Welcome to Canadian Punjabi Post
Follow us on

14

November 2018
ਜੀਟੀਏ

ਦਰਸ਼ਕਾਂ ਦੇ ਮਨਾਂ `ਤੇ ਗਹਿਰੀ ਛਾਪ ਛੱਡ ਗਿਆ ਨਾਟਕ 'ਮੈਲੇ ਹੱਥ'

October 31, 2018 10:34 AM

ਬਰੈਂਪਟਨ: (ਪ੍ਰੋ. ਜਗੀਰ ਸਿੰਘ ਕਾਹਲੋਂ) -ਬੀਤੇ ਸ਼ਨੀਵਾਰ ਬਰੈਂਪਟਨ ਦੇ ਪੀਅਰਸਨ ਥੀਏਟਰ ਵਿਚ ਪ੍ਰਸਿੱਧ ਕੈਨੇਡੀਅਨ ਪੰਜਾਬੀ ਲੇਖਕ ਅਜਮੇਰ ਰੋਡੇ ਦਾ ਲਿਖਿਆ ਅਤੇ ਗੁਰਦੀਪ ਭੁੱਲਰ ਵਲੋਂ ਨਿਰਦੇਸਿ਼ਤ ਕੀਤਾ ਗਿਆ ਨਾਟਕ ‘ਮੈਲੇ ਹੱਥ’(‘ਦ ਟੇਂਟਿਡ ਹੈਂਡਜ਼) ਸਫ਼ਲਤਾ ਪੂਰਵਕ ਪੇਸ਼ ਕੀਤਾ ਗਿਆ। ਨਾਟਕ ਦਾ ਵਿਸ਼ਾ ਵਿਸ਼ਵ ਭਰ ਵਿਚ ਚਲ ਰਹੀ “ਮੀ ਟੂ” ਲਹਿਰ ‘ਤੇ ਅਧਾਰਿਤ ਹੈ ਜੋ ਕਿ ਬਾਲਾਂ-ਬਾਲੜੀਆਂ ਦੇ ਜਿਣਸੀ-ਸ਼ੋਸ਼ਣ (ਸੈਕਸੂਅਲ ਐਬਿਊਜ) ਨਾਲ ਸਬੰਧਿਤ ਹੈ। ਨਾਟਕ ਦੀ ਕਹਾਣੀ ‘ਲੋਰੀ` ਦੁਆਲੇ ਘੁੰਮਦੀ ਹੈ ਜੋ ਕਿ ‘ਸੁਰਜੂ` ਅਤੇ ‘ਪਾਲ` ਦੀ ਇਕਲੌਤੀ ਬੇਟੀ ਹੈ ਜਿਸ ਨੇ ਆਪਣੇ ਮਾਮੇ ਦੇ ਲੜਕੇ ‘ਰੈਂਡੀ` ਦੇ ਬੱਚਿਆਂ ਦੀ ਬੇਬੀ-ਸਿਟਿੰਗ ਸੁਰੂ ਕਰਨੀ ਹੈ, ਰੈਂਡੀ ਉਸ ਨੂੰ ਇਸ ਸਬੰਧੀ ਲਿਟਰੇਚਰ ਲਿਆ ਕੇ ਦਿੰਦਾ ਹੈ। ਇਸ ਲਿਟਰੇਚਰ ਨੂੰ ਪੜ੍ਹ ਕੇ ਲੋਰੀ ਨੂੰ ਇਹ ਪਤਾ ਲੱਗਦਾ ਹੈ ਕਿ ਬੇਬੀ-ਸਿਟਿੰਗ ਦੌਰਾਨ ਬੱਚਿਆਂ ਦਾ ਜਿਣਸੀ ਸੋਸ਼ਣ ਕੀਤਾ ਜਾਂਦਾ ਹੈ। ਇਹ ਗਿਆਨ ਹੁੰਦੇ ਸਾਰ ਹੀ ਲੋਰੀ ਦੀ ਸੁਰਤੀ ਉਸ ਦੇ ਬਚਪਨ ਵੱਲ ਚਲੀ ਜਾਂਦੀ ਹੈ ਜਦੋਂਂ ਰੈਂਡੀ ਉਸ ਦੀ ਬੇਬੀ-ਸਿਟਿੰਗ ਕਰਦਾ ਹੁੰਦਾ ਸੀ ਤੇ ਉਸ ਦਾ ਜਿਣਸੀ ਸੋਸ਼ਣ ਕਰਦਾ ਹੁੰਦਾ ਸੀ।
ਇਹ ਯਾਦ ਆਉਂਦੇ ਸਾਰ ਹੀ ਉਹ ਤਿਲਮਿਲਾ ਉੱਠਦੀ ਹੈ। ਰੈਂਡੀ ਵਾਸਤੇ ਉਸ ਦੇ ਮਨ ਵਿਚ ਸਖ਼ਤ ਨਫ਼ਰਤ ਜਾਗ ਉਠਦੀ ਹੈ ਤੇ ਬਦਲੇ ਦੀ ਭਾਵਨਾ ਦੀ ਅੱਗ ਭੜਕ ਉਠਦੀ ਹੈ। ਸਾਰਾ ਨਾਟਕ ਇਸ ਟੈੱਨਸ਼ਨ ‘ਤੇ ਉੱਸਰਦਾ ਹੈ। ਲੋਰੀ ਦਾ ਸਾਰਾ ਤਾਣ ਇਸ ਗੱਲ ਤੇ ਲੱਗ ਜਾਂਦਾ ਹੈ ਕਿ ਰੈਂਡੀ ਆਪਣਾ ਗੁਨਾਹ ਕਬੂਲ ਕਰੇ ਪਰ ਰੈਂਡੀ ਤੇ ਸਾਰਾ ਪਰਿਵਾਰ ਲੋਰੀ ਨੂੰ ਸਮਝਾ ਕੇ ਪਰਿਵਾਰ ਦੀ ਇੱਜ਼ਤ ਬਚਾਉਣ ਦਾ ਪੈਂਤੜਾ ਲੈ ਲੈਂਦਾ ਹੈ। ਲੋਰੀ ਦਾ ਦਾਦਾ ਵੀ ਆਪਣੇ ਹਿਸਾਬ ਨਾਲ ਕੋਸਿ਼ਸ਼਼ ਕਰਦਾ ਹੈ। ਲੋਰੀ ਘਰੋਂ ਚਲੀ ਜਾਂਦੀ ਹੈ ਅਤੇ ਮਾਮਲਾ ਪੁਲਿਸ ਕੋਲ ਚਲਾ ਜਾਂਦਾ ਹੈ। ਕਈ ਨਾਟਕੀ ਮੋੜ ਕੱਟ ਕੇ ਨਾਟਕਕਾਰ ਨੇ ਕਲਾਈਮੈਕਸ ਬੜੇ ਸੁਝਾਊ ਢੰਗ ਨਾਲ ਪੇਸ਼ ਕੀਤਾ ਹੈ। ਲੋਹੜੀ ਬਾਲੀ ਹੋਈ ਹੈ ਅਤੇ ਪਾਲ ਲੋਰੀ ਨੂੰ ਦੱਸ ਰਹੀ ਹੈ ਕਿ ਇਸ ਦਿਨ ਬੁਰਾਈ ਨੂੰ ਮਨੋਂ ਕੱਢਕੇ ਸੁੱਟ ਦਿੱਤਾ ਜਾਂਦਾ ਹੈ ਤੇ ਇਸ ਦਾ ਚਿੰਨ੍ਹ ਅੱਗ ‘ਤੇ ਤਿਲ਼ ਸੁੱਟਣਾ ਹੈ। ਉਹ ਇਸ ਤਰੀਕੇ ਨਾਲ ਲੋਰੀ ਨੂੰ ਸੁਝਾਅ ਦਿੰਦੀ ਹੈ ਕਿ ਉਹ ਰੈਂਡੀ ਨੂੰ ਮੁਆਫ਼਼ ਕਰ ਦੇਵੇ। ਇਸ ‘ਤੇ ਰੈਂਡੀ ਪਹਿਲਾਂ ਤਾਂ ਭੜਕ ਉੱਠਦੀ ਹੈ ਪਰ ਫਿਰ ਕਹਿੰਦੀ ਹੈ ਕਿ ਮੈਂ ਇਸ ਸ਼ਰਤ ਤੇ ਮੁਆਫ਼ ਕਰ ਸਕਦੀ ਹਾਂ ਕਿ ਘਰਾਂ `ਚ ਇਹੋ ਜਿਹੇ ‘ਰਿਸ਼ਤੇਦਾਰਾਂ’ ਦੇ ਹੱਥਾਂ ਵਿਚ ਬਾਲੜੀਆਂ ਦੀ ਅਸਮਤ ਮਹਿਫੂਜ਼਼ ਰਹੇ।
‘ਤਰਕਸੀਲ ਸੋਸਾਇਟੀ ਆਫ਼ ਕੈਨੇਡਾ’ ਦੇ ਪ੍ਰਬੰਧ ਹੇਠ ਖੇਡੇ ਗਏ ਇਸ ਡੇਢ ਕੁ ਘੰਟੇ ਦੇ ਨਾਟਕ ਦੌਰਾਨ ਹਾਲ ਵਿਚ ਉਤਸੁਕਤਾ ਭਰਪੂਰ ਖਾਮੋਸੀ ਛਾਈ ਰਹੀ ਅਤੇ ਵਿਸੇਸ਼ ਨਾਟਕੀ ਮੌਕਿਆਂ ‘ਤੇ ਹਾਲ ਤਾੜੀਆਂ ਨਾਲ ਗੂੰਜਦਾ ਰਿਹਾ। ਨਾਟਕ ਦੇ ਅੰਤ ‘ਤੇ ਲੱਗਭੱਗ ਸਾਰੇ ਹੀ ਦਰਸ਼ਕਾਂ ਦੀਆਂ ਅੱਖਾਂ ਨਮ ਸਨ ਅਤੇ ਉਨਾਂ ਵੱਲੋਂ ਇਸ ਵਿਚ ਭਾਗ ਲੈਣ ਵਾਲੇ ਕਲਾਕਾਰਾਂ ਨੂੰ ਸਟੈਂਡਿੰਗ-ਉਵੇਸ਼ਨ ਦਿੱਤੀ ਗਈ। ਲੋਰੀ ਦਾ ਰੋਲ ਮਨਪ੍ਰੀਤ ਰਾਯਾਤ ਨੇ ਬਾਖੂਬੀ ਨਿਭਾ ਕੇ ਖੂਬ ਪ੍ਰਸ਼ੰਸਾ ਖੱਟੀ। ਰੈਂਡੀ ਦੇ ਰੋਲ ਵਿਚ ਬਿੱਲੇ ਤੱਖਰ ਨੇ ਕਮਾਲ ਕਰ ਛੱਡੀ। ਸੁਰਜੂ ਦਾ ਰੋਲ ਦਰਸ਼ਪ੍ਰੀਤ ਕੰਬੋ, ਪਾਲ ਦਾ ਸੁਖਜੀਤ ਕੌਰ ਤ੍ਰੇਹਨ, ਦਾਦੇ ਦਾ ਗੁਰਨਾਮ ਸਿੰਘ ਥਾਂਦੀ, ਪੁਲਿਸ ਵਾਲੇ ਦਾ ਬਲਵਿੰਦਰ ਰੋਡੇ ਅਤੇ ਲੋਰੀ ਦੇ ਬਚਪਨ ਦੀ ਕੁੜੀ ਦਾ ਰੋਲ ਆਰੀਆ ਕੌਰ ਸਿੱਧੂ ਨੇ ਬਾਖੂਬੀ ਨਿਭਾਇਆ। ਲਾਈਟ ਤੇ ਸਾਊਂਂਡ ਦੀ ਜਿ਼਼ੰਮੇਵਾਰੀ ਜਸਪਾਲ ਢਿੱਲੋਂ ਨੇ ਨਿਭਾਈ ਜਦ ਕਿ ਸਟੇਜ-ਸਕੱਤਰ ਦੀ ਜਿੰ਼ਮੇਂਵਾਰੀ ਪ੍ਰੋ. ਜਗੀਰ ਸਿੰਘ ਕਾਹਲੋਂ ਨੇ ਨਿਭਾਈ। ਵੈਨਕੂਵਰ ਤੋਂ ਆਏ ਲੇਖਕ, ਨਿਰਦੇਸ਼ਕ ਅਤੇ ਕਲਾਕਾਰਾਂ ਦੇ ਸਨਮਾਨ ਸਮੇਂ ਸਾਥ ਡਾ. ਵਰਿਆਮ ਸਿੰਘ ਸੰਧੂ ਨੇ ਦਿੱਤਾ ਅਤੇ ਧੰਨਵਾਦ ਦੀ ਰਸਮ ਚਰਨਜੀਤ ਸਿੰਘ ਬਰਾੜ ਨੇ ਅਦਾ ਕੀਤੀ। ਇਸ ਮੌਕੇ ਸਕੂਲ-ਟਰੱਸਟੀ ਬਲਬੀਰ ਸੋਹੀ ਨੇ ਵੀ ਇਸ ਸਮੱਸਿਆ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।
ਦਰਸ਼ਕਾਂ ਦੇ ਚੇਤਿਆਂ ਵਿਚ ਨਾਟਕ ਦੀ ਇਹ ਪੇਸ਼ਕਾਰੀ ਲੰਮੇ ਸਮੇਂ ਤੱਕ ਛਾਈ ਰਹੇਗੀ ਅਤੇ ਬਰੈਂਪਟਨ ਦੇ ਰੰਗ-ਕਰਮੀਆਂ ਨੂੰ ਵੀ ਉਤਸ਼ਾਹਿਤ ਕਰਦੀ ਰਹੇਗੀ।

Have something to say? Post your comment
 
ਹੋਰ ਜੀਟੀਏ ਖ਼ਬਰਾਂ
ਸਵਾਮੀ ਆਨੰਦ ਗਿਰੀ ਵੱਲੋਂ ਪਰਵਾਸੀ ਭਾਰਤੀਆਂ ਨੂੰ ਕੁੰਭ ਦੇ ਮੇਲੇ ਵਿੱਚ ਸ਼ਾਮਲ ਹੋਣ ਦਾ ਸੱਦਾ
ਸੀਨੀਅਰਜ਼ ਐਸੋਸੀਏਸ਼ਨ ਵੱਲੋਂ ਸੀਨੀਅਰਜ਼ ਦੀਆਂ ਸਮੱਸਿਆਵਾਂ ਸਬੰਧੀ ਐਮ ਪੀ ਰਾਜ ਗਰੇਵਾਲ ਨਾਲ ਵਿਚਾਰ ਵਟਾਂਦਰਾ
ਤੇਰਵੇਂ ਪੰਜਾਬੀ ਲਿਖਾਈ ਮੁਕਾਬਲੇ ਸਫ਼ਲਤਾ-ਪੂਰਵਕ ਹੋਏ ਸੰਪੰਨ
ਗੁਰਪ੍ਰੀਤ ਬੈਂਸ ਨੇ ਕੀਤਾ ਵੋਟਰਾਂ ਦਾ ਧੰਨਵਾਦ
ਅਮਰੀਕਾ ਅਤੇ ਮੈਕਸੀਕੋ ਨਾਲ ਨਵੀਂ ਟਰੇਡ ਸੰਧੀ ਕੈਨੇਡਾ ਲਈ ਲਾਭਕਾਰੀ ਕਮਲ ਖੈਹਰਾ
ਅਮਨ ਨੂੰ ਇਨਸਾਫ ਦਿਵਾਉਣ ਲਈ ਸੜਕਾਂ ਉੱਤੇ ਉਤਰੇ ਲੋਕ
ਟਰੂਡੋ ਨੇ ਚਾਰਾਂ ਵਿੱਚੋਂ ਸਿਰਫ ਇੱਕ ਸੀਟ ਲਈ ਜਿ਼ਮਨੀ ਚੋਣਾਂ ਦਾ ਕੀਤਾ ਐਲਾਨ
ਡਾਕਟਰ ਬਲਜਿੰਦਰ ਸੇਖੋਂ ਪੀਲ ਮਲਟੀਕਲਚਰਲ ਕਾਉਂਸਲ ਦੇ ਪ੍ਰਧਾਨ ਥਾਪੇ ਗਏ
6 ਲੱਖ ਡਾਲਰ ਠੱਗਣ ਵਾਲੀ ਤਾਂਤਰਿਕ ਯੌਰਕ ਪੁਲੀਸ ਵੱਲੋਂ ਚਾਰਜ
ਬਰੈਂਪਟਨ ਕਾਉਂਸਲ ਯੂਨੀਵਰਸਿਟੀ ਲਈ ਵਚਨਬੱਧ?