Welcome to Canadian Punjabi Post
Follow us on

25

March 2019
ਨਜਰਰੀਆ

ਬਾਦਲ ਅਕਾਲੀ ਦਲ ਨੂੰ ਸਿੱਖ ਮੁੱਦਿਆਂ ਤੇ ਭਾਜਪਾ ਨੂੰ ਹਿੰਦੂਤੱਵ ਦਾ ਹੇਜ ਅਚਾਨਕ ਕਿਉਂ ਜਾਗ ਪਿਐ!

November 05, 2018 07:41 AM

-ਜਤਿੰਦਰ ਪਨੂੰ
ਭਾਰਤ ਵਿੱਚ ਹਿੰਦੂਤੱਵ ਦੇ ਪੱਕੇ ਰਾਜ ਦੀ ਸਥਾਪਤੀ ਦੇ ਸੁਫਨੇ ਨਾਲ ਬਣਾਏ ਗਏ ਰਾਸ਼ਟਰੀ ਸੋਇਮ ਸੇਵਕ ਸੰਘ, ਆਰ ਐੱਸ ਐੱਸ, ਦੇ ਮੁਖੀ ਮੋਹਣ ਭਾਗਵਤ ਨੇ ਵੀਰਵਾਰ ਨੂੰ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਨਾਲ ਮੀਟਿੰਗ ਕੀਤੀ ਅਤੇ ਅਗਲੇ ਦਿਨ ਆਰ ਐੱਸ ਐੱਸ ਦੇ ਬੁਲਾਰੇ ਭਈਆ ਜੀ ਜੋਸ਼ੀ ਨੇ ਵਿਚਲੀ ਗੱਲ ਸਰੇਆਮ ਕਹਿ ਦਿੱਤੀ। ਪੱਤਰਕਾਰਾਂ ਮੂਹਰੇ ਉਸ ਨੇ ਸਾਫ ਕਿਹਾ ਕਿ ‘ਅਸੀਂ ਚਾਹੁੰਦੇ ਹਾਂ ਕਿ ਅਯੁੱਧਿਆ ਦੇ ਰਾਮ ਮੰਦਰ ਦੀ ਉਸਾਰੀ ਛੇਤੀ ਹੋਵੇ। ਫੈਸਲੇ ਵਿੱਚ ਹੁੰਦੀ ਦੇਰੀ ਨਾਲ ਹਿੰਦੂਆਂ ਦਾ ਅਪਮਾਨ ਹੁੰਦਾ ਹੈ। ਸਾਨੂੰ ਆਸ ਸੀ ਕਿ ਅਦਾਲਤ ਹਿੰਦੂ ਭਾਵਨਾਵਾਂ ਬਾਰੇ ਸੋਚ ਕੇ ਫੈਸਲਾ ਕਰੇਗੀ, ਪਰ ਇਸ ਨੂੰ ਸੱਤ ਸਾਲ ਲੰਘ ਚੁੱਕੇ ਹਨ, ਇਸ ਦੀ ਹੋਰ ਉਡੀਕ ਕਰਨਾ ਠੀਕ ਨਹੀਂ। ਲੋੜ ਪਈ ਤਾਂ 1992 ਵਰਗਾ ਰਾਮ ਮੰਦਰ ਅੰਦੋਲਨ ਕੀਤਾ ਜਾਏਗਾ।’ ਅਸਲ ਵਿੱਚ ਇਹ ਬਿਆਨ ਘੱਟ ਅਤੇ ਧਮਕੀ ਵੱਧ ਹੈ। ਦੇਸ਼ ਦੀ ਸਰਕਾਰ ਸੰਭਾਲ ਰਹੀ ਪਾਰਟੀ ਦੀ ਕਾਰਜ ਸ਼ਕਤੀ ਮੰਨੇ ਜਾਂਦੇ ਸੰਗਠਨ ਦੀ ਇਹ ਧਮਕੀ ਬਹੁਤ ਵੱਡੇ ਸੰਕੇਤ ਦੇਣ ਵਾਲੀ ਹੈ।
ਦੂਸਰੇ ਪਾਸੇ ਪੰਜਾਬ ਵਿੱਚ ਅਕਾਲੀ ਦਲ ਦੇ ਨੌਜਵਾਨ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਿੱਖ ਮੁੱਦਿਆਂ ਨੂੰ ਉਛਾਲ ਕੇ ਰਾਜ ਸਰਕਾਰ ਦੇ ਖਿਲਾਫ ਇੱਕ ਮੋਰਚਾ ਲਾਉਣ ਦਾ ਢਕਵੰਜ ਜਿਹਾ ਕੀਤਾ ਹੈ। ਮਾਮਲੇ ਦੋ ਚੁੱਕੇ ਹਨ। ਪਹਿਲਾ ਸਕੂਲਾਂ ਦੇ ਸਿਲੇਬਸ ਵਿੱਚ ਸਿੱਖ ਇਤਹਾਸ ਨਾਲ ਛੇੜ-ਛੇੜ ਹੋਈ ਹੋਣ ਦਾ ਹੈ, ਜਿਸ ਬਾਰੇ ਚੋਣਵੇਂ ਇਤਹਾਸਕਾਰ ਕਹਿੰਦੇ ਹਨ ਕਿ ਅਸਲ ਵਿੱਚ ਉਹ ਗੱਲ ਨਹੀਂ, ਜਿਹੜੀ ਅਕਾਲੀ ਆਗੂ ਕਹਿੰਦੇ ਹਨ। ਨਾਲ ਦੂਸਰੇ ਪਾਸੇ ਇਹ ਕਹਿਣ ਵਾਲੇ ਸੱਜਣ ਵੀ ਹਨ ਕਿ ਸਿੱਖ ਇਤਹਾਸ ਵਿੱਚ ਅੱਜ ਤੱਕ ਸਭ ਤੋਂ ਵੱਡੀ ਗਲਤੀ ਜੇ ਕਿਸੇ ਨੇ ਕੀਤੀ ਸੀ ਤਾਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਿੰਦੀ ਦੀ ਕਿਤਾਬ ‘ਸਿੱਖ ਇਤਹਾਸ’ ਵਿੱਚ ਗੰਦ-ਮੰਦ ਛਾਪ ਕੇ ਕੀਤੀ ਗਈ ਸੀ। ਇਸ ਦਾ ਵਿਵਾਦ ਛਿੜਨ ਪਿੱਛੋਂ ਸ਼੍ਰੋਮਣੀ ਕਮੇਟੀ ਨੇ ਖੁਦ ਹੀ ਕਿਤਾਬ ਵਾਪਸ ਲੈ ਲਈ ਤੇ ਇੱਕ ਜਾਂਚ ਕਮੇਟੀ ਬਣਾਈ ਸੀ, ਜਿਸ ਦੀ ਅਠਾਰਾਂ ਸਾਲਾਂ ਪਿੱਛੋਂ ਵੀ ਰਿਪੋਰਟ ਪੇਸ਼ ਨਹੀਂ ਹੋ ਸਕੀ। ਦੂਸਰਾ ਮੁੱਦਾ ਅਕਾਲੀ ਦਲ ਨੇ ਇੰਦਰਾ ਗਾਂਧੀ ਦੇ ਕਤਲ ਪਿੱਛੋਂ ਸਿੱਖਾਂ ਦੇ ਕਤਲਾਂ ਦਾ ਚੁੱਕਿਆ ਤੇ ਇਨਸਾਫ ਦੀ ਮੰਗ ਲਈ ਮੋਰਚਾ ਲਾਉਣ ਦੀ ਗੱਲ ਕਹੀ ਹੈ। ਉਸ ਕਤਲੇਆਮ ਦਾ ਇਨਸਾਫ ਹਰ ਹਾਲਤ ਵਿੱਚ ਹੋਣਾ ਚਾਹੀਦਾ ਹੈ, ਪਰ ਉਹ ਇਨਸਾਫ ਨਾ ਪੰਜਾਬ ਸਰਕਾਰ ਨੇ ਕਰਨਾ ਹੈ, ਨਾ ਇਸ ਵੇਲੇ ਕਾਂਗਰਸ ਪਾਰਟੀ ਕੇਂਦਰ ਵਿੱਚ ਰਾਜ ਕਰਦੀ ਹੈ। ਕੇਂਦਰ ਦੀ ਸਰਕਾਰ ਭਾਜਪਾ ਦੀ ਅਗਵਾਈ ਹੇਠ ਚੱਲਦੀ ਹੈ ਤੇ ਅਕਾਲੀ ਦਲ ਦੀ ਇੱਕ ਬੀਬੀ ਵੀ ਉਸ ਸਰਕਾਰ ਵਿੱਚ ਮੰਤਰੀ ਹੈ। ਉਨ੍ਹਾਂ ਨੂੰ ਇਨਸਾਫ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਹਿਣਾ ਚਾਹੀਦਾ ਹੈ। ਪਿਛਲੇ ਪੰਜ ਸਾਲਾਂ ਵਿੱਚ ਕਿੰਨੀ ਵਾਰੀ ਉਨ੍ਹਾਂ ਨੇ ਜ਼ੋਰ ਦਿੱਤਾ ਤੇ ਕਿੰਨਾ ਕੁ ਇਨਸਾਫ ਕਰਵਾਇਆ ਹੈ, ਇਹ ਵੀ ਸਿੱਖਾਂ ਅਤੇ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ। ਦਿੱਲੀ ਦੇ ਸਿੱਖ ਇਹ ਆਖਦੇ ਹਨ ਕਿ ਅਕਾਲੀਆਂ ਦੀ ਦਿਲਚਸਪੀ ਇਨਸਾਫ ਹੋਣ ਵਿੱਚ ਹੈ ਹੀ ਨਹੀਂ, ਉਹ ਇਹ ਮੁੱਦਾ ਵੋਟਾਂ ਖਾਤਰ ਜਿ਼ੰਦਾ ਰੱਖ ਕੇ ਹਰ ਵਾਰੀ ਸਿਆਸੀ ਲਾਹਾ ਲੈਣਾ ਚਾਹੁੰਦੇ ਹਨ।
ਭਾਜਪਾ ਨੂੰ ਰਾਮ ਜੀ ਯਾਦ ਆਉਣ ਲੱਗੇ ਹਨ। ਸਾਢੇ ਚਾਰ ਸਾਲ ਰਾਜ ਕਰਦੇ ਸਮੇਂ ਯਾਦ ਨਹੀਂ ਆਏ। ਇਸ ਰਾਜ ਦੀਆਂ ਜਦੋਂ ਤ੍ਰਿਕਾਲਾਂ ਪੈਣ ਲੱਗੀਆਂ ਹਨ ਤਾਂ ਰਾਮ ਮੰਦਰ ਬਣਾਉਣ ਦਾ ਮੁੱਦਾ ਇੰਜ ਉਛਾਲ ਲਿਆ ਹੈ, ਜਿਵੇਂ ਪੰਜਾਬੀ ਦਾ ਮੁਹਾਵਰਾ ‘ਬੂਹੇ ਖੜੋਤੀ ਜੰਨ, ਵਿੰਨ੍ਹੋਂ ਕੁੜੀ ਦੇ ਕੰਨ’ ਸੱਚਾ ਸਾਬਤ ਕਰਨ ਦਾ ਇਰਾਦਾ ਹੋਵੇ। ਉਹ ਅਦਾਲਤਾਂ ਨੂੰ ਲੋਕਾਂ ਦੀ ਆਸਥਾ ਦੇ ਮੁਤਾਬਕ ਫੈਸਲਾ ਕਰਨ ਦੀਆਂ ਨਸੀਹਤਾਂ ਦੇ ਕੇ ਇੱਕ ਤਰ੍ਹਾਂ ਅਦਾਲਤੀ ਕਾਰਵਾਈ ਵਿੱਚ ਅਸਿੱਧਾ ਦਖਲ ਦੇਣ ਦਾ ਯਤਨ ਵੀ ਕਰਦੇ ਦਿਖਾਈ ਦੇਂਦੇ ਹਨ। ਦੂਸਰੇ ਪਾਸੇ ਬਾਬਰੀ ਮਸਜਿਦ ਢਾਹੁਣ ਵੇਲੇ ਭੀੜਾਂ ਭੜਕਾ ਕੇ ਜੋ ਕੁਝ ਕੀਤਾ ਸੀ, ਉਸ ਤਰ੍ਹਾਂ ਦਾ ਅੰਦੋਲਨ ਛੇੜਨ ਅਤੇ ਉੱਧੜਧੁੰਮੀ ਮਚਾਉਣ ਦੀਆਂ ਧਮਕੀਆਂ ਵੀ ਦੇਈ ਜਾ ਰਹੇ ਹਨ।
ਇਹ ਸਭ ਕੁਝ ਉਨ੍ਹਾਂ ਨੂੰ ਅਤੇ ਪੰਜਾਬ ਵਿੱਚ ਅਕਾਲੀ ਦਲ ਨੂੰ ਇੱਕੋ ਵੇਲੇ ਇਸ ਲਈ ਯਾਦ ਆ ਗਿਆ ਹੈ ਕਿ ਦੋਵਾਂ ਦੇ ਲਈ ਲੋਕਾਂ ਵਿੱਚ ਜਾਣ ਵਾਲਾ ਹੋਰ ਕੋਈ ਰਾਹ ਨਹੀਂ ਰਹਿ ਗਿਆ ਜਾਪਦਾ।
ਅਕਾਲੀ ਦਲ ਆਪਣੇ ਰਾਜ ਦੇ ਵਕਤ ਹੋਏ ਬਰਗਾੜੀ ਅਤੇ ਬਹਿਬਲ ਕਲਾਂ ਕਾਂਡ ਦੀ ਮਾਰ ਹੇਠ ਹੈ। ਕਿਸੇ ਵੇਲੇ ਵੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਉੱਤੇ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਦੀ ਰਿਪੋਰਟ ਮਿਲਣ ਅਤੇ ਇਸ ਦੇ ਆਧਾਰ ਉੱਤੇ ਬਾਦਲ ਪਿਤਾ-ਪੁੱਤਰ ਦੇ ਖਿਲਾਫ ਕਾਨੂਨੀ ਕਾਰਵਾਈ ਸ਼ੁਰੂ ਹੋਣ ਦਾ ਝੋਰਾ ਲੱਗਾ ਹੋਇਆ ਹੈ। ਪਹਿਲਾਂ ਤਾਂ ਰਾਜ ਦੇ ਸਾਬਕਾ ਪੁਲਸ ਮੁਖੀ ਸੁਮੇਧ ਸਿੰਘ ਸੈਣੀ ਨੇ ਉਨ੍ਹਾਂ ਦੇ ਸਿਰ ਭਾਂਡਾ ਭੰਨ ਦਿੱਤਾ ਸੀ ਤੇ ਫਿਰ ਜਦੋਂ ਤਿੰਨ ਆਈ ਜੀ ਇਸ ਵਿਸ਼ੇਸ਼ ਜਾਂਚ ਟੀਮ ਅੱਗੇ ਪੇਸ਼ ਹੋਏ ਤਾਂ ਇਹ ਚਰਚੇ ਵਧਣ ਲੱਗੇ ਹਨ ਕਿ ਹਰ ਕੋਈ ਖੁਦ ਪੱਲਾ ਛੁਡਾਉਣ ਵਾਸਤੇ ਸਾਰਾ ਦੋਸ਼ ਬਾਦਲ ਬਾਪ-ਬੇਟੇ ਉੱਤੇ ਲਾਈ ਜਾ ਰਿਹਾ ਹੈ। ਉਨ੍ਹਾਂ ਕੋਲ ਹੋਰ ਕੋਈ ਰਾਹ ਨਹੀਂ ਰਿਹਾ ਤੇ ਪਾਰਟੀ ਅੰਦਰ ਵੀ ਢਾਈ ਦਹਾਕਿਆਂ ਬਾਅਦ ਬਾਦਲ ਪਰਵਾਰ ਦੀ ਸਰਦਾਰੀ ਨੂੰ ਸਿੱਧੀ ਚੁਣੌਤੀ ਮਿਲਣ ਲੱਗੀ ਹੋਣ ਕਾਰਨ ਉਨ੍ਹਾਂ ਨੇ ਆਖਰ ਨੂੰ ਲੁਕਮਾਨੀ ਹਕੀਮ ਵਾਲਾ ਨੁਸਖਾ ਵਰਤਣ ਦਾ ਯਤਨ ਕੀਤਾ ਹੈ ਕਿ ਸਿੱਖੀ ਮੁੱਦੇ ਉੱਤੇ ਕੋਈ ਮੋਰਚਾ ਲਾ ਦੇਈਏ।
ਰਹੀ ਗੱਲ ਭਾਜਪਾ ਵਾਲਿਆਂ ਦੀ, ਉਹ ਇੱਕ ਵਾਰ ਫਿਰ ਓਸੇ ਸਥਿਤੀ ਵਿੱਚ ਹਨ, ਜਿਸ ਵਿੱਚ ਵਾਜਪਾਈ ਸਰਕਾਰ ਦੇ ਅੰਤਲੇ ਦਿਨਾਂ ਵਿੱਚ ਭਾਜਪਾ ਲੀਡਰਸਿ਼ਪ ਜਾ ਉਲਝੀ ਸੀ। ਓਦੋਂ ਲੋਕ ਅੱਜ ਵਾਂਗ ਹੀ ਸਰਕਾਰ ਦੇ ਨਿਕੰਮੇਪਣ ਦੇ ਕਾਰਨ ਉੱਬਲਦੇ ਪਏ ਸਨ ਤੇ ਸਰਕਾਰ ਚਲਾਉਣ ਵਾਲਿਆਂ ਨੇ ਉਨ੍ਹਾਂ ਅੱਗੇ ‘ਭਾਰਤ ਉਦੈ’ ਅਤੇ ‘ਫੀਲ ਗੁੱਡ’ ਦੇ ਨਾਅਰੇ ਪਰੋਸਣ ਦਾ ਕੰਮ ਛੋਹਿਆ ਪਿਆ ਸੀ। ਵਾਜਪਾਈ ਸਰਕਾਰ ਦੇ ਅੰਕੜੇ ਨਰਿੰਦਰ ਮੋਦੀ ਦੀ ਸਰਕਾਰ ਤੋਂ ਵੱਧ ਜ਼ੋਰਦਾਰ ਪੇਸ਼ ਹੋ ਰਹੇ ਸਨ ਤੇ ਇਹ ਵੀ ਗੱਲ ਯਾਦ ਰੱਖਣ ਵਾਲੀ ਹੈ ਕਿ ਹੋਰ ਜੋ ਵੀ ਵਿਰੋਧ ਹੋਵੇ, ਵਾਜਪਾਈ ਬਾਰੇ ਕਦੀ ਕਿਸੇ ਆਗੂ ਨੇ ਏਦਾਂ ਦੇ ਸ਼ਬਦ ਨਹੀਂ ਸੀ ਕਹੇ ਕਿ ਇਹ ਲਿਫਾਫੇਬਾਜ਼ੀ ਕਰਦਾ ਜਾਂ ਝੂਠ ਦਾ ਗੁਤਾਵਾ ਗੁੰਨ੍ਹੀ ਜਾਂਦਾ ਹੈ। ਅੱਜ ਸਰਕਾਰ ਦਾ ਮੁਖੀ ਕੁਝ ਵੀ ਕਹੀ ਜਾਵੇ, ਲੋਕ ਹੱਸੀ ਜਾਂਦੇ ਹਨ, ਕਿਸੇ ਕਾਮੇਡੀ ਸ਼ੋਅ ਵਾਂਗ ਮਜ਼ੇ ਨਾਲ ਸੁਣਦੇ ਹਨ ਤੇ ਯਕੀਨ ਕਰਨ ਬਾਰੇ ਪੁਛਿਆ ਜਾਵੇ ਤਾਂ ਭਾਜਪਾ ਦੇ ਆਪਣੇ ਪੱਕੇ ਪਰਵਾਰ ਵੀ ਅੱਗੋਂ ਹੱਸ ਪੈਂਦੇ ਹਨ। ‘ਡੀਜ਼ਲ ਤੇ ਪੈਟਰੋਲ ਦੇ ਭਾਅ ਘੱਟ ਹੋਏ ਕਿ ਨਹੀਂ’ ਵਾਲੀ ਜਿਹੜੀ ਕਲਿੱਪ ਵਿੱਚ ਸਲਮਾਨ ਖਾਨ ਹੱਸਦਾ ਹੈ, ਉਹ ਭਾਰਤ ਵਿੱਚ ਘਰ-ਘਰ ਵਿੱਚ ਸੁਣੀ ਜਾ ਰਹੀ ਹੈ ਤੇ ਨਾਲ ਇਸ ਗੱਲ ਬਾਰੇ ਚਰਚਾ ਹੁੰਦੀ ਹੈ ਕਿ ਮਨਮੋਹਨ ਸਿੰਘ ਦੇ ਵਕਤ ਦਾ ਤੇ ਅੱਜ ਦਾ ਕੀ ਫਰਕ ਹੈ। ਰਾਫੇਲ ਜੰਗੀ ਜਹਾਜ਼ਾਂ ਦੇ ਇੱਕੋ ਸੌਦੇ ਨੇ ਭਾਰਤੀ ਫੌਜਾਂ ਲਈ ਖਰੀਦੇ ਗਏ ਸਾਮਾਨ ਵਿੱਚ ਘੁਟਾਲਿਆਂ ਵਿੱਚ ਅੱਜ ਤੱਕ ਹੋਏ ਸਾਰੇ ਘਪਲੇ ਬੌਣੇ ਸਾਬਤ ਕਰ ਦਿੱਤੇ ਜਾਪਦੇ ਹਨ। ਇਸ ਹਾਲਤ ਵਿੱਚ ਭਾਜਪਾ ਲੀਡਰਸਿ਼ਪ ਲਈ ਲੋਕਾਂ ਦਾ ਸਾਹਮਣਾ ਕਰਨਾ ਸੌਖਾ ਨਹੀਂ।
ਜਦੋਂ ਲੋਕਾਂ ਦਾ ਸਾਹਮਣਾ ਕਰਨ ਵਿੱਚ ਔਖ ਹੁੰਦੀ ਹੋਵੇ, ਨਿੱਤ ਦਿਨ ਆਉਂਦੇ ਸਰਵੇਖਣਾਂ ਵਿੱਚ ਪ੍ਰਧਾਨ ਮੰਤਰੀ ਦੀ ਹਰਮਨ ਪਿਆਰਤਾ ਨੂੰ ਖੋਰਾ ਲੱਗਦਾ ਮੰਨਿਆ ਜਾਣ ਲੱਗ ਪਿਆ ਹੋਵੇ, ਓਦੋਂ ਰਾਮ ਭਗਵਾਨ ਦਾ ਆਸਰਾ ਲੈਣ ਤੋਂ ਬਗੈਰ ਕੋਈ ਰਸਤਾ ਇਸ ਪਾਰਟੀ ਨੂੰ ਦਿਖਾਈ ਨਹੀਂ ਦੇ ਸਕਦਾ। ਇਹੋ ਕਾਰਨ ਹੈ ਕਿ ਪੰਜਾਬ ਦੇ ਅਕਾਲੀ ਲੀਡਰ ਤੇ ਦੇਸ਼ ਪੱਧਰ ਉੱਤੇ ਭਾਜਪਾਈ ਆਗੂ ‘ਡੁੱਬਦੀ ਨੂੰ ਤਿਨਕੇ ਦਾ ਸਹਾਰਾ’ ਵਾਲਾ ਫਾਰਮੂਲਾ ਪਰਖਣ ਦੇ ਰਾਹ ਪੈ ਗਏ ਹਨ।

Have something to say? Post your comment