ਮਿਨੀਆਪੋਲਿਸ, 21 ਜੂਨ (ਪੋਸਟ ਬਿਊਰੋ) : ਮਿਨੀਆਪੋਲਿਸ ਦੇ ਇੱਕ ਮਸ਼ਹੂਰ ਇਲਾਕੇ ਵਿੱਚ ਐਤਵਾਰ ਤੜ੍ਹਕੇ ਚੱਲੀ ਗੋਲੀ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ 11 ਹੋਰ ਜ਼ਖ਼ਮੀ ਹੋ ਗਏ। ਇਸ ਗੋਲੀਕਾਂਡ ਤੋਂ ਬਾਅਦ ਮਚੀ ਭਗਦੜ ਮਗਰੋਂ ਲੋਕਾਂ ਨੂੰ ਰੈਸਟੋਰੈਂਟਸ ਤੇ ਹੋਰਨਾਂ ਕਾਰੋਬਾਰੀ ਅਦਾਰਿਆਂ ਵਿੱਚ ਲੁਕ ਕੇ ਆਪਣੀ ਜਾਨ ਬਚਾਉਣੀ ਪਈ।
ਸ਼ਹਿਰ ਦੇ ਇਸ ਇਲਾਕੇ ਵਿੱਚ ਜਿੱਥੇ ਨਾਈਟ ਕਲੱਬ, ਬਾਰਜ, ਰੈਸਟੋਰੈਂਟਸ ਤੋਂ ਇਲਾਵਾ ਐਪਲ ਤੇ ਫਿਐਲਰਾਵੇਨ ਵਰਗੀਆਂ ਕੰਪਨੀਆਂ ਦੇ ਸਟੋਰਜ਼ ਵੀ ਹਨ, ਅੱਧੀ ਰਾਤ ਤੋਂ ਬਾਅਦ ਗੋਲੀ ਚੱਲੀ। ਪਹਿਲਾਂ ਪੁਲਿਸ ਨੇ ਦੱਸਿਆ ਕਿ 10 ਲੋਕਾਂ ਨੂੰ ਗੋਲੀ ਲੱਗੀ ਪਰ ਬਾਅਦ ਵਿੱਚ ਆਪਣੀ ਰਿਪੋਰਟ ਨੂੰ ਸੁਧਾਰ ਕੇ ਟਵੀਟ ਕੀਤਾ। ਜਿਹੜਾ ਵਿਅਕਤੀ ਮਾਰਿਆਂ ਗਿਆ ਉਸ ਦੀ ਮੌਕੇ ਉੱਤੇ ਨਹੀਂ ਸਗੋਂ ਹਸਪਤਾਲ ਪਹੁੰਚ ਕੇ ਮੌਤ ਹੋਈ। ਹੋਰ ਕੋਈ ਵੀ ਗੰਭੀਰ ਜ਼ਖ਼ਮੀ ਨਹੀਂ ਹੋਇਆ।
ਪੁਲਿਸ ਨੇ ਦੱਸਿਆ ਕਿ ਸੂ਼ਟਰ ਇੱਕ ਤੋਂ ਵਧੇਰੇ ਸਨ ਤੇ ਸਾਰੇ ਹੀ ਪੈਦਲ ਇਸ ਕਾਰੇ ਨੂੰ ਅੰਜਾਮ ਦੇ ਕੇ ਫਰਾਰ ਹੋਏ। ਅਜੇ ਤੱਕ ਕਿਸੇ ਨੂੰ ਹਿਰਾਸਤ ਵਿੱਚ ਨਹੀਂ ਲਿਆ ਗਿਆ ਹੈ। ਪੁਲਿਸ ਨੇ ਇਸ ਗੱਲ ਦਾ ਵੀ ਖੁਲਾਸਾ ਨਹੀਂ ਕੀਤਾ ਕਿ ਇਹ ਗੋਲੀਕਾਂਡ ਕਿਉਂ ਵਾਪਰਿਆ। ਜਿੰਨੇ ਲੋਕ ਵੀ ਇਸ ਘਟਨਾ ਵਿੱਚ ਜਖਮੀ ਹੋਏ ਬਾਲਗ ਹੀ ਸਨ। ਇਸ ਦੌਰਾਨ ਇੱਕ ਪ੍ਰੈੱਸ ਕਾਨਫਰੰਸ ਵਿੱਚ ਮਿਨੀਆਪੋਲਿਸ ਦੇ ਪੁਲਿਸ ਮੁਖੀ ਮੇਡਾਰੀਆ ਐਰਾਡੌਂਡੋ ਨੇ ਆਖਿਆ ਕਿ ਇਹ ਘਟਨਾ ਬਹੁਤ ਹੀ ਦੁਖਦਾਈ ਹੈ। ਇਸ ਤਰ੍ਹਾਂ ਦੀਆਂ ਹਿੰਸਕ ਘਟਨਾਵਾਂ ਲੋਕਾਂ ਲਈ ਹੈਲਥ ਕ੍ਰਾਈਸਿਸ ਹਨ। ਉਨ੍ਹਾਂ ਮਸ਼ਕੂਕਾਂ ਨੂੰ ਜਲਦ ਫੜ੍ਹਨ ਦਾ ਭਰੋਸਾ ਦਿਵਾਇਆ।