-ਦੀਪਕ ਜਲੰਧਰੀ
ਕਰਾਚੀ ਸਟਾਕ ਐਕਸਚੇਂਜ ਦੀ ਇਮਾਰਤ ਉੱਤੇ ਸੋਮਵਾਰ ਸਵੇਰੇ ਹੋਏ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਪਾਬੰਦੀ ਸ਼ੁਦਾ ਬਲੋਚ ਲਿਬਰੇਸ਼ਨ ਆਰਮੀ ਨੇ ਲਈ ਹੈ। ਇਸ ਹਮਲੇ ਵਿੱਚ ਚਾਰ ਸੁਰੱਖਿਆ ਗਾਰਡਾਂ, ਇੱਕ ਪੁਲਸ ਮੁਲਾਜ਼ਮ ਅਤੇ ਚਾਰ ਅੱਤਵਾਦੀਆਂ ਸਮੇਤ 11 ਵਿਅਕਤੀਆਂ ਦੀ ਮੌਤ ਹੋ ਗਈ ਸੀ। ਵਰਨਣ ਯੋਗ ਹੈ ਕਿ ਉਕਤ ਬਾਗੀ ਧੜਾ ਪਾਕਿਸਤਾਨ ਵੱਲੋਂ ਬਲੋਚਾਂ 'ਤੇ ਲੰਬੇ ਸਮੇਂ ਤੋਂ ਕੀਤੇ ਜਾ ਰਹੇ ਜ਼ੁਲਮ ਦੇ ਵਿਰੋਧ ਵਿੱਚ ਸਮੇਂ-ਸਮੇਂ ਅਜਿਹੀਆਂ ਹਿੰਸਕ ਕਾਰਵਾਈਆਂ ਕਰ ਕੇ ਦੁਨੀਆ ਦਾ ਧਿਆਨ ਖਿੱਚਦਾ ਰਹਿੰਦਾ ਹੈ। ਬਲੋਚ ਲਿਬਰੇਸ਼ਨ ਆਰਮੀ ਨੇ ਪਾਕਿ ਫੌਜ ਵੱਲੋਂ ਕੀਤੇ ਜਾਂਦੇ ਕਤਲਾਂ ਅਤੇ ਅਗਵਾ ਦੀਆਂ ਘਟਨਾਵਾਂ ਦਾ ਬਦਲਾ ਲੈਂਦੇ ਹੋਏ 2020 ਦੇ ਮਈ ਮਹੀਨੇ ਦੇ ਦੂਜੇ ਹਫਤੇ ਵਿੱਚ ਪਾਕਿ ਫੌਜੀ ਟੁਕੜੀ 'ਤੇ ਘਾਤ ਲਾ ਕੇ ਹਮਲਾ ਕਰ ਦਿੱਤਾ ਸੀ, ਜਿਸ ਵਿੱਚ ਮੇਜਰ ਨਦੀਮ ਅੱਬਾਸ ਭੱਟੀ ਸਮੇਤ ਪੰਜ ਫੌਜੀ ਮਾਰੇ ਗਏ ਸਨ।
ਬਲੋਚ ਭਾਈਚਾਰੇ ਦੀਆਂ ਮੰਗਾਂ ਬਾਰੇ ਜਾਨਣ ਤੋਂ ਪਹਿਲਾਂ ਉਨ੍ਹਾਂ ਦਾ ਇਤਿਹਾਸ ਜਾਨਣਾ ਜ਼ਰੂਰੀ ਹੈ। ਬਲੋਚਿਸਤਾਨ ਨੇ 11 ਅਗਸਤ 1947 ਨੂੰ ਆਪਣੀ ਆਜ਼ਾਦੀ ਦਾ ਐਲਾਨ ਕਰ ਦਿੱਤਾ ਸੀ। ਜਦ 15 ਅਗਸਤ 1947 ਨੂੰ ਭਾਰਤ ਆਜ਼ਾਦ ਹੋਇਆ ਤਾਂ ਬਲੋਚਾਂ ਨੇ ਉਸ ਨਾਲ ਰਲਣ ਦਾ ਫੈਸਲਾ ਕੀਤਾ ਸੀ। ਇਹ ਗੱਲ ਪਾਕਿਸਤਾਨੀ ਹਕੂਮਤ ਨੂੰ ਸੂਲ ਵਾਂਗ ਚੁੱਭੀ ਤੇ ਉਸ ਨੇ ਫੌਜ ਤੋਂ ਬਲੋਚਿਸਤਾਨ 'ਤੇ ਹਮਲਾ ਕਰਵਾ ਦਿੱਤਾ। ਸੰਨ 2009 ਵਿੱਚ ਇੱਕ ਨਿਰਪੱਖ ਸੰਮੇਲਨ ਹੋਇਆ ਸੀ ਜਿਸ ਨੂੰ ਸ਼ਰਮ-ਅਲ-ਸ਼ੇਖ ਸਮਝੌਤਾ ਕਿਹਾ ਜਾਂਦਾ ਹੈ। ਇਸ ਸੰਮੇਲਨ ਵਿੱਚ ਜਦੋਂ ਪਾਕਿਸਤਾਨ ਦੇ ਓਦੋਂ ਦੇ ਪ੍ਰਧਾਨ ਮੰਤਰੀ ਨੇ ਬਲੋਚਿਸਤਾਨ ਵਿੱਚ ਦਖਲ ਦੇਣ ਦਾ ਦੋਸ਼ ਭਾਰਤ ਉਤੇ ਲਾਇਆ ਤਾਂ ਭਾਰਤ ਦੇ ਉਸ ਵਕਤ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਇਸ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਸੀ। ਇਸ ਤੋਂ ਬਾਅਦ ਪਾਕਿ ਫੌਜ ਨੇ ਬਲੋਚਿਸਤਾਨ ਵਿੱਚ ਖੂਨੀ ਖੇਡ ਖੇਡਣ ਵਿੱਚ ਕੋਈ ਕਸਰ ਨਾ ਛੱਡੀ। ਮਾਨਵਤਾ ਉਤੇ ਦਾਨਵਤਾ ਭਾਰੂ ਹੁੰਦੀ ਗਈ। ਇੱਕ ਅੰਦਾਜ਼ੇ ਅਨੁਸਾਰ 5000 ਬੱਚੇ ਚੁੱਕ ਲਏ ਗਏ ਜਿਨ੍ਹਾਂ ਦਾ ਅੱਜ ਤੱਕ ਕੋਈ ਥਹੁ ਪਤਾ ਨਹੀਂ ਲੱਗਾ। ਇਹ ਤਾਂਡਵ ਬਲੋਚਿਸਤਾਨ ਵਿੱਚ ਅੱਜ ਵੀ ਜਾਰੀ ਹੈ।
ਪਿੱਛਲੀ ਵਾਰ ਲਾਲ ਕਿਲੇ ਦੀ ਦੀਵਾਰ ਤੋਂ ਭਾਰਤ ਦੇ ਪ੍ਰਧਾਨ ਮੰਤਰੀ ਨੇ ਦੇਰ ਨਾਲ ਹੀ ਸਹੀ, ਬਲੋਚਿਸਤਾਨ ਲੋਕਾਂ ਦਾ ਦਰਦ ਮਹਿਸੂਸ ਕਰਦੇ ਹੋਏ ਹਮਦਰਦੀ ਦੇ ਬੋਲ ਬੋਲੇ। ਬਲੋਚਿਸਤਾਨ 'ਚ ਲੋਕਾਂ 'ਤੇ 77 ਸਾਲਾਂ ਤੋਂ ਜੋ ਜ਼ੁਲਮ ਢਾਹੇ ਜਾ ਰਹੇ ਹਨ, ਮਨੁੱਖਤਾ ਦੀ ਦੁਹਾਈ ਦੇਣ ਵਾਲਿਆਂ ਨੂੰ ਇਸ ਪਾਸੇ ਤੱਕਣ ਦੀ ਫੁਰਸਤ ਨਹੀਂ ਮਿਲੀ।
ਵਿਕਾਸ ਨਾਂਅ ਦੀ ਕੋਈ ਚੀਜ਼ ਪਾਕਿਸਤਾਨ ਦੇ ਚਾਰ ਸ਼ਹਿਰਾਂ ਲਾਹੌਰ, ਇਸਲਾਮਾਬਾਦ, ਕਰਾਚੀ ਤੇ ਰਾਵਲਪਿੰਡੀ ਨੂੰ ਛੱਡ ਕੇ ਕਿਤੇ ਨਜ਼ਰ ਨਹੀਂ ਆਉਂਦੀ। ਇਸੇ ਕਾਰਨ ਫਰੰਟੀਅਰ ਵਿੱਚ ਰੋਜ਼ ਕਤਲ ਹੋ ਰਹੇ ਹਨ। ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ (ਪੀ ਓ ਕੇ) ਵਿੱਚ ਮੁਜ਼ਾਹਰੇ ਹੋ ਰਹੇ ਹਨ। ਅੱਜਕੱਲ੍ਹ ਪਾਕਿਸਤਾਨ ਚਾਰ ਭਾਗਾਂ ਵਿੱਚ ਵੰਡਿਆ ਹੋਇਆ ਨਜ਼ਰ ਆ ਰਿਹਾ ਹੈ। ਫੌਜ ਦੀ ਗੋਲੀ ਤੇ ਡਰੋਨ ਨਾਲ ਬੰਬ ਸੁੱਟਣ ਵਾਲੀ ਨੀਤੀ ਨੇ ਸਮੂਹ ਪਾਕਿਸਤਾਨੀਆਂ ਵਿੱਚ ਪ੍ਰੇਸ਼ਾਨੀ ਪੈਦਾ ਕੀਤੀ ਹੋਈ ਹੈ। ਕੇਵਲ ਪਾਕਿ ਫੌਜ ਦੇ ਸਮਰਥਕ ਹੀ ਖੁਸ਼ ਹਨ। ਸਾਧਾਰਨ ਲੋਕ ਤਾਂ ਨਰਕ ਭਰੀ ਜ਼ਿੰਦਗੀ ਗੁਜ਼ਾਰ ਰਹੇ ਹਨ।
ਇੱਕ ਪਾਕਿਸਤਾਨੀ ਪੱਤਰਕਾਰ ਨੇ ਇੱਕ ਟੀ ਵੀ ਚੈਨਲ 'ਤੇ ਬਹੁਤ ਹੀ ਤਲਖ ਲਹਿਜ਼ੇ ਵਿੱਚ ਕਿਹਾ ਸੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਬਲੋਚਿਸਤਾਨ ਦੀ ਆਜ਼ਾਦੀ ਦੀ ਗੱਲ ਹੀ ਨਹੀਂ ਕਰਨੀ ਚਾਹੀਦੀ। ਉਸ ਪੱਤਰਕਾਰ ਨੂੰ ਸਾਡਾ ਇਹ ਕਹਿਣਾ ਹੈ ਕਿ ‘ਬੋਏ ਪੇੜ ਬਬੂਲ ਕੇ, ਆਮ ਕਹਾਂ ਸੇ ਹੋਏ।’ ਭਾਰਤ ਦੀ ਕਦੇ ਵੀ ਇਹ ਸੋਚ ਨਹੀਂ ਰਹੀ ਕਿ ਕਿਸੇ ਦੇਸ਼ ਦੇ ਅੰਦਰੂਨੀ ਮਸਲਿਆਂ ਵਿੱਚ ਦਖਲ ਦਿੱਤਾ ਜਾਵੇ। ਜਦੋਂ ਜ਼ੁਲਫਕਾਰ ਅਲੀ ਭੁੱਟੋ ਨੂੰ ਫਾਂਸੀ ਦੀ ਸਜ਼ਾ ਹੋਈ, ਉਸ ਵੇਲੇ ਭਾਰਤ ਵਿੱਚ ਜਨਤਾ ਪਾਰਟੀ ਦੀ ਸਰਕਾਰ ਸੀ। ਭਾਰਤ ਦੇ ਓਦੋਂ ਦੇ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਨੇ ਲੱਖਾਂ ਪਾਕਿਸਤਾਨੀਆਂ ਦੀ ਫਰਿਆਦ ਦੇ ਉੱਤਰ ਵਿੱਚ ਕੇਵਲ ਇਹੀ ਕਿਹਾ ਸੀ ਕਿ ‘ਇਹ ਪਾਕਿਸਤਾਨ ਦਾ ਅੰਦਰੂਨੀ ਮਾਮਲਾ ਹੈ। ਸਾਡਾ ਇਸ 'ਤੇ ਕੁਝ ਵੀ ਕਹਿਣਾ ਠੀਕ ਨਹੀਂ ਹੋਵੇਗਾ।’ ਸਾਡੇ ਦੇਸ਼ ਦੇ ਇੱਕ ਸਾਬਕਾ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਨੇ ਪ੍ਰਧਾਨ ਮੰਤਰੀ ਵੱਲੋਂ ਬਲੋਚਿਸਤਾਨ ਦਾ ਜ਼ਿਕਰ ਕਰਨ ਨੂੰ ਠੀਕ ਨਹੀਂ ਸੀ ਸਮਝਿਆ। ਇਸ ਤੋਂ ਪਾਕਿਸਤਾਨੀ ਪੱਤਰਕਾਰ ਨੂੰ ਇੱਕ ਗੱਲ ਤਾਂ ਸਮਝ ਆ ਗਈ ਹੋਵੇਗੀ ਕਿ ਲੋਕਤੰਤਰ ਵਿੱਚ ਹਰੇਕ ਵਿਚਾਰਧਾਰਾ ਨੂੰ ਪੂਰਾ ਸਨਮਾਨ ਮਿਲਦਾ ਹੈ।
ਪਾਕਿਸਤਾਨ ਦੀ ਹਾਲਤ ਦੇਖੋ ਕਿ ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਲੱਤ ਅੜਾਉਣ ਲੱਗਾ ਹੋਇਆ ਹੈ। ਹਰੇਕ ਦਹਿਸ਼ਤਗਰਦ ਪਾਕਿਸਤਾਨ ਦਾ ਹੀਰੋ ਹੈ। ਇਸ ਦਾ ਸਬੂਤ ਕੁਝ ਦਿਨ ਪਹਿਲਾਂ ਨੈਸ਼ਨਲ ਅਸੈਂਬਲੀ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਦਿੱਤਾ ਇਹ ਬਿਆਨ ਹੈ, ਜਿਸ ਵਿੱਚ ਓਸਾਮਾ ਬਿਨ ਲਾਦੇਨ ਨੂੰ ਸ਼ਹੀਦ ਕਹਿ ਰਹੇ ਸਨ। ਇਸ ਤੋਂ ਇੱਕ ਗੱਲ ਜੱਗ ਜ਼ਾਹਰ ਹੋ ਗਈ ਕਿ ਦਹਿਸ਼ਤਗਰਦ ਪਾਕਿਸਤਾਨੀ ਸਰਕਾਰ ਦੀ ਪੈਦਾਵਾਰ ਹਨ। ਸੰਨ 2006 ਵਿੱਚ ਬਲੋਚਿਸਤਾਨ ਦੇ ਰਹਿਨੁਮਾ ਨਵਾਬ ਅਕਬਰ ਬੁਗਤੀ, ਜਿਹੜਾ ਬਲੋਚਿਸਤਾਨ ਦੀ ਆਜ਼ਾਦੀ ਲਈ ਸਤਿਆਗ੍ਰਹਿ ਕਰ ਰਿਹਾ ਸੀ, ਨੂੰ ਪਾਕਿਸਤਾਨੀ ਫੌਜ ਨੇ ਇੱਕ ਘਰ ਵੜ ਕੇ ਗੋਲੀ ਮਾਰ ਦਿੱਤੀ। ਭਾਰਤ ਨੇ ਇੱਕ ਆਹ ਜ਼ਰੂਰ ਭਰੀ, ਪਰ ਉਸ ਨੂੰ ਭਾਰਤ ਦਾ ਹੀਰੋ ਨਹੀਂ ਬਣਾਇਆ। ਇੱਕ ਅਨੁਮਾਨ ਮੁਤਾਬਕ ਬਾਰ੍ਹਾਂ ਤੋਂ ਪੰਦਰਾਂ ਹਜ਼ਾਰ ਬਲੋਚ ਨੌਜਵਾਨਾਂ ਨੂੰ ਘਰਾਂ ਤੋਂ ਪੁਲਸ ਚੁੱਕ ਕੇ ਲੈ ਗਈ, ਉਨ੍ਹਾਂ ਦਾ ਅੱਜ ਤੱਕ ਕੋਈ ਅਤਾ-ਪਤਾ ਨਹੀਂ ਲੱਗਾ। ਇੱਕ ਖਬਰ ਅਨੁਸਾਰ ਇਹ ਸਾਰੇ ਨੌਜਵਾਨ ਜਿੰਦਾ ਦਫਨਾ ਦਿੱਤੇ ਗਏ।
ਸੰਨ 1947 ਵਿੱਚ ਜਦੋਂ ਦੇਸ਼ ਦੀ ਵੰਡ ਹੋ ਰਹੀ ਸੀ, ਉਦੋਂ ਅੰਗਰੇਜ਼ ਹਾਕਮਾਂ ਨੇ ਪਾਕਿਸਤਾਨ ਦਾ ਜਿਹੜਾ ਨਕਸ਼ਾ ਉਲੀਕਿਆ ਸੀ, ਉਸ ਵਿੱਚ ਪੰਜਾਬ, ਸਿੰਧ ਅਤੇ ਫਰੰਟੀਅਰ ਨੂੰ ਸ਼ਾਮਲ ਕੀਤਾ ਗਿਆ ਸੀ। ਬਲੋਚਿਸਤਾਨ ਨੇ ਪਾਕਿਸਤਾਨ ਵਿੱਚ ਸ਼ਾਮਲ ਹੋਣ ਤੋਂ ਨਾਂਹ ਕਰ ਦਿੱਤੀ ਸੀ। ਸੰਨ 1948 ਵਿੱਚ ਪਾਕਿਸਤਾਨ ਦੀ ਫੌਜ ਨੇ ਬਲੋਚਿਸਤਾਨ 'ਤੇ ਹਮਲਾ ਕਰ ਦਿੱਤਾ ਤੇ ਉਸ ਨੂੰ ਜਬਰੀ ਪਾਕਿਸਤਾਨ ਵਿੱਚ ਮਿਲਾ ਲਿਆ। ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਕਸ਼ਮੀਰ ਨੂੰ ਆਪਣੇ ਨਕਸ਼ੇ ਵਿੱਚ ਲਿਆਉਣ ਲਈ ਕਸ਼ਮੀਰ 'ਤੇ ਹਮਲੇ ਕਰ ਰਿਹਾ ਹੈ। ਸਾਬਕਾ ਤਾਨਾਸ਼ਾਹ ਪਰਵੇਜ਼ ਮੁਸ਼ੱਰਫ ਨੇ ਇਹ ਗੱਲ ਕਬੂਲ ਕੀਤੀ ਸੀ ਕਿ ਹਰੇਕ ਅੱਤਵਾਦੀ ਪਾਕਿਸਤਾਨ ਦਾ ਹੀਰੋ ਹੈ। ਬਲੋਚਿਸਤਾਨ ਦੀ ਬਦਹਾਲੀ ਬਾਰੇ ਕੋਈ ਵੀ ਬੋਲਣ ਨੂੰ ਰਾਜ਼ੀ ਨਹੀਂ ਸੀ। ਵਿਦੇਸ਼ਾਂ ਵਿੱਚ ਵਸਦੇ ਬਲੋਚ ਇਸ ਗੱਲੋਂ ਨਾਰਾਜ਼ ਸਨ ਕਿ ਭਾਰਤ ਵਰਗਾ ਵੱਡਾ ਦੇਸ਼ ਜੋ ਬਲੋਚਿਸਤਾਨ ਦੇ ਹਾਲਾਤ ਤੋਂ ਪੂਰੀ ਤਰ੍ਹਾਂ ਜਾਣੂ ਹੈ, ਖਾਮੋਸ਼ ਬੈਠਾ ਹੈ। ਭਾਰਤ ਸਾਰੇ ਸੰਸਾਰ ਨੂੰ ਇੱਕ ਪਰਵਾਰ ਮੰਨਦਾ ਹੈ। ਸੰਸਾਰ ਦੇ ਇੱਕ ਅੰਗ ਦੇ ਦਰਦ ਨੂੰ ਜ਼ੁਬਾਨ 'ਤੇ ਕਿਉਂ ਨਹੀਂ ਲਿਆਉਂਦਾ? ਉਹ ਨਵਾਬ ਅਕਬਰ ਬੁਗਤੀ ਦੀ ਸ਼ਹਾਦਤ ਉੱਤੇ ਵੀ ਸਿਰਫ ਆਹ ਭਰ ਕੇ ਰਹਿ ਗਿਆ। ਬਲੋਚਿਸਤਾਨ ਦੀਆਂ ਸਮੱਸਿਆਵਾਂ ਉਹੀ ਹਨ, ਜੋ 1947 ਵਿੱਚ ਸਨ। ਉਸ ਦਾ ਇਤਿਹਾਸ ਪਾਕਿਸਤਾਨੀ ਹਾਕਮ ਵੀ ਜਾਣਦੇ ਹੋਣਗੇ। ਬਲੋਚ ਲੋਕ ਸੀਰੀਆ ਤੋਂ ਪਲਾਇਨ ਕਰ ਕੇ ਨੌਵੀਂ ਸਦੀ ਵਿੱਚ ਰੇਗਿਸਤਾਨ ਦੇ ਇਸ ਖੇਤਰ ਵਿੱਚ ਆਏ ਸਨ। ਉਹ ਪਹਿਲਾਂ-ਪਹਿਲ ਕਬੀਲਿਆਂ ਵਿੱਚ ਵੰਡੇ ਹੋਏ ਸਨ। ਫਿਰ ਚਾਰ ਰਿਆਸਤਾਂ ਬਣ ਗਈਆਂ।
ਬਲੋਚਿਸਤਾਨ ਦਾ ਇਹ ਖੇਤਰ ਸਿੰਧ, ਪੰਜਾਬ, ਈਰਾਨ, ਅਫਗਾਨਿਸਤਾਨ ਤੇ ਅਰਬ ਮਹਾਸਾਗਰ ਨਾਲ ਲੱਗਦਾ ਹੈ। ਸੰਨ 1948 ਵਿੱਚ ਜਦੋਂ ਪਾਕਿਸਤਾਨ ਨੇ ਇਸ ਖੇਤਰ 'ਤੇ ਕਬਜ਼ਾ ਕਰ ਲਿਆ ਤਾਂ ਮੰਨਿਆ ਸੀ ਕਿ ਕਰੰਸੀ, ਵਿਦੇਸ਼ ਨੀਤੀ, ਸੁਰੱਖਿਆ, ਸੈਨਾ ਆਪਣੇ ਹੱਥ ਰੱਖੇਗਾ, ਪਰ 1952 ਵਿੱਚ ਪਾਕਿਸਤਾਨੀ ਫੌਜ ਨੇ ਸਾਰੇ ਸਮਝੌਤੇ ਤੋੜ ਕੇ ਬਲੋਚਿਸਤਾਨ ਨੂੰ ਆਪਣਾ ਸੂਬਾ ਬਣਾ ਲਿਆ। ਇਥੋਂ ਬਲੋਚਿਸਤਾਨ ਵਿੱਚ ਹਫੜਾ-ਦਫੜੀ ਵਾਲਾ ਮਾਹੌਲ ਬਣ ਗਿਆ। ਬਲੋਚ ਲੋਕ ਸ਼ੀਆ ਵੀ ਹਨ ਅਤੇ ਸੁੰਨੀ ਵੀ। ਸੰਸਾਰ ਵਿੱਚ ਡੇਢ ਕਰੋੜ ਦੇ ਲਗਭਗ ਇਨ੍ਹਾਂ ਦੀ ਗਿਣਤੀ ਮੰਨੀ ਜਾਂਦੀ ਹੈ। ਕੁਦਰਤੀ ਸਾਧਨਾਂ ਪੱਖੋਂ ਅਮੀਰ ਇਹ ਪ੍ਰਾਂਤ ਗਰੀਬੀ ਦਾ ਸ਼ਿਕਾਰ ਹੈ। ਪਿੰਡਾਂ ਵਿੱਚ ਸੜਕ ਨਾਂਅ ਦੀ ਕੋਈ ਚੀਜ਼ ਨਹੀਂ ਹੈ। ਬਲੋਚਾਂ ਦਾ ਸਭਿਆਚਾਰ ਵੱਖਰਾ ਹੈ। ਰਹਿਣ-ਸਹਿਣ ਅਤੇ ਰੀਤਾਂ-ਰਿਵਾਜਾਂ ਅਲੱਗ ਹਨ। ਉਹ ਆਪਣੇ-ਆਪ ਨੂੰ ਮੁਸਲਿਮ ਸਮਾਜ ਤੋਂ ਵੱਖਰਾ ਮੰਨਦੇ ਹਨ। ਉਹ ਆਪਣੇ ਫੈਸਲੇ ਖੁਦ ਕਰਦੇ ਹਨ। ਉਨ੍ਹਾਂ ਨੂੰ ਪਾਕਿਸਤਾਨੀ ਲੋਕਾਂ ਤੋਂ ਸਖਤ ਨਫਰਤ ਹੈ। ਉਹ ਹਰ ਹਾਲਤ ਵਿੱਚ ਪਾਕਿਸਤਾਨ ਤੋਂ ਵੱਖ ਹੋਣਾ ਚਾਹੁੰਦੇ ਹਨ। ਦੂਜੇ ਪਾਸੇ ਜੋ ਹਾਲ ਪਾਕਿਸਤਾਨ ਦੀਆਂ ਨਿਰਦਈ ਸਰਕਾਰਾਂ ਨੇ ਜੰਗੇ-ਆਜ਼ਾਦੀ ਦੇ ਮੁਜਾਹਿਦ ਅਬਦੁਲ ਗੱਫਾਰ ਖਾਨ ਦਾ ਕੀਤਾ, ਉਹੀ ਨਵਾਬ ਬੁਗਤੀ ਦਾ ਕੀਤਾ। ਭਾਰਤ ਦੇ ਪ੍ਰਧਾਨ ਮੰਤਰੀ ਨੇ ਬਲੋਚਾਂ ਦੇ ਦਰਦਾਂ ਨੂੰ ਬਿਆਨ ਦੇ ਕੇ ਦੁਨੀਆ ਭਰ ਦਾ ਧਿਆਨ ਬੇਦਰਦ, ਬੇਰਹਿਮ ਪਾਕਿਸਤਾਨੀ ਫੌਜ ਵੱਲੋਂ ਬਲੋਚਿਸਤਾਨੀ ਲੋਕਾਂ 'ਤੇ ਕੀਤੇ ਜਾ ਰਹੇ ਜ਼ੁਲਮੋ-ਸਿਤਮ ਵੱਲ ਦਿਵਾਇਆ ਹੈ। ਗੱਲ ਨਿਕਲੀ ਹੈ ਤਾਂ ਦੂਰ ਤੱਕ ਜਾਵੇਗੀ।