Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਨਜਰਰੀਆ

ਝੂਠੀ ਪ੍ਰਸ਼ੰਸਾ

November 14, 2018 07:45 AM

-ਕੇ ਐਲ ਗਰਗ
ਫੋਕੀ ਪ੍ਰਸ਼ੰਸਾ ਲੂਣ, ਮਿਰਚ, ਮਸਾਲਾ ਰਹਿਤ ਸਬਜ਼ੀ ਵਰਗੀ ਹੁੰਦੀ ਹੈ, ਜਿਸ ਦਾ ਖਾਣ ਵਾਲੇ ਨੂੰ ਭੋਰਾ ਸਵਾਦ ਨਹੀਂ ਆਉਂਦਾ। ਇਹ ਬੰਦਿਆਂ ਦੀ ਥਾਂ ਮਰੀਜ਼ਾਂ ਦੇ ਖਾਣ ਵਾਲੀ ਚੀਜ਼ ਹੁੰਦੀ ਹੈ। ਝੂਠੀ ਪ੍ਰਸ਼ੰਸਾ ਰਸਭਰੀ, ਸਵਾਦੀ ਤੇ ਚਸਕੇਦਾਰ ਤਰਕਾਰੀ ਜਿਹੀ ਹੁੰਦੀ ਹੈ, ਜਿਸ ਨੂੰ ਖਾਣ ਵਾਲਾ ਮਰਦੇ ਦਮ ਤੱਕ ਪ੍ਰਸ਼ੰਸਾ ਕਰਦਾ ਨਹੀਂ ਥੱਕਦਾ ਅਤੇ ਬੰਦੇ ਦੇ ਜੀਵਨ ਦੀ ਭਰਪੂਰ ਲੁਬਰੀਕੇਸ਼ਨ ਹੁੰਦੀ ਰਹਿੰਦੀ ਹੈ। ਝੂਠੀ ਪ੍ਰਸੰਸਾ ਵਿੱਚ ਐਨਾ ਕਰਾਰਾਪਣ ਹੁੰਦਾ ਹੈ, ਜਿਸ ਨੂੰ ਖਾ ਕੇ ਬੰਦਾ ਸੀਟੀਆਂ ਮਾਰਨ ਲੱਗਦਾ ਹੈ। ਝੂਠੀ ਪ੍ਰਸੰਸਾ ਅਜਿਹਾ ਸ਼ਾਟ ਹੁੰਦੀ ਹੈ, ਜਿਸ ਨੂੰ ਅਸੀਂ ਵਿਕਟ ਕੀਪਰ ਧੋਨੀ ਵਾਂਗ ਬੋਚਣ ਲਈ ਹਮੇਸ਼ਾ ਤਿਆਰ ਰਹਿੰਦੇ ਹਾਂ। ਸਾਡਾ ਵਜ਼ਨ ਤੀਹ ਕਿਲੋ ਹੈ ਤੇ ਲੋਕ ਪੰਜਾਬੀ ਗੀਤ ਵਾਂਗ ‘ਕੁੜੀ ਦਾ ਲੱਕ ਟਵੰਟੀ ਏਟ' ਹੈ।
ਹਨੇਰੀ ਚੱਲਣ ਵੇਲੇ ਸਾਨੂੰ ਘਰ ਦੇ ਡੱਕ-ਡੱਕ ਰੱਖਦੇ ਹਨ ਕਿ ਕਿਤੇ ਅਸੀਂ ਉਡ ਕੇ ਗੁਆਂਢੀ ਮੁਲਕ 'ਚ ਹੀ ਨਾ ਜਾ ਉਤਰੀਏ, ਪਰ ਸਾਡਾ ਗੁਆਂਢੀ ਕਚੌਰੀ ਮੱਲ ਸਾਨੂੰ ਲਾਡ ਨਾਲ ਭਲਵਾਨ ਜੀ ਕਹਿ ਕੇ ਬੁਲਾਉਂਦਾ ਹੈ। ਭਲਵਾਨ ਕਹਿਣ 'ਤੇ ਉਸ ਦੇ ਚਿਹਰੇ ਉੱਤੇ ਆਈ ਮੁਸਕੁਰਾਹਟ ਉਤਸ਼ਾਹ ਨਾਲ ਸਾਡੀ ਛਾਤੀ ਛਪੰਜਾ ਇੰਚ ਕਰ ਛੱਡਦੀ ਹੈ। ਸਾਡੇ ਸਾਥੀ ਸਾਡੀ ਤੁਲਨਾ ਕੁੜੀਆਂ ਨਾਲ ਕਰਦੇ ਹੋਏ ਕਹਿੰਦੇ ਹਨ, ‘ਤੂੰ ਤਾਂ ਯਾਰ ਜਮਾਂ ਈ ਕੁੜੀਆਂ ਵਾਂਗ ਤੁਰਦਾ ਐਂ। ਬੰਦਾ ਐਂ ਤਾਂ ਬੰਦਿਆਂ ਵਾਂਗ ਤੁਰਿਆ ਕਰ।’ ਭਲਵਾਨ ਕਹਿਣ 'ਤੇ ਅਸੀਂ ਫੁੱਲ ਕੇ ਕੁੱਪਾ ਹੋ ਜਾਂਦੇ ਹਾਂ। ਘੜੀ ਮੁੜੀ ਡੌਲੇ ਫੁਲਾ-ਫੁਲਾ ਕੇ ਦੇਖਦੇ ਹਾਂ। ਜਣੇ-ਖਣੇ ਨੰ ਖੰਘੂਰਾ ਮਾਰ ਕੇ ਲੰਘਣ ਲੱਗਦੇ ਹਾਂ। ਕਦੀ ਕਦੀ ਕਿਸੇ ਨਾਲ ਪੰਗਾ ਲੈਣੋਂ ਵੀ ਨਹੀਂ ਡਰਦੇ। ਸਾਡੇ ਪੰਗਾ ਲੈਣ 'ਤੇ ਅਗਲਾ ਖਿੱਝ ਕੇ ਕਹਿ ਦਿੰਦਾ ਹੈ, ‘ਇੱਕ ਥੱਪੜ ਮਾਰਿਆ ਤਾਂ ਫੰਬੇ ਵਾਂਗ ਉਡਦਾ ਜਾਏਂਗਾ ਹਵਾ ਵਿੱਚ। ਸਹੁਰੀ ਘਸੀ ਜਿਹੀ ਕੌਡੀ ਕਰਦੀ ਕੀ ਐ।’ ਇੱਕ ਵਾਰ ਕਿਸੇ ਨਾਲ ਝੜਪ ਵੀ ਹੋ ਗਈ। ਭਾਵੇਂ ਗੱਲ ਕਾਫੀ ਪੁਰਾਣੀ ਹੈ, ਪਰ ਅਸੀਂ ਅੱਜ ਤੱਕ ਹੱਡੀਆਂ ਨੂੰ ਸੇਕ ਦਿੰਦੇ ਨਹੀਂ ਥੱਕਦੇ। ਝੂਠੀ ਪ੍ਰਸ਼ੰਸਾ ਨੂੰ ਫੂਕ ਛਕਾਉਣਾ ਵੀ ਆਖਦੇ ਹਨ।
ਇਸ ਨਸਲ ਦੇ ਲੋਕ ਬਹੁਤੇ ਤੁਹਾਨੂੰ ਦਫਤਰਾਂ ਵਿੱਚ ਵੀ ਮਿਲ ਸਕਦੇ ਆ। ਇਨ੍ਹਾਂ ਦਾ ਕੰਮ ਬੌਸ ਨੂੰ ਗਰੀਸ ਦੇਣਾ ਹੁੰਦਾ ਹੈ। ਸਾਹਿਬ ਦੇ ਦਫਤਰ ਵਿੱਚ ਵੜਦਿਆਂ ਹੀ ਇਹ ਚੁਕੰਨੇ ਹੋ ਜਾਂਦੇ ਹਨ। ਚਿੱਕ ਚੁੱਕ ਕੇ ਝੱਟ ਅੰਦਰ ਜਾ ਹਾਜ਼ਰ ਹੁੰਦੇ ਹਨ। ਮੇਮਣੇ ਵਾਂਗ ਮੈਂ-ਮੈਂ ਕਰਦੇ ਆਖਣਗੇ, ‘ਸੱਚ, ਅੱਜ ਤੁਸੀਂ ਜਮ੍ਹਾ ਈ ਸ਼ਾਹਰੁਖ ਖਾਂ ਲੱਗਦੇ ਓ। ਕੰਨ ਦੇ ਪਿੱਛੇ ਕਾਲਾ ਟਿੱਕਾ ਲਾ ਲਓ, ਨਜ਼ਰ ਲਾਉਣ ਵਾਲੇ ਵੀ ਮੌਕਾ ਲੱਭਦੇ ਰਹਿੰਦੇ ਹਨ।’
‘...ਪਰ ਮਿਸਟਰ ਦੁਨੀ ਚੰਦ ਤਾਂ ਕਹਿ ਰਹੇ ਸਨ ਕਿ ਮੈਂ ਆਮਿਰ ਖਾਂ ਜਿਹਾ ਲੱਗਦਾ ਵਾਂ।’ ਬੌਸ ਮਨ ਹੀ ਮਨ ਲੱਡੂ ਭੋਰਦਾ ਕਹਿ ਦਿੰਦਾ ਹੈ।
‘ਉਹ ਵੀ ਠੀਕ ਕਹਿੰਦੇ ਨੇ ਸਰ, ਸੱਜੇ ਪੋਜ਼ ਤੋਂ ਤੁਸੀਂ ਸ਼ਾਹਰੁਖ ਖਾਨ ਤੇ ਖੱਬੇ ਪੋਜ਼ ਤੋਂ ਆਮਿਰ ਖਾਂ ਲੱਗਦੇ ਹੋ। ਵਾਹ ਜੀ, ਵਾਹ।’
ਇਹੋ ਜਿਹੇ ਡਾਇਲਾਗ ਦਫਤਰ ਦੇ ਬੋਰਿੰਗ ਤੇ ਉਕਤਾਊ ਮਾਹੌਲ ਨੂੰ ਸੁਖਾਵਾਂ ਬਣਾ ਦਿੰਦੇ ਹਨ। ਏਦਾਂ ਦੇ ਚਾਪਲੂਸਾਂ ਤੇ ਖੁਸ਼ਾਮਦੀਆਂ ਦਾ ਸਾਰਾ ਦਿਨ ਤੀਆਂ ਵਾਂਗ ਗੁਜ਼ਰਦਾ ਹੈ। ਮਲਾਈ ਵਾਲੀਆਂ ਸਾਰੀਆਂ ਦਫਤਰੀਂ ਸੀਟਾਂ ਏਦਾਂ ਦੇ ਬਾਬੂਆਂ ਦੇ ਕਬਜ਼ੇ ਵਿੱਚ ਹੁੰਦੀਆਂ ਹਨ। ਇਨ੍ਹਾਂ ਦੇ ਵਿਰੋਧੀ, ਦੁਖੀਆ ਮੰਡਲੀ ਦੇ ਬਾਬੂ ਏਦਾਂ ਦਿਆਂ ਨੂੰ ਬੌਸ ਦੇ ਪਿੰਡੇ ਦੀਆਂ ਚੰਮ-ਜੂੰਆਂ ਆਖਦੇ ਹਨ। ‘ਦੇਖ ਦੇਖ ਬੌਸ ਦੀਆਂ ਚੰਮ-ਜੂੰਆਂ। ਕਿਵੇਂ ਜੰਗਾਲੇ ਜਿੰਦਰੇ ਨੂੰ ਤੇਲ ਦਿੰਦੀਆਂ ਰਹਿੰਦੀਆਂ ਹਨ’, ਆਖ ਆਖ ਕੇ ਆਪਣੀ ਭੜਾਸ ਕੱਢਦੇ ਹਨ। ਏਦਾਂ ਦੇ ਬਾਬੂਆਂ ਨੂੰ ‘ਮਿਸਫਿੱਟ’ ਕਿਹਾ ਜਾਂਦਾ ਹੈ। ਬੌਸ ਦੀਆਂ ਚੰਮ-ਜੂੰਆਂ ਜ਼ੇਰਾ ਕਰ ਕੇ ਕਦੀ ਕਦਾਈਂ ਬੌਸ ਦੇ ਘਰ ਤੱਕ ਵੀ ਮਾਰ ਕਰਨ ਪਹੁੰਚ ਜਾਂਦੀਆਂ ਹਨ। ਬੌਸ ਦੀ ਮੇਮ ਦੇ ਜਨਮ ਦਿਨ, ਵੈਡਿੰਗ ਡੇਅ ਉਨ੍ਹਾਂ ਨੂੰ ਜ਼ੁਬਾਨੀ ਯਾਦ ਹੁੰਦੇ ਹਨ। ਉਥੇ ਵੀ ਵਧੀਆ ਸਾੜ੍ਹੀ, ਡਰਾਈ ਫਰੂਟ ਜਾਂ ਮਠਿਆਈ ਨਾਲ ਆਪਣੀ ਹਾਜ਼ਰੀ ਲਵਾਉਣੋਂ ਨਹੀਂ ਭੁੱਲਦੇ। ਪਤਨੀ ਬੌਸ ਦੀ ਕਮਜ਼ੋਰੀ ਹੁੰਦੀ ਹੈ ਤੇ ਇਨ੍ਹਾਂ ਬਾਬੂਆਂ ਦੀ ਤਾਕਤ ਹੈ। ਉਸ ਤਾਕਤ ਦੇ ਸਿਰ 'ਤੇ ਉਹ ਉਡਦੇ ਫਿਰਦੇ ਹਨ। ਦਫਤਰੀ ਹਵਾ ਵਿੱਚ ਉਚੀਆਂ ਉਚੀਆਂ ਤਾਰੀਆਂ ਲਾਉਂਦੇ ਹਨ।
ਕਵੀਆਂ ਦੀ ਭਾਸ਼ਾ ਵਿੱਚ ਇਸ ਨੂੰ ਦਾਦ ਦੇਣਾ ਕਹਿੰਦੇ ਹਨ। ਦਾਦ ਛੋਟੇ ਤੋਂ ਛੋਟੇ ਤੇ ਵੱਡੇ ਤੋਂ ਵੱਡੇ ਕਵੀ ਜਾਂ ਸ਼ਾਇਰ ਲਈ ਜਾਨ ਤੋਂ ਪਿਆਰੀ ਚੀਜ਼ ਹੁੰਦੀ ਹੈ। ਭਰਪੂਰ ਦਾਦ ਮਿਲ ਜਾਏ ਤਾਂ ਸ਼ਾਇਰ ਲੋਕ ਇਸ ਨੂੰ ਮੁਸ਼ਾਇਰਾ ਲੁੱਟਣਾ ਆਖਦੇ ਹਨ। ਦਾਦ ਮਿਲ ਦੀ ਹੋਵੇ ਤਾਂ ਫਿਸੱਡੀ ਸ਼ੇਅਰ ਨੂੰ ਦਸ ਦਸ ਵਾਰ ਦੁਹਰਾਉਂਦੇ ਹਨ। ‘ਮਰਹਬਾ’, ‘ਮਰਹਬਾ’ ਸੁਣਦਿਆਂ ਹੀ ਫਿਲਮੀ ਅੰਦਾਜ਼ ਵਿੱਚ ‘ਸ਼ੁਕਰੀਆ ਹਜ਼ੂਰ’, ‘ਸ਼ੁਕਰੀਆ ਹਜ਼ੂਰ’, ‘ਦਾ ਰਾਗ ਅਲਾਪਣ ਲੱਗਦੇ ਹਨ। ਭੈੜੇ ਸ਼ਾਇਰਾਂ ਨੂੰ ਸਰੋਤੇ ‘ਮਰਹਬਾ’ ਦੀ ਥਾਂ ‘ਮਰ ਬੇਹਯਾ’, ‘ਮਰ ਬੇਹਯਾ’ ਕਹਿਣ ਲੱਗਦੇ ਹਨ। ਉਹ ਇਸ ਨੂੰ ਵੀ ਮਹਿੰਦਰ ਸਿੰਘ ਧੋਨੀ ਵਾਂਗ ਕੈਚ ਕਰ ਕਰ ਕੇ ਨਿਹਾਲ ਹੁੰਦੇ ਹਨ। ਕਈ ਸਿਆਣੇ ਇਹ ਵੀ ਕਹਿੰਦੇ ਹਨ ਕਿ ਚੰਗੀ ਦਾਦ ਹੀ ਸ਼ਾਇਰ ਨੂੰ ਵੱਡਾ ਸ਼ਾਇਰ ਬਣਾਉਂਦੀ ਹੈ। ਦਾਦ ਵੀ ਝੂਠੀ ਪ੍ਰਸੰਸਾ ਦੀ ਹੀ ਅਜਿਹੀ ਕਿਸਮ ਹੁੰਦੀ ਹੈ, ਜਿਸ ਵਿੱਚ ਸ਼ਾਇਰ ਨਾਂਅ ਦੇ ਤੋਤੇ ਦੀ ਜਾਨ ਸਮਾਈ ਹੁੰਦੀ ਹੈ।
ਝੂਠੀ ਪ੍ਰਸ਼ੰਸਾ ਨੂੰ ਪੰਪ ਮਾਰਨਾ ਵੀ ਆਖਦੇ ਹਨ। ਕਈਆਂ ਦਾ ਪੰਪ ਤਾਂ ਇੰਨਾ ਜ਼ਬਰਦਸਤ ਹੁੰਦਾ ਹੈ ਕਿ ਪੰਪ ਵੱਜਣ ਵਾਲੇ ਦੀ ਹੋਸ਼ ਤੱਕ ਭੁੂਆ ਦਿੰਦਾ ਹੈ। ਅਗਲੇ ਦਾ ਦਿਮਾਗ ਅਤੇ ਸਰੀਰ ਉਸ ਦੇ ਕੰਟਰੋਲ ਵਿੱਚ ਨਹੀਂ ਰਹਿੰਦਾ। ਅੰਗਰੇਜ਼ੀ ਨਾਟਕਕਾਰ ਸ਼ੈਕਸਪੀਅਰ ਦੇ ਨਾਟਕ ਦਾ ਇੱਕ ਪਾਤਰ ਕਹਿੰਦਾ ਹੈ, ‘ਮੈਂ ਦਿਲੋਂ ਕਹਿੰਦਾ ਹਾਂ ਕਿ ਮੈਨੂੰ ਕੋਈ ਫੂਕ ਨਹੀਂ ਛਕਾ ਸਕਦਾ। ਮੈਂ ਭੋਰਾ ਫੂਕ ਨਹੀਂ ਛਕਦਾ।’ ਇੱਕ ਹੋਰ ਪਾਤਰ ਝੱਟ ਕਹਿ ਦਿੰਦਾ ਹੈ, ‘ਸਰ, ਤੁਸੀਂ ਇਸ ਵਿੱਚ ਵੀ ਫੂਕ ਛਕ ਗਏ ਹੋ। ਫੂਕ ਨਾ ਛਕਣ ਦੀ ਡੀਂਗ ਮਾਰਨਾ ਵੀ ਤਾਂ ਫੂਕ ਛਕਣਾ ਹੀ ਹੁੰਦਾ ਹੈ ਨਾ, ਸਰ।’
ਪੰਪ ਮਾਰਨ ਵਾਲੇ ਪੰਪ ਮਾਰ ਮਾਰ ਤੁਹਾਡੀ ਸੁਧ ਬੁਧ ਗੁਆ ਦਿੰਦੇ ਹਨ। ਅਕਲ 'ਤੇ ਕਬਜ਼ਾ ਕਰ ਲੈਂਦੇ ਹਨ, ਜਦੋਂ ਨੂੰ ਤੁਹਾਨੂੰ ਹੋਸ਼ ਆਉਂਦੀ ਹੈ, ਉਦੋਂ ਤੱਕ ਤੁਸੀਂ ਲੁੱਟੇ ਪੁੱਟੇ ਜਾ ਚੁੱਕੇ ਹੁੰਦੇ ਹੋ। ਕਈ ਸੱਜਣ ਖੁਦ ਹੀ ਆਪਣੇ ਆਪ ਨੂੰ ਪੰਪ ਮਾਰ ਲੈਂਦੇ ਹਨ। ਟੋਕਣ ਸ਼ਾਹ ਨੂੰ ਜੇ ਕੋਈ ਉਨ੍ਹਾਂ ਦਾ ਨਾਂਅ ਪੁੱਛੇ ਤਾਂ ਝੱਟ ਕਹਿੰਦੇ ਹਨ, ‘ਮਹਾਰਾਜ ਟੋਕਣ ਸ਼ਾਹ ਸਪੁੱਤਰ ਮਹਾਰਾਜ ਧਿਰਾਜ ਲੋਟਣ ਸ਼ਾਹ।’
‘ਤੁਸੀਂ ਕਿਹੜੀ ਰਿਆਸਤ ਦੇ ਮਹਾਰਾਜ ਹੋਗੇ ਓਏ। ਚੁਆਨੀ ਤਾਂ ਮਸਾਂ ਖਰਚਦੇ ਆਂ। ਅਖੇ ਮਾਂ ਚੁੱਕੇ ਫੋਸੀ ਫੋਸੀ, ਪੁੱਤਰ ਗਹੀਰੇ ਬਖਸ਼ੇ।’
ਇਹੋ ਜਿਹਾ ਮਰਦੂਦ ਡਾਇਲਾਗ ਸੁਣ ਕੇ, ਟੋਕਣ ਸ਼ਾਹ ਝੱਟ ਕਹਿ ਦਿੰਦੇ ਹਨ, ‘ਯਾਰ ਕੋਈ ਹੋਰ ਸਾਡੀ ਪ੍ਰਸੰਸਾ ਕਰੇ ਨਾ, ਸਾਡੇ ਗੁਣ ਗਾਵੇ ਨਾ, ਫੇਰ ਆਪਣਾ ਸਿਰ ਆਪ ਗੁੰਦਣ 'ਚ ਕੀ ਹਰਜ਼ ਹੈ? ਅੱਜ ਮਹਾਰਾਜੇ ਭਾਵੇਂ ਨਹੀਂ, ਪਰ ਕੱਲ੍ਹ ਨੂੰ ਬਣ ਵੀ ਸਕਦੇ ਹਾਂ। ਅੱਜ ਅਸੀਂ ਆਪ ਕਹਿੰਦੇ ਹਾਂ, ਕੱਲ੍ਹ ਨੂੰ ਲੋਕ ਕਹਿਣ ਲੱਗ ਪੈਣਗੇ। ਝੂਠਿਆਂ ਦੀ ਸੰਸਾਰ 'ਚ ਕਿਤੇ ਕਮੀ ਹੈ, ਏਕ ਢੂੰਡੋ ਹਜ਼ਾਰ ਮਿਲਤੇ ਹੈਂ, ਨਾ ਗਿਨੋ ਤੋਂ ਬੇਸ਼ੁਮਾਰ ਮਿਲਤੇ ਹੈਂ?”
ਹੋਰ ਤਾਂ ਹੋਰ ਪ੍ਰਸ਼ੰਸਾ ਅਸੀਂ ਪ੍ਰਭੂ ਦੀ ਕਰਨੋਂ ਵੀ ਬਾਜ਼ ਨਹੀਂ ਆਉਂਦੇ। ਸੁਬ੍ਹਾ ਸਵੇਰੇ ਦਿਨ ਚੜ੍ਹੇ ਖਾਲੀ ਪੇਟ ਉਸ ਦੇ ਦਰਬਾਰ 'ਚ ਖਲੋ ਕੇ ਸਿਆਣੇ ਤੋਂ ਸਿਆਣੇ ਬੰਦੇ ਵੀ ਖੁਦ ਨੂੰ ਮੂਰਖ, ਖਲ-ਕਾਮੀ ਤੇ ਸੇਵਕ ਦੱਸਦੇ ਹਨ ਤੇ ਨਾਲ ਪ੍ਰਭੂ ਦੀ ਪ੍ਰਸ਼ੰਸਾ ਕਰਦਿਆਂ ਨਾਲੋ-ਨਾਲ ਆਪਣਾ ਡਿਮਾਂਡ ਚਾਰਟਰ ਪੇਸ਼ ਕਰਦੇ ਜਾਂਦੇ ਹਨ। ਪ੍ਰਭੂ ਦੀ ਪ੍ਰਸ਼ੰਸਾ ਕਰ ਕੇ ਸਵੇਰੇ-ਸਵੇਰੇ ਹੀ ਉਸ ਕੋਲੋਂ ਕਈ ਚੀਜ਼ਾਂ ਮੰਗਂਦੇ ਹਨ। ਝੂਠੀ ਪ੍ਰਸ਼ੰਸਾ ਭਾਵੇਂ ਵੱਡੇ ਝੂਠ ਤੇ ਛਲਾਵਾ ਹੁੰਦੀ ਹੈ, ਪਰ ਇਹ ਜੀਵਨ ਜਵਾਲਾ ਹੁੰਦੀ ਹੈ, ਰੂਹ ਦਾ ਨਿਵਾਲਾ ਹੁੰਦੀ ਹੈ, ਜਿਸ ਦੀ ਰੌਸ਼ਨੀ ਵਿੱਚ ਜ਼ਿੰਦਗੀ ਮਸਾਲੇਦਾਰ, ਕਰਾਰੀ, ਸਵਾਦੀ, ਰਸਭਰੀ ਅਤੇ ਰੰਗਭਰੀ ਹੋ ਜਾਂਦੀ ਹੈ। ਇਸੇ ਲਈ ਆਖਦੇ ਹਾਂ ਕਿ ਝੂਠੀ ਪ੍ਰਸ਼ੰਸਾ ਦੱਬ ਕੇ ਛਕੋ ਛਕਾਓ, ਆਪਣਾ ਵੀ ਅਤੇ ਲੋਕਾਂ ਦਾ ਵੀ ਜੀਵਨ ਰਸਦਾਰ, ਫਲਦਾਰ ਬਣਾਓ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’