Welcome to Canadian Punjabi Post
Follow us on

01

May 2024
ਬ੍ਰੈਕਿੰਗ ਖ਼ਬਰਾਂ :
ਰੂਪਾਲੀ ਗਾਂਗੁਲੀ ਭਾਜਪਾ 'ਚ ਹੋਏ ਸ਼ਾਮਿਲਸਲਮਾਨ ਖਾਨ ਦੇ ਘਰ 'ਤੇ ਫਾਇਰਿੰਗ ਮਾਮਲੇ ਦੇ ਇੱਕ ਮੁਲਜ਼ਮ ਨੇ ਜੇਲ੍ਹ 'ਚ ਕੀਤੀ ਖੁਦਕੁਸ਼ੀਚੀਨ 'ਚ ਭਾਰੀ ਮੀਂਹ ਕਾਰਨ ਹਾਈਵੇਅ ਦਾ ਇੱਕ ਹਿੱਸਾ ਡਿੱਗਿਆ, 24 ਲੋਕਾਂ ਦੀ ਮੌਤਵਿਦਿਆਰਥੀਆਂ ਨੇ ਕੋਲੰਬੀਆ ਯੂਨੀਵਰਸਿਟੀ ਦੀ ਇਮਾਰਤ 'ਤੇ ਕੀਤਾ ਕਬਜ਼ਾ, ਪੁਲਿਸ ਨੇ ਕੀਤੀ ਕਾਰਵਾਈ ਜਿ਼ਮਬਾਵੇ ਦੀ 'ਜਿਗ' ਬਣੀ ਦੁਨੀਆਂ ਦੀ ਸਭ ਤੋਂ ਨਵੀਂ ਕਰੰਸੀਪੋਰਨ ਸਟਾਰ ਮਾਮਲੇ `ਚ ਟਰੰਪ ਮਾਣਹਾਨੀ ਦੇ ਦੋਸ਼ੀ ਪਾਏ ਗਏ, ਅਦਾਲਤ ਨੇ ਲਗਾਇਆ 7 ਲੱਖ ਦਾ ਜੁਰਮਾਨਾਪੰਜਾਬ ਵਿੱਚ 2024 ਦੀ ਸਭ ਤੋਂ ਵੱਡੀ ਹੈਰੋਇਨ ਖੇਪ ਜ਼ਬਤ: 48 ਕਿਲੋ ਹੈਰੋਇਨ, 21 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਤਿੰਨ ਮੈਂਬਰ ਕਾਬੂਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਪੋਲਿੰਗ ਸਟਾਫ ਦੀ ਸਹੂਲਤ ਵਾਸਤੇ ਡਿਪਟੀ ਕਮਿਸ਼ਨਰਾਂ ਨੂੰ ਵਿਸ਼ੇਸ਼ ਕਦਮ ਚੁੱਕਣ ਦੀ ਹਦਾਇਤ
 
ਨਜਰਰੀਆ

ਜੌਹਰੀ ਦੀ ਅੱਖ ਤੇ ਖੋਟੀ ਨੀਤ

June 26, 2020 08:43 AM

-ਗੋਵਰਧਨ ਗੱਬੀ
ਸਿਆਣੇ ਆਖਦੇ ਹਨ ਕਿ ਕਿਸੇ ਹੀਰੇ ਦੀ ਪਛਾਣ ਤੇ ਮੁਲੰਕਣ ਕੇਵਲ ਇੱਕ ਜੌਹਰੀ ਹੀ ਕਰ ਸਕਦਾ ਹੈ। ਕਈ ਵਾਰ ਸਾਡੇ ਆਲੇ ਦੁਆਲੇ ਬਹੁਤ ਸਾਰੇ ਹੀਰੇ-ਨੁਮਾ ਲੋਕ ਵਿਚਰ ਰਹੇ ਹੁੰਦੇ ਹਨ, ਪਰ ਅਸੀਂ ਉਨ੍ਹਾਂ ਦੀ ਪਛਾਣ ਨਹੀਂ ਕਰਦੇ। ਜਿਸ ਕਾਰਨ ਉਨ੍ਹਾਂ ਨੂੰ ਨਾ ਕਦੇ ਪਛਾਣ ਮਿਲਦੀ ਹੈ ਤੇ ਨਾ ਉਨ੍ਹਾਂ ਦੀ ਸਹੀ ਪ੍ਰਤਿਭਾ ਦਾ ਪਤਾ ਲੱਗਦਾ ਹੈ। ਕਈ ਵਾਰ ਪਛਾਣ ਹੋ ਵੀ ਜਾਂਦੀ ਹੈ, ਪਰ ਜੌਹਰੀ ਦੀ ਮਾੜੀ ਤੇ ਸੌੜੀ ਨੀਤ ਕਾਰਨ ਉਨ੍ਹਾਂ ਦਾ ਸਹੀ ਮੁਲੰਕਣ ਨਹੀਂ ਹੋ ਸਕਦਾ।
ਬਚਪਨ ਵਿੱਚ ਅਸੀਂ ਆਪਣੇ ਤਾਇਆ ਜੀ ਤੋਂ ਰੋਜ਼ ਰਾਤ ਨੂੰ ਬਾਤਾਂ ਸੁਣਿਆ ਕਰਦੇ ਸਾਂ। ਚਾਲੀ ਤੋਂ ਪੰਜਾਹ ਸਾਲ ਪਹਿਲਾਂ ਮਰਹੂਮ ਤਾਇਆ ਜੀ ਵੱਲੋਂ ਸੁਣਾਈਆਂ ਗਈਆਂ ਬਾਤਾਂ ਮੈਨੂੰ ਅੱਜ ਵੀ ਯਾਦ ਹਨ। ਇੱਕ ਵਾਰ ਉਨ੍ਹਾਂ ਜੌਹਰੀ ਦੀ ਅੱਖ ਅਤੇ ਨੀਤ ਬਾਰੇ ਇੱਕ ਗੱਲ ਸੁਣਾਈ ਸੀ।
ਪੁਰਾਣੇ ਸਮਿਆਂ ਦੀ ਗੱਲ ਹੈ। ਇੱਕ ਦਿਨ ਅਚਾਨਕ ਇੱਕ ਨਾਲੇ 'ਚੋਂ ਪੌਣੇ ਕੁ ਕਿਲੋ ਦੇ ਭਾਰ ਦੀ ਮੱਛੀ ਸਿੱਧੇ-ਸਾਦੇ ਗਰੀਬ ਬੰਦੇ ਦੇ ਹੱਥ ਲੱਗ ਗਈ। ਘਰ ਆ ਕੇ ਉਸ ਨੂੰ ਰਿੰਨ੍ਹਣ ਵਾਸਤੇ ਜਦੋਂ ਕੱਟਿਆ ਤਾਂ ਮੱਛੀ ਦੇ ਢਿੱਡ 'ਚੋਂ ਉਸ ਨੂੰ ਇੱਕ ਨਿੱਕਾ ਜਿਹਾ ਮਣਕਾ ਮਿਲਿਆ। ਅਸਲ ਵਿੱਚ ਉਹ ਮਣਕਾ ਬਹੁਮੁੱਲਾ ਹੀਰਾ ਸੀ, ਪਰ ਉਸ ਵਿਚਾਰੇ ਨੂੰ ਕੱਚ ਤੇ ਹੀਰੇ ਦੇ ਫਰਕ ਦਾ ਪਤਾ ਨਹੀਂ ਸੀ। ਉਸ ਨੇ ਉਹ ਮਣਕਾ ਆਪਣੀ ਧਰਮ ਪਤਨੀ ਨੂੰ ਦੇ ਦਿੱਤਾ। ਸ਼ਾਮ ਹੋਈ ਤਾਂ ਹੀਰੇ ਨੇ ਚਮਕਣਾ ਸ਼ੁਰੂ ਕਰ ਦਿੱਤਾ। ਉਸ ਦੀ ਪਤਨੀ ਖੁਸ਼ ਹੋ ਗਈ ਕਿ ਉਸ ਨੂੰ ਰੋਜ਼ ਰਾਤ ਨੂੰ ਦੀਵਾ ਨਹੀਂ ਬਾਲਣਾ ਪਿਆ ਕਰੇਗਾ। ਉਸ ਨੇ ਹੀਰੇ ਨੂੰ ਇੱਕ ਆਲੇ ਵਿੱਚ ਰੱਖ ਦਿੱਤਾ। ਕੁਝ ਦਿਨਾਂ ਬਾਅਦ ਉਸ ਹੀਰੇ ਨੂੰ ਚੂਹੇ ਨੇ ਆਲੇ ਤੋਂ ਹੇਠਾਂ ਸੁੱਟ ਦਿੱਤਾ। ਘਰ ਦੇ ਇੱਕ ਜੀਅ ਨੇ ਸਫਾਈ ਕਰਦੇ ਸਮੇਂ ਉਸ ਹੀਰੇ ਨੂੰ ਬਾਹਰ ਕੂੜੇ ਦੇ ਢੇਰ 'ਤੇ ਸੁੱਟ ਦਿੱਤਾ।
ਜਦੋਂ ਉਨ੍ਹਾਂ ਨੂੰ ਹੀਰੇ ਦੀ ਪਛਾਣ ਤੇ ਕੀਮਤ ਦਾ ਪਤਾ ਹੀ ਨਹੀਂ ਸੀ ਤਾਂ ਉਨ੍ਹਾਂ ਨੂੰ ਹੀਰਾ ਗੁਆਚਣ ਦਾ ਕੋਈ ਬਹੁਤਾ ਅਫਸੋਸ ਨਹੀਂ ਹੋਇਆ। ਕੁਝ ਦਿਨਾਂ ਬਾਅਦ ਉਸੇ ਪਿੰਡ ਦਾ ਇੱਕ ਘੁਮਿਆਰ ਆਪਣੇ ਖੋਤੇ 'ਤੇ ਉਸੇ ਢੇਰ ਨੂੰ ਖੇਤਾਂ ਵਿੱਚ ਸੁੱਟਣ ਵਾਸਤੇ ਗਿਆ। ਉਸ ਦੀ ਨਿਗ੍ਹਾ ਵੀ ਮਣਕੇ ਉਪਰ ਪਈ। ਉਸ ਨੇ ਮਣਕੇ ਨੂੰ ਕੱਚ ਸਮਝ ਲਿਆ। ਉਸ ਨੇ ਪਹਿਲਾਂ ਉਸ ਨੂੰ ਆਪਣੀ ਜੇਬ ਵਿੱਚ ਪਾਇਆ। ਫਿਰ ਉਸ ਦੀ ਮਾਲਾ ਬਣਾ ਕੇ ਗਲ ਵਿੱਚ ਪਾ ਲਈ, ਪਰ ਫਿਰ ਉਸ ਨੂੰ ਆਪਣੇ ਤੋਂ ਵੱਧ ਖੋਤਾ ਅਹਿਮ ਲੱਗਾ, ਕਿਉਂਕਿ ਖੋਤੇ ਨਾਲ ਉਸ ਦੀ ਰੋਜ਼ੀ-ਰੋਟੀ ਚੱਲਦੀ ਸੀ। ਉਸ ਨੇ ਹੀਰੇ ਦੀ ਮਾਲਾ ਨੂੰ ਆਪਣੇ ਗਲ ਤੋਂ ਉਤਾਰਿਆ ਤੇ ਖੋਤੇ ਦੇ ਗਲ ਪਾ ਦਿੱਤਾ। ਇੱਕ ਦਿਨ ਘੁਮਿਆਰ ਦੇ ਘਰ ਅਚਾਨਕ ਸਵੇਰੇ-ਸਵੇਰ ਉਸ ਦੇ ਸਹੁਰਿਆਂ ਵਾਲੇ ਪਾਸਿਓਂ ਕੁਝ ਪ੍ਰਾਹੁਣੇ ਆ ਧਮਕੇ। ਉਸ ਦੀ ਪਤਨੀ ਨੇ ਉਸ ਨੂੰ ਕਿਹਾ ਕਿ ਉਹ ਦੁਕਾਨ ਤੋਂ ਵੇਸਣ, ਤੇਲ ਅਤੇ ਗੁੜ ਵਗੈਰਾ ਲੈ ਆਵੇ ਤਾਂ ਕਿ ਉਹ ਆਪਣੇ ਪੇਕੇ ਵਾਲਿਆਂ ਦੀ ਪਕੌੜੇ ਆਦਿ ਖੁਆ ਕੇ ਸੇਵਾ ਕਰ ਸਕੇ। ਕੁਦਰਤੀ ਉਸ ਵੇਲੇ ਘੁਮਿਆਰ ਦੇ ਖੀਸੇ ਵਿੱਚ ਪੈਸੇ ਨਹੀਂ ਸਨ। ਫਿਰ ਵੀ ਉਹ ਦੁਕਾਨ ਵੱਲ ਚਲਾ ਗਿਆ। ਉਸ ਨੇ ਦੁਕਾਨਦਾਰ ਤੋਂ ਉਧਾਰ ਵਿੱਚ ਵਸਤਾਂ ਮੰਗੀਆਂ। ਦੁਕਾਨਦਾਰ ਨੇ ਕਿਹਾ ਕਿ ਸਵੇਰ ਦਾ ਵਕਤ ਹੈ, ਅਜੇ ਬੋਹਣੀ ਨਹੀਂ ਹੋਈ, ਇਸ ਲਈ ਉਹ ਉਧਾਰ ਨਹੀਂ ਦੇ ਸਕਦਾ। ਹਾਂ, ਉਹ ਜੇ ਕੋਈ ਚੀਜ਼ ਉਸ ਕੋਲ ਗਹਿਣੇ ਰੱਖ ਦੇਵੇ ਤਾਂ ਉਸ ਨੂੰ ਲੋੜੀਂਦੀਆਂ ਵਸਤਾਂ ਦੇ ਸਕਦਾ ਹੈ।
ਘੁਮਿਆਰ ਨੇ ਉਸ ਨਾਲ ਝੂਠ ਬੋਲਿਆ ਕਿ ਉਸ ਨੇ ਆਪਣੇ ਖੋਤੇ ਵਾਸਤੇ ਮੇਲੇ ਤੋਂ ਦੋ ਰੁਪਏ ਦੀ ਇੱਕ ਮਾਲਾ ਖਰੀਦੀ ਹੋਈ ਹੈ। ਦੁਕਾਨਦਾਰ ਉਸ ਮਾਲਾ ਬਦਲੇ ਉਸ ਨੂੰ ਉਧਾਰ ਦੇਣ ਵਾਸਤੇ ਮੰਨ ਗਿਆ। ਪਤਾ ਉਸ ਨੂੰ ਵੀ ਨਹੀਂ ਸੀ ਕਿ ਇਹ ਮਣਕਾ ਕੱਚ ਨਹੀਂ, ਸਗੋਂ ਅਸਲ ਵਿੱਚ ਹੀਰਾ ਹੈ। ਉਸ ਨੇ ਹੀਰੇ ਦੀ ਮਾਲਾ ਨੂੰ ਆਪਣੀ ਤੱਕੜੀ ਨਾਲ ਬੰਨ੍ਹ ਲਿਆ। ਕੁਝ ਦਿਨਾਂ ਬਾਅਦ ਰਾਤ ਨੂੰ ਮਲਾਹ ਉਸ ਦੀ ਦੁਕਾਨ 'ਤੇ ਆਇਆ। ਉਸ ਨੇ ਜਦੋਂ ਚਮਕਦੇ ਹੀਰੇ ਨੂੰ ਦੇਖਿਆ ਤਾਂ ਉਸ ਨੇ ਦੁਕਾਨਦਾਰ ਨੂੰ ਕਿਹਾ ਕਿ ਰਾਤ ਵੇਲੇ ਹਨੇਰਾ ਹੋਣ ਕਰ ਕੇ ਉਹ ਆਪਣੀ ਬੇੜੀ ਚੰਗੀ ਤਰ੍ਹਾਂ ਨਹੀਂ ਠੇਲ੍ਹ ਪਾਉਂਦਾ। ਕਈ ਵਾਰ ਤੇਜ਼ ਹਵਾ ਚੱਲਣ ਕਰ ਕੇ ਬੇੜੀ ਵਿੱਚ ਟੰਗੀ ਲਾਲਟੈਨ ਵੀ ਬੁਝ ਜਾਂਦੀ ਹੈ। ਉਸ ਨੇ ਦੁਕਾਨਦਾਰ ਤੋਂ ਹੀਰਾ ਵੇਚਣ ਬਾਰੇ ਪੁੱਛਿਆ। ਦੁਕਾਨਦਾਰ ਨੇ ਆਪਣਾ ਸ਼ਾਹੂਕਾਰਾਂ ਵਾਲਾ ਦਿਮਾਗ ਵਰਤਿਆ ਤੇ ਦੋ ਰੁਪਏ ਵਿੱਚ ਖਰੀਦਿਆ ਹੀਰਾ ਉਸ ਨੂੰ ਦਸ ਰੁਪਏ ਵਿੱਚ ਵੇਚ ਦਿੱਤਾ। ਮਲਾਹ ਨੇ ਰਾਤ ਨੂੰ ਲੋਅ ਕਰਨ ਖਾਤਰ ਹੀਰੇ ਦੀ ਮਾਲਾ ਨੂੰ ਬੇੜੀ ਉਪਰ ਟੰਗ ਲਿਆ। ਮਣਕੇ ਦੀ ਸੱਚਾਈ ਬਾਰੇ ਉਸ ਨੂੰ ਵੀ ਪਤਾ ਨਹੀਂ ਸੀ। ਕੁਝ ਦਿਨ ਬਾਅਦ ਰਾਤ ਨੂੰ ਜੌਹਰੀ ਉਸੇ ਬੇੜੀ ਵਿੱਚ ਬੈਠਾ ਸਫਰ ਕਰ ਰਿਹਾ ਸੀ। ਉਸ ਨੂੰ ਪਹਿਲੀ ਨਜ਼ਰੇ ਪਤਾ ਲੱਗ ਗਿਆ ਕਿ ਇਹ ਚਮਕਣ ਵਾਲਾ ਮਣਕਾ ਕੱਚ ਦਾ ਨਹੀਂ, ਅਸਲੀ ਹੀਰਾ ਹੈ। ਉਹ ਅਗਲੇ ਦਿਨ ਸਵੇਰੇ ਉਸ ਮਲਾਹ ਕੋਲ ਗਿਆ। ਉਸ ਨੇ ਕਿਹਾ ਕਿ ਉਸ ਨੂੰ ਉਹ ਮਣਕਾ ਬਹੁਤ ਪਸੰਦ ਆਇਆ ਹੈ ਤੇ ਉਸ ਨੇ ਆਪਣੀ ਪਤਨੀ ਵਾਸਤੇ ਲੈ ਕੇ ਜਾਣਾ ਹੈ। ਮਲਾਹ ਨੇ ਮਣਕੇ ਨੂੰ ਵੇਚਣ ਤੋਂ ਨਾਂਹ ਨੁੱਕਰ ਕੀਤੀ, ਪਰ ਜੌਹਰੀ ਦੇ ਜ਼ਿਆਦਾ ਜ਼ੋਰ ਪਾਉਣ 'ਤੇ ਸੌ ਰੁਪਏ ਕੀਮਤ ਮਿਲਣ ਦੇ ਚੱਕਰ ਵਿੱਚ ਹਾਂ ਕਰ ਦਿੱਤੀ।
ਹੀਰੇ ਵਾਲੀ ਮਾਲਾ ਉਤਾਰ ਕੇ ਜਦੋਂ ਮਲਾਹ ਉਸ ਨੂੰ ਦੇਣ ਲੱਗਾ ਤਾਂ ਜੌਹਰੀ ਨੇ ਉਸ ਨੂੰ ਕੁਝ ਦੇਰ ਰੁਕਣ ਵਾਸਤੇ ਕਿਹਾ। ਜੌਹਰੀ ਨੇ ਆਪਣਾ ਸਾਫ ਸੁਥਰਾ ਰੇਸ਼ਮੀ ਰੁਮਾਲ ਹੇਠਾਂ ਵਿਛਾਇਆ। ਮਲਾਹ ਤੋਂ ਹੀਰਾ ਲੈ ਕੇ ਜਦੋਂ ਉਸ ਨੇ ਰੁਮਾਲ ਉਪਰ ਰੱਖਿਆ ਤਾਂ ਹੀਰਾ ਪੰਜ ਛੇ ਟੁਕੜਿਆਂ ਵਿੱਚ ਟੁੱਟ ਗਿਆ।
‘ਇਹ ਮੇਰੇ ਨਾਲ ਹੀ ਕਿਉਂ ਹੀਰਿਆ?’ ਹੈਰਾਨ ਪ੍ਰੇਸ਼ਾਨ ਜੌਹਰੀ ਦੇ ਮੂੰਹੋਂ ਉਸ ਵੇਲੇ ਇਹੀ ਨਿਕਲਿਆ।
‘ਮੈਂ ਆਲੇ ਤੋਂ ਡਿੱਗਿਆ ਤਾਂ ਨਹੀਂ ਟੁੱਟਿਆ। ਖੋਤੇ ਦੇ ਗਲ ਵਿੱਚ ਰਿਹਾ ਤਾਂ ਨਹੀਂ ਟੁੱਟਿਆ। ਦੁਕਾਨਦਾਰ ਦੀ ਤੱਕੜੀ ਨਾਲ ਬੱਝਿਆ ਰਿਹਾ ਤਾਂ ਵੀ ਨਹੀਂ ਟੁੱਟਿਆ। ਬੇੜੀ ਨਾਲ ਲਟਕਿਆ ਰਿਹਾ ਤਾਂ ਵੀ ਨਹੀਂ ਟੁੱਟਿਆ, ਪਰ ਤੂੰ ਮੈਨੂੰ ਰੇਸ਼ਮੀ ਰੁਮਾਲ 'ਤੇ ਬਹੁਤ ਸੰਭਾਲ ਕੇ ਰੱਖਿਆ, ਮੈਂ ਫਿਰ ਵੀ ਟੁੱਟ ਗਿਆ। ਤੈਨੂੰ ਪਤਾ ਹੈ ਕਿਉਂ? ਕਿਉਂਕਿ ਉਨ੍ਹਾਂ ਸਾਰਿਆਂ ਨੂੰ ਤਾਂ ਪਤਾ ਨਹੀਂ ਸੀ ਕਿ ਮੈਂ ਹੀਰਾ ਹਾਂ। ਤੈਨੂੰ ਪਤਾ ਸੀ ਕਿ ਮੈਂ ਹੀਰਾ ਹਾਂ। ਫਿਰ ਵੀ ਤੂੰ ਮੇਰਾ ਬਸ ਸੌ ਰੁਪਏ ਮੁੱਲ ਪਾਇਆ। ਜਦੋਂ ਤੈਨੂੰ ਪਤਾ ਸੀ ਕਿ ਮੇਰੀ ਕੀਮਤ ਤਾਂ ਲੱਖਾਂ ਦੀ ਹੈ। ਵੱਡੇ ਜੌਹਰੀਆ, ਤੇਰੀ ਮਾੜੀ ਨੀਤ ਕਰ ਕੇ ਮੈਂ ਟੁੱਟਿਆ ਹਾਂ।’ ਅਖੀਰ ਹੀਰਾ ਬੋਲ ਉਠਿਆ ਸੀ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭੰਡਾਲ ਬੇਟ ਤੋਂ ਕਲੀਵਲੈਂਡ : ਡਾ. ਭੰਡਾਲ ਦਾ ਕੱਚੇ ਪੱਕੇ ਰਾਹਾਂ ਦਾ ਸਫ਼ਰ ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ!