Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਨਜਰਰੀਆ

ਸੱਤਾਧਾਰੀ ਪਾਰਟੀ ਨੂੰ ਰਗੜੇ

June 24, 2020 09:32 AM

-ਬਲਰਾਜ ਸਿੰਘ
ਸੂਝਵਾਨ ਵਿਰੋਧੀ ਦਲ ਦੇ ਮੈਂਬਰੋ, ਸਾਨੂੰ ਦਿਲੀ ਦੁੱਖ ਹੈ ਕਿ ਤੁਸੀਂ ਪਿਛਲੀਆਂ ਚੋਣਾਂ ਵਿੱਚ ਆਪਣੀਆਂ ਅਣਥੱਕ ਕੋਸ਼ਿਸ਼ ਦੇ ਬਾਵਜੂਦ ਰਾਜ ਭਾਗ 'ਤੇ ਕਾਬਜ਼ ਨਹੀਂ ਹੋ ਸਕੇ। ਨਤੀਜੇ ਵਜੋਂ ਤੁਸੀਂ ਅੱਜ ਤੱਕ ਦੁਖੀ ਅਤੇ ਬੌਖਲਾਏ ਹੋਏ ਹੋ। ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਨਾਲ ਜੱਗੋਂ ਤੇਰਵੀਂ ਹੋਈ ਹੈ। ਤੁਹਾਡੀਆਂ ਅੱਖਾਂ ਖੂਨ ਦੇ ਅੱਥਰੂ ਵਹਾਅ ਰਹੀਆਂ ਹਨ। ਸਾਡੇ ਹੁੰਦਿਆਂ ਤੁਹਾਨੂੰ ਘਬਰਾਉਣ ਦੀ ਉਕਾ ਹੀ ਲੋੜ ਨਹੀਂ। ਤੁਹਾਨੂੰ ਦੁਬਾਰਾ ਸੱਤਾ 'ਤੇ ਕਾਬਜ਼ ਕਰਾਉਣ ਲਈ ਅਸੀਂ ਦਿਨ-ਰਾਤ ਮੱਥਾ-ਪੱਚੀ ਕਰ ਕੇ ਇੱਕ ਵੱਡ-ਆਕਾਰੀ ਪੁਸਤਕ ‘ਸੱਤਾਧਾਰੀ ਪਾਰਟੀ ਨੂੰ ਰਗੜੇ’ ਬਣਾਈ ਹੈ, ਜੋ ਕਿ ਜਲਦੀ ਛਪ ਕੇ ਮਾਰਕੀਟ ਵਿੱਚ ਪਹੁੰਚ ਜਾਵੇਗੀ। ਫਿਲਹਾਲ ਤੁਹਾਡੀ ਫੌਰੀ ਸਹਾਇਤਾ ਲਈ ਅਸੀਂ ਆਪਣੀ ਇਸ ਨਾਯਾਬ ਪੁਸਤਕ 'ਚੋਂ ਕੁਝ ਜ਼ਰੂਰੀ ਨੁਸਖੇ ਸੰਖੇਪ ਵਿੱਚ ਪੇਸ਼ ਕਰ ਰਹੇ ਹਾਂ। ਸਾਨੂੰ ਸੌ ਫੀਸਦੀ ਉਮੀਦ ਹੈ ਕਿ ਇਨ੍ਹਾਂ 'ਤੇ ਅਮਲ ਕਰ ਕੇ ਤੁਸੀਂ ਪੰਜ ਸਾਲਾਂ ਬਾਅਦ ਜ਼ਰੂਰ ਹੀ ਸੱਤਾ 'ਤੇ ਕਾਬਜ਼ ਹੋ ਜਾਓਗੇ।
ਪਹਿਲਾ ਨੁਸਖਾ ਇਹ ਹੈ ਕਿ ਭਾਵੇਂ ਤੁਹਾਨੂੰ ਭਲੀਭਾਂਤ ਪਤਾ ਹੋਵੇ ਕਿ ਰਾਜ ਭਾਗ ਸੰਭਾਲ ਰਹੀ ਪਾਰਟੀ ਦੇ ਨੇਤਾ ਤੁਹਾਡੇ ਤੋਂ ਵਧੇਰੇ ਕਾਬਲ, ਪੜ੍ਹੇ ਲਿਖੇ, ਸੱਚੇ-ਸੁੱਚੇ ਤੇ ਦੂਰਅੰਦੇਸ਼ ਹਨ, ਪਰ ਤੁਸੀਂ ਇਨ੍ਹਾਂ ਠੋਸ ਹਕੀਕਤਾਂ ਨੂੰ ਨਜ਼ਰਅੰਦਾਜ਼ ਕਰ ਦਿਓ। ਆਪਣੇ ਹੋਛੇਪਣ ਤੇ ਕਮੀਨਗੀ ਨੂੰ ਜ਼ਿੰਦਗੀ ਦੇ ਸਭ ਤੋਂ ਹੇਠਲੇ ਪੱਧਰ 'ਤੇ ਲਿਜਾ ਕੇ ਹਰ ਜਗ੍ਹਾ ਇਨ੍ਹਾਂ ਦੀ ਮਿੱਟੀ ਪਲੀਤ ਕਰੋ। ਭਾਵੇਂ ਕੋਈ ਖੇਡ ਮੇਲਾ ਹੋਵੇ, ਕਿਸੇ ਮਹਾਪੁਰਖ ਦੀ ਬਰਸੀ, ਜਨਮ ਉਤਸਵ ਜਾਂ ਭੋਗ ਸਮਾਗਮ, ਹਾਕਮ ਪਾਰਟੀ ਵਿਰੁੱਧ ਆਪਣੀ ਭੜਾਸ ਕੱਢਣ ਤੋਂ ਤੁਸੀਂ ਕਦੇ ਗੁਰੇਜ਼ ਨਾ ਕਰੋ। ਵਿਚਾਰੇ ਸ਼ਹੀਦਾਂ ਨੇ ਕਿਹੜਾ ਆ ਕੇ ਨਿਹੋਰੇ ਦੇਣੇ ਹਨ, ਗਿਲੇ ਸ਼ਿਕਵੇ ਕਰਨੇ ਹਨ ਜਾਂ ਤਾਅਨੇ-ਮਿਹਣੇ ਮਾਰਨੇ ਹਨ, ਇਸ ਲਈ ਉਨ੍ਹਾਂ ਦੇ ਸ਼ਹੀਦੀ ਦਿਨਾਂ 'ਤੇ ਵੀ ਸਭ ਲਾਜ ਸ਼ਰਮ ਤੇ ਕਦਰਾਂ ਕੀਮਤਾਂ ਛਿੱਕੇ ਢੰਗ ਕੇ, ਲੋਕ ਰਾਜ ਵਜੋਂ ਮਸਾਂ ਦੋ ਕੁ ਮਿੰਟ ਸ਼ਹੀਦ ਬਾਰੇ ਮਾੜਾ-ਮੋਟਾ ਦੱਸ ਕੇ, ਝਟਪਟ ਕਿਸੇ ਨਾ ਕਿਸੇ ਬਹਾਨੇ ਹਾਕਮ ਪਾਰਟੀ ਵਿਰੁੱਧ ਆਪਣਾ ਗੁੱਭ ਗੁਭਾਟ ਕੱਢਣਾ ਸ਼ੁਰੂ ਕਰ ਦਿਓ। ਹਰ ਸਾਹ ਵਿੱਚ ਘੱਟੋ-ਘੱਟ ਪੰਜਾਹ ਵਾਰ ਦੁਹਰਾਓ ਕਿ ਵਰਤਮਾਨ ਸਰਕਾਰ ਨਿਕੰਮੀ ਹੈ। ਕੌਡੀਓਂ ਖੋਟੀ ਹੈ। ਹੱਥ 'ਤੇ ਹੱਥ ਧਰ ਕੇ ਬੈਠੀ ਹੈ। ਸੂਬੇ ਦੀ ਤਰੱਕੀ ਸਿਰਫ ਤੁਹਾਡੀ ਸਰਕਾਰ ਦੇ ਸਮੇਂ ਹੀ ਹੋਈ ਹੈ। ਭਾਵੇਂ ਤੁਹਾਡੀ ਸਰਕਾਰ ਦੌਰਾਨ ਸ਼ੁਰੂ ਹੋਏ ਬਹੁਤੇ ਵਿਕਾਸ ਕਾਰਜ ਸਿਰਫ ਨੀਂਹ ਪੱਥਰਾਂ ਦੇ ਰੂਪ ਵਿੱਚ ਰੁਲ ਗਏ ਹੋਣ ਜਾਂ ਭਰੂਣ ਅਵਸਥਾ 'ਚ ਰੱਬ ਨੂੰ ਪਿਆਰੇ ਹੋ ਗਏ ਹੋਣ, ਪਰ ਤੁਸੀਂ ਹਰ ਸਮਾਗਮ 'ਤੇ ਸੱਜੇ ਖੱਬੇ ਬਾਹਾਂ ਮਾਰ ਮਾਰ ਬੁਲੰਦ ਆਵਾਜ਼ ਵਿੱਚ ਇਹੀ ਕੁਫਰ ਤੋਲੋ ਕਿ ਸਭ ਨਵੀਆਂ ਸੜਕਾਂ, ਲਿੰਕ ਸੜਕਾਂ, ਡੈਮ, ਕਾਰਖਾਨੇ, ਮੈਡੀਕਲ ਅਤੇ ਇੰਜੀਨੀਅਰਿੰਗ ਕਾਲਜ ਸਿਰਫ ਤੁਹਾਡੇ ਸਮੇਂ ਹੀ ਬਣੇ ਹਨ। ਮੌਜੂਦਾ ਸਰਕਾਰ ਦੁਆਰਾ ਕੀਤੇ ਜਾਂਦੇ ਵਿਕਾਸ ਨੂੰ ‘ਕੂੜ ਪ੍ਰਚਾਰ’ ਕਹਿ ਕੇ ਭੰਡੋ ਤੇ ਸਰਕਾਰ ਦੇ ਹਰ ਫੈਸਲੇ ਦੀ ਰੱਜ ਕੇ ਨੁਕਤਾਚੀਨੀ ਕਰੋ। ਉਸ ਵੱਲੋਂ ਕੀਤੇ ਜਾਂਦੇ ਸ਼ਲਾਘਾਯੋਗ ਕੰਮਾਂ 'ਤੇ ਵੀ ਕਿੰਤੂ ਪ੍ਰੰਤੂ ਕਰੋ। ਹਰ ਕੰਮ ਵਿੱਚ ਘੜੂਸ ਕੱਢੋ। ਹਰ ਕੰਮ 'ਚ ਘੜੰਮ ਪਾਓ। ਉਸ ਦੇ ਹਰ ਲੋਕਹਿਤੈਸ਼ੀ ਫੈਸਲੇ ਨੂੰ ਆਵਾਮ ਵਿਰੋਧੀ ਗਰਦਾਨਣ ਵਿੱਚ ਮਿੰਟ ਨਾ ਲਾਓ। ਭਾਵੇਂ ਉਸ ਨੂੰ ਇਹ ਫੈਸਲੇ ਤੁਹਾਡੀਆਂ ਪੁਰਾਣੀਆਂ ਗਲਤੀਆਂ ਕਾਰਨ ਲੈਣੇ ਪੈ ਰਹੇ ਹੋਣ, ਪਰ ਤੁਸੀਂ ਪੈਰਾਂ 'ਤੇ ਪਾਣੀ ਨਾ ਪੈਣ ਦਿਓ ਤੇ ਉਨ੍ਹਾਂ ਦੇ ਹਰ ਫੈਸਲੇ 'ਚ ਮੀਨ ਮੇਖ ਕੱਢੀ ਚੱਲੋ।
ਤੁਸੀਂ ਹਰ ਸਮੇਂ ਮੌਜੂਦਾ ਸਰਕਾਰ ਨੂੰ ਭੰਡਣ ਦੇ ਬਹਾਨੇ ਭਾਲਦੇ ਰਹੋ। ਜੇ ਉਸ ਦਾ ਕੋਈ ਮੰਤਰੀ ਆਪਣੇ ਕੁੱਤੇ ਦਾ ਨਾਂਅ ਵੀ ਟੋਮੀ ਤੋਂ ਬਦਲ ਕੇ ਰੌਨੀ ਰੱਖ ਦੇਵੇ ਤਾਂ ਤੁਸੀਂ ਉਸ ਉੱਤੇ ਵਿਦੇਸ਼ੀ ਤਾਕਤਾਂ ਦੇ ਹੱਥਾਂ 'ਚ ਖੇਡਣ ਦਾ ਸੰਗੀਨ ਦੋਸ਼ ਲਾਉਂਦਿਆਂ ਦੇਰ ਨਾ ਲਾਓ ਅਤੇ ਇਸ ਨੂੰ ਤੁਰੰਤ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਗੰਭੀਰ ਖਤਰਾ ਗਰਦਾਨ ਦਿਓ। ਰਾਜ ਵਿੱਚ ਭਾਵੇਂ ਕੋਈ ਕੀੜੀ ਜਾਂ ਟਿੱਡਾ ਕਿਸੇੇ ਦੇ ਪੈਰਾਂ ਹੇਠਾਂ ਆ ਕੇ ਕੁਚਲਿਆ ਜਾਵੇ, ਤੁਸੀਂ ਰਾਈ ਦਾ ਪਹਾੜ ਬਣਾ ਦਿਓ ਤੇ ਅੱਖ ਦੇ ਫੋਰ 'ਚ ਇਸ ਨੂੰ ਸਰਕਾਰੀ ਬੁਰਛਾਗਰਦੀ ਤੇ ਜਬਰ ਐਲਾਨ ਕਰੋ। ਇਸ ਜਬਰ ਜ਼ੁਲਮ ਦੀ ਤੁਲਨਾ ਔਰੰਗਜ਼ੇਬ ਦੇ ਜ਼ੁਲਮੋ-ਸਿਤਮ ਨਾਲ ਕਰੋ ਤੇ ਹਰ ਸਮਾਗਮ 'ਚ ਪੂਰੇ ਜ਼ੋਰ ਦੀ ਆਵਾਜ਼ ਤੇ ਸ਼ੇਰ ਵਾਂਗ ਦਹਾੜ ਕੇ ਕਹੋ ਕਿ ਇਨ੍ਹਾਂ ਜ਼ਾਲਮ ਸ਼ਾਸਕਾਂ ਵਿੱਚ ਤਾਂ ਔਰੰਗਜ਼ੇਬ ਦੀ ਰੂਹ ਪ੍ਰਵੇਸ਼ ਕਰ ਗਈ ਹੈ। ਇਸ ਟਿੱਡੇ ਜਾਂ ਕੀੜੀ ਨੂੰ ਕੌਮੀ ਸ਼ਹੀਦ ਗਰਦਾਨ ਦਿਓ ਤੇ ਇਸ ਦੀ ਬੇਰਹਿਮ ਹੱਤਿਆ ਲਈ ਸਰਕਾਰ ਤੋਂ ਘੱਟੋ-ਘੱਟ ਪੰਜਾਹ ਲੱਖ ਰੁਪਏ ਮੁਆਵਜ਼ੇ ਦੀ ਮੰਗ ਕਰੋ। ਮੁਆਵਜ਼ਾ ਨਾ ਮਿਲਣ ਦੀ ਸੂਰਤ ਵਿੱਚ ਥਾਂ-ਥਾਂ ਧਰਨੇ ਦੇਣ ਦਾ ਪ੍ਰੋਗਰਾਮ ਉਲੀਕ ਲਓ। ਇਸ ਟਿੱਡੇ ਜਾਂ ਕੀੜੀ ਨੂੰ ਕੌਮ ਦਾ ਵਡਮੁੱਲਾ ਹੀਰਾ ਐਲਾਨ ਕੇ ਇਸ ਲਈ ਸਮਾਰਕ ਬਣਾ ਦਿਓ ਤੇ ਇਸ ਦੇ ਪਰਵਾਰਕ ਮੈਂਬਰਾਂ ਲਈ ਸਰਕਾਰੀ ਨੌਕਰੀ ਦੀ ਮੰਗ ਕਰੋ।
ਐਨੇ ਕੁ ਢਕਵੰਜ ਨਾਲ ਭੋਲੀ-ਭਾਲੀ ਜਨਤਾ ਤੁਹਾਨੂੰ ਆਪਣਾ ਸੱਚਾ ਹਮਦਰਦ ਮੰਨ ਲਵੇਗੀ ਤੇ ਅਗਲੀਆਂ ਚੋਣਾਂ ਵਿੱਚ ਤੁਹਾਨੂੰ ਵੋਟਾਂ ਨਾਲ ਨਿਹਾਲ ਕਰ ਦੇਵੇਗੀ। ਭਾਵੇਂ ਤੁਹਾਡੀ ਸਰਕਾਰ ਨੇ ਆਪਣੇ ਸਮਿਆਂ ਵਿੱਚ ਜਨਤਾ ਨੂੰ ਰੱਜ ਕੇ ਲੁੱਟਿਆ ਤੇ ਕੁੱਟਿਆ ਹੋਵੇ ਤੇ ਬੇਰੋਜ਼ਗਾਰਾਂ ਦਾ ਰੱਜ ਕੇ ਸ਼ੋਸ਼ਣ ਕੀਤਾ ਹੋਵੇ, ਪਰ ਤੁਸੀਂ ਇਹ ਸਭ ਗੱਲਾਂ ਭੁੱਲ ਕੇ ਵਰਤਮਾਨ ਸਰਕਾਰ ਨੂੰ ਸਭ ਤੋਂ ਨਿਕੰਮੀ ਤੇ ਭਿ੍ਰਸ਼ਟ ਸਰਕਾਰ ਹੋਣ ਦਾ ਰਾਗ ਅਲਾਪਦੇ ਰਹੇ। ਹਰ ਰੋਜ਼ ਇਨ੍ਹਾਂ ਦੀ ਤੁਲਨਾ ਅਹਿਮਦ ਸ਼ਾਹ ਅਬਦਾਲੀ ਨਾਲ ਕਰੋ। ਆਪਣੇ ਸਮੇਂ ਵਿੱਚ ਸ਼ੁਰੂ ਕੀਤੇ ਬੇ-ਸਿਰ ਪੈਰ ਵਾਲੇ ਖਰਚੀਲੇ ਕਾਰਜਾਂ ਨੂੰ ਇਸ ਸਰਕਾਰ ਵੱਲੋਂ ਬੰਦ ਕੀਤੇ ਜਾਣ 'ਤੇ ਇਸ ਨੂੰ ਜਨਤਾ ਲਈ ਵਿਨਾਸ਼ਕਾਰੀ, ਕਲਾ ਸੰਸਕ੍ਰਿਤੀ, ਵਿਰਸੇ ਨੂੰ ਢਾਹ ਲਾਉਣ ਵਾਲਾ, ਅਦੂਰਦਰਸ਼ੀ ਤੇ ਆਤਮਘਾਤੀ ਐਲਾਨਦੇ ਹੋਏ ਉਨ੍ਹਾਂ ਦੇ ਇਸ ਕਦਮ ਦਾ ਪੁਰਜ਼ੋਰ ਵਿਰੋਧ ਕਰੋ ਤੇ ਇਸ ਨੂੰ ਜਨਤਾ ਦੇ ਜ਼ਖਮਾਂ 'ਤੇ ਲੂਣ ਛਿੜਕਣ ਸਮਾਨ ਤੇ ਉਨ੍ਹਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਤੁੱਲ ਦੱਸੋ। ਤੁਸੀਂ ਹਾਕਮ ਸਰਕਾਰ ਦੇ ਮੁਖੀ ਅਤੇ ਵਜ਼ੀਰਾਂ 'ਤੇ ਵੀ ਨਿੱਤ ਨਵੇਂ ਦੂਸ਼ਣ ਲਾਉਣ ਤੋਂ ਸੰਕੋਚ ਨਾ ਕਰੋ। ਉਹ ਭਾਵੇਂ ਆਪਣੀਆਂ ਧਰਮ ਪਤਨੀਆਂ ਨਾਲ ਹੀ ਸ਼ਿਮਲੇ, ਡਲਹੌਜੀ ਜਾਂ ਕੁਫਰੀ ਸੈਰ ਕਰ ਰਹੇ ਹੋਣ, ਤੁਸੀਂ ਉਨ੍ਹਾਂ ਦੀਆਂ ਵਹੁਟੀਆਂ ਨੂੰ ਉਨ੍ਹਾਂ ਦੀਆਂ ਸਹੇਲੀਆਂ ਹੋਣ ਦਾ ਭੰਡੀ ਪ੍ਰਚਾਰ ਕਰ ਕੇ ਖੂਬ ਭੜਥੂ ਪਾਓ। ਸਾਨੂੰ ਸੌ ਫੀਸਦੀ ਯਕੀਨ ਹੈ ਕਿ ਸਾਡੀਆਂ ਹਦਾਇਤਾਂ 'ਤੇ ਇੰਨ ਬਿੰਨ ਅਮਲ ਕਰ ਕੇ ਤੁਸੀਂ ਅਗਲੀਆਂ ਚੋਣਾਂ ਵਿੱਚ ਜ਼ਰੂਰ ਹੀ ਸੱਤਾ 'ਤੇ ਕਾਬਜ਼ ਹੋ ਜਾਓਗੇ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’