿੱਛੇ ਹਟ ਕੇ ਗੌਸ਼ਲ ਦਿਆਲ ਆ ਜਾਣ। ਇਸ ਦੇ ਨਾਲ ਹੀ ਸਿਆਲਕੋਟ 'ਤੇ ਵੀ ਭਾਰਤ ਨੇ ਜ਼ੋਰਦਾਰ ਹਮਲਾ ਕੀਤਾ ਅਤੇ ਪਾਕਿਸਤਾਨ ਦੇ ਕਾਫੀ ਅੰਦਰ ਜਾ ਕੇ ਕਬਜ਼ਾ ਕਰ ਲਿਆ।
ਦੂਸਰੇ ਪਾਸੇ ਸਥਿਤੀ ਅਚਾਨਕ ਬਦਲ ਗਈ। ਪਾਕਿਸਤਾਨ ਦੀ ਫੌਜ ਨੇ ਅੱਗੇ ਵਧ ਕੇ ਖੇਮਕਰਨ 'ਤੇ ਕਬਜ਼ਾ ਕਰ ਲਿਆ। ਉਨ੍ਹਾਂ ਦੀ ਯੋਜਨਾ ਬਿਆਸ ਅਤੇ ਹਰੀਕੇ ਪੱਤਣ ਦੇ ਪੁਲ 'ਤੇ ਕਬਜ਼ਾ ਕਰ ਕੇ ਅੰਮ੍ਰਿਤਸਰ ਜਿ਼ਲੇ ਦੇ ਪੂਰੇ ਇਲਾਕੇ 'ਤੇ ਕੰਟਰੋਲ ਕਰਨ ਦੀ ਸੀ। ਭਾਰਤ ਲਈ ਇਹ ਬੜੀ ਨਾਜ਼ੁਕ, ਖਤਰਨਾਕ ਤੇ ਚਿੰਤਾ ਵਾਲੀ ਸਥਿਤੀ ਪੈਦਾ ਹੋ ਗਈ। ਜਨਰਲ ਜੇ ਐਨ ਚੌਧਰੀ ਨੇ ਪੰਜਾਬ ਦੇ ਪੱਛਮੀ ਕਮਾਂਡ ਦੇ ਹੈੱਡ ਸਰਦਾਰ ਹਰਬਖਸ਼ ਸਿੰਘ ਨੂੰ ਅੰਮ੍ਰਿਤਸਰ ਖਾਲੀ ਕਰਨ ਲਈ ਕਹਿ ਦਿੱਤਾ। ਜਨਰਲ ਹਰਬਖਸ਼ ਸਿੰਘ ਦੇ ਨਾਲ ਉਸ ਸਮੇਂ ਕੈਪਟਨ ਅਮਰਿੰਦਰ ਸਿੰਘ (ਅੱਜ ਦੇ ਮੁੱਖ ਮੰਤਰੀ ਪੰਜਾਬ) ਨੂੰ ਦੇਸ਼ ਦੀ ਸੁਰੱਖਿਆ ਦੀ ਆਪਣੀ ਫੌਜੀ ਜ਼ਿੰਮੇਵਾਰੀ ਨਿਭਾਉਣ ਦਾ ਮੌਕਾ ਮਿਲਿਆ। ਜਨਰਲ ਹਰਬਖਸ਼ ਸਿੰਘ ਅੰਮ੍ਰਿਤਸਰ ਕਿਸੇ ਵੀ ਕੀਮਤ 'ਤੇ ਖਾਲੀ ਕਰਨ ਲਈ ਤਿਆਰ ਨਹੀਂ ਸਨ।
ਉਸੇ ਰਾਤ ਭਾਰਤ ਵੱਲੋਂ ਜਵਾਬੀ ਤੌਰ 'ਤੇ ਆਸਲ ਉਤਾੜ ਵਿੱਚ ਪਾਕਿਸਤਾਨ ਨਾਲ ਘਮਾਸਾਨ ਜੰਗ ਹੋਈ, ਉਨ੍ਹਾਂ ਦੇ 100 ਟੈਂਕ ਤਬਾਹ ਕਰ ਦਿੱਤੇ ਗਏ ਤੇ ਪਾਕਿਸਤਾਨ ਟੈਂਕਾਂ ਨੂੰ ਤਬਾਹ ਕਰਨ ਵਾਲੇ ਅਬਦੁਲ ਹਮੀਦ ਨੇ ਇਥੇ ਹੀ ਸ਼ਹਾਦਤ ਪਾਈ ਸੀ। ਆਸਲ ਉਤਾੜ ਦੂਜੀ ਸੰਸਾਰ ਜੰਗ ਦੇ ਬਾਅਦ ਸਭ ਤੋਂ ਵੱਡਾ ਟੈਂਕਾਂ ਦਾ ਕਬਰਿਸਤਾਨ ਬਣ ਗਿਆ। ਸਥਿਤੀ ਪੂਰੀ ਤਰ੍ਹਾਂ ਬਦਲ ਗਈ। ਇਸ ਵਿੱਚ ਮਾਧੋਪੁਰ ਤੋਂ ਪਾਣੀ ਛੱਡਣਾ ਅਤੇ ਪਾਕਿਸਤਾਨ ਦੇ ਨਾਲ ਲੱਗਣ ਵਾਲੀਆਂ ਨਹਿਰਾਂ ਨੂੰ ਕਈ ਥਾਂ ਤੱਕ ਤੋੜ ਦੇਣ ਨਾਲ ਦੂਰ ਤੱਕ ਦਲਦਲ ਹੋ ਗਈ। ਪਾਕਿਸਤਾਨ ਦੇ ਪੈਟਨ ਟੈਂਕ ਦਲਦਲ ਵਿੱਚ ਫਸ ਗਏ। ਨਾ ਉਹ ਅੱਗੇ ਵਧ ਸਕੇ ਅਤੇ ਨਾ ਪਿੱਛੇ ਜਾ ਸਕੇ। ਅੰਮ੍ਰਿਤਸਰ ਨੂੰ ਬਚਾਉਣ ਦਾ ਸਿਹਰਾ ਜਨਰਲ ਹਰਬਖਸ਼ ਸਿੰਘ ਨੂੰ ਜਾਂਦਾ ਹੈ, ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਮੇਵਾਰੀ ਨਿਭਾਈ। ਇਸ ਤਰ੍ਹਾਂ ਭਾਰਤ ਨੇ ਪਾਕਿਸਤਾਨ ਦੇ 1920 ਕਿਲੋਮੀਟਰ, ਜਿਸ ਵਿੱਚ ਸਿਆਲਕੋਟ, ਲਾਹੌਰ ਅਤੇ ਕਸ਼ਮੀਰ ਇਲਾਕੇ ਦੇ ਹਿੱਸੇ 'ਤੇ ਕਬਜ਼ਾ ਕਰ ਲਿਆ, ਜਦ ਕਿ ਪਾਕਿਸਤਾਨ ਭਾਰਤ ਦੇ ਛੰਭ ਅਤੇ ਸਿੰਧ ਨਾਲ ਲੱਗਦੇ ਮਾਰੂਥਲ 'ਤੇ 550 ਕਿਲੋਮੀਟਰ ਤੇ ਕਬਜ਼ਾ ਕਰਨ ਵਿੱਚ ਕਾਮਯਾਬ ਹੋ ਗਿਆ।
ਭਾਰਤ-ਪਾਕਿਸਤਾਨ ਵਿੱਚ ਜੰਗ ਬੰਦ ਹੋ ਗਈ। ਰੂਸ ਦੇ ਪ੍ਰਧਾਨ ਮੰਤਰੀ ਨੇ ਵਿਚੋਲਾ ਬਣ ਕੇ ਦੋਵਾਂ ਨੂੰ ਤਾਸ਼ਕੰਦ ਸੱਦਿਆ। 10 ਜਨਵਰੀ 1966 ਨੂੰ ਭਾਰਤ-ਪਾਕਿਸਤਾਨ ਵਿੱਚ ਸਮਝੌਤਾ ਕਰਵਾਇਆ ਗਿਆ। ਭਾਰਤ ਨੇ ਸਾਰੇ ਜਿੱਤੇ ਹੋਏ ਇਲਾਕੇ ਵਾਪਸ ਕਰ ਦਿੱਤੇ। ਇਸ 'ਤੇ ਭਾਰਤੀਆਂ ਨੂੰ ਬੜਾ ਗੁੱਸਾ ਸੀ। 11 ਜਨਵਰੀ 1966 ਨੂੰ ਲਾਲ ਬਹਾਦੁਰ ਸ਼ਾਸਤਰੀ ਦੀ ਦਿਲ ਦਾ ਦੌਰਾ ਪੈਣ ਨਾਲ ਅਚਾਨਕ ਮੌਤ ਹੋ ਗਈ ਅਤੇ ਗੁੱਸਾ ਹਮਦਰਦੀ ਦੀ ਲਹਿਰ ਬਣ ਗਿਆ। ਭਾਰਤ ਨੇ ਆਪਣਾ ਅਜਿਹਾ ਲਾਲ ਗੁਆ ਦਿੱਤਾ, ਜਿਸ ਦੇ ਇੱਕ ਇਸ਼ਾਰੇ 'ਤੇ ਬੱਚੇ ਤੋਂ ਲੈ ਕੇ ਬੁੱਢੇ ਤੱਕ ਨੇ ਸੋਮਵਾਰ ਦੀ ਰਾਤ ਨੂੰ ਅਨਾਜ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਵਰਤ ਰੱਖਣਾ ਸ਼ੁਰੂ ਕਰ ਦਿੱਤਾ ਸੀ।

 
Have something to say? Post your comment